ਅਗਾਂਹ ਵਧੂ ਗ਼ਜ਼ਲਾਂ ਦਾ ਸੰਗ੍ਰਹਿ ਹੈ : ‘ਮਘਦਾ ਸੂਰਜ’

ਲੇਖਕ : ਮਹਿੰਦਰ ਸਿੰਘ ਮਾਨ
ਪੰਨੇ : 120
ਮੁੱਲ :150 ਰੁਪਏ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ , ਸਮਾਣਾ ।
ਸੰਪਰਕ : 9915803554

         ਜਿਵੇਂ ਕਿ ਪੁਸਤਕ ਦੇ ਨਾਂ ਤੋਂ ਹੀ ਸਪਸ਼ਟ ਹੈ, ‘ਮਘਦਾ ਸੂਰਜ’ ਵਿੱਚ ਪ੍ਰਗਤੀਵਾਦੀ  ਤੇ ਅਗਾਂਹਵਧੂ ਸ਼ਿਅਰਾਂ ਨਾਲ ਲਬਰੇਜ਼ ਸ਼ਾਇਰੀ ਹੈ ਤੇ ਇਹ ਸ਼ਾਇਰੀ ਗ਼ਜ਼ਲ ਕਾਵਿ-ਰੂਪ ਵਿੱਚ  ਮਹਿੰਦਰ ਸਿੰਘ ਮਾਨ ਦੁਆਰਾ ਕਲਮਬੱਧ ਕੀਤੀ ਗਈ ਹੈ।

         ਮਹਿੰਦਰ ਸਿੰਘ ਮਾਨ ਇਸ ਤੋਂ ਪਹਿਲਾਂ ਸੁਹਜਾਤਮਕ ਅਤੇ ਆਸ਼ਾਵਾਦੀ ਕਵਿਤਾਵਾਂ ਦੀਆਂ ਪੰਜ ਕਿਤਾਬਾਂ ਪੰਜਾਬੀ ਸਾਹਿਤ  ਨੂੰ ਅਰਪਿਤ ਕਰ ਚੁੱਕਾ ਹੈ। ਇਹ ਹਨ: ‘ਚੜ੍ਹਿਆ ਸੂਰਜ’, ‘ਫੁੱਲ ਅਤੇ ਖਾਰ’, ‘ਸੂਰਜ ਦੀਆਂ ਕਿਰਨਾਂ’, ‘ਖਜ਼ਾਨਾ’, ‘ਸੂਰਜ ਹਾਲੇ ਡੁੱਬਿਆ ਨਹੀਂ’। ਇਨ੍ਹਾਂ ਪੁਸਤਕਾਂ ਦੇ ਨਾਂਵਾਂ ਤੋੰ ਹੀ ਇਨ੍ਹਾਂ ਵਿਚਲੀਆਂ ਕਵਿਤਾਵਾਂ ਦੇ ਭਾਵ- ਬੋਧ ਦੀ ਤਰਜਮਾਨੀ ਹੁੰਦੀ ਹੈ।

         ਇੱਕ ਸੌ ਦੋ ਗ਼ਜ਼ਲਾਂ ਵਾਲੀ ਇਸ ਪੁਸਤਕ ਵਿੱਚ ਸਾਰੀਆਂ ਗ਼ਜ਼ਲਾਂ ਇੱਕ-ਇੱਕ ਪੰਨੇ ‘ਤੇ ਹਨ ਤੇ ਇਨ੍ਹਾਂ ‘ਚੋਂ ਬਹੁਤੀਆਂ ਦੇ ਛੇ ਜਾਂ ਸੱਤ ਸ਼ਿਅਰ ਹਨ। ਸਿਰਫ ਤਿੰਨ ਗ਼ਜ਼ਲਾਂ ਪੰਜ-ਪੰਜ ਸ਼ਿਅਰਾਂ ਵਾਲੀਆਂ ਹਨ (ਪੰਨਾ45,53 ਅਤੇ66)। ਛੇ ਗ਼ਜ਼ਲਾਂ ਅੱਠ- ਅੱਠ ਸ਼ਿਅਰਾਂ ਵਾਲੀਆਂ ਹਨ। ਕਵੀ ਨੇ ਇਨ੍ਹਾਂ ਸਾਰੀਆਂ ਗ਼ਜ਼ਲਾਂ ਦੇ ਸਿਰਲੇਖ ਦਿੱਤੇ ਹਨ,ਬਿਲਕੁਲ ਉਵੇਂ ਹੀ, ਜਿਵੇਂ ਹਿੰਦੀ- ਕਵੀ ਦੁਸ਼ਿਅੰਤ ਕੁਮਾਰ ਨੇ ‘ਸਾਏ ਮੇੰ ਧੂਪ’ ਸੰਗ੍ਰਹਿ ਦੀਆਂ ਗ਼ਜ਼ਲਾਂ ਦੇ ਸਿਰਲੇਖ ਲਿਖੇ ਸਨ।

          ਇਹ ਲਗਭਗ ਸਾਰੀਆਂ ਹੀ ਗ਼ਜ਼ਲਾਂ ਛੋਟੀ ਬਹਿਰ ਵਾਲੀਆਂ ਹਨ ਅਤੇ ਕਵੀ ਨੇ ਕਾਫ਼ੀਆ- ਰਦੀਫ਼ ਦਾ ਵੀ ਖਾਸ ਖਿਆਲ ਰੱਖਿਆ ਹੈ। ਜਿਥੋਂ ਤੱਕ ਵਿਸ਼ੇ ਦਾ ਸਵਾਲ ਹੈ, ਕਵੀ ਨੇ ਏਕਤਾ, ਹਿੰਮਤ, ਵਫ਼ਾ, ਰੌਸ਼ਨੀ, ਖੁਸ਼ਹਾਲੀ, ਅਾਸ਼ਾ, ਸਚਾਈ ਦੇ ਖ਼ੂਬ ਸੋਹਿਲੇ ਗਾਏ ਹਨ। ਪਰ ਨਾਲੋ- ਨਾਲ ਭ੍ਰਿਸ਼ਟਾਚਾਰ, ਇਕੱਲਤਾ, ਦੁੱਖ, ਧੋਖਾ, ਹੇਰਾਫੇਰੀ ‘ਤੇ ਹੰਝੂ ਵੀ ਵਹਾਏ ਹਨ। ਉਸ ਦੀਆਂ ਇਨ੍ਹਾਂ ਗ਼ਜ਼ਲਾਂ ਵਿੱਚ ਜੀਵਨ ਦੇ ਹਰ ਨਿੱਕੇ- ਵੱਡੇ ਵੇਰਵੇ ਨੂੰ ਬਾਖੂਬੀ ਥਾਂ ਮਿਲੀ ਹੈ।

           ਸ਼ਰਾਬ ਅਤੇ ਹੋਰ ਨਸ਼ਿਆਂ ਦੇ ਮਾਰੂ ਪ੍ਰਭਾਵ ਬਾਰੇ ਪੁਸਤਕ ਵਿੱਚ ਕਾਫ਼ੀ ਸ਼ੇਅਰ ਹਨ:

    ~   ਸਭ ਕੁਝ ਹੀ ਜਿਸ ਨੇ ਸਮਝ ਲਿਆ ਹੈ ਸ਼ਰਾਬ ਨੂੰ

          ਉਹ ਸਾੜ ਬੈਠੂ ਆਪਣੀ ਜੀਵਨ- ਕਿਤਾਬ ਨੂੰ।

    ~   ਨਸ਼ੇ ਕਰਕੇ ਫਿਰਨ ਜੋ ਮੁੰਡੇ ਗਲੀਆਂ ਵਿੱਚ

          ਉਨ੍ਹਾਂ ਨੇ ਆਪਣੀ ਇੱਜ਼ਤ ਖੁਦ ਘਟਾਈ ਹੈ।

    ~   ਜਿਸ ਬੰਦੇ ਨੇ ਸਵੇਰੇ ਹੀ ਪੀ ਲਈ ਹੈ ਭੰਗ

          ਉਸ ਨੇ ਸਾਰਾ ਟੱਬਰ ਕਰ ਸੁੱਟਿਆ ਹੈ ਤੰਗ। 

    ~   ਨਾ ਪੀਤੀ ਹੈ ਕਦੇ ਨਾ ਮੈਂ ਪੀਣੀ ਲੋਚਦਾ ਹਾਂ 

          ਪੀ ਕੇ ਸ਼ਰਾਬ ਕੀ ਚੜਨਾ ਹੈ ਸਰੂਰ ਮੈਨੂੰ।

              ਧੀਆਂ ਨੂੰ ਪੜ੍ਹਾਉਣ ਬਾਰੇ ਵੀ ਕਵੀ ਕਾਫ਼ੀ ਚੇਤੰਨ ਜਾਪਦਾ ਹੈ:

    ~   ਧੀ ਨੂੰ ਹੱਕ ਦਿਓ ਪੁੱਤ ਬਰਾਬਰ ਪੜ੍ਹਨੇ ਦਾ

          ਐਵੇਂ ਕਿਉਂ ਪਿੱਛੇ ਵੱਲ ਜਾਈ ਜਾਂਦੇ ਹੋ।

             ਮਾਂ ਬੋਲੀ ਦੇ ਸਤਿਕਾਰ ਅਤੇ ਪਿਆਰ ਨੂੰ ਕਵੀ ਨੇ ਢੁੱਕਵੀਂ ਥਾਂ ਦਿੱਤੀ ਹੈ:

    ~   ਹੋਰ ਕਿਸੇ ਬੋਲੀ ਨੂੰ ਸਿੱਖਣ ਵਿਚ ਕੋਈ ਹਰਜ ਨਹੀਂ

          ਪਰ ਮਾਂ ਬੋਲੀ ਪੰਜਾਬੀ ਨੂੰ ਖੂੰਜੇ ਲਾ ਨਾ ਬੈਠੀੰ।

              ਵਿਦੇਸ਼ ਦੇ ਦੁਖਾਂਤ ਅਤੇ ਇਸ ਤੋਂ ਉਪਜੀ ਪੀੜਾ ਵੀ ਮਾਨ ਦੇ ਸ਼ਿਅਰਾਂ ਵਿੱਚ ਸਪਸ਼ਟ ਰੂਪ ਵਿੱਚ ਉਘੜ ਕੇ ਸਾਹਮਣੇ ਆਈ ਹੈ: 

     ~  ਬੱਚੇ ਬਦੇਸ਼ਾਂ ਵਿੱਚ ਰੋਟੀ ਲਈ ਧੱਕੇ ਖਾਂਦੇ ਫਿਰਦੇ

          ਉਹਨਾਂ ਦੇ ਬੁੱਢੇ ਮਾਂ ਪਿਓ ਦੀ ਕੌਣ ਕਰੇ ਸੰਭਾਲ?

    ~    ਬਾਪ ਆਪਣੇ ਪੁੱਤ ਨੂੰ ਬਾਹਰ ਕਦੇ ਨਾ ਭੇਜਦਾ 

          ਉਸਨੂੰ ਜੇਕਰ ਫਿਕਰ ਹੁੰਦਾ ਨਾ ਉਹਦੇ ਰੁਜ਼ਗਾਰ ਦਾ।

              ਕਵੀ ਦਾ ਦਾਅਵਾ ਹੈ ਕਿ ਭਾਵੇਂ ਹੋਰ ਕਵੀ ਵੀ ਚੰਗੇ ਸ਼ਿਅਰ ਲਿਖ ਰਹੇ ਹਨ, ਪਰ ਉਸ (ਮਾਨ) ਵਰਗੇ ਸ਼ਿਅਰ ਲਿਖਣ ਦੀ ਗੱਲ ਕੁਝ ਨਿਵੇਕਲੀ ਹੀ ਹੈ। (ਇਹ ਬਿਲਕੁਲ ਉਵੇਂ ਹੈ, ਜਿਵੇਂ ਮਿਰਜ਼ਾ ਗ਼ਾਲਿਬ ਦਾ ਇਹ ਸ਼ੇਅਰ : “ਹੈਂ ਔਰ ਭੀ ਦੁਨੀਆਂ ਮੇਂ ਸੁਖ਼ਨਵਰ ਬਹੁਤ ਅੱਛੇ, ਕਹਿਤੇ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ਼ੇ- ਬਯਾਂ ਔਰ”) :

     ~  ਬਾਕੀਆਂ ਦੇ ਸ਼ਿਅਰ ਵੀ ਚੰਗੇ ਨੇ, ਪਰ ਮਾਨ ਦੇ ਸ਼ਿਅਰਾਂ ਦੀ ਗੱਲ ਕੁਝ ਹੋਰ ਹੈ।

 *****************************************  ਪ੍ਰੋ. ਨਵ ਸੰਗੀਤ ਸਿੰਘ, ਅਕਾਲ ਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.
Previous articleHuawei’s smartphone shipments exceed 200 mn units in 2018
Next articleDavid Beckham still hasn’t apologised, claims Katherine Jenkins