(ਸਮਾਜ ਵੀਕਲੀ)
ਤੇਰਾ ਰੁਤਬਾ ਉੱਚਾ ਦੇਖ ਬੇਸ਼ੱਕ,
ਤੇਰੇ ਅੱਗੇ ਬੋਲਿਆ ਨਾ ਗਿਆ।
ਸੱਚੋ ਸੱਚ ਬੱਕ ਗਏ ਸੱਭ ਕੁੱਝ,
ਝੂਠ ਪਰ ਤੋਲਿਆ ਨਾ ਗਿਆ।
ਤੇਰਾ ਰੁਤਬਾ…..
ਤੇਰੇ ਤੇ ਯਕੀਨ ਵਾਹਵਾ ਸੀ,
ਤੇਰੇ ਨਾਂ ਨਾਲ਼ ਕੀਤਾ ਪਿਆਰ।
ਧੋਖਾ ਨਹੀਂ ਕਰੇਂਗਾ ਸੱਜਣਾਂ,
ਤੂੰ ਵੀ ਤਾਂ ਕੀਤਾ ਸੀ ਇਕਰਾਰ।
ਇਹ ਦਿਲ ‘ਚ ਲੁਕਾਇਆ ਭੇਦ,
ਹੋਰਾਂ ਮੂਹਰੇ ਖੋਲਿਆ ਨਾ ਗਿਆ।
ਤੇਰਾ ਰੁਤਬਾ…..
ਤੂੰ ਮਾਣ ਵੀ ਨਹੀਂ ਰੱਖਿਆ ਸਾਡਾ,
ਤੇ ਦਿਲ ਨੂੰ ਵੀ ਤੋੜ ਸੁੱਟਿਆ।
ਅਸੀਂ ਉੱਗ ਨਾ ਸਕੇ ਦੁਬਾਰਾ
ਕਿ ਜੜ੍ਹਾਂ ਤੋਂ ਹੀ ਸਾਨੂੰ ਪੁੱਟਿਆ।
ਅਸੀਂ ਮੁਹੱਬਤਾਂ ਦੇ ਪੱਟੇ ਹੋਏ,
ਜ਼ਹਿਰ ਸਾਥੋਂ ਘੋਲਿਆ ਨਾ ਗਿਆ।
ਤੇਰਾ ਰੁਤਬਾ…..
ਸੋਚਿਆ ਸੀ ਤੇਰੀ ਨਗਰੀ ਵਿੱਚ,
ਸਾਡਾ ਹੋਵੇਗਾ ਕੋਈ ਤਾਂ ਮੁਕਾਮ।
ਏਥੇ ਆ ਕੇ ਪਰ ਇੰਝ ਲੱਗਿਆ,
ਕਿ ਨਾਮ ਹੀ ਸਾਡਾ ਗੁੰਮਨਾਮ।
ਅਸਾਂ ਖੁੱਦ ਨੂੰ ਗਵਾਇਆ ਤੇਰੇ ਪਿੱਛੇ,
ਕਿ ਹੁਣ ਤੂੰ ਵੀ ਟੋਲਿਆ ਨਾ ਗਿਆ।
ਤੇਰਾ ਰੁਤਬਾ……
ਚੱਲ ਮੰਨਿਆਂ ਕਿ ਪਿਆਰ ਅਤੇ, ਜੰਗ ਵਿੱਚ ਹੁੰਦਾ ਸੱਭ ਜਾਇਜ਼।
ਪਰ ਤੂੰ ਜੋ ਕੀਤੀ ਸੋਹਣਿਆਂ,
ਉਹ ਤਾਂ ਸਰਾਸਰ ਨਾਜ਼ਾਇਜ਼।
ਵੇਖ ਜਿਗਰਾ ਅਸਾਡਾ ਮਨਜੀਤ,
ਈਮਾਨ ਕਦੇ ਡੋਲਿਆ ਨਾ ਗਿਆ।
ਤੇਰਾ ਰੁਤਬਾ….
ਮਨਜੀਤ ਕੌਰ ਧੀਮਾਨ,
ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly