(ਸਮਾਜ ਵੀਕਲੀ)
“ਤੁਹਾਨੂੰ ਪਤੈ ਹੈ ਕਿ ਆਹ ਕੀ ਹੈ? ਮੈਂ ਦੱਸਦਾ ਹਾਂ, ਇਹਨੂੰ ਯੈੱਲੋ ਕਾਰਡ (ਪੀਲ਼ਾ ਕਾਰਡ) ਕਹਿੰਦੇ ਹਨ। ਇਹ ਤੁਹਾਨੂੰ ਉਦੋਂ ਮਿਲਦਾ ਹੈ ਜਦੋਂ ਤੁਸੀਂ ਕੋਈ ਗ਼ਲਤੀ ਕਰਦੇ ਹੋ ਤੇ ਮੈਨੂੰ ਇਹ ਮੇਰੀ ਮੈਡਮ ਨੇ ਦਿੱਤਾ ਹੈ। ਤੁਹਾਨੂੰ ਪਤੈ ਹੈ ਕਿ ਮੈਂ ਕੀ ਗਲ਼ਤੀ ਕੀਤੀ ਸੀ? ਨਹੀਂ ਪਤੈ…? ਤਾਂ ਸੁਣੋ, ਮੈਂ ਪੰਜਾਬੀ ਵਿੱਚ ਗੱਲ ਕੀਤੀ ਸੀ ਤੇ ਮੇਰੀ ਮੈਡਮ ਨੇ ਮੇਰੇ ਵੱਟ ਕੇ ਚਪੇੜ ਮਾਰੀ ਤੇ ਮੈਨੂੰ ਇਹ ਪੀਲ਼ਾ ਕਾਰਡ ਵੀ ਦਿੱਤਾ।
ਫ਼ੇਰ ਪਤੈ ਕੀ ਹੋਇਆ! ਮੈਂ ਘਰੇ ਜਾ ਕੇ ਇਹ ਗੱਲ ਆਪਣੀ ਮਾਤਾ ਜੀ ਨੂੰ ਦੱਸੀ ਤਾਂ ਉਹ ਕਹਿਣ ਲੱਗੇ ਕਿ ਠੀਕ ਤੋ ਹੈ ਬੇਟਾ, ਆਪਨੇ ਪੰਜਾਬੀ ਮੇਂ ਬਾਤ ਕਯੋਂ ਕੀ? ਹਮਨੇ ਕਭੀ ਆਪਕੋ ਪੰਜਾਬੀ ਮੇਂ ਬਾਤ ਕਰਨੀ ਸਿਖਾਈ ਹੈ? ਆਪ ਅਪਨੇ ਦੋਸਤੋ ਸੇ ਸੀਖਤੇ ਹੋ ਪਰ ਆਪਕੋ ਸਮਝਨਾ ਚਾਹੀਏ ਕਿ ਆਪਕਾ ਸਕੂਲ ਸੀ.ਬੀ.ਐਸ.ਈ.ਸਕੂਲ ਹੈ,ਆਪਕੇ ਸਕੂਲ ਮੇਂ ਪੰਜਾਬੀ ਅਲਾਉਡ ਨਹੀਂ ਹੈ।
ਫ਼ੇਰ ਮੈਂ ਆਪਣੇ ਪਾਪਾ ਜੀ ਕੋਲ਼ ਗਿਆ , ਉਹਨਾਂ ਨੇ ਵੀ ਮਾਤਾ ਜੀ ਦਾ ਹੀ ਸਾਥ ਦਿੱਤਾ।
ਹੁਣ ਮੈਂ ਇਹ ਪੀਲ਼ਾ ਕਾਰਡ ਤੁਹਾਨੂੰ ਸਾਰਿਆਂ ਨੂੰ ਦੇ ਰਿਹਾ ਹਾਂ ਕਿਉਂਕਿ ਤੁਸੀਂ ਸਾਰੇ ਹੀ ਮਾਂ ਬੋਲੀ ਦੇ ਇਸ ਘਾਣ ਲਈ ਜ਼ਿੰਮੇਵਾਰ ਹੋ ਤੇ ਇੱਕ ਗੱਲ ਹੋਰ ਦੱਸ ਦੇਵਾਂ ਕਿ ਜੇਕਰ ਆਪਣੀ ਮਾਂ ਬੋਲੀ ਨੂੰ ਬੋਲਣ ਤੇ ਬੱਚਿਆਂ ਨੂੰ ਇਹੋ ਜਿਹੀ ਸਜ਼ਾ ਮਿਲੇਗੀ ਤਾਂ ਬੱਚੇ ਆਪਣੀ ਮਾਂ ਬੋਲੀ ਤੋਂ ਕੋਹਾਂ ਦੂਰ ਹੋ ਜਾਣਗੇ।”
ਇੱਕ ਨਿੱਕੇ ਜਿਹੇ ਬੱਚੇ ਨੇ ਗੁਰੂਦਵਾਰਾ ਸਾਹਿਬ ਵਿਖੇ ਚੱਲ ਰਹੇ ਇੱਕ ਸਮਾਗਮ ਦੌਰਾਨ ਇਹ ਵਿਅੰਗ ਬਹੁਤ ਹੀ ਜੋਸ਼ੀਲੇ ਢੰਗ ਨਾਲ ਪੇਸ਼ ਕੀਤਾ ਤਾਂ ਓਥੇ ਬੈਠੀਆਂ ਸੰਗਤਾਂ ਦੇ ਲੂ-ਕੰਡੇ ਖੜੇ ਹੋ ਗਏ। ਤਾੜੀਆਂ ਨਾਲ ਸਾਰਾ ਹਾਲ ਗੂੰਜ ਉੱਠਿਆ। ਕਈਆਂ ਨੇ ਤਾਂ ਉਸ ਬੱਚੇ ਨੂੰ ਗੋਦੀ ਚੁੱਕ ਲਿਆ ਤੇ ਕਈਆਂ ਨੇ ਕੁਝ ਪੈਸੇ ਵੀ ਇਨਾਮ ਵਜੋਂ ਦਿੱਤੇ।
ਮੈਨੂੰ ਯਾਦ ਆਇਆ ਕਿ ਮੈਂ ਅੱਜ ਹੀ ਆਪਣੇ ਸਕੂਲ ਵਿੱਚ ਅਧਿਆਪਕਾਂ ਦੀ ਇੱਕ ਮੀਟਿੰਗ ਸੱਦੀ ਸੀ ਅਤੇ ਉਹਨਾਂ ਨੂੰ ਇਹ ਖ਼ਾਸ ਹਿਦਾਇਤ ਕੀਤੀ ਸੀ ਕਿ ਸਕੂਲ ਵਿੱਚ ਪੰਜਾਬੀ ਬੋਲਣੀ ਬਿਲਕੁਲ ਮਨਾਂ ਹੈ। ਕਿਸੇ ਵੀ ਅਧਿਆਪਕ ਨੇ ਪੰਜਾਬੀ ਵਿਚ ਗੱਲ ਨਹੀਂ ਕਰਨੀ ਤੇ ਨਾ ਕਿਸੇ ਬੱਚੇ ਨੂੰ ਕਰਨ ਦੇਣੀ ਹੈ। ਇਹ ਮੇਰੇ ਸਕੂਲ ਦੀ ਰੈਪੂਟੇਸ਼ਨ (ਇੱਜ਼ਤ) ਦਾ ਸਵਾਲ ਹੈ। ਜਿਹੜਾ ਵੀ ਅਧਿਆਪਕ ਜਾਂ ਬੱਚਾ ਪੰਜਾਬੀ ਬੋਲੇਗਾ ਉਸਨੂੰ ਜ਼ੁਰਮਾਨਾ ਲਗਾਇਆ ਜਾਵੇਗਾ।
ਤਾੜੀਆਂ ਦੀ ਗੂੰਜ ਨਾਲ਼ ਸੋਚਾਂ ਦੀ ਲੜੀ ਟੁੱਟੀ ਤਾ ਇੰਝ ਲੱਗ ਰਿਹਾ ਸੀ ਕਿ ਇਹ ਤਾੜੀਆਂ ਨਹੀਂ ਬਲਕਿ ਮੇਰੇ ਮੂੰਹ ਤੇ ਉਹ ਬੱਚਾ ਜ਼ੋਰ ਜ਼ੋਰ ਕੇ ਚਪੇੜਾਂ ਮਾਰ ਰਿਹਾ ਹੋਵੇ ਤੇ ਕਹਿ ਰਿਹਾ ਹੋਵੇ ਕਿ ਆਹ ਫੜੋ ਪੀਲ਼ਾ ਕਾਰਡ ਤੇ ਆਪਣੇ ਮੱਥੇ ਤੇ ਲਗਾਓ। ਦੱਸੋ ਸਭ ਨੂੰ ਕਿ ਤੁਸੀਂ ਆਪਣੀ ਮਾਂ ਦੇ ਗ਼ਦਾਰ ਪੁੱਤਰ ਹੋ……,
ਹਾਂ….! ਹਾਂ…..! ਗ਼ਦਾਰ ਪੁੱਤਰ ਤੇ ਅਕਿਰਤਘਣ ਵੀ…..।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059