ਨਵੀਂਂ ਦਿੱਲੀ (ਸਮਾਜ ਵੀਕਲੀ) : ਕੋਵਿਡ-19 ਕਮਿਸ਼ਨ ਇੰਡੀਆ ਟਾਸਕ ਫੋਰਸ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਤਰਜੀਹੀ ਆਧਾਰ ’ਤੇ ਕਰੋਨਾ ਰੋਕੂ ਟੀਕੇ ਲਾਏ ਜਾਣ ਤਾਂ ਕਿ ਸਕੂਲਾਂ ਨੂੰ ਜੁਲਾਈ ਵਿਚ ਖੋਲ੍ਹਣ ਲਈ ਰਾਹ ਪੱਧਰਾ ਹੋ ਸਕੇ। ਇਹ ਵੀ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਸੂਬਿਆਂ ਵਿਚ ਇਕਦਮ ਸਕੂਲ ਨਹੀਂ ਖੋਲ੍ਹੇ ਜਾ ਸਕਦੇ ਪਰ ਅਗਲੇ ਦੋ ਮਹੀਨਿਆਂ ਵਿਚ ਐਜੂਕੇਸ਼ਨ ਸੈਕਟਰ ਨਾਲ ਸਬੰਧਤਾਂ ਨੂੰ ਕਰੋਨਾ ਰੋਕੂ ਟੀਕੇ ਲਾਏ ਜਾਣ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋਰ ਨੁਕਸਾਨ ਨਾ ਹੋਵੇ ਤੇ ਜੁਲਾਈ ਵਿਚ ਵਿਦਿਅਕ ਵਰ੍ਹਾ ਪੂਰੀ ਤਰ੍ਹਾਂ ਨਾਲ ਸ਼ੁਰੂ ਹੋ ਸਕੇ।
ਉਨ੍ਹਾਂ ਕੇਂਦਰ ਸਰਕਾਰ ਨੂੰ ਜ਼ੋਰ ਦੇ ਕਿਹਾ ਕਿ ਗਰੀਬ ਵਿਦਿਆਰਥੀਆਂ ਦਾ ਸਕੂਲ ਬੰਦ ਹੋਣ ਕਾਰਨ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈ, ਇਸ ਕਰ ਕੇ ਇਸ ਸੈਕਟਰ ਵਿਚ ਤਰਜੀਹੀ ਟੀਕਾਕਰਨ ਨਾਲ ਪੜ੍ਹਾਈ ਵਿਚ ਪਿਆ ਖੱਪਾ ਪੂਰਿਆ ਜਾ ਸਕਦਾ ਹੈ।