ਜੰਗਾਲੇ ਜ਼ਿੰਦਰੇ ਦਾ ਦਰਦ

(ਸਮਾਜ ਵੀਕਲੀ)

ਹਾੜਾ ਵੀ ਵੀਰਾ ! ਮਾਰ ਆਈ ਗੇੜਾ ਮੇਰੇ ਘਰ ਵੀ , ਹੁਣ ਜਦੋਂ ਚੱਲਿਆ ਹੀ ਹੈ ਤੂੰ ਆਪਣੇ ਪਿੰਡ।

ਮੂੰਹ ਬੋਲੀ ਬਾਹਰਲੇ ਮੁਲਕ ਬੈਠੀ ਭੈਣ ਦੀ ਤਾਕੀਦ ਲੈ ਕੇ ਪਿੰਡ ਵੱਲ ਪ੍ਰਸਥਾਨ ਕੀਤਾ। ਪਿੰਡ ਤਾਂ ਸੋਹਣਾ ਬਣ ਗਿਆ ਸੀ। ਸੜਕਾਂ ਵੀ ਪੱਕੀਆਂ ਪਰ ਭੈਣ ਦਾ ਘਰ ਦੇਖ ਕੇ ਭੁੱਬ ਨਿਕਲੀ, ਖੰਡਰਾਤ !

ਜੰਗਾਲੇ ਜ਼ਿੰਦਰੇ ਦੇ ਦਰਸ਼ਨ ਕੀਤੇ, ਪਿਆਰ ਭਰਿਆ ਹੱਥ ਉਸ ਤੇ ਫੇਰਿਆ ਓਦਰਿਆ ਜਿਹਾ ਸੀ, ਖੁੱਲ੍ਹਣਾ ਚਾਹੁੰਦਾ ਸੀ ਜਿਵੇਂ ਦਹਾਕਿਆਂ ਬਾਅਦ।

ਸਮੋਈ ਬੈਠਾ ਸੀ ਆਪਣੇ ‌ਢਿੱਡ ਅੰਦਰ ਅੰਤਾਂ ਦਾ ਦਰਦ। ਖੋਲ੍ਹਣਾ ਚਾਹੁੰਦਾ ਸੀ ਦਿਲ ਦੀਆਂ ਗਹਿਰਾਈਆਂ ਦੇ ਰਾਜ, ਉਦਾਸੀਆਂ ਦੇ ਭੇਤ,ਇਸ ਦਰਦ ਭਰੀ ਮਿਲਣੀ ਦੇ ਨਾਲ। ਜਦੋਂ ਗੁਆਂਢੀਆਂ ਤੋਂ ਚਾਬੀ ‌ਮੰਗ ਕੇ ਉਸ ਦੇ ਦਿਲ ਵਿਚ ਲਾਈ, ਚਾਬੀ ਵੀ ਜੰਗਾਲੀ ਪਈ ਸੀ ਚਾਬੀ ਤੇ ਜੰਦਰਾ ਦੋਵੇਂ ਮਿਲੇ, ਬਹੁਤ ਰੋਏ। ਉਹਨਾਂ ਦੀ ਮਿਲਣੀ ਦਾ ਦਰਦ ਅਸਿਹ ਸੀ। ਜੰਦਰਾ ਕੋਈ ਭੇਤ ਨਹੀਂ ਸੀ ਖੋਲ੍ਹ ਰਿਹਾ। ਜੰਦਰੇ ਨੂੰ ਕਿਹਾ, ਇੰਤਜ਼ਾਰ ਕਰ ਮੈਂ ਆਉਨੈਂ । ਮੁੜਨ ‌ਲੱਗਿਆਂ ਤਾਏ ਦਾ ਮੁੰਡਾ ਟਿੰਡੀ ਗਲੀ ਵਿਚ ਹੀ ਟੱਕਰ ਗਿਆ। ਦੂਰੋਂ ਹੀ ਪਛਾਣ ਕੇ ਬੋਲਿਆ,” ਕਿਵੇਂ ਪਾਲ ਸਿਆਂ। ਅੱਜ ਕਿਵੇਂ ਆਉਣਾ ਹੋਇਆ।” ਗੱਲਾਂ ਕਰਦੇ ਕਰਦੇ ਉਹਨਾਂ ਦੇ ਘਰ ਚਲੇ ਗਏ। ਟਿੰਡੀ ਦੀ ਬੇਬੇ ਜੋ ਤਾਈ ਦੀ ਥਾਂ ਲਗਦੀ ਸੀ ਨੂੰ ਜਾ ਮੱਥਾ ਟੇਕਿਆ।

ਟਿੰਡੀ ਨੇ ਆਪਣੀ ਬੇਬੇ ਨੂੰ ਕਿਹਾ,” ਪਛਾਣਿਆ ਨੀ ਤੂੰ ਬੇਬੇ ! ਆਪਣੇ ਪ੍ਰਗਾਸ ਚਾਚੇ ਦਾ ਮੁੰਡਾ ਪਾਲ ਐ। ਬਾਹਰ ਨੌਕਰੀ ਕਰਦੈ। ਪਿੰਡ ਡਸਕੇ ਜਾਂਦਾ ਹੋਇਆ ਏਧਰ ਆ ਗਿਆ। ਸੂਬੇਦਾਰ ਸਾਹਿਬ ਹੋਰਾਂ ਦੀ ਕੁੜੀ ਭੈਣ ਬਣੀ ਹੋਈ ਹੈ ਇਸ ਦੀ। ਘਰ ਦੇਖਣ ਆਇਐ ਅੱਜ ਉਹਨਾਂ ਦਾ। ਬੀਬੀ ‌ਜੋ ਬਾਹਰਲੇ ਮੁਲਕ ਰਹਿੰਦੀ ਐ, ਉਸ ਨੇ ਸੁਨੇਹਾ ਲਾਇਐ ਵੀ ਆਪਣੇ ਪਿੰਡ ਜਾਂਦਾ ਹੋਇਆ ਸਾਡੇ ਘਰ ਵੀ ਗੇੜਾ ਮਾਰ ਆਈਂ।” ਲੈ ! ਮੈਂ ਤਾਂ ਪਛਾਣਿਆ ਈ ਨੀਂ। ਕਿਵੇਂ ਐਂ ਪੁੱਤ ‌ਤੇਰੇ ਬੱਚੇ ਤੇ ਬਹੂ ? ਬੱਸ ਤਾਈ, ਉਹ ਵੀ ਪ੍ਰਦੇਸੀ ਨੇ। ਠੀਕ ਐ ਸਾਰੇ। ਆ ਕੇ ਫੇਰ ਮਿਲਦਾਂ , ਇੱਕ ਵਾਰ ਗੇੜਾ ਮਾਰ ਆਵਾਂ ਸੂਬੇਦਾਰ ਜੀ ਦੇ ਘਰ।

“ਕੀ ਕਹਾਂ ਪੁੱਤ ! ਘਰ ਤਾਂ ਬੰਦਿਆਂ ਨਾਲ ਹੀ ਹੁੰਦੇ ਨੇ, ਜਦੋਂ ਦੇ ਦੋਵੇਂ ਜੀਅ ਤੇ ਮੁੰਡਾ ਰੱਬ ਕੋਲ ਗਏ‌ ਨੇ, ਅੱਖ਼ ਹੀ ਨਹੀਂ ਰੋਂਦੀ, ਦਿਲ ਵੀ ਰੋਂਦਾ ਹੈ। ਕੁੜੀਆਂ ਤਾਂ ਆਪਣੇ ਘਰੇ ਚਲੀਆਂ ਗਈਆਂ ਵਿਆਹ ਕਰਵਾ ਕੇ। ਹੁਣ ਕੌਣ ਗੇੜਾ ਮਾਰੇ। ਬਹਿ ਜਾ ਪੁੱਤ ! ਪਹਿਲਾਂ ਚਾਹ ਦਾ ਘੁੱਟ ਪੀ ਜਾ, ਗੇੜਾ ਫੇਰ ਮਾਰ ਆਈ, ਨਾਲੇ ਉੱਥੇ ਹੁਣ ਕਿਹੜੈ, ਮੈਨੂੰ ਤਾਂ ਲਗਦੈ ਦੱਸਾਂ ਪੰਦਰਾਂ ਸਾਲਾਂ ਤੋਂ ਜੰਦਰਾ ਵੀ ਨਹੀਂ ਖੁੱਲ੍ਹਿਆ ਹੋਣਾਂ।”

ਨਹੀਂ ਤਾਈ, ਇੱਕ ਵਾਰ ਘਰ ਦੇਖ ਆਵਾਂ, ਚਾਬੀ ਵੀ ਗੁਆਂਢੀਆਂ ਕੋਲੋਂ ਲੈ ਕੇ, ਲਾਈ ਸੀ, ਪਰ ਜਿੰਦਰਾ ਜੰਗਾਲਿਆ ਹੋਇਐ, ਥੋੜ੍ਹਾ ਬਿੱਚਰ ਗਿਆ ਲੱਗਦੈ, ਤੇਲ ਲਾ ਕੇ ਖੁੱਲ੍ਹੂ। ਮੈਂ ਤਾਂ ਤੇਲ ਦੀ ਕੁੱਪੀ‌ ਲੈਣ ਆਇਆਂ,‌ਟਿੰਡੀ ਗਲੀ ‘ਚ ਟੱਕਰ ਗਿਆ ਸੀ। ਇਹਦੇ ਨਾਲ ਹੀ ਤੈਨੂੰ ਮਿਲਣ ਆ ਗਿਆ। ਸੋਚਿਆ ਤਾਈ ਨੂੰ ਵੀ ਮਿਲ ਲੂੰ ਗਾ ਤੇ ਨਾਲੇ ਤੇਲ ਦੀ ਕੁੱਪੀ ਫੜ ਲਿਆਊਂ।

ਚੰਗਾ, ਭਾਈ ‌ਮਾਰ‌ ਆ‌ ਗੇੜਾ, ਚਾਹ ਮੁੜਦਾ ਪੀ ਲਵੀਂ। ਪਾਲ ‌ਤੇਲ ਦੀ ‌ਕੁੱਪੀ ਫੜ ਸੂਬੇਦਾਰਾਂ ਦੇ ਘਰ ਨੂੰ ਆ ਗਿਆ। ਚਾਬੀ ਤੇਲ ਵਿਚ ਡਬੋਈ, ਕੁਝ ਤੇਲ ਪਿਆਸੇ, ਤ੍ਰਿਹਾਏ ਜੰਦਰੇ ਦੇ ਮੂੰਹ ਨੂੰ ਲਾਇਆ। ਜੰਦਰੇ ਨੇ ਚੁਰ ਚੁਰ ਕਰਦਿਆਂ, ਸ਼ਿਕਵਾ ਵੀ ਕੀਤਾ, ਐਨੇ ਐਨੇ ਦਿਨ ਵੀ ਕੋਈ ਆਪਣੇ ਘਰ ਤੋਂ ਦੂਰ ਜਾਂਦੈ, ਲਾਅ ਦੇਵੀਂ ਭੈਣ ਨੂੰ ਸੁਨੇਹਾ। ਬੇਬੇ, ਬਾਪੂ,ਵੀਰੇ ਦੇ ਚਲੇ ਜਾਣ ਤੋਂ ਬਾਅਦ, ਉਸ ਕੁੜੀ ਨੂੰ ਵੀ ਕਹੀਂ ਤੁਸੀਂ ਦੋਵੇਂ ਭੈਣਾਂ ਵੀ ਨਿਰਮੋਹੀਆਂ ਹੋ ਗਈਆਂ। ਡਾਲਰਾਂ ਨੇ ਸ਼ਾਇਦ ਉਹਨਾਂ ਨੂੰ ਵੀ ਭਰਮਾ ਲਿਆ। ਜੰਦਰੇ ਨੂੰ ਹੌਸਲਾ ਦੇਣ ਤੋਂ ਬਾਅਦ ਬਰਾਂਡੇ ‘ਚ ਪ੍ਰਵੇਸ਼ ਕੀਤਾ।

ਮਕੜੀਆਂ ਦੇ ਜਾਲਿਆਂ ਨੇ ਮੂੰਹ ਚੁੰਮ ਕੇ ‌ਸਵਾਗਤ ਕੀਤਾ। ਅੱਖ਼ਾਂ ‘ਤੇ ਵੀ ਪਿਆਰ ਦਾ ਚੁੰਮਣ ਦਿੱਤਾ। ਉਹਨਾਂ ਨੂੰ ਮਸਾਂ ਮਸਾਂ ਮੂੰਹ ਤੋਂ ਦੂਰ ਕੀਤਾ। ਪੌੜੀਆਂ ਦੀ ਹਰਿਆਵਲ ਦਿਲ ਖੋਲ੍ਹ ਕੇ ਸਵਾਗਤ ਕਰ ਰਹੀ ਸੀ। ਹੌਲੀ ਹੌਲੀ ਪੌੜੀਆਂ ਚੜ੍ਹ ਕੇ ਛੱਤ ਤੇ ਗਿਆ। ਛੱਤ ਤੇ ਉੱਗੇ ਖੱਬਲ, ਘਾਹ ਨੇ ਸਤਿਕਾਰ ਕੀਤਾ।

ਜਿਵੇਂ ਕਹਿ ਰਿਹਾ ਹੋਵੇ, ਸੂਬੇਦਾਰ ਹੋਰਾਂ ਦੇ ਜਾਣ ਪਿੱਛੋਂ ਅਸੀਂ ਇਸ ਘਰ ਦੀ ਹਰਿਆਵਲ ਨਹੀਂ ਮਰਨ ਦਿੱਤੀ। ਘਰ ਦੀ ਨਿਗਰਾਨੀ ਹੁਣ ਅਸੀਂ ਹੀ ਕਰਦੇ ਹਾਂ। ਅੱਖ਼ਾਂ ਭਰੀਆਂ ਨਾਲ ਹੀ

ਨੀਚੇ ਆ ਕੇ ਘਰ ਚ ਗੇੜਾ ਮਾਰਿਆ। ਹਲ਼ ਪੰਜਾਲੀ, ਤੰਗਲੀ ਬੱਠਲ, ਬਾਲਟੀਆਂ, ਕਸੀਏ, ਰਿੜਕਣੇ, ਇੱਕ ਖੂੰਜੇ ਚ ਲੱਗੇ ਸਤਿ ਸ੍ਰੀ ਅਕਾਲ ਬੋਲ ਰਹੇ ਸਨ। ਮਨ ਭਰ ਆਇਆ ਸੀ ਜਿੰਦਰਾ ਫੇਰ ਮਾਰ ਦਿੱਤਾ।

ਬਾਹਰ ਸੜਕ ਵੱਲ ਅੱਭੜਵਾਹੇ ਤੁਰ ਪਿਆ। ਆਪਣੇ ਹੀ ਖਿਆਲਾਂ ਵਿਚ।

ਗੁਆਂਢੀਆਂ ਨੂੰ ਚਾਬੀ ਦੇਣੀ ਵੀ ਭੁੱਲ ਗਿਆ । ਤੇਲ ਦੀ ਕੁੱਪੀ ਵੀ ਮਖੌਲ ਕਰ ਰਹੀ ਸੀ। ਆਪਣੀ ਹੀ ਧੁਨ ਵਿਚ ਪਤਾ ਨਹੀਂ ਕਦੋਂ ਸੜਕ ਤੇ ਪਹੁੰਚ ਗਿਆ।

ਮੈਨੂੰ ਲੱਗਿਆ ਕਿਸੇ ਨੇ ਆਵਾਜ਼ ਮਾਰੀ ਹੈ। ਸਾਹਮਣੇ ਬਲਦੇਵ ਚਾਚੇ ਦਾ ਮੁੰਡਾ ਨੀਲਾ ਟੱਕਰ ਗਿਆ। ਉਹ ਖੇਤ ਰਮਾ ਕੇ ਆਇਆ ਸੀ। ਉਸ ਨੂੰ ਸਾਰੀ ਕਹਾਣੀ ਦੱਸੀ। ਉਸ ਨੇ ਦੱਸਿਆ ਕਿ ਸਾਰੇ ਪਿੰਡ ਚ ਤੈਨੂੰ ਪੰਜ ਚਾਰ ਘਰਾਂ ਤੋਂ ਇਲਾਵਾ ਕਿਸੇ ਦੇ ਘਰ ਵੀ ਜੁਆਨ ਪੁੱਤ ਨਹੀਂ ਮਿਲੂਗਾ। ਕੁਝ ਨਸ਼ਿਆਂ ਨੇ ਖਾਅ ਲਏ ਤੇ ਜਿਹੜੇ ਸਰਦੇ ਪੁੱਜਦੇ ਸੀ ਉਹਨਾਂ ਨੇ ਬੱਚੇ ਕਨੇਡਾ, ਅਮਰੀਕਾ, ਆਸਟਰੇਲੀਆ, ਭੇਜ ਦਿੱਤੇ। ਜ਼ਿਆਦਾ ਤਰ ਘਰਾਂ ਦੇ ਜੰਦਰੇ ਜੰਗਾਲ ਚੁੱਕੇ ਨੇ।

ਉਸ ਨੇ ਬੜਾ ਜੋਰ ਲਾਇਆ ਕਿ ਘਰ ਆ ਜਾਵਾਂ ਚਾਹ ਪਾਣੀ ਪੀਵਾਂਗੇ।

ਮੈਂ ਉਸ ਨੂੰ ਜ਼ਰੂਰੀ ਕੰਮ ਦਾ ਬਹਾਨਾ ਕਰਕੇ ਤੇ ਘਰ ਦੀ ਚਾਬੀ ਗੁਆਂਢੀਆਂ ਨੂੰ ਦੇਣ ਲਈ ਕਹਿ ਕੇ, ਤੇ ਤੇਲ ਦੀ ਕੁੱਪੀ ਤਾਈ ਹੋਰਾਂ ਨੂੰ ਮੋੜਨ ਦੀ ਤਾਕੀਦ ਕਰਕੇ ਉੱਥੋਂ ਨਿਕਲ ਆਇਆ। ਭੈਣ ਨੂੰ ਫ਼ੋਨ ਕਰਨ ਦੀ ਹਿੰਮਤ ਨਹੀਂ ਸੀ।ਮੇਰੇ ਸਾਹਮਣੇ ਮੇਰੇ ਆਪਣੇ ਘਰ ਦਾ ਜੰਗਾਲਿਆ ਜਿੰਦਰਾ ਚੀਕ ਰਿਹਾ ਸੀ।

(ਜਸਪਾਲ ਜੱਸੀ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਰਾ ਰੁਤਬਾ…..
Next articleਗਰਭਵਤੀ ਔਰਤਾਂ ਦੇ ਜਾਂਚ ਕੈਂਪ ਆਜੋਯਿਤ