ਤੁਸੀਂ ਵਾਰ–ਵਾਰ ਪੁੱਛ ਰਹੇ ਹੋ ਨਾ ਕਿ ਸਵਾਮੀ ਨੇ ਅਜੇ ਤੱਕ ਜੁਆਇਨ ਕਿਉਂ ਨਹੀਂ ਕੀਤਾ!!!

ਡਾ. ਸਵਾਮੀ ਸਰਬਜੀਤ
(ਸਮਾਜ ਵੀਕਲੀ) **ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਮੈਂ ਪਹਿਲਾਂ ਵੀ ਇੱਕ–ਦੋ ਵਾਰ ਗੱਲ ਕੀਤੀ ਸੀ ਕਿ ‘ਮੈਂ ਸਾਲ 1998 (ਉਦੋਂ ਮੈਂ ਸਰਕਾਰੀ ਰਜਿੰਦਰਾ ਕਾਲਜ, ਬਠਿੰਡਾ ਵਿਖੇ ਪੜ੍ਹਦਾ ਸਾਂ) ਵਿੱਚ ਇੱਕ ਸੁਪਨਾ ਲਿਆ ਸੀ ਕਿ ਮੈਂ ਵੀ ਕਿਸੇ ਸਰਕਾਰੀ ਕਾਲਜ ਵਿੱਚ ਪੱਕਾ ਲੈਕਚਰਾਰ ਲੱਗਣਾ ਹੈ ਅਤੇ ਉਹ ਵੀ ਪੰਜਾਬੀ ਦਾ।’ (ਯੂਨੀਵਰਸਿਟੀ ਦਾ ਸੁਪਨਾ ਮੈਂ ਕਦੇ ਵੀ ਨਹੀਂ ਸੀ ਲਿਆ, ਬੱਸ ਕਾਲਜ ਦਾ ਅਧਿਆਪਕ ਬਣਨਾ ਚਾਹੁੰਦਾ ਸਾਂ।)
**ਇਸ ਸੁਪਨੇ ਨੂੰ ਪੂਰਿਆਂ ਕਰਨ ਲਈ ਜੋ ਵੀ ਕੁਝ ਕਰਨਾ ਚਾਹੀਦਾ ਸੀ, ਮੈਂ ਕੀਤਾ (ਹਾਲਾਂਕਿ ਮੈਂ ਇਸ ਸੁਪਨੇ ਦੇ ਨਾਲ਼ ਨਾਲ਼ ਆਪਣੇ ਸਾਰੇ ਸ਼ੌਕ ਰੱਜਵੇਂ ਰੂਪ ਵਿੱਚ ਪੁਗਾਏ); ਮੈਂ ਪੰਜਾਬੀ ਵਿਸ਼ੇ ਵਿੱਚ ਐਮ.ਏ. ਕੀਤੀ, ਐਮ.ਫ਼ਿਲ., ਪੀਐੱਚ.ਡੀ. ਕੀਤੀ। ਫੇਰ ਯੂ.ਜੀ.ਸੀ. ਨੈੱਟ ਦਾ ਪੇਪਰ ਪਾਸ ਕੀਤਾ, ਸਮੇਤ ਫ਼ੈਲੋਸ਼ਿਪ ਦੇ। ਫੇਰ ਮੈਂ ਕਾਲਜਾਂ ਵਿੱਚ ਅਧਿਆਪਨ ਵੀ ਕੀਤਾ (ਮੋਦੀ ਕਾਲਜ ਪਟਿਆਲ਼ਾ, ਆਦਰਸ਼ ਡਿਗਰੀ ਕਾਲਜ, ਢੈਂਠਲ, ਅਕਾਲ ਡਿਗਰੀ ਕਾਲਜ, ਮਸਤੂਆਣਾ, ਐਨਲਾਈਟਡ ਕਾਲਜ, ਝੁਨੀਰ, ਪੰਜਾਬੀ ਵਿਭਾਗ, ਪੰਜਾਬੀ ਯੂਨਿਵਰਸਿਟੀ ਕੈਂਪਸ ਵਿੱਚ) ਫੇਰ ਨਾਲ਼ ਲਿਖਣ ਦਾ ਕੰਮ ਵੀ ਜਾਰੀ ਰੱਖਿਆ। ਜਿੰਨੇ ਨੰਬਰ ਵੱਧੋ–ਵੱਧ ਲਿਖਤਾਂ ਦੇ ਮਿਲ ਸਕਦੇ ਨੇ, ਉਹ ਲਿਮਿਟ ਮੈਂ ਬਹੁਤ ਦੇਰ ਪਹਿਲਾਂ ਪੂਰੀ ਕਰ ਲਈ ਸੀ। ਮੇਰੀਆਂ ਹੁਣ ਤੱਕ ਲਗਭਗ 32–33 ਕਿਤਾਬਾਂ ਛਪ ਚੁੱਕੀਆਂ ਨੇ (ਕਵਿਤਾ, ਨਾਵਲਿਟ, ਨਾਟਕ, ਸਕਿੱਟ, ਕਹਾਣੀ, ਵਿਅੰਗ, ਡਰੱਗ ਐਬਿਊਜ਼, ਵਾਤਾਵਰਨ ਚੇਤਨਾ, ਆਲੋਚਨਾ, ਸੰਪਾਦਕ ਵਜੋਂ)। ਇਸ ਦੇ ਨਾਲ਼ ਹੀ ਮੈਂ ਪੜ੍ਹਦਾ ਵੀ ਰਹਿੰਦਾ ਹਾਂ, ਸਾਲ ਦੀਆਂ ਲਗਭਗ 50 ਤੋਂ 75 ਤੱਕ ਕਿਤਾਬਾਂ ਪੜ੍ਹ ਲੈਂਦਾ ਹਾਂ। ਯੁਵਕ ਮੇਲੇ ਦੀਆਂ ਤਿਆਰੀਆਂ ਕਰਵਾਉਂਦਾ ਹਾਂ, ਜਜਮੈਂਟ ਉੱਤੇ ਜਾਂਦਾ, ਫ਼ਿਲਮਾਂ ਲਿਖਦਾ ਹਾਂ, ਅਦਾਕਾਰ ਵਜੋਂ ਫ਼ਿਲਮਾਂ ਵਿੱਚ ਕੰਮ ਵੀ ਕਰਦਾ ਹਾਂ, ਥੀਏਟਰ ਕਰਦਾ ਰਿਹਾ ਹਾਂ (ਹੁਣ ਫ਼ਿਲਹਾਲ ਵਿਰਾਮ ਹੈ), ਫੇਰ ਵਿਦਿਆਰਥੀਆਂ, ਦੋਸਤਾਂ, ਲੋਕਾਂ ਨੂੰ ਸਦਾ ਉਤਸ਼ਾਹਿਤ ਕਰਦਾ ਰਹਿੰਦਾ ਹਾਂ। ਮੈਂ ਬਹੁਤ ਕੁਝ ਕਰਦਾ ਰਹਿੰਦਾ ਹਾਂ ਪਰ….
**ਜਿਸ ਸੁਪਨੇ ਦੀ ਮੈਂ ਗੱਲ ਕਰ ਰਿਹਾ ਹਾਂ, ਉਹ ਸੁਪਨਾ ਲਿਆਂ ਲਗਭਗ 26 ਸਾਲ ਹੋ ਗਏ ਨੇ। ਲੰਮੇ… 26 ਸਾਲ… ਜੇ ਮੇਰੇ ਕੋਈ ਜਵਾਕ ਹੁੰਦਾ ਤਾਂ ਹੁਣ ਤੱਕ ਤਾਂ ਉਹ ਵੀ ਨੌਕਰੀ ਲੱਗ ਗਿਆ ਹੁੰਦਾ, ਜਾਂ ਨੌਕਰੀ ਕਰਨਯੋਗ ਹੋ ਗਿਆ ਹੁੰਦਾ। ਹੋ ਸਕਦਾ ਹੈ ਕਿ ਅਸੀਂ ਇਕੱਠੇ ਹੀ ਇੰਟਰਵਿਊ ਦੇਣ ਜਾਂਦੇ।
**ਦੋਸਤੋ ਇਹ 26 ਸਾਲ ਮੈਨੂੰ ਪਤਾ ਹੈ ਕਿ ਮੈਂ ਕਿਵੇਂ ਕੱਢੇ ਨੇ। (ਮੈਂ ਅਕਸਰ ਸ. ਊਧਮ ਸਿੰਘ ਦੀ ਗੱਲ ਕਰਦਾ ਹਾਂ, ਉਹਦੀ ਕੁਰਬਾਨੀ ਨੂੰ ਨਮਨ ਹੁੰਦਾ ਹੈ ਜਿਹਨੇ ਕਿ ਇੰਨੇ ਸਾਲ ਆਪਣੇ ਅੰਦਰ ਦੇ ਅਹਿਦ ਨੂੰ ਮਰਨ ਨਹੀਂ ਸੀ ਦਿੱਤਾ, ਮੈਂ ਵੀ ਉਹਦੇ ਛੋਟੇ ਭਾਈਆਂ ਵਰਗਾ ਹੀ ਹਾਂ, ਜਿਹਨੇ ਇੰਨੇ ਸਾਲ ਇਸ ਸੁਪਨੇ ਨੂੰ ਦਿਲ ਵਿੱਚ ਸੰਜੋਈ ਰੱਖਿਆ, ਬਚਾਈਂ ਰੱਖਿਆ।) ਸਾਡੇ ਕਹਿੰਦੇ ਨੇ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਮੇਰੀ ਨਹੀਂ ਸੁਣੀ ਗਈ। 12 ਕੀ, ਉਹਦੇ ਦੁੱਗਣੇ 24 ਸਾਲ ਬੀਤ ਗਏ, ਹੁਣ ਤਾਂ 2 ਹੋਰ ਉੱਪਰ ਵੀ ਹੋ ਗਏ।
**ਤੁਹਾਨੂੰ ਯਾਦ ਹੋਵੇਗਾ ਅੱਜ ਤੋਂ 3 ਕੁ ਸਾਲ ਪਹਿਲਾਂ ਮੈਂ ਤੁਹਾਡੇ ਨਾਲ਼ ਇੱਕ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ ਕਿ ‘ਸਰਕਾਰੀ ਕਾਲਜਾਂ ਵਿੱਚ ਭਰਤੀ ਲਈ ਲਗਭਗ 22–23 ਸਾਲਾਂ ਬਾਅਦ ਭਰਤੀ ਖੁੱਲ੍ਹੀ ਹੈ। ਪੇਪਰ ਲਿਆ ਗਿਆ ਹੈ ਅਤੇ ਮੈਂ ਪੇਪਰ ਦੇ ਕੇ ਚੁਣੇ ਗਏ 1158 ਸਹਾਇਕ ਪ੍ਰੋ. ਵਿੱਚੋਂ 1 ਹਾਂ।’ ਤੁਹਾਨੂੰ ਸ਼ਾਇਦ ਯਾਦ ਨਾ ਵੀ ਹੋਵੇ, ਕਿਉਂਕਿ ਪੁਰਾਣੀ ਗੱਲ ਹੋ ਗਈ ਪਰ ਮੈਂ ਨਹੀਂ ਭੁੱਲਿਆ।
**ਇਹ ਭਰਤੀ ਇੰਨੇ ਸਾਲਾਂ ਬਾਅਦ ਆਈ ਸੀ ਤਾਂ ਹੋਇਆ ਕੀ ਕਿ ਲੱਖ ਦੇ ਨੇੜੇ–ਤੇੜੇ ਨੌਜਵਾਨ ਇਸ ਭਰਤੀ ਲਈ ਤਿਆਰ ਹੋਇਆ ਸੀ ਪਰ ਸੀਟਾਂ ਦੀ ਸੀਮਤਾਈ ਕਰਕੇ ਨੌਕਰੀ ਬੱਸ ਸਾਢੇ ਕੁ ਗਿਆਰ੍ਹਾਂ ਸੌ ਨੂੰ ਹੀ ਮਿਲਣੀ ਸੀ। ਜਿਨ੍ਹਾਂ ਦਾ ਨਾਮ ਨੌਕਰੀ ਨਾ ਲੈਣ ਵਾਲ਼ੀ ਲਿਸਟ ਵਿੱਚ ਨਾ ਆਇਆ, ਉਨ੍ਹਾਂ ਨੇ ਤਰ੍ਹਾਂ–ਤਰ੍ਹਾਂ ਦੇ ਇਲਜ਼ਾਮ ਲਾ ਕੇ ਇਸ ਭਰਤੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਵੀ ਅਗਾਂਹ ਉਹ ਅਦਾਲਤ ਤੱਕ ਪਹੁੰਚੇ (ਹਾਲਾਂਕਿ ਜਿਹੜੇ ਇਲਜ਼ਾਮ ਉਨ੍ਹਾਂ ਲਾਏ ਸਨ, ਉਨ੍ਹਾਂ ਵਿੱਚੋਂ ਇੱਕ ਵੀ ਇਲਜ਼ਾਮ ਅਦਾਲਤ ਦੀ ਇੱਕ ਵੀ ਪੇਸ਼ੀ ਵਿੱਚ ਨਾ ਟਿਕ ਸਕਿਆ)। ਮਾਣਯੋਗ ਅਦਾਲਤ ਦੇ ਸਿੰਗਲ ਬੈਂਚ ਵੱਲੋਂ ਬੱਸ ਇਹ ਆਖ ਕੇ ਕਿ ‘ਭਰਤੀ PPSC ਰਾਹੀਂ ਹੋਣੀ ਚਾਹੀਦੀ ਸੀ, ਉਧਰੋਂ ਨਹੀਂ ਹੋਈ ਤਾਂ ਅਸੀਂ ਇਸ ਭਰਤੀ ਨੂੰ ਯੋਗ ਨਹੀਂ ਮੰਨਦੇ।’ ਇਹ ਆਖ ਕੇ ਮਾਣਯੋਗ ਅਦਾਲਤ ਦੇ ਸਿੰਗਲ ਬੈਂਚ ਨੇ ਇਸ ਭਰਤੀ ਦੀ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ।
**ਮੇਰਾ 23 ਸਾਲ ਪਹਿਲਾਂ ਲਿਆ ਸੁਪਨਾ ਟੁੱਟ ਕੇ ਚਕਨਾਚੂਰ ਹੋ ਗਿਆ। ਪਰ ਅਸੀਂ ਫੇਰ ਵੀ ਆਸ ਦਾ ਪੱਲਾ ਨਾ ਛੱਡਿਆ ਅਤੇ ਅਸੀਂ ਆਪਣਾ ਕੇਸ ਮਾਣਯੋਗ ਅਦਾਲਤ ਵਿੱਚ ਡਬਲ ਬੈਂਚ ‘ਤੇ ਲਾ ਦਿੱਤਾ। ਹੁਣ ਪਿਛਲੇ ਕੁ ਹਫ਼ਤੇ ਮਿਤੀ 23 ਸਤੰਬਰ 2024 ਨੂੰ ਮਾਣਯੋਗ ਅਦਾਲਤ ਦੇ ਡਬਲ–ਬੈਂਚ ਨੇ ਇਸ ਭਰਤੀ (1158 ਸਹਾਇਕ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ) ਨੂੰ ਜਾਇਜ਼ ਠਹਿਰਾਇਆ ਹੈ ਕਿਉਂਕਿ ਜਿਸ ਸੰਸਥਾ ਰਾਹੀਂ (PPSC) ਭਰਤੀ ਨਾ ਕਰਾਉਣ ਲਈ ਇਹ ਭਰਤੀ ਰੱਦ ਹੋਈ ਸੀ, ਉਹ ਸੰਸਥਾ ਦੀਆਂ ਕਾਰਵਾਈਆਂ ਤੇ ਕਾਰਗੁਜ਼ਾਰੀਆਂ ਆਪ ਹੀ ਸ਼ੱਕ ਦੇ ਘੇਰੇ ਵਿੱਚ ਹਨ।
ਖ਼ੈਰ ਅਸੀਂ ਅਦਾਲਤੀ ਕੇਸ ਜਿੱਤ ਗਏ ਅਤੇ ਸਾਨੂੰ ਪਤਾ ਸੀ ਕਿ ਸਾਨੂੰ ਸਰਕਾਰ ਨੂੰ ਵੀ ਜਿੱਤਣਾ ਪਵੇਗਾ। ਅਸੀਂ ਜਿੱਤ ਹਾਸਲ ਕੀਤੀ ਅਤੇ ਸਾਡੇ 483 ਸਾਥੀ, ਜਿਨ੍ਹਾਂ ਨੂੰ ਕਿ ਅੱਜ ਤੋਂ ਲਗਭਗ 3 ਕੁ ਸਾਲ ਪਹਿਲਾਂ ਨਿਯੁਕਤੀ ਪੱਤਰ ਮਿਲ ਗਏ ਸਨ, ਸਰਕਾਰ ਨੇ ਉਨ੍ਹਾਂ ਨੂੰ ਰਾਤੋ–ਰਾਤ ਕਾਲਜਾਂ ਵਿੱਚ ਪਹੁੰਚਦਾ ਕਰ ਦਿੱਤਾ ਅਤੇ ਸਾਡੇ ਨਾਲ਼ ਵਾਇਦਾ ਕੀਤਾ ਸੀ ਕਿ ਇਨ੍ਹਾਂ ਨੂੰ ਕਾਲਜਾਂ ਵਿੱਚ ਦਾਖ਼ਲ ਕਰਵਾ ਕੇ ਨਾਲ਼ ਦੇ ਨਾਲ਼ ਤੁਹਾਨੂੰ ਵੀ ਨਿਯੁਕਤੀ ਪੱਤਰ ਦੇ ਕੇ, 2–3 ਦਿਨਾਂ ਵਿੱਚ ਹੀ ਕਾਲਜਾਂ ਵਿੱਚ ਦਾਖ਼ਲ ਕਰਵਾ ਦਿਆਂਗਾ। ਸਾਨੂੰ ਖ਼ੁਸ਼ੀ ਹੈ ਕਿ ਸਾਡੇ ਹੁਣ ਤੱਕ ਲਗਭਗ 607 (483 ਹੁਣ ਵਾਲ਼ੇ ਅਤੇ 124 ਅੱਜ ਤੋਂ 3 ਸਾਲ ਪਹਿਲਾਂ ਵਾਲ਼ੇ) ਸਾਥੀ ਕਾਲਜਾਂ ਵਿੱਚ ਜੁਆਇਨ ਕਰ ਚੁੱਕੇ ਹਨ।
**ਸਰਕਾਰਾਂ ਦਾ ਤੁਹਾਨੂੰ ਵੀ ਪਤਾ ਹੈ ਤੇ ਸਾਨੂੰ ਵੀ। ਉਹੀ ਗੱਲ ਹੋਈ। ਸੌ ਤਰ੍ਹਾਂ ਦੇ ਬਹਾਨੇ ਲਾ ਕੇ ਮੌਜੂਦਾ ਸਰਕਾਰ, ਸੌ ਤਰ੍ਹਾਂ ਦੀ ਟਾਲ਼–ਮਟੋਲ਼ ਕਰ ਰਹੀ ਹੈ। ਕੱਲ੍ਹ (ਮਿਤੀ 1 ਅਕਤੂਬਰ ਨੂੰ) ਸਰਕਾਰ ਨੇ ਸਾਫ਼–ਸਪਸ਼ਟ ਆਖ ਦਿੱਤਾ ਕਿ ‘ਪੰਚਾਇਤੀ ਚੋਣਾਂ ਹੋਣ ਤੱਕ ਤਾਂ ਭੁੱਲ ਜਾਓ, ਉਸ ਤੋਂ ਬਾਅਦ ਸੋਚਾਂਗੇ’। ਹੁਣ ਸਥਿਤੀ ਇਹ ਹੈ ਕਿ ਸਾਡੇ 1158 ਸਾਥੀਆਂ ਵਿੱਚੋਂ 607 ਸਾਥੀ ਤਾਂ ਜੁਆਇਨ ਕਰ ਗਏ ਪਰ ਪੰਜਾਬੀ, ਹਿੰਦੀ, ਅੰਗਰੇਜ਼ੀ, ਲਾਇਬ੍ਰੇਰੀ ਸਾਇੰਸ, ਜੌਗਰਫ਼ੀ ਤੇ ਐਜੁਕੇਸ਼ਨ ਵਾਲ਼ੇ ਲਗਭਗ 411 ਸਾਥੀਆਂ ਦੇ ਨਾਵਾਂ ਵਾਲ਼ੀਆਂ ਲਿਸਟਾਂ, ਉਨ੍ਹਾਂ ਦੇ ਨਿਯੁਕਤੀ ਪੱਤਰ, ਸਟੇਸ਼ਨ ਅਲੌਟਮੈਂਟ ਅਤੇ ਕਾਲਜਾਂ ਵਿੱਚ ਜੁਆਇਨਿੰਗ ਅਜੇ ਪੈਂਡਿੰਗ ਹੀ ਹੈ।
**ਹੁਣ ਸਾਡੀ ਸਮੱਸਿਆ ਇਹ ਹੈ ਕਿ ਸਾਡੇ ਅੱਧ ਤੋਂ ਵੱਧ ਸਾਥੀ ਤਾਂ ਜੁਆਇਨ ਕਰ ਗਏ ਪਰ ਅਸੀਂ ਅਜੇ ਤੱਕ ਕਾਲਜਾਂ ਤੋਂ ਬਾਹਰ ਹਾਂ। ਵੱਡਾ ਡਰ ਇਹ ਹੈ ਕਿ ਕੋਈ ਵੀ ਵਿਰੋਧੀ ਧਿਰ ਸਾਡੇ ਖ਼ਿਲਾਫ਼ ਮਾਣਯੋਗ ਸੁਪਰੀਮ ਕੋਰਟ ਜਾ ਸਕਦੀ ਹੈ (ਪਤਾ ਲੱਗਿਆ ਹੈ ਕਿ ਕੁਝ ਲੋਕ ਮਾਣਯੋਗ ਸੁਪਰੀਮ ਕੋਰਟ ਜਾ ਰਹੇ ਹਨ।) ਹੁਣ ਖਦਸ਼ਾ ਇਹ ਹੈ ਕਿ ਜੇ ਕੇਸ ਓਥੇ ਪਹੁੰਚ ਗਿਆ ਅਤੇ ਸਟੇਅ ਮਿਲ ਗਈ ਤਾਂ ਸਾਡਾ ਹਾਲ ਵੀ ਪਿਛਲੀ ਭਰਤੀ ਵਾਲ਼ਾ ਹੋਵੇਗਾ। ਰਵੀ ਸਿੱਧੂ ਕੇਸ ਦਾ ਫ਼ੈਸਲਾ ਮਾਣਯੋਗ ਸੁਪਰੀਮ ਕੋਰਟ ਵੱਲੋਂ ਪੂਰੇ 19 ਸਾਲਾਂ ਬਾਅਦ ਆਇਆ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਤੋਂ ਪਹਿਲਾਂ ਵਾਲ਼ੀ ਪੀੜ੍ਹੀ ਜਿਸ ਢੰਗ ਨਾਲ਼ ਖੱਜਲ਼–ਖੁਆਰ ਹੋਈ ਹੈ, ਸਾਡੀ ਪੀੜ੍ਹੀ ਵੀ ਉਵੇਂ ਹੀ ਖੱਜਲ਼–ਖੁਆਰ ਹੋਵੇ। ਅਸੀਂ ਨਾ ਹੀ ਇਹ ਚਾਹੁੰਦੇ ਹਾਂ ਕਿ ਸਾਡੇ ਤੋਂ ਅਗਲੀ ਆਉਣ ਵਾਲ਼ੀ ਪੀੜ੍ਹੀ ਖੱਜਲ਼–ਖੁਆਰ ਹੋਵੇ।
**ਸੋ ਦੋਸਤੋ, ਅਸੀਂ ਤਾਂ ਹੁਣ ਸਿਰ–ਧੜ ਦੀ ਬਾਜ਼ੀ ਲਾਉਣ ਲਈ ਤਿਆਰ ਹਾਂ। ਅੱਜ ਤੇ ਕੱਲ੍ਹ ਦੀ ਛੁੱਟੀ ਤੋਂ ਬਾਅਦ ਅਸੀਂ ਤਿੱਖਾ ਪ੍ਰਦਰਸ਼ਨ ਕਰਾਂਗੇ, ਸਰਕਾਰ ਨੂੰ ਸਿੱਧੇ ਹੋ ਕੇ ਟੱਕਰਾਂਗੇ। ਹੋ ਸਕਦਾ ਹੈ ਕਿ ਸਾਡਾ ਇਹ ਵਿਰੋਧ ਸਾਡੇ ਖ਼ਿਲਾਫ਼ ਹੀ ਭੁਗਤ ਜਾਵੇ ਪਰ ਕੋਈ ਪਰਵਾਹ ਨਹੀਂ। ਜਿੱਥੇ ਹੁਣ ਤੱਕ ਦੁੱਖ ਝੱਲੇ ਨੇ, ਇੱਕ ਦੁੱਖ ਹੋਰ ਸਹੀ…
**ਸਾਡੇ ਵਿਰੋਧੀ (ਜਿਹੜੇ ਵੀ ਕੋਈ ਹੈਨ) ਉਹ ਸਾਡੇ ਬਾਰੇ, ਸਾਡੀ ਭਰਤੀ ਬਾਰੇ, ਭਰਤੀ–ਪ੍ਰਕਿਰਿਆ ਬਾਰੇ, ਆਪਣੇ ਆਪ ਬਾਰੇ ਤਰ੍ਹਾਂ–ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾ ਰਹੇ ਨੇ, ਕਿਰਪਾ ਕਰ ਕੇ ਉਨ੍ਹਾਂ ‘ਤੇ ਧਿਆਨ ਨਾ ਦੇਣਾ….
**ਦੋਸਤੋ, ਤੁਹਾਨੂੰ ਸਿਰਫ਼ ਇੰਨੀ ਬੇਨਤੀ ਹੈ ਕਿ ਤੁਸੀਂ ਸਾਡੇ ਦੁਖ ਨੂੰ ਬੱਸ ਸਮਝਣ ਦੀ ਕੋਸ਼ਿਸ਼ ਕਰਨਾ। ਅਸੀਂ ਬੱਸ ਤੁਹਾਡਾ ਇੰਨਾ ਹੀ ਸਾਥ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਹੱਕ ਲਈ ਹਾਅ ਦਾ ਨਾਹਰਾ ਮਾਰੋ….
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੇਲ ਕੋਚ ਫੈਕਟਰੀ ਵਿਖੇ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਕਈ ਪ੍ਰੋਗਰਾਮ ਕਰਵਾਏ ਗਏ
Next articleਸ਼ਰਾਧ