ਫਾਂਸੀ ਦੀ ਸਜ਼ਾ ਤੋਂ ਬਚਾਅ ਐੱਸ ਪੀ ਉਬਰਾਏ ਨੇ ਭਾਰਤ ਪਹੁੰਚਾਇਆ
ਭਾਰਤ ਵਾਪਿਸ ਆਉਣ ਨਾਲ ਪਰਿਵਾਰ ਨੂੰ ਜਿਉਣ ਦੀ ਨਵੀਂ ਆਸ ਦਿਖਾਈ ਦਿੱਤੀ ਹੈ- ਪਿਤਾ ਤੇ ਪਤਨੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਦੁਬਈ ’ਚ ਫਾਂਸੀ ਦੀ ਸਜਾ ਪਾਉਣ ਵਾਲੇ ਪਿੰਡ ਜੈਨਪੁਰ ਦੇ ਸੋਹਣ ਲਾਲ ਨੇ ਆਪਣੀ ਜਿੰਦਗੀ ਦਾ ਕੀਰਬ 5 ਸਾਲ 2 ਮਹੀਨੇ ਦਾ ਸਮਾਂ ਬੜੀ ਗੁਰਬਤ ਵਿੱਚ ਗੁਜ਼ਾਰਿਆ ਹੈ ਅਤੇ ਦੁਬਈ ਦੀ ਜੇਲ ’ਚ ਇੱਕ-ਇੱਕ ਪਲ ਮਰ ਮਰ ਕੇ ਬਿਤਾਇਆ ਹੈ। ਦੁਬਈ ਦੀ ਜੇਲ ’ਚੋਂ ਰਿਹਾ ਹੋ ਕੇ ਪਿੰਡ ਜੈਨਪੁਰ ਪੁੱਜੇ ਸੋਹਣ ਲਾਲ ਨੇ ਭਰੇ ਮਨ ਨਾਲ ਦੱਸਿਆ ਕਿ ਕਰੀਬ 6 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਉਹ ਦੁਬਈ ਗਿਆ ਸੀ। ਉਹ ਆਪਣੇ ਦੋਸਤ ਜਸਬੀਰ ਸਿੰਘ ਵਾਸੀ ਦੌਲਪੁਰ ਢੱਡਾ ਜਿਲ੍ਹਾ ਜਲੰਧਰ ਅਤੇ ਉਸ ਦੇ ਤਾਏ ਦੇ ਪੁੱਤ ਨਾਲ ਇਕੱਠੇ ਇੱਕੋ ਕਮਰੇ ਵਿੱਚ ਰਹਿੰਦੇ ਸਨ।
ਇੱਕ ਦਿਨ ਜਸਵੀਰ ਸਿੰਘ ਰੋਟੀ ਖਾ ਕੇ ਘਰੋਂ ਬਾਹਰ ਗਿਆ ਤਾਂ ਕਿਸੇ ਨੂੰ ਉਸ ਨੂੰ ਆ ਕੇ ਦੱਸਿਆ ਕਿ ਜਸਬੀਰ ਸਿੰਘ ਬਾਹਰ ਡਿੱਗਾ ਪਿਆ ਹੈ। ਉਸ ਨੇ ਜਸਵੀਰ ਨੂੰ ਚੁੱਕ ਕੇ ਆਪਣੇ ਬੈੱਡ ’ਤੇ ਲਿਟਾਇਆ ਅਤੇ ਖੁਦ ਆਪਣੀ ਘਰਵਾਲੀ ਨਾਲ ਫੋਨ ’ਤੇ ਇੰਡੀਆ ਗੱਲ ਕਰਨ ਲੱਗ ਪਿਆ। ਉਸ ਨੇ ਦੱਸਿਆ ਕਿ ਏਨੇ ਚਿਰ ਨੂੰ ਜਸਵੀਰ ਦਾ ਕੋਈ ਦੋਸਤ ਉਸ ਨੂੰ ਮਿਲਣ ਆ ਗਿਆ ਅਤੇ ਘਰ ਦੇ ਅੰਦਰ ਜਾ ਕੇ ਦੇਖਿਆ ਕਿ ਜਸਵੀਰ ਮਰ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਮੈਂ ਖੁਦ ਪੁਲਿਸ ਨੂੰ ਬੁਲਾਇਆ ਅਤੇ ਸਾਰੀ ਘਟਨਾ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਜਸਵੀਰ ਦੀ ਲਾਸ਼ ਅਤੇ ਉਸ ਨੂੰ ਪੁਲਿਸ ਥਾਣੇ ਨਾਲ ਲੈ ਗਈ ਅਤੇ ਉਥੋਂ ਉਸ ਨੂੰ ਸੈਂਟਰਲ ਜੇਲ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਕਰੀਬ 15-20 ਦਿਨ ਬਾਅਦ ਮੈਨੂੰ ਪਤਾ ਲੱਗਾ ਕਿ ਉਸ ਉੱਪਰ ਕਤਲ ਦਾ ਕੇਸ ਦਰਜ਼ ਹੈ।
ਉਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਪਿੰਡ ਦੇ ਨੌਜਵਾਨ ਵਿੱਕੀ ਜੈਨਪੁਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੱਜਣ ਸਿੰਘ ਚੀਮਾ ਨਾਲ ਸੰਪਰਕ ਕੀਤਾ ਅਤੇ ਰਾਜੀਨਾਮੇ ਦੀ ਗੱਲ ਚਲਾਈ, ਜਿੰਨਾਂ ਨੇ ਦੁਬਈ ਦੇ ਕਾਰੋਬਾਰੀ ਐੱਸ. ਪੀ. ਸਿੰਘ ਉਬਰਾਏ ਨੂੰ ਮਦਦ ਕਰਨ ਬੇਨਤੀ ਕੀਤੀ ਅਤੇ ਦੂਜੀ ਧਿਰ ਨੂੰ ਰਾਜੀਨਾਮਾ ਕਰਨ ਲਈ ਮਨਾਇਆ। ਉਨ੍ਹਾਂ ਦੱਸਿਆ ਕਿ ਕਰੀਬ 5 ਸਾਲ 2 ਮਹੀਨੇ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਐੱਸ ਪੀ ਸਿੰਘ ਉਬਰਾਏ ਵੱਲੋਂ ਉਨ੍ਹਾਂ ਨੂੰ ਰਿਹਾਅ ਕਰਵਾ ਕੇ ਆਪਣੇ ਪਰਿਵਾਰ ਨਾਲ ਮਿਲਾਇਆ ਗਿਆ ਹੈ।
ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਇਸ ਸਮੇਂ ਦੌਰਾਨ ਹੀ ਉਸ ਦੀ ਮਾਤਾ ਰਾਮ ਪਿਆਰੀ ਵੀ ਇਸ ਘਟਨਾ ਦਾ ਸਦਮਾ ਨਾ ਸਹਾਰਦੀ ਹੋਈ ਸਵਰਗ ਸਿਧਾਰ ਗਈ। ਪਰ ਉਹ ਆਪਣੀ ਮਾਂ ਦੀਆਂ ਅੰਤਿਮ ਰਸਮਾਂ ਕਰਨ ਤੋਂ ਵਾਂਝਾ ਰਹਿ ਗਿਆ। ਉਨ੍ਹਾਂ ਦੱਸਿਆ ਕਿ ਅੱਜ ਉਹ ਆਪਣੇ ਪਰਿਵਾਰ ਵਿੱਚ ਆ ਕੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਨ। ਸੋਹਣ ਲਾਲ ਦੇ ਪਿਤਾ ਕਰਮ ਚੰਦ ਅਤੇ ਪਤਨੀ ਸੁਮਿੱਤਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਜਿੰਦਗੀ ਜਿਉਣ ਦੀ ਨਵੀਂ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly