(ਸਮਾਜ ਵੀਕਲੀ)
ਮੈਂ ਨਹੀਂ ਪਾਈ ਤੇਰੀ ਸਹੁੰ।
ਹਾਲ ਦੁਹਾਈ ਤੇਰੀ ਸਹੁੰ।
ਪੌਣਾਂ ਨੇ ਮਹਿਕਾਂ ਵਾਲੀ
ਸੂਹ ਪਹੁੰਚਾਈ ਤੇਰੀ ਸਹੁੰ।
ਕੱਲ ਮੈਂ ਮਨ ਦੇ ਸਫ਼ਿਆਂ ‘ਤੇ
ਕਵਿਤਾ ਜਾਈ ਤੇਰੀ ਸਹੁੰ।
ਬਿਰਹੋਂ ਨੇ ਕੀਤੀ ਮੇਰੀ
ਗੋਦ ਭਰਾਈ ਤੇਰੀ ਸਹੁੰ।
ਮੈਂ ਵੀ ਉਸਦੀ ਆਮਦ ਨੂੰ
ਜਾਣ ਨਾ ਪਾਈ ਤੇਰੀ ਸਹੁੰ।
ਦੀਵਾ ਕੋਈ ਬਾਲ ਗਿਆ
ਰੂਹ ਰੁਸ਼ਨਾਈ ਤੇਰੀ ਸਹੁੰ।
ਮੋਢੇ ਰੱਖ ਸਿਰ ਸਰਦਲ ਦੇ
ਰਾਤ ਬਿਤਾਈ ਤੇਰੀ ਸਹੁੰ।
ਬਾਹਰ ਜਾਂਦੀ ਪੈੜ ਮਗਰ
ਮੁੜ ਨਾ ਆਈ ਤੇਰੀ ਸਹੁੰ।
ਸੋਚ ਸਮਝ ਕੇ ਨਾਲ਼ ਤੇਰੇ
ਪ੍ਰੀਤ ਲਗਾਈ ਤੇਰੀ ਸਹੁੰ।
ਵੱਟ ਗਏ ਦਿਲ ਤਾਂ ਹੋਣੀ ਨਹੀਂ
ਮੋੜ-ਮੁੜਾਈ ਤੇਰੀ ਸਹੁੰ।
ਜੋਗਿੰਦਰ ਨੂਰਮੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly