ਅਧਿਆਪਕਾ ਕੁਲਵਿੰਦਰ ਕੌਰ ਠੱਟਾ ਨਵਾਂ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਅਧਿਆਪਨ ਕਾਰਜਾਂ ਵਿੱਚ ਨਿਵੇਕਲੀਆਂ ਪੈੜਾਂ ਪਾਉਣ ਵਾਲੀ ਅਧਿਆਪਕਾ ਕੁਲਵਿੰਦਰ ਕੌਰ ਦਾ ਜਨਮ ਪਿੰਡ ਥੋਥੀਆਂ ਜ਼ਿਲ੍ਹਾ ਅਮ੍ਰਿੰਤਸਰ ਵਿਖੇ ਪਿਤਾ ਗੁਰਦੀਪ ਸਿੰਘ ਅਤੇ ਮਾਤਾ ਨਰਿੰਜਣ ਕੌਰ ਦੀ ਕੁੱਖੋਂ 11 ਮਾਰਚ 1965 ਨੂੰ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚੋਂ ਕਰਨ ਬਾਅਦ ਮੈਟ੍ਰਿਕ ਸਰਕਾਰੀ ਹਾਈ ਸਕੂਲ ਖਲਚੀਆਂ ਤੋਂ ਕੀਤੀ।ਇਸ ਉਪਰੰਤ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਫਾਰ ਵੂਮੈਨ ਰਈਆ ਤੋਂ ਗਰੇਜੂਏਸ਼ਨ ਕਰਨ ਤੋਂ ਬਾਅਦ ਬੀ.ਐਡ ਅਤੇ ਐਮ.ਏ( ਹਿਸਟਰੀ) ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ।
ਇਸ ਤੋਂ ਬਾਅਦ ਉਹ ਅਧਿਆਪਨ ਕਾਰਜਾਂ ਵਿੱਚ ਤਨਦੇਹੀ ਨਾਲ ਜੁੱਟ ਗਏ। ਉਨ੍ਹਾਂ ਦਾ ਵਿਆਹ ਉੱਘੇ ਵਿਦਵਾਨ ਡਾਕਟਰ ਬਲਬੀਰ ਸਿੰਘ ਮੋਮੀ ਠੱਟਾ ਨਵਾਂ ਨਾਲ਼ ਹੋਇਆ। ਗਰਿਹਸਥ ਜੀਵਨ ਦੇ ਨਾਲ-ਨਾਲ ਉਨ੍ਹਾਂ ਨੇ ਅਧਿਆਪਨ ਕਾਰਜ ਨੂੰ ਬਹੁਤ ਹੀ ਬਾਖੂਬੀ ਨਾਲ਼ ਨਿਭਾਇਆ।ਆਪ ਦੇ ਘਰ ਦੋ ਬੇਟਿਆਂ ਸੁਭਕਰਮਨਬੀਰ ਸਿੰਘ ਅਤੇ ਸੁਖਸਿਮਰਨਬੀਰ ਸਿੰਘ ਨੇ ਜਨਮ ਲਿਆ। ਵੱਡਾ ਬੇਟਾ ਬੈਂਕ ਵਿੱਚ ਸੇਵਾਵਾਂ ਦੇ ਰਿਹਾ ਅਤੇ ਛੋਟਾ ਕੈਨੇਡਾ ਵਿੱਚ ਕਾਰੋਬਾਰ ਕਰ ਰਿਹਾ ਹੈ। ਅਧਿਆਪਕਾ ਕੁਲਵਿੰਦਰ ਕੌਰ ਵੱਖ-ਵੱਖ ਸਕੂਲਾਂ ਵਿੱਚ ਸੇਵਾਵਾਂ ਦੇਣ ਤੋਂ ਬਾਅਦ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਠੱਟਾ ਨਵਾਂ ਤੋਂ ਸੇਵਾ ਮੁਕਤ ਹੋ ਰਹੇ ਹਨ। ਬਲਾਕ ਸੁਲਤਾਨਪੁਰ ਲੋਧੀ ਦੇ ਸਮੁੱਚੇ ਅਧਿਆਪਕਾਂ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਜਾਵੇਗੀ।