ਤੁਸੀਂ ਕੁੱਝ ਵੀ ਕਹੋ

ਡਾ ਮੇਹਰ ਮਾਣਕ

(ਸਮਾਜ ਵੀਕਲੀ)

ਤੁਸੀਂ
ਜੋ ਕੁੱਝ ਵੀ ਕਹਿਣਾ ਹੈ
ਕਹਿੰਦੇ ਰਹੋ
ਵਗਦੇ ਵਹਿਣਾਂ ‘ਚ
ਝੱਗ ਛੱਡਦੀਆਂ ਲਹਿਣਾਂ ‘ਚ
ਲਹਿੰਦੇ ਰਹੋ
ਵਹਿੰਦੇ ਰਹੋ
ਕੌਣ ਰੋਕਦਾ ਹੈ
ਕੌਣ ਟੋਕਦਾ ਹੈ
ਲੱਗੇ ਰਹੋ
ਬਣ ਢੱਗੇ ਰਹੋ
ਇਸ ਨਾਲ
ਕੀ ਫਰਕ ਪੈਂਦਾਂ ਹੈ
ਸਮਾਂ ਸਹਿੰਦਾ ਹੈ
ਹੋਂਦ ਹੀਣਾ ਦਾ ਬੋਝ
ਕੌਣ ਕੱਢੇ
ਥੋਡੀ ਕੋਹਝ
ਹਰ ਰੋਜ਼
ਤੁਸੀਂ ਹਿੱਕ ‘ਤੇ ਆ
ਚੜ੍ਹਦੇ ਹੋ
ਸਮੇਂ ਦੀਆਂ ਕਹਾਣੀਆਂ ‘ਤੇ
ਵਗਦੇ ਨਿਰਛਲ ਪਾਣੀ ‘ਤੇ
ਤਰਦੇ ਹੋ
ਥੋਡੀ ਬੌਝਲ ਲਾਸ਼
ਬਣ ਖੜ੍ਹਦੀ ਹੈ ਖਾਸ
ਵੱਟ ਵਟੱਈਏ ਲਈ
ਤਹੱਈਏ ਲਈ
ਦਈਏ ਲਈ
ਤਾਂ ਕਿ
ਚਰਚਾ ਹੁੰਦਾ ਰਹੇ
ਉਨ੍ਹਾਂ ਦਾ
ਤੇ
ਖਰਚਾ ਹੁੰਦਾ ਰਹੇ
ਉਨ੍ਹਾਂ ਦਾ
ਜੋ ਹੁੰਦੇ ਨਹੀਂ
ਬੋਝਲ ਬਦਨਾਂ ਦੇ ਮੇਚਦੇ
ਕਵਿਤਾ ਨਹੀਂ ਵੇਚਦੇ
ਰੋਟੀਆਂ ਨਹੀਂ ਸੇਕਦੇ
ਕਿਤਾਬਾਂ ਨੂੰ ਬਾਲਣ ਸਮਝ
ਤੇ ਨਾਂ ਹੀ
ਬਣਦੇ ਹਨ
ਤਣਦੇ ਹਨ
ਸਤ੍ਹਾ ਦੇ ਮੇਚ ਦੇ
ਤੁਸੀਂ ਕੁੱਝ ਵੀ ਕਹਿੰਦੇ ਰਹੋ
ਇਨਾਮ
ਸਨਮਾਨ ਲੈਂਦੇ
ਦੇਂਦੇ ਰਹੋ
ਸਭ ਨੂੰ ਪਤਾ ਹੈ
ਕਿਸੇ ਨੂੰ ਸ਼ੱਕ
ਨਾ ਰਤਾ ਹੈ
ਕਿ ਕੌਣ ਕੀ ਹੈ
ਇਹ ਗੱਲ ਵੱਖਰੀ ਹੈ
ਕੋਈ ਕਰਦਾ
ਨਹੀਂ ‘ਸੀ’ ਹੈ
ਪਾਈ ਜੋ ਲੀਹ ਹੈ
ਤੁਸੀਂ
ਉਸ ਨੂੰ
ਸਮੇਟਣ ਲਈ
ਮੇਟਣ ਲਈ
ਪਰਤ ਰਿਹਾ ਹੈ ਵਕਤ
ਲਾ ਕੇ ਸ਼ਰਤ
ਤੁਸੀਂ ਦੇਖਦੇ ਰਹਿਣਾ
ਇਹੀ ਹੈ
ਬੱਸ ਮੇਰਾ ਕਹਿਣਾ।

ਬੜੇ ਮਹਾਨ ਹੁੰਦੇ ਨੇ
ਵਕਤ ਦੀ ਸ਼ਾਨ ਹੁੰਦੇ ਨੇ
ਉਹ
ਜੋ
ਨਹੀਂ ਵੇਚਦੇ
ਰੂਹ ਰੱਤੀਆਂ
ਸੱਚੀਆਂ ਸੁੱਚੀਆਂ
ਕਵਿਤਾਵਾਂ ਤੇ ਕਿਤਾਬਾਂ ਨੂੰ
ਸੰਗ ਖ਼ਾਬਾਂ ਨੂੰ
ਤੇ
ਠੋਕਰ ਮਾਰ
ਲੰਘ ਜਾਂਦੇ ਨੇ
ਝੂਠੇ ਰੁਤਬੇ
ਹੈਰਾਨੀ ਨਾਲ
ਸ਼ੈਤਾਨੀ ਨਾਲ
ਭਰੇ ਖਿਤਾਬਾਂ ਨੂੰ
ਯਾਦ ਰੱਖਣਾ
ਸਤ੍ਹਾ ਕੋਈ ਵੀ ਹੋਵੇ
ਜਦ ਇਨਾਮ ਦੇਂਦੀ ਹੈ
ਇਵਜ ‘ਚ
ਇਮਾਨ ਲੈਂਦੀ ਹੈ
ਸੱਚ ਮੁੱਚ
ਬੜੇ ਮਹਾਨ ਹੁੰਦੇ ਨੇ ਉਹ
ਰੂਹ ਰੱਤੀਆਂ
ਸੱਚੀਆਂ ਸੁੱਚੀਆਂ
ਕਵਿਤਾਵਾਂ ਤੇ ਕਿਤਾਬਾਂ
ਨਹੀਂ ਵੇਚਦੇ ਜੋ।

 

Previous articleਵੱਡੇ ਛੋਟੇ ਦਾ ਫ਼ਰਕ….
Next articleਤੂੰ ਤੇ ਮੈਂ……