(ਸਮਾਜ ਵੀਕਲੀ)-ਰਿਸ਼ਤਿਆਂ ਦੀ ਖ਼ੂਬਸੂਰਤੀ ਇਕੱਲੇ ਤੁਹਾਡੇ ਵਿਵਹਾਰ ‘ਤੇ ਨਿਰਭਰ ਨਹੀਂ ਕਰਦੀ।
ਬਿਨਾਂ ਮਿਲੇ ਵੀ ਤੁਹਾਡੇ ਰਿਸ਼ਤੇ ਪ੍ਰਵਾਨ ਚੜ੍ਹ ਸਕਦੇ ਹਨ। ਇਹ ਸ਼ਕਤੀ ਕ਼ਲਮ ਵਿਚ ਹੈ। *ਤੁਹਾਡੀ ਕਲ਼ਮ ਕੇਵਲ ਪਾਠਕ ਹੀ ਪੈਦਾ ਨਹੀਂ ਕਰਦੀ,ਰਿਸ਼ਤਿਆਂ ਦੀ ਬੁਨਿਆਦ ਵੀ ਰੱਖਦੀ ਹੈ।*
ਰਿਸ਼ਤਿਆਂ ਦੀ ਪਾਕੀਜ਼ਗੀ,ਪਿਆਰ ਨੂੰ ਚਿਰ ਸਥਾਈ ਕਰਦੀ ਹੈ।
ਇਹ ਪਾਕੀਜ਼ਗੀ ਦਿਲ ਤੋਂ ਸ਼ੁਰੂ ਹੋ ਕੇ ਦਿਮਾਗ਼ ਵਿਚ ਘਰ ਕਰਨ ਯੋਗ ਹੋਵੇ ਤਾਂ।
ਅਸਲ ਵਿਚ ਕ਼ਲਮ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਸ਼ਕਤੀ ਮੰਨਿਆ ਗਿਆ ਹੈ। ਮੈਂ ਜਦੋਂ ਤੋਂ ਲਿਖਣਾ ਸ਼ੁਰੂ ਕੀਤਾ ਹੈ ਇਸ ਨੂੰ ਮਹਿਸੂਸ ਹੀ ਨਹੀਂ ਕੀਤਾ,ਸਗੋਂ ਇਹਨਾਂ ਰਿਸ਼ਤਿਆਂ ਨੂੰ ਰੂਹਾਨੀਅਤ ਦੀ ਡੂੰਘਾਈ ਤੱਕ ਹੰਢਾਇਆ ਵੀ ਹੈ। ਇਸ ਤਰ੍ਹਾਂ ਦੇ ਰਿਸ਼ਤੇ ਵੀ ਖ਼ੂਨ ਦੇ ਰਿਸ਼ਤਿਆਂ ਵਾਂਗ ਚਿਰ ਸਦੀਵੀ ਹੁੰਦੇ ਹਨ।
ਲਿਖਤ ਜਿੱਥੇ ਸਮਾਜ ਦਾ ਸ਼ੀਸ਼ਾ ਹੁੰਦੀ ਹੈ ਉੱਥੇ ਲੇਖਕ ਦਾ ਦਿਮਾਗ਼,ਸੋਚ ਤੇ ਚਿਹਰਾ ਮੋਹਰਾ ਵੀ ਪ੍ਰਸਤੁਤ ਕਰਦੀ ਹੈ। ਜੋ ਪਾਠਕ,ਲੇਖਕ ਦੀ ਲਿਖਤ ਨੂੰ ਮਨ ਲਗਾ ਕੇ ਪੜ੍ਹਦਾ ਹੈ,ਉਹ ਸੁਚੇਤ ਪੱਧਰ ‘ਤੇ ਉਸ ਦੀ ਜਾਣਕਾਰੀ ਵੀ ਹਾਸਲ ਕਰਨਾ ਚਾਹੁੰਦਾ ਹੈ ਤੇ ਬਹੁਤ ਵਾਰੀ ਉਹ ਕਾਮਯਾਬ ਵੀ ਹੋ ਜਾਂਦਾ ਹੈ।
ਅਸੀਂ ਵੱਡੇ ਵੱਡੇ ਲੇਖਕਾਂ ਨੂੰ ਮਿਲੇ ਨਹੀਂ ਹੁੰਦੇ,ਪਰ ਉਹਨਾਂ ਬਾਰੇ ਸਾਰੀ ਜਾਣਕਾਰੀ ਸਾਡੇ ਕੋਲ ਹੁੰਦੀ ਹੈ। ਜੇ ਉਹ ਜਿਉਂਦੇ ਜੀਅ ਸੰਪਰਕ ਵਿਚ ਆ ਜਾਣ ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।
ਕਈ ਵਾਰ ਪਾਠਕ ਇਹ ਧੋਖਾ ਵੀ ਖਾ ਜਾਂਦਾ ਹੈ ਕਿ ਲੇਖਕ ਸ਼ਾਇਦ ਕਿਸੇ ‘ਪਰਾ ਦੇਸ’ ਦੇ ਲੋਕ ਹੋਣਗੇ ਪਰ ਲੇਖਕ ਆਮ ਲੋਕਾਂ ਵਰਗੇ ਹੀ ਹੁੰਦੇ ਹਨ। ਉਹਨਾਂ ਦੀ ਸੋਚਣੀ ਤੇ ਸਮਝਣੀ ਦੂਸਰੇ ਲੋਕਾਂ ਤੋਂ ਥੋੜ੍ਹੀ ਭਿੰਨ ਹੁੰਦੀ ਹੈ ਕਿਉਂਕਿ ਲੇਖਕ ਜਿੱਥੇ ਸੁਚੇਤ ਹੁੰਦਾ ਹੈ ਉੱਥੇ ਭਾਵਨਾਵਾਂ ਨਾਲ ਓਤਪੋਤ ਵੀ ਹੁੰਦਾ ਹੈ।
ਪਰ ਕਿਤੇ ਕਿਤੇ ਪਾਠਕ ਧੋਖਾ ਵੀ ਖਾ ਜਾਂਦਾ ਹੈ। ਜੋ ਉਸ ਨੂੰ ਲੇਖਕ ਦੀ ਕ਼ਲਮ ਵਿੱਚੋਂ ਦਿਖ ਰਿਹਾ ਹੁੰਦਾ ਹੈ ਨਿੱਜੀ ਰੂਪ ਵਿਚ ਉਸ ਵਿਚ ਕੁਝ ਨਹੀਂ ਹੁੰਦਾ। ਇਹ ਤਾਂ ਉਸ ਲੇਖਕ ਨਾਲ ਗੱਲਬਾਤ ਕਰ ਕੇ ਹੀ ਪਤਾ ਲਗਦਾ ਹੈ ਕਿ ਉਹ ਮਾਨਸਿਕ ਤੇ ਦੁਨੀਆਵੀ ਤੌਰ ‘ਤੇ ਕਿੱਥੇ ਖੜ੍ਹਾ ਹੈ।
ਸੋਸ਼ਲ ਮੀਡੀਆ ਦੇ ਆਉਣ ‘ਤੇ ਲੇਖਕ ਦਾ ਦਾਇਰਾ ਵੀ ਮੋਕਲਾ ਹੋਇਆ ਹੈ।
ਉਸ ਨੂੰ ਇਹ ਵੀ ਸਮਝ ਆ ਗਈ ਹੈ ਕਿ ਲੋਕ/ਪਾਠਕ ਘੱਟ ਸ਼ਬਦਾਂ ਵਿਚ ਵੱਧ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹਨ।
ਵੱਡੀ ਰਚਨਾ ਭਾਵੇਂ ਕਿੰਨੀ ਵੀ ਲੋਕ-ਪੱਖੀ ਹੋਵੇ ਉਸ ਤੋਂ ਪਾਠਕ ਭੱਜਦਾ ਹੈ।
ਛੋਟੀਆਂ ਭਾਵਪੂਰਤ ਲਿਖਤਾਂ ਪਾਠਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ।
ਸਾਨੂੰ ਇਹ ਵੀ ਜਾਣਨਾ ਪਵੇਗਾ ਕਿ
*ਗਲਤੀਆਂ,ਗ਼ਲਤ ਫ਼ਹਿਮੀਆਂ ਸੁਧਾਰੀਆਂ ਜਾ ਸਕਦੀਆਂ ਹਨ,
ਲੇਖਣੀ ਵੀ ਸੁਧਾਰੀ ਜਾ ਸਕਦੀ ਹੈ ਪਰ ਦਿਮਾਗ਼ ਵਿਚ ਬੈਠੀ ਗ਼ਲਤ ਧਾਰਨਾ ਨੂੰ ਸੁਧਾਰਨਾ,ਮੁਸ਼ਕਿਲ ਹੈ ਕਿਸੇ ਆਦਤ ਵਾਂਗ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly