ਕਾਬੁਲ (ਸਮਾਜ ਵੀਕਲੀ) : ਅਫ਼ਗਾਨਿਸਤਾਨ ਵਿਚ ਹੋਏ ਦੋ ਹਮਲਿਆਂ ਵਿੱਚ ਘੱਟੋ-ਘੱਟ 12 ਜਣੇ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ। ਇਹ ਹਿੰਸਾ ਊਸ ਵੇਲੇ ਹੋਈ ਹੈ ਜਦੋਂ ਅਫ਼ਗਾਨਿਸਤਾਨ ਸਰਕਾਰ ਅਤੇ ਬਾਗ਼ੀਆਂ ਵਿਚਾਲੇ ਜਲਦੀ ਹੀ ਸ਼ਾਂਤੀ ਵਾਰਤਾ ਹੋਣ ਦੀ ਊਮੀਦ ਬਣੀ ਹੋਈ ਹੈ।
ਬਲਖ਼ ਸੂਬੇ ਦੇ ਗਵਰਨਰ ਦੇ ਤਰਜਮਾਨ ਮੁਨੀਰ ਅਹਿਮਦ ਫਰਹਾਦ ਅਨੁਸਾਰ ਦੇਸ਼ ਦੇ ਊੱਤਰੀ ਬਲਖ਼ ਸੂਬੇ ਵਿੱਚ ਕਮਾਂਡੋ ਬੇਸ ’ਤੇ ਤਾਲਿਬਾਨ ਵਲੋਂ ਟਰੱਕ ਰਾਹੀਂ ਕੀਤੇ ਫ਼ਿਦਾਈਨ ਹਮਲੇ ਵਿੱਚ ਦੋ ਕਮਾਂਡੋ ਅਤੇ ਇੱਕ ਨਾਗਰਿਕ ਹਲਾਕ ਹੋ ਗਏ। ਅਫ਼ਗਾਨਿਸਤਾਨ ਫੌਜ ਦੀ ਊੱਤਰੀ ਕੋਰ ਦੇ ਤਰਜਮਾਨ ਹਨੀਫ਼ ਰਿਜ਼ੇਈ ਨੇ ਦੱਸਿਆ ਕਿ ਮੁੱਢਲੀ ਫੌਜੀ ਰਿਪੋਰਟ ਅਨੁਸਰ ਧਮਾਕੇ ਵਿੱਚ ਛੇ ਕਮਾਂਡੋ ਹਲਾਕ ਹੋ ਗਏ ਅਤੇ 35 ਨਾਗਰਿਕ ਜ਼ਖ਼ਮੀ ਹੋ ਗਏ।
ਇਸ ਤੋਂ ਇਲਾਵਾ ਨੇੜਲੇ ਦਰਜਨਾਂ ਘਰ ਵੀ ਤਬਾਹ ਹੋ ਗਏ। ਤਾਲਿਬਾਨ ਦੇ ਤਰਜਮਾਨ ਜ਼ਬੀਊੱਲ੍ਹਾ ਮੁਜਾਹਿਦ ਨੇ ਬਲਖ਼ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਇਲਾਵਾ ਪੱਛਮੀ ਸੂਬੇ ਘੋਰ ਦੇ ਜ਼ਿਲ੍ਹਾ ਸ਼ਾਹਰਕ ਵਿੱਚ ਅੱਜ ਸਰਕਾਰ-ਪੱਖੀ ਬਲਾਂ ਦੇ ਨਾਕੇ ’ਤੇ ਹੋਏ ਹਮਲੇ ਵਿੱਚ ਅੱਠ ਫੌਜੀ ਜਵਾਨ ਮਾਰੇ ਗਏ ਅਤੇ ਪੰਜ ਜ਼ਖ਼ਮੀ ਹੋ ਗਏ। ਇਸ ਹਮਲੇ ਮਗਰੋਂ ਪੰਜ ਘੰਟੇ ਮੁਕਾਬਲਾ ਚੱਲਿਆ। ਹਾਲ ਦੀ ਘੜੀ ਇਸ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ।