ਕਾਂਗਰਸ ਵੱਲੋਂ ਗੋਆ ਫਾਰਵਰਡ ਪਾਰਟੀ ਨਾਲ ਗੱਠਜੋੜ ਦਾ ਐਲਾਨ

ਪਣਜੀ (ਸਮਾਜ ਵੀਕਲੀ):  ਕਾਂਗਰਸ ਅਤੇ ਗੋਆ ਫਾਰਵਰਡ ਪਾਰਟੀ (ਜੀਐੱਫਪੀ) ਨੇ ਅਗਲੇ ਸਾਲ ਫਰਵਰੀ ਮਹੀਨੇ ਹੋਣ ਵਾਲੀਆਂ ਗੋਆ ਵਿਧਾਨ ਸਭਾ ਚੋਣਾਂ ਲਈ ਅੱਜ ਗੱਠਜੋੜ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੀਐੱਫਪੀ ਨੇ ਭਾਜਪਾ ਨਾਲ ਸੱਤਾ ਵਿੱਚ ਭਾਈਵਾਲੀ ਕੀਤੀ ਸੀ ਪਰ ਜੁਲਾਈ 2019 ਵਿੱਚ ਪਾਰਟੀ ਪ੍ਰਧਾਨ ਵਿਜੈ ਸਰਦੇਸਾਈ ਸਣੇ ਤਿੰਨ ਵਿਧਾਇਕਾਂ ਨੂੰ ਸੂਬਾਈ ਮੰਤਰੀ ਮੰਡਲ ਵਿੱਚੋਂ ਬਾਹਰ ਕੀਤੇ ਜਾਣ ਮਗਰੋਂ ਉਸ ਨੇ ਸਮਰਥਨ ਵਾਪਸ ਲੈ ਲਿਆ ਸੀ। ਸਰਦੇਸਾਈ ਉਦੋਂ ਸਰਕਾਰ ਵਿੱਚ ਉੱਪ ਮੁੱਖ ਮੰਤਰੀ ਸਨ।

ਆਲ ਇੰਡੀਆ ਕਾਂਗਰਸ ਕਮੇਟੀ (ੲੇਆਈਸੀਸੀ) ਦੇ ਗੋਆ ਇੰਚਾਰਜ ਦਿਨੇਸ਼ ਗੁੰਡੂ ਰਾਓ ਨੇ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਸੂਬੇ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਅਤੇ ਜੀਐੱਫਪੀ ਨੇ ਗੱਠਜੋੜ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਟਾਂ ਬਾਰੇ ਵੰਡ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

ਰਾਓ ਨੇ ਕਿਹਾ, ‘‘ਵਿਜੈ ਸਰਦੇਸਾਈ (ਜੀਐੱਫਪੀ ਪ੍ਰਧਾਨ) ਨੇ ਦਿੱਲੀ ਵਿੱਚ ਸਾਡੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਇਹ ਕਹਿੰਦਿਆਂ ਕਾਂਗਰਸ ਨੂੰ ਸਮਰਥਨ ਦਿੱਤਾ ਕਿ ਉਹ ਸਾਡੇ ਨਾਲ ਮਿਲ ਕੇ ਗੋਆ ਵਿੱਚ ਫਿਰਕੂ ਅਤੇ ਭ੍ਰਿਸ਼ਟ ਭਾਜਪਾ ਨੂੰ ਹਰਾਉਣਾ ਚਾਹੁੰਦੇ ਹਨ, ਤਾਂ ਕਿ ਗੋਆ ਵਿੱਚ ਬਦਲਾਅ ਲਿਆਂਦਾ ਜਾ ਸਕੇ। ਅਸੀਂ ਉਨ੍ਹਾਂ ਦੇ ਇਸ ਕਦਮ ਦਾ ਸਵਾਗਤ ਕਰਦੇ ਹਾਂ।’’

ਉਨ੍ਹਾਂ ਮੁਤਾਬਕ, ‘‘ਦੋਵੇਂ ਪਾਰਟੀਆਂ ਵਿਚਾਲੇ ਗੋਆ ਵਿੱਚ ਹੋਰ ਗੱਲਬਾਤ ਹੋਈ। ਜੋ ਛੋਟੇ-ਛੋਟੇ ਮੁੱਦੇ ਸਨ, ਉਨ੍ਹਾਂ ਨੂੰ ਸੁਲਝਾ ਲਿਆ ਗਿਆ ਹੈ ਅਤੇ ਅਸੀਂ ਨਵੀਂ ਸ਼ੁਰੂਆਤ ਨੂੰ ਦੇਖ ਰਹੇ ਹਾਂ। ਪਹਿਲਾਂ ਜੋ ਵੀ ਹੋਇਆ, ਉਹ ਹੋ ਚੁੱਕਾ ਹੈ। ਰਾਜਨੀਤੀ ਵਿੱਚ ਹਮੇਸ਼ਾ ਦੋਸਤੀ, ਗੱਠਜੋੜ ਦੀ ਸੰਭਾਵਨਾ ਹੁੰਦੀ ਹੈ ਅਤੇ ਸਾਨੂੰ ਇੱਕ-ਦੂਜੇ ਉੱਤੇ ਭਰੋਸਾ ਅਤੇ ਵਿਸ਼ਵਾਸ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਇਕੱਠੇ ਚੋਣਾਂ ਲੜਨ ਜਾ ਰਹੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਇਹ ਗੱਠਜੋੜ ਹੋਰ ਲੋਕਾਂ ਨੂੰ ਵੀ ਕਾਂਗਰਸ ਨਾਲ ਜੁੜਨ ਲਈ ਪ੍ਰੇਰਿਤ ਕਰੇਗਾ। ਮੈਨੂੰ ਯਕੀਨ ਹੈ ਕਿ ਲੋਕਾਂ ਨੇ ਚੋਣਾਂ ਦੌਰਾਨ ਭਾਜਪਾ ਨੂੰ ਨਕਾਰਨ ਦਾ ਫ਼ੈਸਲਾ ਕਰ ਲਿਆ ਹੈ ਅਤੇ ਉਹ ਸੂਬੇ ਵਿੱਚ ਸਥਿਰ ਸਰਕਾਰ ਬਣਾਉਣਾ ਚਾਹੁੰਦੇ ਹਨ।’’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਾਚੀ ਵਿੱਚ ਜ਼ੋਰਦਾਰ ਧਮਾਕਾ; 14 ਮੌਤਾਂ
Next articleਚੰਨੀ ਭੰਗੜੇ ਪਾਉਣ ਦੀ ਥਾਂ ਆਪਣੇ ਗ੍ਰਹਿ ਮੰਤਰੀ ਨੂੰ ਸਰਗਰਮ ਹੋਣ ਲਈ ਆਖਣ: ਕੈਪਟਨ