ਮਨ ਹੋ ਗਿਆ ਸ਼ੁਦਾਈ

(ਸਮਾਜ ਵੀਕਲੀ)

ਜਦੋਂ ਆਵਾਜ਼ ਤੇਰੀ ਆਈ ਮਨ ਹੋ ਗਿਆ ਸ਼ੁਦਾਈ ,
ਲੱਗਾ ਦਿਲ ਨੂੰ ਕਰੰਟ ਅੰਗ ਅੰਗ ਜਾਵੇ ਮਹਿਕਾਈ ,
ਬਿਨ ਬੱਦਲਾਂ ਦੀ ਬਰਸਾਤ ਵਿੱਚ ਜਾਵਾਂ ਮੈਂ ਨਹਾਈ ,
ਘੇਰਾ ਪਾਉਣ ਖ਼ੁਸ਼ਬੋਆਂ ਹਨੇਰੀ ਇਤਰਾਂ ਦੀ ਆਈ।

ਚੰਦ ਵੇਖਿਆਂ ਬਗੈਰ ਚਕੋਰ ਨੂੰ ਤ੍ਰਿਪਤੀ ਨਾ ਆਈ ,
ਬੂੰਦ ਜਲ ਕਾਰਣੇ ਬਬੀਹੇ ਨਿਗਾ ਅੰਬਰੀਂ ਟਿਕਾਈ ,
ਹੱਸਾਂ ਟੱਪਾਂ ਨੱਚਾਂ ਗਾਵਾਂ ਉਡਾਰੀ ਅੰਬਰੀਂ ਲਗਾਈ ,
ਗੱਲ ਵੱਸੋਂ ਬਾਹਰ ਹੋਈ ਮੈਂ ਤਾਂ ਹੋ ਗਿਆ ਸ਼ੁਦਾਈ।

ਮੇਰੇ ਹਰ ਸਾਹ ਰਗ ਵਿੱਚ ਤੇਰੀ ਯਾਦ ਹੈ ਸਮਾਈ ,
ਮੈਂ ਤਾਂ ਜਿਸ ਪਾਸੇ ਵੇਖਾਂ ਤੂੰ ਹੀ ਤੂੰ ਹੀ ਦਿਸੇ ਜਾਈ ,
ਮੈਨੂੰ ਤੁਸਾਂ ਅਪਣਾਇਆ ਮੇਰੀ ਔਕਾਤ ਨਾ ਕਾਈ ,
ਖ਼ੁਸ਼ੀ ਨਾਲ ਝੱਲਾ ਹੋਇਆ ਮੈਂ ਹੋ ਗਿਆ ਸ਼ੁਦਾਈ।

ਮੈਂ ਹਾਂ ਰੂੜੀਆਂ ਦਾ ਕੂੜਾ ਮੇਰੀ ਔਕਾਤ ਨ ਕਾਈ ,
ਮੈਂ ਹਾਂ ਘੁੱਪ ਹੀ ਹਨੇਰਾ ਤੁਸਾਂ ਬਿਜਲੀ ਲਿਸ਼ਕਾਈ ,
ਬਿਨ ਸਾਜ਼ਾਂ ਤੋਂ ਆਵਾਜ਼ ਸਹਿਜ ਧੁਨ ਦੀ ਸੁਣਾਈ ,
ਪੈਰ ਧਰਤੀ ਨਾ ਲੱਗੇ ਰੂਹ ਜਾਵੇ ਅੰਬਰੀਂ ਸਮਾਈ।

ਮੈ ਔਗੁਣਾਂ ਦਾ ਭਰਿਆ ਤੁਸਾਂ ਮਿਹਰ ਵਰਤਾਈ ,
ਐਬ ਮੇਰੇ ਵਿੱਚ ਹਜ਼ਾਰਾਂ ਤੁਸਾਂ ਕਿਰਪਾ ਵਿਖਾਈ ,
ਤੇਰੇ ਸ਼ਬਦਾਂ ਦੇ ਲੰਗਰ ਨੇ ਭੁੱਖ ਮਨ ਦੀ ਮਿਟਾਈ ,
ਗੰਦਗੀ ਦੇ ਕੀੜੇ ਨੂੰ ਤੁਸਾਂ ਆਬੇ ਹਯਾਤ ਪਿਲਾਈ।

ਧਰਤੀ ਸੁਨਹਿਰੀ ਹੋਈ ਕਣ ਕਣ ਜਾਵੇ ਮੁਸਕਾਈ ,
ਤੇਰੇ ਤੋਂ ਬਗੈਰ ਇਕ ਖਿਨ ਹੁਣ ਰਹਿਆ ਨਾ ਜਾਈ ,
ਚਿੱਤ ਯਾਰ ਵੱਲ ਰੱਖਾਂ,ਉਡੀਕਾਂ ਵਾਰੀ ਮੇਰੀ ਆਈ ,
ਬੂੰਦ ਸਮੁੰਦਰ ਰਲ਼ ਜਾਣੀ ਗਲਵਕੜੀ ਜਦੋਂ ਪਾਈ।

ਇਕਬਾਲ ਸਿੰਘ ਪੁੜੈਣ
8872897500

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIn crushing blow to Trump, Democrats keep control of Senate
Next articleਤੂੰ ਰੱਬ ਹੋਣੈਂ…. ਪੱਕਾ !