ਵੱਡੇ ਛੋਟੇ ਦਾ ਫ਼ਰਕ….

(ਸਮਾਜ ਵੀਕਲੀ)

ਵਾਹ! ਨਵਨੀਤ ਦੇ ਮੂੰਹੋਂ ਆਪ ਮੁਹਾਰੇ ਨਿਕਲ਼ਿਆ, ਜਦੋਂ ਉਹਨੂੰ ਇੱਕ ਵੱਡੀ ਕੰਪਨੀ ਵਿੱਚ ਨੌਕਰੀ ਮਿਲ਼ੀ ਤੇ ਅੰਦਰ ਪੈਰ ਰੱਖਦਿਆਂ ਹੀ ਉਹ ਬਾਗ਼ੋਂ-ਬਾਗ਼ ਹੋ ਗਈ। ਉਹਨੂੰ ਲੱਗ ਰਿਹਾ ਸੀ ਕਿ ਇਹ ਹੀ ਉਹ ਮੰਜ਼ਿਲ ਹੈ ਜਿੱਥੇ ਓਹਨੇ ਪਹੁੰਚਣਾ ਸੀ। ਹੁਣ ਉਸਨੂੰ ਆਪਣੀ ਜ਼ਿੰਦਗੀ ਸਫ਼ਲ ਹੋ ਗਈ ਲੱਗਦੀ ਸੀ ਤੇ ਉਹ ਆਪਣੀ ਪੁਰਾਣੀ ਕੰਪਨੀ ਬਾਰੇ ਸੋਚਦੀ ਹੈ ਕਿ ਐਵੇਂ ਐਨੇ ਸਾਲ ਓਥੇ ਬਰਬਾਦ ਕੀਤੇ। ਵੱਡੀ ਜਗ੍ਹਾ ਨੌਕਰੀ ਕਰਨ ਦਾ ਵੱਖਰਾ ਹੀ ਸੁਆਦ ਹੁੰਦਾ ਹੈ। ਉਹਨੂੰ ਆਪਣੇ ਆਪ ਤੇ ਮਾਣ ਵੀ ਮਹਿਸੂਸ ਹੋ ਰਿਹਾ ਸੀ ਕਿ ਉਹ ਕਾਮਯਾਬ ਹੋ ਗਈ ਹੈ। ਉਹਨੂੰ ਆਪਣੇ ਸੁਪਨਿਆਂ ਦਾ ਸੰਸਾਰ ਪੂਰਾ ਹੋ ਰਿਹਾ ਲੱਗਦਾ ਸੀ।

ਹਾਂਜੀ, ਮੈਡਮ ਜੀ, ਕੌਣ ਹੋ ਤੁਸੀਂ, ਏਥੇ ਕਿੱਦਾਂ ਖੜ੍ਹੇ ਹੋ? ਚੌਕੀਦਾਰ ਦੀ ਰੁੱਖੀ ਜਿਹੀ ਅਵਾਜ਼ ਨਾਲ਼ ਨਵਨੀਤ ਸੋਚਾਂ ਵਿੱਚੋਂ ਬਾਹਰ ਆਈ।
ਜੀ ਸਤਿ ਸ਼੍ਰੀ ਆਕਾਲ। ਮੈਂ ਨਵਨੀਤ ਹਾਂ। ਇੱਥੇ ਨੌਕਰੀ ਮਿਲ਼ੀ ਹੈ ਮੈਨੂੰ। ਅੱਜ ਪਹਿਲਾਂ ਦਿਨ ਹੈ ਮੇਰਾ। ਵਧਾਈ ਮਿਲਣ ਦੀ ਉਮੀਦ ਵਿੱਚ ਨਵਨੀਤ ਨੇ ਚਾਅ ਨਾਲ਼ ਦੱਸਿਆ।

ਠੀਕ ਹੈ, ਠੀਕ ਹੈ! ਅੰਦਰ ਜਾ ਕੇ ਆਪਣੇ ਕੰਮ ਤੇ ਲੱਗੋ ਫ਼ੇਰ। ਚੌਂਕੀਦਾਰ ਓਸੇ ਰੁੱਖੇ ਲਹਿਜ਼ੇ ਵਿੱਚ ਬੋਲਿਆ।

ਨਵਨੀਤ ਦਾ ਚਾਅ ਥੋੜ੍ਹਾ ਫਿੱਕਾ ਪੈ ਗਿਆ। ਪਰ ਹਜੇ ਵੀ ਉਹਨੂੰ ਲੱਗ ਰਿਹਾ ਸੀ ਕਿ ਅੰਦਰ ਸਾਰੇ ਕਰਮਚਾਰੀ ਓਹਨੂੰ ‘ਜੀਅ ਆਇਆਂ’ ਜ਼ਰੂਰ ਆਖਣਗੇ।

ਪਰ ਇਹ ਕੀ? ਇੱਥੇ ਤਾਂ ਕਿਸੇ ਨੇ ਉਸਨੂੰ ਪੁੱਛਿਆ ਤੱਕ ਨਹੀਂ। ਹਰ ਕੋਈ ਆਪਣੇ ਕੰਮ ਵਿਚ ਰੁਝਿਆ ਹੋਇਆ ਸੀ।ਉਹ ਹੈਰਾਨ ਹੋਈ।
ਫਿਰ ਪੁੱਛ-ਪੜਤਾਲ਼ ਵਾਲ਼ੀ ਖਿੜਕੀ ਤੋਂ ਪੁੱਛ ਕੇ ਆਪਣੀ ਸੀਟ ਤੇ ਜਾ ਬੈਠੀ। ਹੁਣ ਓਹ ਸੋਚ ਰਹੀ ਸੀ ਕਿ ਉਹ ਜਿਸ ਛੋਟੀ ਜਿਹੀ ਕੰਪਨੀ ਵਿੱਚ ਕੰਮ ਕਰਦੀ ਸੀ ਉੱਥੇ ਉਹ ਇੱਕ ਪਰਿਵਾਰ ਵਾਂਗ ਕੰਮ ਕਰਦੇ ਸਨ ਤੇ ਹਰ ਨਵੇਂ ਸਾਥੀ ਨੂੰ ਕੇਕ ਵਗੈਰਾ ਕੱਟ ਕੇ ਇਸ ਪਰਿਵਾਰ ਵਿੱਚ ਜੀਅ ਆਇਆਂ ਕਹਿੰਦੇ ਸਨ। ਹੁਣ ਨਵਨੀਤ ਨੂੰ ਵੱਡੇ-ਛੋਟੇ ਦਾ ਫ਼ਰਕ ਸਮਝ ਆ ਰਿਹਾ ਸੀ ਕਿ ਇੱਕ ਰੁੱਤਬੇ ਤੇ ਸ਼ੋਹਰਤ ਵਿੱਚ ਵੱਡਾ ਤੇ ਦੂਜਾ ਆਪਸੀ ਪਿਆਰ ਤੇ ਵਿਸ਼ਵਾਸ ਵਿੱਚ।

ਮਨਜੀਤ ਕੌਰ ਧੀਮਾਨ
ਸਪਰਿੰਗ ਡੇਲ ਪਬਲਿਕ ਸਕੂਲ

ਸ਼ੇਰਪੁਰ, ਲੁਧਿਆਣਾ। ਸੰ:9464633059

 

Previous articleਖੁਸ਼ੀ ਤੇ ਉਦਾਸੀ….
Next articleਤੁਸੀਂ ਕੁੱਝ ਵੀ ਕਹੋ