ਪਹਿਲਵਾਨ ਖਿਡਾਰਨਾਂ ਅਤੇ ਡਾ. ਨਵਸ਼ਰਨ ਦੇ ਹੱਕ ‘ਚ ਮੁਕੰਦਪੁਰ ਵਿਖੇ ਰੋਸ ਵਿਖਾਵਾ

*ਹਨੇਰੇ ਦੇ ਰਾਜ ਖ਼ਿਲਾਫ਼ ਜਗਾਈਆਂ ਮੋਮਬੱਤੀਆਂ*

ਮੁਕੰਦਪੁਰ, ਬੰਗਾ, ਫਿਲੌਰ, ਅੱਪਰਾ (ਜੱਸੀ) (ਸਮਾਜ ਵੀਕਲੀ)ਖਿਡਾਰੀਆਂ, ਸਾਹਿਤਕਾਰਾਂ, ਲੇਖਕਾਂ, ਕਵੀਆਂ, ਰੰਗ ਕਰਮੀਆਂ, ਸੰਗੀਤਕਾਰਾਂ ਅਤੇ ਅਕਾਦਮਿਕ ਖੇਤਰ ‘ਚ ਜਾਣੀਆਂ ਪਹਿਚਾਣੀਆਂ ਸ਼ਖ਼ਸੀਅਤਾਂ ਦੀ ਧਰਤੀ ਮੁਕੰਦਪੁਰ ਵਿਖੇ ਲੋਕ ਸੰਗੀਤ ਮੰਡਲੀ ਮਸਾਣੀ ( ਧਰਮਿੰਦਰ ਮਸਾਣੀ ) ਵੱਲੋਂ ਕੀਤੀ ਪਹਿਲ ਕਦਮੀ ਨੂੰ ਭਰਵਾਂ ਹੁੰਗਾਰਾ ਭਰਦਿਆਂ ਮਾਨਵਤਾ ਕਲਾ ਮੰਚ ਨਗਰ ( ਪਲਸ ਮੰਚ), ਕੁਸ਼ਤੀ ਅਖਾੜਾ ਰਾਏਪੁਰ ਡੱਬਾ, ਕੁਸ਼ਤੀ ਅਖਾੜਾ ਮੁਕੰਦਪੁਰ,ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ, ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਬੰਗਾ, ਪੇਂਡੂ ਮਜ਼ਦੂਰ ਯੂਨੀਅਨ, ਕ੍ਰਾਈਮ ਬਰਾਂਚ ਬੰਗਾ, ਕਿਰਤੀ ਕਿਸਾਨ ਯੂਨੀਅਨ, ਪ੍ਰੋਗਰੈਸਿਵ ਯੂਥ ਕਲੱਬ ਦੋਆਬਾ, ਵਰਗੀਆਂ ਸਮੂਹ ਇਨਸਾਫ਼ ਪਸੰਦ ਅਤੇ ਲੋਕ -ਪੱਖੀ ਸੰਸਥਾਵਾਂ ਨੇ ਅੱਜ ਸਾਂਝਾ ਉੱਦਮ ਜੁਟਾ ਕੇ ਮੁਕੰਦਪੁਰ ਦੇ ਬੱਸ ਅੱਡਾ ਵਿਖੇ ਕੌਮਾਂਤਰੀ ਪੱਧਰ ਦੀਆਂ ਪਹਿਲਵਾਨ ਖਿਡਾਰਨਾਂ ਦੀ ਆਬਰੂ ਨਾਲ਼ ਖੇਡਣ ਵਾਲੇ ਭਾਜਪਾ ਸੰਸਦ ਬ੍ਰਿਜ਼ ਭੂਸ਼ਣ ਸ਼ਰਨ ਅਤੇ ਉਸਦੀ ਰਖੇਲ ਮੋਦੀ ਹਕੂਮਤ ਖ਼ਿਲਾਫ਼ ਅਤੇ ਜਮਹੂਰੀ ਹੱਕਾਂ ਦੀ ਨਾਮਵਰ ਅਲੰਬਰਦਾਰ ਡਾ. ਨਵਸ਼ਰਨ ਨੂੰ ਈ. ਡੀ. ਵੱਲੋਂ ਮਾਨਸਿਕ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਅਤੇ ਝੂਠੇ ਕੇਸ ਮੜ੍ਹਨ ਲਈ ਅੱਕੀਂ ਪਲਾਹੀਂ ਹੱਥ ਮਾਰਨ ਖ਼ਿਲਾਫ਼ ਜ਼ੋਰਦਾਰ ਰੋਸ ਮੁਜਾਹਰਾ ਕੀਤਾ।

ਇਸ ਮੁਜ਼ਾਹਰੇ ਦੇ ਅਖ਼ੀਰ ਤੇ ਸਮੂਹ ਇਕੱਠ ਨੇ ਮੋਮਬੱਤੀਆਂ ਜਗਾ ਕੇ ਅਹਿਦ ਲਿਆ ਕਿ ਹਨੇਰਾ ਭਾਵੇਂ ਜਿੰਨਾ ਮਰਜ਼ੀ ਤਾਣ ਲਾਉਂਦਾ ਰਹੇ ਪਰ ਚਾਨਣ ਨੂੰ ਉਹ ਕਦੀ ਕੈਦ ਨਹੀਂ ਕਰ ਸਕਦਾ। ਇਸ ਰੈਲੀ ਅਤੇ ਰੋਸ ਮਾਰਚ ਨੂੰ ਡਾ.ਦਲਜੀਤ ਢਿੱਲੋਂ, ਬੂਟਾ ਸਿੰਘ ਮਹਿਮੂਦਪੁਰ, ਡਾ. ਸੁਰਜੀਤ ਜੱਜ, ਅਮੋਲਕ ਸਿੰਘ, ਪਵਨ ਸਿੱਧੂ, ਸ਼ਕੁੰਤਲਾ ਦੇਵੀ, ਰਾਜੂ ਪਹਿਲਵਾਨ, ਜਸਬੀਰ ਮੋਰੋਂ, ਪ੍ਰਵੀਨ ਬੰਗਾ, ਜਸਵਿੰਦਰ ਔਜਲਾ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿੰਨੀ ਹਨੇਰਗਰਦੀ ਹੈ ਕਿ ਕੌਮਾਂਤਰੀ ਪੱਧਰ ਦੇ ਤਮਗ਼ੇ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਭਾਜਪਾ ਦੇ ਸੰਸਦ ਬ੍ਰਿਜ਼ ਭੂਸ਼ਣ ਸ਼ਰਨ ਵੱਲੋਂ ਖਿਡਾਰਨਾਂ ਨੂੰ ਪੈਰ ਪੈਰ ਤੇ ਬੇਅਦਬ ਕਰਨ ਅਸ਼ਲੀਲ ਹਰਕਤਾਂ ਕਰਨ ਦੀ ਐੱਫ. ਆਈ. ਆਰ.ਲਿਖਾਉਣ ਲਈ ਵੀ ਸੁਪਰੀਮ ਕੋਰਟ ਦਾ ਕੁੰਡਾ ਖੜਕਾਉਣਾ ਪੈਣਾ ਇਹ ਦਰਸਾਉਂਦਾ ਹੈ ਕਿ ਜੇ ਸੋਨ ਤਮਗ਼ੇ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਐਨਾ ਜ਼ਲੀਲ ਅਤੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤਾਂ ਆਮ ਲੋਕਾਂ ਲਈ ਇਨਸਾਫ਼ ਕਿਵੇਂ ਮਿਲ਼ ਸਕਦਾ ਹੈ।
ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਮਾਮਲਾ ਸਿਰਫ਼ ਖਿਡਾਰੀਆਂ ਦੀ ਆਬਰੂ ਦਾ ਹੀ ਨਹੀਂ ਇਹ ਸੰਕੇਤ ਹੈ ਕਿ ਇਸ ਮੁਲਕ ਦਾ ਆਉਣ ਵਾਲਾ ਕੱਲ੍ਹ ਬਹੁਤ ਹੀ ਚੁਣੌਤੀ ਭਰਪੂਰ ਹੈ।

ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਬ੍ਰਿਜ਼ ਭੂਸ਼ਣ ਸ਼ਰਨ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਸਨੂੰ ਸਾਰੇ ਅਹੁਦਿਆਂ ਤੋਂ ਬਰਖ਼ਾਸਤ ਕੀਤਾ ਜਾਏ।
ਬੁਲਾਰਿਆਂ ਨੇ ਸੁਚੇਤ ਕੀਤਾ ਕਿ ਹੁਕਮਰਾਨ ਸੰਘ ਬ੍ਰਗੇਡ ਆਪਣੇ ਹਿੰਦੂ ਰਾਸ਼ਟਰ ਬਣਾਉਣ ਦੇ ਅਜੰਡੇ ਤਹਿਤ ਦੇਸ਼ ਨੂੰ ਲਗਾਤਾਰ ਖ਼ਤਰਨਾਕ ਹਾਲਤ ਵੱਲ ਧੱਕਿਆ ਜਾ ਰਿਹਾ ਹੈ ਜਿਸਨੂੰ ਲੋਕ ਤਾਕਤ ਦੇ ਜ਼ੋਰ ਠੱਲ੍ਹ ਪਾ ਕੇ ਹੀ ਲੋਕ ਹਿੱਤਾਂ ਦੇ ਸੰਘਰਸ਼ ਵੱਲ ਤੋਰਿਆ ਜਾ ਸਕਦਾ ਹੈ।ਅੰਦੋਲਨਕਾਰੀ ਖਿਡਾਰਨਾਂ ਉੱਤੇ ਮੜ੍ਹਏ ਝੂਠੇ ਕੇਸ ਵਾਪਿਸ ਲਏ ਜਾਣ, ਜੰਤਰ ਮੰਤਰ ਤੇ ਸੰਘਰਸ਼ ਦਾ ਜਮਹੂਰੀ ਹੱਕ ਬਹਾਲ ਕੀਤਾ ਜਾਏ। ਡਾ. ਨਵਸ਼ਰਨ ਨੂੰ ਈ ਡੀ ਵੱਲੋਂ ਪ੍ਰੇਸ਼ਾਨ ਕਰਨਾ ਅਤੇ ਝੂਠੇ ਕੇਸ ਮੜ੍ਹਨ ਦੀ ਜ਼ਮੀਨ ਤਿਆਰ ਕਰਨਾ ਬੰਦ ਕੀਤਾ ਜਾਵੇ। ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਵੇਂ ਹਾਸਿਲ ਕਰੀਏ ਸਫ਼ਲਤਾ
Next articleਕਾਕੜ ਕਲਾਂ ਨੇ ਸੁਸ਼ੀਲ ਰਿੰਕੂ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ