ਸਰਹੱਦ ਪਾਰੋਂ ਹੁੰਦੀ ਘੁਸਪੈਠ ਤੇ ਨਸ਼ਿਆਂ ਦੀ ਤਸਕਰੀ ਵਿਰੁੱਧ ਸਾਈਬਰ ਖੁਫ਼ੀਆ ਜਾਣਕਾਰੀ ਇਕੱਤਰ ਕਰਨ ਦੀ ਅਹਿਮੀਅਤ ਦਰਸਾਈ
ਐਸ.ਏ.ਐਸ. ਨਗਰ (ਮੋਹਾਲੀ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਲਾ ਦਰਜੇ ਦੇ ਡਿਜੀਟਲ ਜਾਂਚ ਸਿਖਲਾਈ ਤੇ ਅਧਿਐਨ ਕੇਂਦਰ (ਡੀ.ਆਈ.ਟੀ.ਏ.ਸੀ.) ਦਾ ਉਦਘਾਟਨ ਕੀਤਾ ਜਿਸ ਨਾਲ ਸਾਈਬਰ ਅੱਤਵਾਦ ਦੇ ਵਧ ਰਹੇ ਖਤਰੇ ਖਾਸ ਤੌਰ ’ਤੇ ਸਰਹੱਦੀ ਖੇਤਰਾਂ ’ਚ ਘੁਸਪੈਠ ਅਤੇ ਨਸ਼ਿਆਂ ਦੀ ਤਸਕਰੀ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੂਬੇ ਦੀ ਅੱਤਵਾਦ ਵਿਰੋਧੀ ਸਮਰੱਥਾ ਮਜ਼ਬੂਤ ਹੋਵੇਗੀ।
ਮੁਲਕ ਦੇ ਇਸ ਚੌਥੇ ਯੂਨਿਟ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਉੱਭਰ ਰਹੇ ਸਾਈਬਰ ਖਤਰਿਆਂ ਲਈ ਆਨਲਾਈਨ ਤਕਨੀਕੀ ਖੁਫੀਆ ਢਾਂਚੇ ਦਾ ਵਿਸਥਾਰ ਕਰਨ ਦੀ ਲੋੜ ਸੀ ਅਤੇ ਅਜਿਹੇ ਤਿੰਨ ਹੋਰ ਯੂਨਿਟ ਗੁਰੂਗ੍ਰਾਮ, ਗੁਹਾਟੀ ਅਤੇ ਉੱਤਰਾਖੰਡ ਵਿੱਚ ਸਥਾਪਤ ਹਨ।
ਪੰਜਾਬ ਵਰਗੇ ਸਰਹੱਦੀ ਸੂਬੇ ਜਿਸ ਦੀ 555 ਕਿਲੋਮੀਟਰ ਸਰਹੱਦ ਦੁਸ਼ਮਣ ਮੁਲਕ ਨਾਲ ਲੱਗਦੀ ਹੈ, ਦੇ ਮਜ਼ਬੂਤ ਖੁਫੀਆ ਸਾਜ਼ੋ-ਸਮਾਨ ਨਾਲ ਲੈਸ ਹੋਣ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਭੂਗੋਲਿਕ ਸਥਿਤੀ ਕਾਰਨ ਸੂਬਾ ਘੁਸਪੈਠ ਅਤੇ ਨਸ਼ਿਆਂ ਦੀ ਤਸਕਰੀ ਵਰਗੀਆਂ ਗਤੀਵਿਧੀਆਂ ਪੱਖੋਂ ਸੰਵੇਦਨਸ਼ੀਲ ਹੈ। ਉਨਾਂ ਕਿਹਾ ਕਿ ਸਾਈਬਰ ਕ੍ਰਾਈਮ ਦੇ ਉਭਰਨ ਨਾਲ ਗੈਰ-ਰਵਾਇਤੀ ਚੁਣੌਤੀ ਖੜੀ ਹੋਈ ਹੈ ਜਿਸ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਆਨਲਾਈਨ ਯਕੀਨੀ ਬਣਾਉਣ ਲਈ ਸਾਰੀਆਂ ਤਕਨੀਕਾਂ ਨੂੰ ਮੁੜ ਘੋਖਣਾਂ ਤੇ ਅਪਣਾਉਣਾ ਬਹੁਤ ਜ਼ਰੂਰੀ ਹੈ।
ਮੁੱਖ ਮੰਤਰੀ ਨੇ ਕਿਹਾ ਇਹ ਸੈਂਟਰ ਪੰਜਾਬ ਪੁਲੀਸ ਅਤੇ ਕੌਮੀ ਤਕਨੀਕੀ ਖੋਜ ਸੰਸਥਾ (ਐਨ.ਟੀ.ਆਰ.ਓ) ਦਰਮਿਆਨ ਸਾਂਝੇ ਉੱਦਮ ਦੇ ਤੌਰ ’ਤੇ ਸੂਬੇ ਦੇ ਸਾਈਬਰ ਕ੍ਰਾਈਮ ਸੈੱਲ ਵਿੱਚ ਸਥਾਪਤ ਕੀਤਾ ਗਿਆ ਹੈ। ਇਸ ਕੇਂਦਰ ਨਾਲ ਸਾਈਬਰ ਫੌਰੈਂਸਿਕ, ਸੋਸ਼ਲ ਮੀਡੀਆ ਦਾ ਅਧਿਐਨ ਅਤੇ ਕਥਨ ਤੇ ਕਹਿਣ ਦੇ ਖੇਤਰ ਵਿੱਚ ਸੂਬੇ ਦੀਆਂ ਚੱਲ ਰਹੀਆਂ ਤਿਆਰੀਆਂ ਨੂੰ ਹੋਰ ਬਲ ਮਿਲੇਗਾ। ਉਨਾਂ ਇਹ ਵੀ ਦੱਸਿਆ ਕਿ ਕਾਰਗਿਲ ਵਿੱਚ ਹੋਈ ਘੁਸਪੈਠ ਦੌਰਾਨ ਕੌਮੀ ਸੰਸਥਾ ਦੀ ਸਥਾਪਨਾ ਸਾਲ 2004 ਵਿੱਚ ਕੀਤੀ ਗਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਯੂਨਿਟ ਨਾਲ ਅਮਨਕਾਨੂੰਨ ਦੀ ਰਾਖੀ ਕਰਨ ਵਾਲੀਆਂ ਏਜੰਸੀਆਂ ਸਾਈਬਰ ਸਪੇਸ ਵਿੱਚ ਸਮਾਜ ਵਿਰੋਧੀ ਤੱਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਟੱਕਰ ਦੇਣ ਵਿੱਚ ਮੁਹਾਰਤ ਦਾ ਵਿਕਾਸ ਕਰਨ ਤੋਂ ਇਲਾਵਾ ਸਾਈਬਰ ਕ੍ਰਾਈਮ ਦੀ ਨਿਗਰਾਨੀ ਦੇ ਖੇਤਰ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਮਿਆਰੀ ਸਿਖਲਾਈ ਵੀ ਦਿੱਤੀ ਜਾ ਸਕੇ।
ਅਪਰਾਧਿਕ ਗਤੀਵਿਧੀਆਂ ਵਿੱਚ ਤਕਨਾਲੋਜੀ ਵਧ ਰਹੀ ਵਰਤੋਂ ’ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਤਕਨੀਕਾਂ ਦੇ ਵਿਕਾਸ ਵਿੱਚ ਲਗਾਤਾਰ ਅੱਗੇ ਵਧਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਕਾਨੂੰਨੀ ਮੰਤਵਾਂ ਲਈ ਡਿਜੀਟਲ ਸਬੂਤਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ ਜਿਸ ਨਾਲ ਆਨਲਾਈਨ ਕ੍ਰਾਈਮ ਅਤੇ ਧੋਖਾਧੜੀਆਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਕੇ ਕਾਨੂੰਨੀ ਸਿੱਟੇ ’ਤੇ ਲਿਜਾਇਆ ਜਾ ਸਕੇ।
ਉਨਾਂ ਕਿਹਾ ਕਿ ਡਿਜੀਟਲ ਫੋਰੈਂਸਿਕ ਜਾਂਚ ਨੂੰ ਸਮਾਂਬੱਧ ਢੰਗ ਨਾਲ ਨੇਪਰੇ ਚਾੜ ਲੈਣ ਨਾਲ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾ ਸਕੇਗੀ ਅਤੇ ਆਨਲਾਈਨ ਧੋਖਾਧੜੀਆਂ ਨੂੰ ਠੱਲ ਪਵੇਗੀ।
ਮੁੱਖ ਮੰਤਰੀ ਨੇ ਇਸ ਸੈਂਟਰ ਦਾ ਵੀ ਦੌਰਾ ਕੀਤਾ ਅਤੇ ਸੂਬੇ ਦੇ ਮੁੱਖ ਸੂਚਨਾ ਕਮਿਸ਼ਨਰ ਸੁਰੇਸ਼ ਅਰੋੜਾ ਅਤੇ ਉਨਾਂ ਤੋਂ ਬਾਅਦ ਬਣੇ ਸੂਬੇ ਦੇ ਪੁਲੀਸ ਮੁਖੀ ਦਿਨਕਰ ਗੁਪਤਾ ਵੱਲੋਂ ਐਨ.ਟੀ.ਆਰ.ਓ. ਦੀ ਭਾਈਵਾਲੀ ਨਾਲ ਇਸ ਇਮਾਰਤ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕਰਨ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਸ੍ਰੀ ਅਰੋੜਾ ਦੇ ਪੁਲੀਸ ਮੁਖੀ ਹੁੰਦਿਆਂ ਇਸ ਸੈਂਟਰ ਦੀ ਸਥਾਪਨਾ ਦਾ ਮੁੱਢ ਬੱਝਾ ਸੀ।
ਮੁੱਖ ਮੰਤਰੀ ਨੇ ਐਡਵਾਂਸ ਫੌਰੈਂਸਿਕ ਲੈਬ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਅਤੇ ਆਨਲਾਈਨ ਡਾਟਾ ਦਾ ਅਧਿਐਨ ਕਰ ਕੇ ਦੋਸ਼ੀਆਂ ਨੂੰ ਫੜਨ ਵਿੱਚ ਉਨਾਂ ਦੀ ਮੁਹਾਰਤ ਦੀ ਸ਼ਲਾਘਾ ਕੀਤੀ। ਉਨਾਂ ਨੇ ਡੀ.ਜੀ.ਪੀ. ਨੂੰ ਆਖਿਆ ਕਿ ਸਾਈਬਰ ਕ੍ਰਾਈਮ ਵਿੱਚ ਹੁੰਦੀਆਂ ਨਵੀਆਂ ਤਬਦੀਲੀਆਂ ਬਾਰੇ ਇਨਾਂ ਅਧਿਕਾਰੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਮੁੱਖ ਮੰਤਰੀ ਨੇ ਇਸ ਕੇਂਦਰ ਦੇ ਉਦੇਸ਼ ਤੇ ਕੰਮਕਾਜ ਬਾਰੇ ਸੇਧ ਦਿੰਦੇ ਕਿਤਾਬਚੇ ਨੂੰ ਵੀ ਜਾਰੀ ਕੀਤਾ ਜੋ ਪੰਜਾਬ ਪੁਲੀਸ ਵੱਲੋਂ ਤਿਆਰ ਕੀਤਾ ਗਿਆ ਹੈ।
ਆਪਣੇ ਸ਼ੁਰੂਆਤੀ ਸ਼ਬਦਾਂ ਵਿੱਚ ਡੀ.ਜੀ.ਪੀ. ਦਿਨਕਰ ਗੁਪਤਾ ਨੇ ਇਸ ਜਾਂਚ ਸਿਖਲਾਈ ਤੇ ਅਧਿਐਨ ਕੇਂਦਰ ਦੀ ਸਥਾਪਨਾ ਲਈ ਸੂਬਾ ਸਰਕਾਰ ਦੇ ਸਹਿਯੋਗ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਇਸ ਕੇਂਦਰ ਵਿੱਚ ਜਟਿਲ ਉਪਕਰਨਾਂ ਅਤੇ ਸਾਫਟਵੇਅਰ ਨਾਲ ਆਨਲਾਈਨ ਅਪਰਾਧ ਦੀ ਜਾਂਚ-ਪੜਤਾਲ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਵੇਗੀ। ਸ੍ਰੀ ਗੁਪਤਾ ਨੇ ਮੁੱਖ ਮੰਤਰੀ ਨੂੰ ਯਾਦਗਾਰੀ ਚਿੰਨ ਵੀ ਭੇਟ ਕੀਤਾ।
ਇਸ ਮੌਕੇ ਐਨ.ਟੀ.ਆਰ.ਓ ਦੇ ਚੇਅਰਮੈਨ ਸਤੀਸ਼ ਚੰਦਰ ਝਾਅ ਨੇ ਇਸ ਸੈਂਟਰ ਨੂੰ ਛੇਤੀ ਤੋਂ ਛੇਤੀ ਚਾਲੂ ਕਰਨ ਲਈ ਮੁੱਖ ਮੰਤਰੀ ਵੱਲੋਂ ਨਿਭਾਏ ਸਰਗਰਮ ਰੋਲ ਲਈ ਉਨਾਂ ਦੀ ਭਰਵੀਂ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਕਿਸੇ ਵੀ ਅੱਤਵਾਦੀ ਹਮਲੇ ਅਤੇ ਇਸ ਨੂੰ ਰੋਕਣ ਦਰਮਿਆਨ ਖੁਫ਼ੀਆ ਪਹੁੰਚ ਵੱਖਰੀ ਹੁੰਦੀ ਹੈ। ਉਨਾਂ ਕਿਹਾ ਕਿ ਅੱਤਵਾਦ ਅਤੇ ਆਨਲਾਈਨ ਅਪਰਾਧ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੇ ਯਤਨਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਇਸ ਨਾਲ ਜੁੜੇ ਮੁਲਾਜ਼ਮਾਂ ਨੂੰ ਸਿਖਲਾਈ ਦਿੱਤੀ ਜਾਵੇਗੀ।
ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਬੋਧ ਕੁਮਾਰ ਨੇ ਇਸ ਯੂਨਿਟ ਨੂੰ ਸਾਈਬਰ ਫੌਰੈਂਸਿਕ ਅਤੇ ਸਾਈਬਰ ਵਿਰੋਧੀ ਅਪਰਾਧ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਸੂਬਾ ਸਰਕਾਰ ਦੇ ਯਤਨਾਂ ਦਾ ਰਲੇਵਾਂ ਦੱਸਿਆ।
ਇਸ ਮੌਕੇ ਡੀ.ਜੀ.ਪੀ. ਇੰਟੈਲੀਜੈਂਸ ਵੀ.ਕੇ. ਭਾਵਰਾ, ਪੰਜਾਬ ਪੁਲੀਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਹਰਦੀਪ ਸਿੰਘ ਢਿੱਲੋ ਅਤੇ ਮੈਨੇਜਿੰਗ ਡਾਇਰੈਕਟਰ ਐਮ. ਕੇ. ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਅਮਿ੍ਰਤ ਕੌਰ ਗਿੱਲ, ਐਨ.ਟੀ.ਆਰ.ਓ ਦੇ ਮੁਖੀ ਪ੍ਰਦੀਪ ਕਪੂਰ, ਏ.ਡੀ.ਜੀ.ਪੀ. ਅਪਰਾਧ ਗੁਰਪ੍ਰੀਤ ਦਿਓ, ਆਈ.ਜੀ. ਸਟੇਟ ਸਾਈਬਰ ਕ੍ਰਾਈਮ ਸੈੱਲ ਨੌਨਿਹਾਲ ਸਿੰਘ, ਆਈ.ਜੀ. ਅਪਰਾਧ ਜੀ. ਨਗੇਸ਼ਵਰ ਰਾਓ, ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਮੋਹਾਲੀ ਦੇ ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਜਗਦੀਪ ਸਿੰਘ ਸਿੱਧੂ ਹਾਜ਼ਰ ਸਨ।