ਦਿਲ ਕਰਦਾ ਇੱਕ ਕਿਤਾਬ ਲਿਖਾਂ

(ਸਮਾਜ ਵੀਕਲੀ)

ਜ਼ਿੰਦਗੀ ਦੇ ਸਾਰੇ ਹਿਸਾਬ ਲਿਖਾਂ।।
ਕੀ ਖੋਇਆ ਤੇ ਕੀ ਪਾਇਆ ਹੈ,
ਕੁਝ ਹਾਨੀਆਂ ਤੇ ਕੁਝ ਲਾਭ ਲਿਖਾਂ।।

ਜੋ ਰੀਝਾਂ ਨਾਲ ਮੈਂ ਵੇਖਦੀ ਸੀ,
ਉਹ ਟੁੱਟੇ ਹੋਏ ਕੁਝ ਖ਼ਾਬ ਲਿਖਾਂ।।
ਕਦੇ ਥਿਰਕੇ ਜਿਸ ਤੇ ਪੈਰ ਮੇਰੇ,
ਹੁਣ ਟੁੱਟ ਚੁੱਕਾ ਉਹ ਸਾਜ਼ ਲਿਖਾਂ।।

ਕਦੇ ਹੱਸਦੀ ਤੇ ਕਦੇ ਰਵਾਉਂਦੀ ਹੈ,
ਇਹਦੇ ਕਿਹੜੇ ਹਾਵ ਤੇ ਭਾਵ ਲਿਖਾਂ।।
ਕਦੇ ਕੀੜੀ ਦੀ ਕਦੇ ਘੋੜੇ ਦੀ,
ਮੈਂ ਕਿਹੜੀ ਇਸਦੀ ਚਾਲ ਲਿਖਾਂ।।

ਜੋ ਆਸਾਂ ਦੇ ਮਹਿਲ ਉਸਾਰੇ ਸੀ,
ਬੜੀ ਕੀਤੀ ਸਾਂਭ ਸੰਭਾਲ ਲਿਖਾਂ।।
ਫ਼ਿਰ ਹੌਲੀ ਹੌਲੀ ਢਹਿ ਜਾਂਦੇ,
ਕੀ ਉਹਨਾਂ ਦਾ ਮੈਂ ਹਾਲ ਲਿਖਾਂ।।

ਜ਼ਿੰਦਗੀ ਦੀ ਸਮਝ ਨਾ ਆਉਂਦੀ ਐ,
ਬਸ ਮਨ ਦੇ ਸਵਾਲ ਜ਼ਵਾਬ ਲਿਖਾਂ।।
ਤੂੰ ਉਂਗਲਾਂ ਤੇ ਨਾਚ ਨਚਾ ਛੱਡਦੀ,
ਤੈਨੂੰ ਸਭ ਦੀ ਬਣੀ ਨਵਾਬ ਲਿਖਾਂ।।

ਤੈਨੂੰ ਚਾਵਾਂ ਨਾਲ ਸਭ ਜਿਉਂਦੇ ਨੇ,
ਬਣ ਸੋਹਣੀ ਜਿਹੀ ਇੱਕ ਯਾਦ ਲਿਖਾਂ,
ਕਰ ਖ਼ਾਬ ਤੂੰ ਸਭ ਦੇ ਪੂਰੇ ਨੀ,
ਹੱਥ ਜੋੜ ਕੇ ਇਹ ਫ਼ਰਿਆਦ ਲਿਖਾਂ।।

“ਸ਼ਾਹਕੋਟੀ ਕਮਲੇਸ਼”

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRussians missiles hit airfield in Ukraine’s Oleksandriia
Next articleਪੰਜਾਬੀ ਸਭਿਆਚਾਰਕ ਮੇਲਾ 1 ਮਈ 2022 ਨੂੰ ਸਾਊਥਹਾਲ ਪਾਰਕ ਇੰਗਲੈਂਡ ਵਿਖੇ ਕਰਵਾਇਆ ਜਾਵੇਗਾ – ਪਰਮੋਟਰ ਰਿੰਟੂ ਵੜੈਚ ਇੰਗਲੈਂਡ