ਅਫ਼ਗਾਨਿਸਤਾਨ ’ਚ ਬੰਬ ਧਮਾਕਾ, ਗਿਆਰਾਂ ਮੌਤਾਂ

ਕਾਬੁਲ (ਸਮਾਜ ਵੀਕਲੀ): ਅਫ਼ਗਾਨਿਸਤਾਨ ਵਿਚ ਹੋਏ ਬੰਬ ਧਮਾਕੇ ਵਿਚ ਕਰੀਬ 11 ਜਣੇ ਮਾਰੇ ਗਏ ਹਨ ਤੇ ਦਰਜਨਾਂ ਜ਼ਖ਼ਮੀ ਹੋ ਗਏ ਹਨ। ਵਿਦੇਸ਼ੀ ਬਲਾਂ ਦੇ ਮੁਲਕ ਵਿਚੋਂ ਨਿਕਲਣ ਦੌਰਾਨ ਲੜੀਵਾਰ ਬੰਬ ਧਮਾਕੇ ਹੋ ਰਹੇ ਹਨ। ਵੇਰਵਿਆਂ ਮੁਤਾਬਕ ਸੜਕ ਕੰਢੇ ਰੱਖੇ ਗਏ ਬੰਬ ਨੇ ਐਤਵਾਰ ਇਕ ਬੱਸ ਨੂੰ ਉਡਾ ਦਿੱਤਾ। ਘਟਨਾ ਜ਼ਬੂਲ ਸੂਬੇ ਵਿਚ ਵਾਪਰੀ ਹੈ। ਫੱਟੜ ਹੋਣ ਵਾਲਿਆਂ ਵਿਚ ਔਰਤਾਂ ਤੇ ਬੱਚੇ ਸ਼ਾਮਲ ਹਨ। ਗ੍ਰਹਿ ਮੰਤਰਾਲੇ ਮੁਤਾਬਕ 28 ਜਣੇ ਜ਼ਖ਼ਮੀ ਹੋਏ ਹਨ। ਧਮਾਕੇ ਦੀ ਹਾਲੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

ਸੋਮਵਾਰ ਸੁਵੱਖਤੇ ਵੀ ਪਰਵਾਨ ਸੂਬੇ ਵਿਚ ਬੰਬ ਧਮਾਕੇ ਨਾਲ ਮਿਨੀ ਬੱਸ ਵਿਚ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਤੇ 9 ਹੋਰ ਫੱਟੜ ਹੋ ਗਏ। ਅਮਰੀਕਾ ਵੱਲੋਂ ਅਫ਼ਗਾਨਿਸਤਾਨ ਵਿਚੋਂ ਆਪਣੇ ਫ਼ੌਜੀ ਵਾਪਸ ਸੱਦਣ ਦੇ ਐਲਾਨ ਮਗਰੋਂ ਹਿੰਸਾ ਵੱਧ ਗਈ ਹੈ। ਤਾਲਿਬਾਨ ਨੇ ਐਤਵਾਰ ਐਲਾਨ ਕੀਤਾ ਹੈ ਕਿ ਈਦ ਦੇ ਮੱਦੇਨਜ਼ਰ ਉਹ ਤਿੰਨ ਦਿਨ ਬਿਲਕੁਲ ਗੋਲੀਬਾਰੀ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਕਾਬੁਲ ਦੇ ਇਕ ਸਕੂਲ ਦੇ ਬਾਹਰ ਹੋਏ ਬੰਬ ਧਮਾਕੇ ਵਿਚ 68 ਜਣੇ ਮਾਰੇ ਗਏ ਸਨ ਜਿਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥਣਾਂ ਸਨ। 165 ਲੋਕ ਫੱਟੜ ਹੋ ਗਏ ਸਨ।

Previous articleਇਜ਼ਰਾਇਲੀ ਪੁਲੀਸ ਨਾਲ ਟਕਰਾਅ ’ਚ 50 ਫ਼ਲਸਤੀਨੀ ਫੱਟੜ
Next articleਅਮਰੀਕਾ ਹਵਾਈ ਅੱਡੇ ’ਤੇ ਭਾਰਤੀ ਦੇ ਬੈਗ ’ਚੋਂ ਪਾਥੀਆਂ ਬਰਾਮਦ ਹੋਈਆਂ