ਅੰਦਰ ਤੇਰੇ ਬੋਲ ਰਿਹਾ

ਧੰਨਾ ਧਾਲੀਵਾਲ਼

(ਸਮਾਜ ਵੀਕਲੀ)

ਕਰਦੀਆਂ ਨੇ ਪ੍ਰਭਾਵਿਤ ਚੀਜ਼ਾਂ ਇੱਕ ਦੂਜੇ ਨੂੰ ਖਿੱਚ ਦੀਆਂ
ਬੜੀਆਂ ਡੂੰਘੀਆਂ ਮਰਜਾਂ ਨੇ ਚਿੱਤ ਦੀਆਂ ਤੇਰੇ ਵਿੱਚ ਦੀਆਂ
ਹੋਰ ਜੂਨਾਂ ਦੇ ਨਾਲ਼ ਨਾ ਚੰਗਾ ਤੇਰਾ ਧਰਤ ਤੇ ਘੋਲ਼ ਰਿਹਾ
ਜਿਸ ਦੀ ਕੁਦਰਤ ਦੇ ਨਾਲ਼ ਬੰਦਿਆ ਕਰ ਤੂੰ ਹੁਣ ਕਲੋਲ ਰਿਹਾ
ਅੰਦਰੋਂ ਲੱਭ ਲੈ ਲੱਭ ਸਕਨੈਂ ਰੱਬ ਅੰਦਰ ਤੇਰੇ ਬੋਲ ਰਿਹਾ

ਕਿਰਤ ਕਰਨ ਤੇ ਵੰਡ ਛਕਣ ਲਈ ਦਿੱਤਾ ਜਨਮ ਮਨੁੱਖਾਂ ਨੂੰ
ਨਾ ਸਾਗਰ ਨਾ ਜੰਗਲ ਛੱਡੇ ਬਾਝ ਤੂੰ ਕਰਤਾ ਕੁੱਖਾਂ ਨੂੰ
ਜੱਗ ਜਨਨੀ ਦੀ ਇੱਜਤ ਨੂੰ ਵੀ ਵਿੱਚ ਬਜਾਰ ਦੇ ਰੋਲ਼ ਰਿਹਾ
ਜਿਸ ਦੀ ਕੁਦਰਤ ਦੇ ਨਾਲ਼ ਬੰਦਿਆ,ਕਰ ਤੂੰ ਹੁਣ ਕਲੋਲ ਰਿਹਾ
ਅੰਦਰੋਂ ਲੱਭ ਲੈ ਲੱਭ ਸਕਨੈਂ ਰੱਬ ਅੰਦਰ ਤੇਰੇ ਬੋਲ ਰਿਹਾ

ਵੱਡੇ ਵੱਡੇ ਦਾਨਵ ਘੁੰਮਣ ਜੋ’ਹਰ ਚੀਜ ਡਕਾਰ ਗਏ
ਪੰਜ ਤੱਤਾਂ ਦੇ ਪੁਤਲੇ ਨੇ ਜੋ ਹੱਦੋਂ ਵੱਧ ਹੰਕਾਰ ਗਏ
ਮੈਂ ਦੇ ਝੇੜੇ ਵਿੱਚ ਪੈ ਕੇ ਕਿਉਂ ਮੁੱਖੋਂ ਬੋਲ ਕੁਬੋਲ ਰਿਹਾ
ਜਿਸ ਦੀ ਕੁਦਰਤ ਦੇ ਨਾਲ਼ ਬੰਦਿਆ ਕਰ ਤੂੰ ਹੁਣ ਕਲੋਲ ਰਿਹਾ
ਅੰਦਰੋਂ ਲੱਭ ਲੈ ਲੱਭ ਸਕਨੈਂ ਰੱਬ ਅੰਦਰ ਤੇਰੇ ਬੋਲ ਰਿਹਾ

ਹੱਥੀਂ ਕਰਨਾ ਘਾਣ ਤੂੰ ਇੱਕ ਦਿਨ ਅਪਣੀ ਹੀ ਬਰਬਾਦੀ ਦਾ
ਧੰਨਿਆਂ ਹੋਰਾਂ ਨੂੰ ਨਾ ਮਾਨਣ ਦਿੱਤਾ ਨਿੱਘ ਅਜਾਦੀ ਦਾ
ਵੇਖ ਸੁਨਾਮੀ ਅੰਧੀ ਝੱਖੜ ਕਿਉਂ ਕਰਨੀ ਤੇ ਡੋਲ ਰਿਹਾ
ਜਿਸ ਦੀ ਕੁਦਰਤ ਦੇ ਨਾਲ਼ ਬੰਦਿਆ ਕਰ ਤੂੰ ਹੁਣ ਕਲੋਲ ਰਿਹਾ
ਅੰਦਰੋਂ ਲੱਭ ਲੈ ਲੱਭ ਸਕਨੈਂ ਰੱਬ ਅੰਦਰ ਤੇਰੇ ਬੋਲ ਰਿਹਾ

ਧੰਨਾ ਧਾਲੀਵਾਲ਼

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਆਰ ਦੀ ਕੀਮਤ
Next articleਵੱਧਦੀ ਅਬਾਦੀ ਤੇ ਮੰਥਨ ਕਰਨ ਦੀ ਲੋੜ”