ਤੂੰ ਰੱਬ ਹੋਣੈਂ…. ਪੱਕਾ !

(ਸਮਾਜ ਵੀਕਲੀ)

ਆ ਨਿਕਲ ਆ ਬਾਹਰ ,
ਦਿਨ ਵੱਡਾ ਚੜ੍ਹ ਗਿਆ ।

ਤੂੰ ਐਨਾ ਘਬਰਾਇਆ ਜਿਹਾ ਕਿਉਂ ਐ ਰਾਤ ਦਾ ? ਨਾਲੇ ਐਨਾ ਸਹਿਮਿਆ-ਸਹਿਮਿਆ, ਡਰਿਆ ਡਰਿਆ ਜਾ ? ਤੇਰੀਆਂ ਅੱਖਾਂ ਵੀ ਸੁੱਜੀਆਂ ਸੁੱਜੀਆਂ ਨੇ ?

ਇੰਝ ਲੱਗਦੈ ਕਈ ਰਾਤਾਂ ਤੋਂ ਤੂੰ ਸੁੱਤਾ ਨਹੀਂ !

ਸਖ਼ਸ਼ ਅੱਖਾਂ ਮਲਦਾ ਮਲਦਾ ਝੌਂਪੜੀ ਤੋਂ ਬਾਹਰ ਆ ਚੁੱਕਾ ਸੀ।ਬਾਬਾ ਬੁੱਧ ਸਿਉਂ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ ਸੀ।

“ਚੰਗਾ ਪਹਿਲਾਂ ਚਾਹ ਪੀ ਲੈ, ਮੈਂ ਵੀ ਐਵੇਂ ਈ।”

ਬੁੱਧ ਸਿਉਂ ਨੇ ਚਾਹ ਦਾ ਕੌਲਾ ਉਸ ਨੂੰ ਫੜਾ ਦਿੱਤਾ। ਦੋਵੇਂ ਵਾਣ ਦੇ ਮੰਜੇ ਉੱਤੇ ਬੈਠ ਕੇ ਚਾਹ ਪੀਣ ਲੱਗੇ। ਚਾਹ ਪੀਂਦਾ ਸਖ਼ਸ਼ ਆਪਣੀ ਕਹਾਣੀ ਸੁਣਾਉਣ ਲੱਗਾ ।

” ਸਾਰੀ ਰਾਤ ਜਗਰਾਤੇ ਵਾਲੇ ਲੱਗੇ ਰਹੇ।ਉਹ ਸਵੇਰੇ ਤਿੰਨ ਕੁ ਵਜੇ ਹਟੇ ਹੋਣਗੇ ਫ਼ੇਰ ਮਸੀਤ ਵਾਲੇ ਮੁੱਲਾ ਜੀ ਨੇ ਘਮਸਾਣ ਪਾ ਦਿੱਤਾ।ਅਜੇ ਉਹ ਹਟਿਆ ਵੀ ਨਹੀਂ ਸੀ ਕਿ ਗੁਰਦੁਆਰੇ ਆਲਾ ਭਾਈ ਜੀ ਗੁਰਬਾਣੀ ਵਾਲੀ ਟੇਪ ਲਗਾ ਕੇ ਆਪ ਪਤਾ ਨਹੀਂ ਕਿੱਥੇ ਚਲਾ ਗਿਆ।”
ਫੇਰ ?

ਇਹ ਬਹੁਤ ਲੰਮੇ ਸਮੇਂ ਤੋਂ ਹੋ ਰਿਹਾ ਸੀ। ਮੈਂ ਅੱਕ ਥੱਕ ਚੁੱਕਾ ਸੀ। ਮੇਰੀਆਂ ਸਾਮਾਂ, ਮੇਰੀਆਂ ਰਾਤਾਂ, ਮੇਰੀਆਂ ਸਵੇਰਾਂ !

ਕੀ ਦੱਸਾਂ ਬੁੱਧ ਸਿਆਂ, ਮੈਂ ਬੇਚੈਨ ਹੋ ਚੁੱਕਾ ਹਾਂ। ਸ਼ਾਮ ਨੂੰ ਗਿਰਜਾਘਰ ਵਾਲੇ ਮੋਮਬੱਤੀਆਂ ਲਗਾ ਕੇ ਆਪ ਤਾਂ ਚਲੇ ਗਏ, ਮੇਰੀਆਂ ਅੱਖਾਂ ਚੁੰਧਿਆ ਗਈਆਂ । ਮੈਂ ਕਈ ਵਾਰ ਇਨ੍ਹਾਂ ਸਾਰਿਆਂ ਨੂੰ ਇਸ਼ਾਰਾ ਵੀ ਕੀਤਾ ਵੀ ਇਹ ਮੋਮਬੱਤੀਆਂ, ਦੀਵੇ, ਦੁਸ਼ਾਲੇ, ਗਰੀਬਾਂ ਦੀਆਂ ਢਾਣੀਆਂ, ਝੌਂਪੜੀਆਂ ਤੇ ਖੇਤ ਮਜ਼ਦੂਰਾਂ ਦਿਆਂ ਘਰਾਂ ‘ਚ ਭੇਜ ਦਿਆ ਕਰੋ ਪਰ ਮੇਰੀ ਗੱਲ ਕੋਈ ਮੰਨਣ ਨੂੰ ਤਿਆਰ ਈ ਨਹੀਂ । ਰਾਤੀਂ ਅੱਕਿਆ ਥੱਕਿਆ ਅਖੀਰ ਤੇਰੀ ਝੌਂਪੜੀ ‘ਚ ਆ ਗਿਆ। ਸੱਚੀ ਗੱਲ ਦੱਸਾਂ ਬੁੱਧ ਸਿਆਂ। ਬਹੁਤ ਦਿਨਾਂ ਬਾਅਦ ਚੈਨ ਦੀ ਨੀਂਦ ਸੁੱਤਾਂ ।
ਨਾਲੇ ਆਹ ਸ਼ਕਲ ਨੂੰ ਕਿਵੇਂ ਬਣਾਇਐ ?

ਤੈਨੂੰ ਚਾਰੇ ਪਾਸਿਓ ਦੇਖਣ ਤੇ ਕੁੱਝ ਹੋਰੂੰ ਜਿਹਾ ਲੱਗ ਰਿਹੈ ? ਬੁੱਧ ਸਿਉਂ ਨੇ ਫੇਰ ਕਈ ਸੁਆਲ ਦਾਗ ਦਿੱਤੇ।

ਹੁਣ ਜਦ ਮੈਂ ਤੇਰੇ ਕੋਲ ਚੈਨ ਦੇ ਦਿਨ ਕੱਟਣ ਲਈ ਆ ਹੀ ਗਿਆ ਤੇ ਤੈਨੂੰ ਮਿਲ ਕੇ ਆਨੰਦਿਤ ਵੀ ਹੋ ਗਿਆ ਤਾਂ ਤੈਥੋਂ ਕਿਸ ਗੱਲ ਦੀ ਲਕੋ ਐ।

ਜਗਰਾਤੇ ਵਾਲਿਆਂ ਨੇ ਹੱਥ ਵਿਚ ਖੰਡਾ, ਕ੍ਰਿਪਾਨ ਤੇ ਤ੍ਰਿਸੂਲ ਫੜਾ ਕੇ ਸ਼ੇਰ ਤੇ ਮਾਤਾ ਬਣਾ ਕੇ ਬਿਠਾ ਦਿੱਤਾ।

ਮਸੀਤ ਵਾਲਿਆਂ ਨੇ ਦਾਹੜੀ ਤਾਂ ਲਗਾ ਦਿੱਤੀ ਪਰ ਮੁੱਛਾਂ ਕੱਟ ਦਿੱਤੀਆਂ।

ਫੇਰ ?

ਫੇਰ ਗੁਰੂਦੁਆਰੇ ਵਾਲਿਆਂ ਨੇ ਦਾਹੜੀ ਨਾਲ ਮੁੱਛਾਂ ਲਗਾ ਦਿੱਤੀਆਂ ਤੇ ਪੱਗ ਵੀ ਬੰਨ੍ਹ ਦਿੱਤੀ।

ਫੇਰ ਕਿੱਥੇ ਫਸਿਆ ?

ਬੁੱਧ ਸਿਉਂ ਸਵਾਲ ਤੇ ਸੁਆਲ ਦਾਗੀ ਜਾ ਰਿਹਾ ਸੀ ।

ਫੇਰ ਗਿਰਜਾਘਰ ਵਾਲਿਆਂ ਨੇ ਤਾਂ ਹੱਦ ਈ ਕਰ ਦਿੱਤੀ।

ਕੀ ਕਹਿੰਦੇ ?

ਕਰਾਸ ਬਣਾ ਕੇ ਹੱਥ ਪੈਰ ਬੰਨ੍ਹ ਕੇ ਮੇਖਾਂ ਠੋਕ ਕੇ ਸੂਲੀ ਤੇ ਚੜ੍ਹਾ ਦਿੱਤਾ।

ਤਾਹੀਓਂ ਤਾਂ ਆਹ ਹਾਲਤ ਹੋਈ ਪਈ ਐ।

ਬੱਸ ਇੱਕ ਤੇਰਾ ਟਿਕਾਣਾ ਬਚਿਆ ਸੀ। ਹਾਰ ਕੇ ਤੇਰੇ ਕੋਲ ਆ ਗਿਆ।

ਤੂੰ ਥੱਕਿਆ, ਟੁੱਟਿਆ ਖੇਤਾਂ ਚ ਕੰਮ ਕਰਕੇ ਆਉਨੈਂ , ਕਦੀ ਦਿਹਾੜੀ ਕਰਦੈਂ, ਦੋ ਮੰਨੀਆਂ ਖਾ ਕੇ ਸੌਂ ਜਾਨੈਂ । ਮੈਨੂੰ ਸਬਰ ਸੰਤੋਖੀ ਲੱਗਿਆ ਤੂੰ।

ਮੈਂ ਸਮਝ ਗਿਆ ਤੂੰ ਕੌਣ ਐ !

ਕੌਣ ਆਂ ਮੈਂ ?

ਤੂੰ ਰੱਬ ਹੋਣੈਂ….. ਪੱਕਾ !

ਤੈਨੂੰ ਕਿਵੇਂ ਪਤਾ ਲੱਗਿਆ ?

ਲੈ ਤੂੰ ਕੀ ਸਮਝਦੈਂ !

ਮੈਨੂੰ ਤਾਂ ਉਦੋਂ ਈ ਪਛਾਣ ਆ ਗਈ ਸੀ,

ਜਦੋਂ ਤੇਰੀਆਂ ਗੱਲਾਂ ਸੁਣੀਆਂ

ਮੈਂ ਤਾਂ ਉਦੋਂ ਈ ਸਮਝ ਗਿਆ ਸੀ ਵੀ ਦੁਨੀਆਂ ‘ਤੇ ਰੱਬ ਤੋਂ ਜਿਆਦਾ ਦੁਖੀ ਕੋਈ ਨਹੀਂ ਹੋ ਸਕਦਾ । ਇਹ ਰੱਬ ਈ ਹੋ ਸਕਦੈ।

ਠੀਕ ਪਛਾਣਿਆ ਤੂੰ ਬੁੱਧ ਸਿਆਂ ।

ਹੁਣ ਮੈਂ ਪੱਕਾ ਇਰਾਦਾ ਕਰ ਲਿਐ, ਨਾ ਮੈਂ ਮੰਦਰ, ਮਸਜਿਦ, ਗੁਰਦੁਆਰੇ ਰਹਾਂ ਤੇ ਨਾ ਹੀਂ ਗਿਰਜਾਘਰ। ਮੈਂ ਆਪਣੇ ਘਰ ਦਾ ਪੱਕਾ ਪਤਾ ਤੇਰੇ ਵਾਲਾ ਈ ਲਿਖਾ ਦੇਣੈਂ ।

ਦਿਨੇ ਤੇਰੇ ਨਾਲ ਖੇਤ ਮਜਦੂਰੀ, ਤੇ ਰਾਤੀਂ ਚੈਨ ਨਾਲ ਸੋਇਆ ਕਰਾਂਗੇ।

(ਜਸਪਾਲ ਜੱਸੀ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨ ਹੋ ਗਿਆ ਸ਼ੁਦਾਈ
Next article“ਬੋਲਣਾ ਇਕ ਕਲਾ”