ਤੇਰਾ ਮੇਰਾ

ਮਨਜੀਤ ਕੌਰ ਧੀਮਾਨ
         (ਸਮਾਜ ਵੀਕਲੀ)
           ਵੇ ਤੂੰ ਬੁਲਾ ਕੇ ਤਾਂ ਵੇਖ, ਮੈਂ ਪਾੜ ਨਾ ਦੇਵਾਂ ਕੰਜਰਾਂ ਨੂੰ! ਚੰਦ ਕੌਰ ਗੁੱਸੇ ਵਿੱਚ ਭਖੀ ਹੋਈ ਬੋਲੀ।
           ਕੋਈ ਗੱਲ ਨਹੀਂ, ਮੈਂ ਨਹੀਂ ਬੁਲਾਉਂਦਾ ਚਲ। ਹੁਣ ਇੱਕ ਗੱਲ ਤੂੰ ਵੀ ਸੁਣ ਲੈ ਕਿ ਆਪਣਿਆਂ ਵੀ ਬੁਲਾ ਕੇ ਵੇਖੀਂ, ਫ਼ੇਰ ਮੈਂ ਵੀ ਪਾਊਂ ਖਲਾਰਾ। ਚੰਦ ਕੌਰ ਦਾ ਘਰਵਾਲ਼ਾ ਮੱਘਰ ਸਿੰਘ ਬੋਲਿਆ।
            ਮਾਸੀ ਜੀ! ਕੀ ਹੋ ਗਿਆ ਭਲਾ? ਇਹ ਦੋਵੇਂ ਜੀਅ ਲੜੀ ਕਿਉਂ ਜਾ ਰਹੇ ਹਨ? ਮੈਂ ਆਪਣੀ ਮਾਸੀ ਦੇ ਸਾਹਮਣੇ ਘਰ ਵਾਲ਼ੇ ਮੱਘਰ ਤੇ ਚੰਨੋ ਹੁਰਾਂ ਨੂੰ ਲੜਦਿਆਂ ਵੇਖ ਕੇ ਆਪਣੀ ਮਾਸੀ ਨੂੰ ਪੁੱਛਿਆ।
            ਨੀਂ ਧੀਏ! ਕੀ ਦੱਸਾਂ। ਇਹਨਾਂ ਨੇ ਕੋਈ ਸੁੱਖ ਲਾਹੁਣੀ ਸੀ। ਇਸ ਲਈ ਖਾੜਾ (ਚੌਂਕੀ) ਲਵਾਉਣੀ ਏ, ਪਰਸੋਂ ਰਾਤ ਨੂੰ। ਜਦੋਂ ਦਾ ਕਿਹਾ ਹੈ ਕਿ ਖਾੜਾ ਕਰਾਉਣਾ ਹੈ ਤਾਂ ਤਿਆਰੀ ਵੀ ਕਰੀ ਜਾ ਰਹੇ ਹਨ ਤੇ ਲੜੀ ਵੀ ਜਾ ਰਹੇ ਹਨ। ਦੋਵੇਂ ਜੀਅ ਇੱਕ ਦੂਜੇ ਨੂੰ ਆਖਦੇ ਨੇ ਕਿ ਤੇਰੇ ਰਿਸ਼ਤੇਦਾਰ ਨਹੀਂ ਬੁਲਾਉਣੇ। ਮਾਸੀ ਨੇ ਪਰੇਸ਼ਾਨ ਹੁੰਦਿਆਂ ਦੱਸਿਆ।
            ਓਹ ਹੋ! ਫ਼ੇਰ ਮਾਸੀ ਜੀ ਤੁਸੀਂ ਸਮਝਾਉਣਾ ਸੀ ਕੁਝ। ਮੇਰੀ ਉਤਸੁਕਤਾ ਹੋਰ ਵੱਧ ਗਈ।
            ਲੈ ਭਲਾ! ਥੋੜ੍ਹਾ ਕਿਤੇ, ਮੈਂ ਤੇ ਤੇਰੇ ਮਾਸੜ ਜੀ ਰੱਜ ਕੇ ਸਮਝਾ ਹਟੇ। ਪਰ ਇਹ ਨਹੀਂ ਟਲਦੇ। ਕੱਲ੍ਹ ਤਾਂ ਇਹਨਾਂ ਦੀ ਸੁਲਹ ਕਰਾਉਂਦੇ ਕਰਾਉਂਦੇ ਸਗੋਂ ਸਾਡਾ ਆਪਣਾ ਹੀ ਝਗੜਾ ਹੋ ਗਿਆ ਸੀ। ਮੈਂ ਜਦੋਂ ਚੰਨੋ ਦਾ ਸਾਥ ਦਿੱਤਾ ਤਾਂ ਤੇਰੇ ਮਾਸੜ ਜੀ ਮੱਘਰ ਸਿਓਂ ਵੱਲ ਦੀ ਗੱਲ ਕਰਨ ਲੱਗ ਪਏ। ਉਹ ਤਾਂ ਮਸਾਂ ਮੈਂ ਕੁਝ ਸੰਭਲੀ ਨਹੀਂ ਤਾਂ ਸਾਡਾ ਹੀ ਜੁੱਤ ਪਤਾਣ ਹੋ ਜਾਣਾ ਸੀ। ਖਸਮਾਂ ਨੂੰ ਖਾਣ, ਜੋ ਮਰਜ਼ੀ ਕਰਨ। ਅਸੀਂ ਨਹੀਂ ਹੁਣ ਵਿੱਚ ਪੈਂਦੇ। ਮਾਸੀ ਨੇ ਮੱਥੇ ਤੇ ਤਿਊੜੀ ਪਾਉਂਦਿਆਂ ਕਿਹਾ।
            ਹਾਂ ਮਾਸੀ ਜੀ, ਗੱਲ ਤਾਂ ਸਹੀ ਹੈ। ਭਲਾ ਦੂਜਿਆਂ ਪਿੱਛੇ ਆਪਣਾ ਘਰ ਥੋੜਾ ਖ਼ਰਾਬ ਕਰਨਾ। ਮੈਂ ਮਾਸੀ ਜੀ ਨਾਲ਼ ਸਹਿਮਤੀ ਜਤਾ ਦਿੱਤੀ। ਪਰ ਅੰਦਰੋਂ ਅੰਦਰ ਮੈਨੂੰ ਕੁਛ ਖਾਈ ਜਾ ਰਿਹਾ ਸੀ। ਦਿਲ ਕਰੇ ਕਿ ਜਾ ਕੇ ਸਮਝਾਵਾਂ ਉਹਨਾਂ ਨੂੰ। ਪਰ ਪਤਾ ਸੀ ਕਿ ਮਾਸੀ ਨੇ ਜਾਣ ਨਹੀਂ ਦੇਣਾ। ਮਨ ਮਾਰ ਕੇ ਬਹਿ ਗਈ।
            ਕੁਝ ਕੁ ਦੇਰ ਬਾਅਦ ਚੰਦ ਕੌਰ ਮਾਸੀ ਕੋਲ਼ ਕੁੱਝ ਲੈਣ ਆ ਗਈ। ਮੇਰੇ ਭਾਣੇ ਤਾਂ ਗੱਲ ਬਣ ਗਈ। ਮਾਸੀ ਓਹਦੀ ਮੰਗੀ ਚੀਜ਼ ਲੈਣ ਅੰਦਰ ਗਈ ਤਾਂ ਮੈਂ ਗੱਲਾਂ ਛੇੜ ਲਈਆਂ।
            ਹੋਰ ਫ਼ੇਰ ਮਾਸੀ ਜੀ, ਕਿਵੇਂ ਹੋ? ਮੈਂ ਗੱਲ ਤੋਰਦਿਆਂ ਕਿਹਾ। ਮਾਸੀ ਦੀ ਗਵਾਂਢਣ ਹੋਣ ਕਰਕੇ ਮੈਂ ਉਹਨਾਂ ਨੂੰ ਮਾਸੀ ਜੀ ਹੀ ਕਹਿੰਦੀ ਸੀ।
        ਠੀਕ ਆ ਪੁੱਤ ! ਤੂੰ ਸੁਣਾ, ਸਭ ਰਾਜ਼ੀ ਬਾਜ਼ੀ? ਚੰਦ ਕੌਰ ਨੇ ਥੱਕੇ ਜਿਹੇ ਮਨ ਨਾਲ਼ ਕਿਹਾ।
        ਹਾਂਜੀ,ਮਾਸੀ ਜੀ, ਸਭ ਠੀਕ ਹੈ। ਮੈਂ ਸੁਣਿਆ ਤੁਸੀਂ ਚੌਂਕੀ ਲਵਾਉਣੀ! ਮੈਂ ਅਸਲੀ ਮੁੱਦੇ ਵੱਲ ਆਉਂਦਿਆਂ ਕਿਹਾ।
        ਹਾਹੋ ਧੀਏ! ਤੂੰ ਵੀ ਆਵੀਂ ਜ਼ਰੂਰ। ਪਹਿਲਾਂ ਹੀ ਨਾ ਤੁਰ ਜਾਵੀਂ। ਕੰਮ ਵੀ ਕਰਨੇ ਹੁੰਦੇ ਕਈ। ਆਪਣੀਆਂ ਕੁੜੀਆਂ ਚਿੜੀਆਂ ਨੇ ਹੀ ਤਾਂ ਕਰਨੇ ਹੁੰਦੇ ਸਾਰੇ ਕੰਮ। ਚੰਦ ਕੌਰ ਨੇ ਅਪਣਤ ਨਾਲ਼ ਕਿਹਾ।
        ਕੋਈ ਨਾ ਮਾਸੀ, ਮੈਂ ਏਥੇ ਹੀ ਹਾਂ ਅਜੇ। ਹੋਰ ਭਲਾਂ ਸਾਰੇ ਰਿਸ਼ਤੇਦਾਰ ਵੀ ਆਉਣੇ ਹੋਣੇ? ਮੈਂ ਜਿਵੇਂ ਓਹਦੀ ਦੁੱਖਦੀ ਰਗ ਤੇ ਹੱਥ ਧਰ ਦਿੱਤਾ।
        ਹਾਹੋ ਧੀਏ! ਦੇਖਦੇ ਹਾਂ! ਆਉਣਾ ਤਾਂ ਸਭ ਨੇ ਹੀ ਆ। ਚੰਨ ਕੌਰ ਉਦਾਸੀ ਨਾਲ਼ ਬੋਲੀ।
        ਮਾਸੀ ਅਸੀਂ ਵੀ ਪਿੱਛੇ ਜਿਹੇ ਇੱਕ ਪ੍ਰੋਗਰਾਮ ਕਰਵਾਇਆ ਸੀ। ਪਹਿਲਾਂ ਮੰਮੀ ਡੈਡੀ ਦੋਵੇਂ ਇੱਕ ਦੂਜੇ ਨਾਲ ਲੜੀ ਜਾਣ ਕਿ ਤੇਰੇ ਰਿਸ਼ਤੇਦਾਰ ਨਹੀਂ ਆਉਣੇ ਚਾਹੀਦੇ।ਮੈਂ ਝੂਠੀ ਕਹਾਣੀ ਬਣਾਈ।
        ਹੱਛਾ! ਫ਼ੇਰ? ਉਹ ਧਿਆਨ ਨਾਲ ਸੁਣਨ ਲੱਗੀ, ਮੇਰੀ ਮਾਸੀ ਵੀ ਆ ਕੇ ਕੋਲ਼ ਬਹਿ ਗਈ ਸੀ।
        ਫ਼ੇਰ ਕੀ!ਮੈ ਤਾਂ ਸਿੱਧਾ ਹੀ ਕਹਿ ਦਿੱਤਾ ਕਿ ਜੇਕਰ ਚੰਗੇ ਕੰਮ ਵਿੱਚ ਵੀ ਤੁਸੀਂ ਤੇਰਾ ਮੇਰਾ ਹੀ ਕਰਨਾ ਹੈ ਤਾਂ ਕੋਈ ਲੋੜ ਨਹੀਂ ਇੰਨਾ ‘ਕੱਠ ਕਰਨ ਦੀ। ਜੇ ਮਨਾਂ ਵਿੱਚ ਇੱਕ ਦੂਜੇ ਲਈ ਮੈਲ਼ ਹੀ ਰੱਖਣੀ ਹੈ ਤਾਂ ਰੱਖੀ ਛੱਡੋ। ਨਾਲ਼ੇ ਵਿਆਹ ਤੋਂ ਬਾਅਦ ਕੋਈ ਤੇਰੇ ਮੇਰੇ ਨਹੀਂ ਹੁੰਦੇ ਸੱਭ ਆਪਣੇ ਹੁੰਦੇ ਹਨ। ਮੈਂ ਚੰਦ ਕੌਰ ਦੇ ਚਿਹਰੇ ਉੱਤੇ ਵੱਖ ਵੱਖ ਹਾਵ ਭਾਵ ਆਉਂਦੇ ਦੇਖ਼ ਰਹੀ ਸੀ।
        ਹੋਰ ਕੀ ਫ਼ੇਰ! ਸਹੀ ਕਿਹਾ ਜੁਆਕੜੀ ਨੇ। ਫ਼ੇਰ ਮੇਰੀ ਸਿਆਣੀ ਭੈਣ ਨੇ ਪਹਿਲ ਕੀਤੀ ਤੇ ਫ਼ੋਨ ਚੁੱਕ ਕੇ ਆਪ ਕੱਲੇ ਕੱਲੇ ਰਿਸ਼ਤੇਦਾਰ ਨੂੰ ਫੋਨ ਕੀਤਾ, ਬਿਨਾਂ ਇਹ ਸੋਚਿਆ ਕਿ ਤੇਰਾ ਕਿ ਮੇਰਾ। ਮਾਸੀ ਜੀ ਨੇ ਮੇਰੀ ਗੱਲ ਸਮਝਦਿਆਂ ਇੱਕ ਹੋਰ ਤੀਰ ਛੱਡ ਦਿੱਤਾ।
        ਚੰਗਾ ਮੈਂ ਚੱਲਦੀ ਹਾਂ ਕਹਿ ਕੇ ਚੰਦ ਕੌਰ ਚਲੀ ਗਈ। ਉਸ ਤੋਂ ਬਾਅਦ ਉਹਨਾਂ ਦੇ ਘਰੋਂ ਲੜਨ ਦੀ ਆਵਾਜ਼ ਨਹੀਂ ਆਈ। ਚੌਂਕੀ ਵਾਲ਼ੀ ਰਾਤ ਮੈਂ ਵੇਖਿਆ ਕਿ ਸਾਰੇ ਰਿਸ਼ਤੇਦਾਰ ਆਏ ਹੋਏ ਸਨ ਤੇ ਚੰਦ ਕੌਰ ਤੇ ਮੱਘਰ ਸਿੰਘ ਹੁੱਬ ਹੁੱਬ ਕੇ ਸਭ ਦੀ ਆਓ ਭਗਤ ਕਰ ਰਹੇ ਸਨ।
ਮਨਜੀਤ ਕੌਰ ਧੀਮਾਨ,   
 ਸ਼ੇਰਪੁਰ, ਲੁਧਿਆਣਾ।     
ਸੰ:9464633059

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next article” ਕਹਾਣੀ ” “ਤੇਰਾ ਤੇ ਵਰਕਾ ਹੀ ਖਾਲੀ”