ਬਾਹਰ ਨੂੰ ਦੌੜਦੀ ਜਵਾਨੀ

ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)

ਚੜਦੀ ਉਮਰ ਦਾ ਮੁੱਛ ਫੁੱਟ ਗੱਭਰੂ ਅਮਰੀਕ ਹਮੇਸ਼ਾ ਉੱਚੀਆਂ ਉਡਾਰੀਆਂ ਭਰਨ ਦੀਆਂ ਗੱਲਾਂ ਕਰਦਾ… ਬਾਰਵੀਂ ਜਮਾਤ ਵਿੱਚ ਪੜਾਈ ਕਰ ਰਿਹਾ ਅਮਰੀਕ ਆਪਣੇ ਪਿਤਾ ਰੋਸ਼ਨ ਸਿੰਘ ਦੀ ਇਕਲੌਤੀ ਔਲਾਦ ਸੀ… ਰੋਸ਼ਨ ਸਿੰਘ ਚਾਰ ਭਰਾ ਸਨ ਤੇ ਖੇਤੀਬਾੜੀ ਦਾ ਕੰਮ ਵਧੀਆ ਚੱਲ ਰਿਹਾ ਸੀ.. ਚਾਰੇ ਭਰਾਵਾਂ ਨੂੰ ਪਿਓ ਦਾਦੇ ਦੀ ਜਾਇਦਾਦ ਵਿਚੋਂ ਬਵੰਜਾ ਕਿਲੇ ਜ਼ਮੀਨ ਆਉਂਦੀ ਸੀ.. ਰੋਸ਼ਨ ਸਿੰਘ ਦੇ ਚਾਰੇ ਭਰਾ ਆਪੋ ਆਪਣੇ ਪਰਿਵਾਰ ਵਾਲੇ ਹੋ ਗਏ ਸਨ… ਰੋਸ਼ਨ ਸਿੰਘ ਦੇ ਪਿਤਾ ਨੇ ਆਪਣੇ ਜਾਣ ਤੋਂ ਪਹਿਲਾਂ ਚਾਰਾ ਪੁੱਤਰਾਂ ਨੂੰ ਹਿੱਸੇ ਬੱਧੀ ਆਉਂਦੀ ਤੇਰਾਂ ਤੇਰਾਂ ਕਿਲੇ ਜ਼ਮੀਨ ਵੰਡ ਦਿੱਤੀ …

ਰੋਸ਼ਨ ਸਿੰਘ ਆਪਣੇ ਪੁੱਤਰ ਨੂੰ ਸਕੂਲ ਭੇਜ ਖੇਤੀ ਬਾੜੀ ਦੇ ਕੰਮਾਂ ਵਿੱਚ ਰੁੱਝ ਜਾਂਦਾ … ਆਪਣੇ ਜਵਾਨ ਹੋ ਰਹੇ ਪੁੱਤਰ ਅਮਰੀਕ ਨੂੰ ਰੋਸ਼ਨ ਸਿੰਘ ਅਕਸਰ ਕਹਿੰਦਾ ਹੁਣ ਤੂੰ ਮੇਰੇ ਨਾਲ ਖੇਤੀਬਾੜੀ ਵਿੱਚ ਹੱਥ ਵੰਡਾਇਆ ਕਰ… ਖ਼ੁਦ ਟਰੈਕਟਰ ਨਾਲ ਖੇਤ ਵਾਹਿਆ ਕਰ, ਮੇਰੇ ਤੋਂ ਹੁਣ ਏਨਾ ਕੰਮ ਨਹੀਂ ਹੁੰਦਾ…ਪਰ ਅਮਰੀਕ ਨੂੰ ਤਾਂ ਵਿਦੇਸ਼ ਜਾ ਕੇ ਸੈੱਟ ਹੋਣ ਦੀ ਚਾਹਤ ਸੀ, ਅਮਰੀਕ ਇੱਕ ਦਿਨ ਸਕੂਲੋਂ ਆਇਆ ਤਾਂ ਹਵੇਲੀ ਦੇ ਵੱਡੇ ਵਿਹੜੇ ਵਿੱਚ ਲੱਗੇ ਟਾਹਲੀ ਦੇ ਰੁੱਖ ਦੀ ਛਾਂਵੇਂ ਰੋਸ਼ਨ ਸਿੰਘ ਮੰਜੇ ਤੇ ਬੈਠਾ ਦੁਪਹਿਰ ਦੀ ਰੋਟੀ ਖਾ ਰਿਹਾ ਸੀ…ਅਮਰੀਕ ਆਪਣੇ ਬਾਪੂ ਦੇ ਨੇੜੇ ਰੱਖੀ ਕੁਰਸੀ ਤੇ ਬੈਠ ਗਿਆ ਤੇ ਕਹਿਣ ਲੱਗਿਆ… ਬਾਪੂ ਜੀ ਮੈਂ ਵਿਦੇਸ਼ ਵਿੱਚ ਜਾਣਾ ਹੈ.. ਤੂੰ ਕੋਈ ਬੰਦੋਬਸਤ ਕਰ, ਮੇਰੀ ਸਕੂਲ ਦੀ ਪੜ੍ਹਾਈ ਖ਼ਤਮ ਹੋ ਵਾਲ਼ੀ ਹੈ

ਮੈਂ ਸ਼ਹਿਰ ਦੇ ਕਿਸੇ ਵਿੱਦਿਅਕ ਅਦਾਰੇ ਵਿੱਚ ਆਈ ਲੈਟਸ ਕਰ ਲਵਾਂ ਗਾ ਤੇ ਵਿਦੇਸ਼ ਜਾਣ ਦੀ ਤਿਆਰੀ ਕਰਾਂ ਗਾ… ਆਪਣੇ ਪੁੱਤਰ ਅਮਰੀਕ ਦੀ ਏਨੀ ਗੱਲ ਸੁਣਦਿਆਂ ਹੀ ਰੋਸ਼ਨ ਸਿੰਘ ਰੋਟੀ ਖਾਣੀ ਬੰਦ ਕਰ ਸੋਚਾਂ ਵਿੱਚ ਪੈ ਗਿਆ, ਕੁੱਝ ਦੇਰ ਉਸਦੇ ਬੋਲ ਨਾ ਨਿਕਲੇ…ਅਮਰੀਕ ਫੇਰ ਬੋਲਿਆ …ਕੀ ਗੱਲ ਬਾਪੂ ਕਿਹੜੀਆਂ ਸੋਚਾਂ ਵਿੱਚ ਪੈ ਗਿਆ .. ਆਪਣੀ ਜ਼ਮੀਨ ਵਿੱਚੋਂ ਪੰਜ ਸੱਤ ਕਿਲੇ ਜ਼ਮੀਨ ਵੇਚ ਕੇ ਮੇਰੇ ਬਾਹਰ ਜਾਣ ਦੀ ਤਿਆਰੀ ਕਰ… ਰੋਸ਼ਨ ਸਿੰਘ ਦੇ ਮੂੰਹ ਵਿੱਚ ਜਿਹੜੀ ਗਰਾਈਂ ਬਾਕੀ ਰਹਿ ਗਈ ਸੀ ਉਹ ਹੁਣ ਗਲ਼ੇ ਵਿੱਚ ਲੰਘਣੀ ਔਖੀ ਹੋ ਗਈ ਸੀ… ਰੋਸ਼ਨ ਸਿੰਘ ਨੇ ਪਾਣੀ ਦਾ ਗਿਲਾਸ ਮੂੰਹ ਨੂੰ ਲਗਾਇਆ ਤੇ ਬੜੀ ਮੁਸ਼ਕਲ ਨਾਲ ਦੋ ਕੁ ਘੁੱਟ ਪਾਣੀ ਪੀ ਕੇ ਮੂੰਹ ਆਲ਼ੀ ਬੁਰਕੀ ਹਲ਼ਕ ਤੋਂ ਥੱਲੇ ਕੀਤੀ…

ਨਹੀਂ ਪੁੱਤਰ, ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਹੈ.. ਆਪਾਂ ਨਹੀਂ ਵੇਚਣੀ, ਤੂੰ ਏਥੇ ਰਹਿ ਕੇ ਹੀ ਖੇਤੀਬਾੜੀ ਕਰ..ਜੇ ਤੂੰ ਬਾਹਰ ਚਲਾ ਗਿਆ ਮਗਰੋਂ ਕੌਣ ਸਾਂਬ ਕਰੇਗਾ ਤੇਰੀ ਮਾਂ ਦੀ ? ਏਨੀ ਵੱਡੀ ਹਵੇਲੀ ਹੈ ਆਪਣੀ, ਕੰਮ ਕਾਰ ਸੈੱਟ ਹੈ ਤੂੰ ਖੇਤੀਬਾੜੀ ਨਾਲ ਸਬੰਧਤ ਪੜ੍ਹਾਈ ਕਰ ਲੈ ਤੇ ਆਪਣੇ ਖੇਤਾਂ ਵਿੱਚ ਉੱਚ ਤਕਨੀਕ ਨਾਲ ਖੇਤੀਬਾੜੀ ਕਰੀਂ…ਪਰ ਅਮਰੀਕ ਸਿੰਘ ਨੂੰ ਤਾਂ ਵਿਦੇਸ਼ ਜਾਣ ਦਾ ਭੁੱਸ ਬਹੁਤ ਜ਼ਿਆਦਾ ਸੀ.. ਨਹੀਂ ਬਾਪੂ ਮੈਂ ਤਾਂ ਬਾਹਰ ਹੀ ਜਾਵਾਂ ਗਾ ਕਹਿ ਕੇ ਅਮਰੀਕ ਹਵੇਲੀ ਅੰਦਰ ਚਲਾ ਗਿਆ…

ਪੁੱਤਰ ਦੀ ਜ਼ਿੱਦ ਦੇ ਅੱਗੇ ਰੋਸ਼ਨ ਸਿੰਘ ਬੇਵੱਸ ਹੋ ਗਿਆ.. ਅਮਰੀਕ ਦਾ ਹੁਣ ਬਾਰਵੀਂ ਕਲਾਸ ਦਾ ਨਤੀਜਾ ਆ ਗਿਆ ਸੀ ਤੇ ਅਮਰੀਕ ਨੇ ਆਪਣੇ ਪਿੰਡ ਦੇ ਬਿਲਕੁੱਲ ਨਾਲ਼ ਲਗਦੇ ਸ਼ਹਿਰ ਦੇ ਆਈਲੈਟਸ ਸੈਂਟਰ ਵਿੱਚ ਦਾਖਲਾ ਲੈ ਲਿਆ… ਕੁੱਝ ਸਮਾਂ ਬੀਤਣ ਤੋਂ ਬਾਅਦ ਅਮਰੀਕ ਨੇ ਆਈਲੈਟਸ ਵਿੱਚ ਛੇ ਬੈਂਡ ਹਾਸਲ ਲਏ… ਹੁਣ ਮਜਬੂਰੀ ਵੱਸ ਰੋਸ਼ਨ ਸਿੰਘ ਨੂੰ ਤੇਰਾਂ ਕਿਲਿਆਂ ਦੀ ਜ਼ਮੀਨ ਵਿੱਚੋਂ ਛੇ ਕਿਲੇ ਜ਼ਮੀਨ ਵੇਚਣੀ ਪਈ… ਅਮਰੀਕ ਨੇ ਵੀਜ਼ਾ ਅਪਲਾਈ ਕਰ ਦਿੱਤਾ ਸੀ..ਦੋ ਕੁ ਮਹੀਨਿਆਂ ਵਿੱਚ ਅਮਰੀਕ ਦਾ ਵੀਜ਼ਾ ਆ ਗਿਆ…ਅਮਰੀਕ ਨੂੰ ਜਦੋਂ ਇੰਮੀਗ੍ਰੇਸ਼ਨ ਸੈਂਟਰ ਵਿੱਚੋਂ ਵੀਜ਼ਾ ਆਉਣ ਸਬੰਧੀ ਖ਼ਬਰ ਲੱਗੀ ਤਾਂ ਅਮਰੀਕ ਤੇਜ਼ੀ ਨਾਲ ਸ਼ਹਿਰ ਗਿਆ ਤੇ ਲੱਡੂਆਂ ਦਾ ਡੱਬਾ ਲੈ ਆਇਆ…

ਪਿੰਡ ਵਿੱਚ ਹਵੇਲੀ ਦੇ ਨਾਲ ਲੱਗਦੇ ਪ੍ਰਵਾਸੀ ਭਾਰਤੀਆਂ ਦੇ ਟੱਬਰ ਰਹਿੰਦੇ ਸਨ ਜਿਨ੍ਹਾਂ ਨੂੰ ਪੰਜਾਬ ਆਇਆਂ ਪੰਦਰਾਂ ਵੀਹ ਸਾਲ ਹੋ ਗਏ ਸਨ, ਇਹਨਾਂ ਪਰਿਵਾਰਾਂ ਦੇ ਮਰਦ ਮਿਹਨਤ ਮਜ਼ਦੂਰੀ, ਸਬਜ਼ੀ ਫਲ਼ ਵੇਚ ਕੇ ਆਪਣਾ ਜੀਵਨ ਗੁਜ਼ਾਰ ਰਹੇ ਸਨ…ਦਿਨ ਤਿਉਹਾਰ ਜਾਂ ਸ਼ਾਦੀ ਵਿਆਹ ਦੇ ਮੌਕੇ ਤੇ ਵਾਰੀ ਸਿਰ ਆਪਣੇ ਪਿੰਡ ਵੀ ਗੇੜਾ ਮਾਰ ਆਉਂਦੇ ਸਨ ਤੇ ਖੇਤੀਬਾੜੀ ਦਾ ਕੰਮ ਨਿਪਟਾ ਕੇ ਵਾਪਸ ਪੰਜਾਬ ਆ ਜਾਂਦੇ.. ਇਹ ਪਰਿਵਾਰ ਹੁਣ ਅਮਰੀਕ ਦੇ ਪਿੰਡ ਵਾਸੀਆਂ ਨਾਲ ਪੂਰੀ ਤਰਾਂ ਘੁਲ਼ਮਿਲ ਗਏ ਸਨ..

ਅਮਰੀਕ ਜਦੋਂ ਲੱਡੂ ਲੈ ਕੇ ਪਿੰਡ ਵੜਿਆ ਤਾਂ ਹਵੇਲੀ ਤੋਂ ਪਹਿਲਾਂ ਇਹਨਾਂ ਪ੍ਰਵਾਸੀ ਭਾਰਤੀਆਂ ਦੇ ਘਰ ਹੋਣ ਕਾਰਣ ਲੱਡੂ ਵੰਡਣ ਸਿੱਧਾ ਉਹਨਾਂ ਦੇ ਵਿਹੜੇ ਜਾ ਢੁਕਿਆ… ਅਮਰੀਕ ਦੇ ਹੱਥ ਵਿੱਚ ਲੱਡੂਆਂ ਦਾ ਡੱਬਾ ਦੇਖ ਰਮੇਸ਼ ਗੁਪਤਾ( ਪ੍ਰਵਾਸੀ ਭਾਰਤੀ) ਬੋਲਿਆ..

ਕੀ ਬਾਤ ਹੈ ਸਰਦਾਰ ਜੀ…ਆਜ ਹਮਾਰੇ ਵਿਹੜੇ ਲੱਡੂ ਵੰਡੀ ਜਾਂਦੀ ਹੈ… ਅੱਗੋਂ ਅਮਰੀਕ ਬੋਲਿਆ ਮੇਰਾ ਕਨੇਡਾ ਦਾ ਵੀਜ਼ਾ ਪੱਕਾ ਹੋ ਗਿਆ ਹੈ, ਆਉਣ ਵਾਲੀ ਪੱਚੀ ਤਾਰੀਖ ਦੀ ਫਲਾਈਟ ਹੈ… ਅਮਰੀਕ ਲੱਡੂ ਵੰਡ ਕੇ ਚਲਾ ਗਿਆ ਸੀ ਤੇ ਮਗਰੋਂ ਰਮੇਸ਼ ਗੁਪਤਾ ਦੇ ਬੱਚਿਆਂ ਲਈ ਕਈ ਸਵਾਲ ਖੜ੍ਹੇ ਕਰ ਗਿਆ… ਰਮੇਸ਼ ਗੁਪਤਾ ਦਾ ਛੋਟਾ ਮੁੰਡਾ ਬੋਲਿਆ.. ਪਾਪਾ ਜੇ ਸਰਦਾਰ ਜੀ ਲੱਡੂ ਕਿਉਂ ਬਾਂਟੇ..ਕਿਆ ਆਪ ਭੀ ਇਸ ਤਰ੍ਹਾਂ ਲੱਡੂ ਵੰਡੀ ਸੀ ਜਬ ਪਿੰਡ ਸੇ ਆਏ ਥੇ…

ਰਮੇਸ਼ ਗੁਪਤਾ ਨੇ ਆਪਣੇ ਪੁੱਤਰ ਨੂੰ ਜਵਾਬ ਦਿੱਤਾ..ਭਲਾ ਹਮ ਕਿਉਂ ਅਪਨੀ ਮਾਤ੍ਰ ਭੂਮੀ ਸੇ ਜੁਦਾ ਹੋ ਕੇ ਲੱਡੂ ਬਾਂਟੇ… ਪੰਜਾਬ ਮੇਂ ਤੋ ਸਰਦਾਰ ਲੋਗ ਬਾਹਰ ਚਲੇ ਜਾਏਂਗੇ… ਫੇਰ ਹਮ ਹੀ ਇਨ ਲੋਗਨ ਕੀ ਵੱਡੀ ਵੱਡੀ ਹਵੇਲੀ ਸਾਂਭੇਗੇ…

ਏਨਾ ਕਹਿੰਦਿਆਂ ਰਮੇਸ਼ ਗੁਪਤਾ ਦਾ ਬੁੱਲਾਂ ਤੇ ਮੁਸਕਾਨ ਆ ਗਈ ਸੀ ਤੇ ਉਹ ਠਹਾਕਾ ਲਗਾ ਕੇ ਹੱਸ ਪਿਆ ਸੀ…

ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਮੋਬਾ: 9914721831

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਪੂ
Next articleਉਦਾਸ ਹੁੰਦੀ ਐ