(ਸਮਾਜ ਵੀਕਲੀ)
– ਯਾਦਵਿੰਦਰ
‘ਜੁਗਾੜਸ਼ੀਲ’ ਹੋਣਾ ਕਤੱਈ ਤੌਰ ‘ਤੇ ਬੁਰਾ ਨਹੀਂ ਹੈ ਤੇ ਖ਼ਾਸਕਰ ਜੇ ਤੁਸੀਂ ‘ਰੱਬ ਦੇ ਘਰ ਦਾ ਰਾਹ’ ਦੱਸਦਿਆਂ-ਦੱਸਦਿਆਂ ਧੂਫ਼, ਅਗਰਬੱਤੀ, ਆਟਾ, ਦਾਲਾਂ, ਟੁੱਥਬ੍ਰਸ਼, ਟੁੱਥਪੇਸਟਾਂ, ਟੌਇਲਟ ਸੌਪ, ਘਿਓ, ਦੇਸੀ ਘਿਓ, ਅੱਖਾਂ ਸਾਫ਼ ਕਰਨ ਵਾਲੀਆਂ ਸ਼ੀਸ਼ੀਆਂ ਕਿਤਿਓਂ ਹੋਰ ਮੈਨਿਊਫੈਕਚਰ ਕਰਾ ਕੇ ਆਪਣੇ ਮਾਰਕੇ ਹੇਠ ਵੇਚ ਸਕਦੇ ਹੋ ਜਾਂ ਫੇਰ ਇਸ ਦੇ ਨਾਲ ਹੀ ਆਪਣੇ ਭਾਸ਼ਣਾਂ (ਪ੍ਰਵਚਨਾਂ) ਦੀਆਂ ਐਲਬਮਾਂ, ਆਪਣੇ ਵੱਖੋ-ਵੱਖ ਮੂਡ ਦੀਆਂ ਅਜੀਬ ਓ ਗ਼ਰੀਬ ਤਸਵੀਰਾਂ ਨੂੰ ਅਲੋਕਾਰੀ (ਅਲੌਕਿਕ) ਕਰਾਰ ਦੇ ਕੇ ਵੇਚ ਸਕਦੇ ਹੋ ਤਾਂ ਫੇਰ ਬਿਲਕੁਲ ਵੀ ਦੇਰ ਨਾ ਲਾਓ, ਤੁਸੀਂ ਪਹਿਲਾਂ ਹੀ ਦੇਰ ਕਰ ਦਿੱਤੀ ਹੈ ਕਿਉਂਕਿ ਹੋਰ ਕਈ ਆਰਟਿਸਟ ਜਾਂ ਵਪਾਰੀ, ਇੰਝ ਕਰ ਚੁੱਕੇ ਹਨ। ਹੁਣੇ, ਸਵੈ-ਸਮੀਖਿਆ ਕਰੋ ਤੇ ਬਾਜ਼ਾਰ ਵਿਚ ਆਪਣੀ ਥਾਂ ਨਿਸ਼ਚਿਤ ਕਰਨ ਲਈ ਹੀਲਾ-ਵਸੀਲਾ ਕਰੋ। ਨਹੀਂ ਤਾਂ ਮੇਰੇ ਵਾਂਗੂ ‘ਘਰ ਦਾ ਭੇਤੀ…’ ਬਣਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੁੰਦਾ ਪਰ ਬਾਜ਼ਾਰ ਦੇ ਖਿਡਾਰੀ ਕਦੇ ਇਨ੍ਹਾਂ ਲਿਖਤਾਂ ਦੀ ਪਰਵਾਹ ਨਹੀਂ ਕਰਦੇ ਹੁੰਦੇ ਕਿਉਂਕਿ ਉਹ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਾਬਿਤ ਕਰਨ ਵਿਚ ਮੁਹਾਰਤ ਰੱਖਦੇ ਹੁੰਦੇ ਹਨ। ਦਰਅਸਲ, ਅੱਜ ਮੈਂ ‘ਦੀਦਾਵਰ ਦਾ ਹੁਨਰ’ ਕਾਲਮ ਜ਼ਰੀਏ ਤੁਹਾਡੇ ਨਾਲ ਇਹੋ-ਜਿਹੀਆਂ ਗੱਲਾਂ ਈ ਕਰਨੀਆਂ ਹਨ, ਤੁਸੀਂ ਜੇ ਦਿਲਚਸਪੀ ਰੱਖਦੇ ਹੋ ਤਾਂ ਅੱਗੇ ਪੜ੍ਹਿਓ, ਵਰਨਾ ਇੰਟਰਨੈੱਟ ‘ਤੇ ਪੜ੍ਹੇ ਤੇ ਵੇਖੇ/ਸੁਣੇ ਜਾ ਸਕਣ ਵਾਲੇ ਖਰੜੇ ਦੀ ਕੋਈ ਘਾਟ ਨਹੀਂ ਹੈ, ਤੁਸੀਂ ਇਹ ਕਾਲਮ, ਹੁਣੇ, ਇੱਥੇ ਹੀ, ਛੱਡ ਕੇ, ਆਪਣੇ ਮੂਡ ਮੁਤਾਬਿਕ ਕੁਝ ਹੋਰ ਚੁਣ ਸਕਦੇ ਹੋ।
(2)
ਨਹੀਂ… ਮੈਂ ਇਹ ਗੱਲਾਂ ਮਖੌਲੀਆ ਲਹਿਜ਼ੇ ਵਿਚ ਨਹੀਂ ਲਿਖੀਆਂ ਤੇ ਨਾ ਹੀ ਮੈਂ ਮਖੌਲ ਕਰਨ ਲਈ ਕਦੇ ਕੁਝ ਲਿਖਦਾ ਹਾਂ। ਮੈਂ ਸੰਜਿਦਾ ਹਾਂ ਤਾਂ ਸੰਜਿਦਾ ਪਹੁੰਚ ਅਪਨਾ ਕੇ ਇਹ ਸਭ ਲਿਖਿਆ ਹੈ। ਭਰੋਸਾ ਕਰੋ, ਲੋਕ-ਹਿਤ ਵਿਚ ਪ੍ਰਤੀਬੱਧ ਹਾਂ ਤੇ ਮੈਂ ਚਾਹੁੰਦਾ ਕਿ ਭਾਵੇਂ ਤੁਸੀਂ ਚੰਗੇ ਫ਼ਨਕਾਰ ਹੋ ਜਾਂ ਤੁਸੀਂ ਇਕ ਥਾਂ ‘ਤੇ ਬਣਾਏ ਜਾਂਦੇ ਰਸੋਈ/ਰਾਸ਼ਨ ਵਗੈਰਾ ਦਾ ਸਾਮਾਨ ‘ਤੇ ਆਪਣੀ ਫਰਮ ਦਾ ਲੋਗੋ ਲਵਾ ਕੇ ਵੇਚਣ ਦੇ ਗੁਰ ਜਾਣਦੇ ਹੋ, ਤਦ ਵੀ ਮੇਰੇ ਵੱਲੋਂ ਉਪਰ ਲਿਖੀ ਸਾਰੀ ਇਬਾਰਤ ਨੂੰ ਰੱਦ ਸਮਝੋ! ਤੁਸੀਂ ਇਸ ਨੂੰ ਉਲਟਾਅ ਕੇ ਪੜ੍ਹ ਸਕਦੇ ਹੋ। ਇਸ ਨੂੰ ਇਵੇਂ ਸਮਝ ਲਓ ਕਿ ਭਾਵੇਂ ਇਹ ਦੋਵੇਂ ਬਾਜ਼ਾਰੂ ਗੁਣ ਤੁਹਾਡੇ ਵਿਚ (ਵੀ) ਹੋ ਸਕਦੇ ਹਨ ਪਰ ਬਰਾਏ-ਮੇਹਰਬਾਨੀ ਇੰਜ ਨਾ ਕਰਿਓ।
****
ਮੈਂ ਚਾਹੁੰਦਾ ਤਾਂ ‘ਰਾਸ਼ਟਰ ਪ੍ਰੇਮੀ’ ਤੇ ‘ਰਾਸ਼ਟਰੀ ਹਿਰਦੇ ਸਮਰਾਟ’ ਸਾਧੂ ਬਾਬਿਆਂ ਦਾ ਇਹ ਰਾਜ਼ ਤੁਹਾਡੇ ਅੱਗੇ ਨਾ ਵੀ ਜ਼ਾਹਿਰ ਕਰਦਾ ਪਰ ਕੀ ਕਰਾਂ! ਲਿਖਾਰੀ ਹਾਂ!!! ਜੋ ਸੋਚਦਾ ਹਾਂ, ਆਪਣੇ ਮਨ ਵਿਚ ਜੋ ਰਿੜਕਦਾ ਹਾਂ, ਇਸ ਤੋਂ ਬਾਅਦ,ਇਹ ਖ਼ਿਆਲ ਮੇਰੇ ਮਨ-ਮਸਤਕ ਉੱਤੇ ਤਾਰੀ ਹੋ ਜਾਂਦਾ ਹੈ ਤੇ ਉਸ ਵੇਲੇ ਪੈਦਾ ਹੋਣ ਵਾਲੀ ਸੋਚ ਮੈਨੂੰ ਇਹੀ ਕਹਿੰਦੀ ਰਹਿੰਦੀ ਹੈ ਕਿ ਜੋ ਵੀ ਲੋਕ-ਹਿਤੈਸ਼ੀ ਹੈ, ਇਹ ਮੇਰੇ ਲੋਕਾਂ ਤਕ ਤੇ ਮੇਰੇ ਪਾਠਕਾਂ ਤਕ ਪੁੱਜ ਜਾਣਾ ਚਾਹੀਦੈ!
(3)
ਸਾਡੇ ਦੇਸ਼ ਵਿਚ ਓਨ੍ਹੀਆਂ ਮੱਝਾਂ/ ਗਾਈਆਂ ਨਹੀਂ ਹੋਣਗੀਆਂ ਪਰ ਇਸ ਅਨੁਪਾਤ ਤੋਂ ਕਿਤੇ ਵੱਧ ‘ਸ਼ੁੱਧ ਦੇਸੀ ਘਿਓ’ ਮੰਡੀ ਵਿਚ ਵਿਕਦਾ ਹੈ। ਅਸੀਂ ਨਹੀਂ ਜਾਣਦੇ ਕਿ ਸਾਧ ਤੇ ਪ੍ਰਵਚਨਕਰਤਾ ਕਿਵੇਂ ਇਹ ਕਰਾਮਤ ਕਰ ਲੈਂਦੇ ਹਨ ਪਰ ਇਹੀ ਪ੍ਰਚਾਰਿਆ ਜਾਂਦਾ ਹੈ ਕਿ ਇਹ ‘ਖ਼ਾਲਸ ਦੇਸੀ ਘਿਓ’ ਹੈ। … ਤੇ ਇਹ ਤੱਥ ਹਾਲੇ ਤਕ ਸੱਚ ਦੇ ਧੁੰਦਲਕਰੇ ਵਿਚ ਲਾਪਤਾ ਹੈ ਕਿ ਇੰਨੀ ਮਿਕਦਾਰ ਵਿਚ ‘ਖ਼ਾਲਸ ਦੁੱਧ’ ਕਿੱਥੋਂ ਲਿਆਉਂਦੇ ਹੋਣਗੇ। ਪ੍ਰਾਪੇਗੰਡਾ ਦੇ ਇਸ ਦੌਰ ਵਿਚ ਗੰਜਿਆਂ ਨੂੰ ਕੰਘੀਆਂ ਵੇਚਣ ਵਾਲੇ ਕੁਝ ਵੀ ਕਰ ਸਕਦੇ ਹਨ। ਬਾਜ਼ਾਰ ਦੀਆਂ ਤਾਕਤਾਂ ਹੱਥੋਂ ਸੰਚਾਲਤ ਸਾਡਾ ਇਹ ਦੌਰ, ਫ਼ਰੇਬ ਨੂੰ ਫ਼ਰੇਬ ਨਹੀਂ ਸਗੋਂ ਸੱਚ, ਦੱਸਦਾ ਹੈ। ਇਲਾਜ-ਮੰਡੀ ਦਾ ਹਾਲ ਹੀ ਦੇਖ ਲਓ, ਸਾਡੇ ਵਤਨ ਭਾਰਤ ਵਿਚ ਸੱਭ ਤੋਂ ਵੱਧ ਦੁਰਗਤੀ ਸਰਕਾਰੀ ਇਲਾਜ ਅਦਾਰਿਆਂ ਵਿਚ ਮਰੀਜ਼ਾਂ ਤੇ ਉਨ੍ਹਾਂ ਦੇ ਸੰਭਾਲੂਆਂ ਦੀ ਹੁੰਦੀ ਹੈ ਪਰ ਮਜਾਲ ਹੈ ਕਿ ਕੋਈ ਹੁਕਮਰਾਨ ਜਾਂ ਸਿਆਸਤਦਾਨ ਮੂੰਹ ਵੀ ਖੋਲ੍ਹ ਦੇਵੇ। ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਕਾਮਯਾਬ ਕਰਨ ਲਈ ਸਭ ਨੇ ਅੰਦਰੋਂ ਅੰਦਰੀਂ ਖ਼ੁਫ਼ੀਆ ਸਮਝੌਤਾ ਕੀਤਾ ਹੁੰਦਾ ਹੈ।
(4)
ਮਜਮਾ ਲਾ ਕੇ ਬੀਜ ਮੰਤਰ ਦਾ ਸੌਦਾ ਕਰਨ ਵਾਲਾ ਬਜ਼ੁਰਗ ਸਾਧ ਮੈਨੂੰ ਚੇਤੇ ਆ ਰਿਹਾ ਹੈ। ਇਸ ਦੇ ਕੋਲ ਹਰੇਕ ਧਰਮ ਦੇ ਕੁਝ ਮੰਤਰ ਜਾਂ ਸ਼ਲੋਕ ਹਨ ਤੇ ਉਨ੍ਹਾਂ ਨੇ ਕੰਠ ਕੀਤੇ ਹੋਏ ਹਨ। ਜਦੋਂ ਕੋਈ ਯਜਮਾਨ ‘ਆਪਣੇ ਦੁੱਖਾਂ ਤੋਂ ਛੁਟਕਾਰੇ’ ਲਈ ਇਸ ਵਿਅਕਤੀ ਕੋਲ ਜਾਂਦਾ ਹੈ ਤਾਂ ਇਹ ਰਟੇ ਰਟਾਏ ਮੰਤਰ ਉਸ ਨੂੰ ਦੇ ਦਿੰਦਾ ਹੈ, ਮੰਤਰ-ਰਟਣ ਕਰਤਾ ਗਿਲ੍ਹਾ ਕਰਦਾ ਹੈ ਕਿ ਇਹ ਕੋਈ ਖ਼ੁਫੀਆ ਮੰਤਰ ਨਹੀਂ ਹੈ, ਮੈਂ ਇਹ ਸ਼ਬਦ ਪਹਿਲਾਂ ਤੋਂ ਜਾਣਦਾ ਸਾਂ ਪਰ ਇੰਨੇ ਨੂੰ ਹੋਰ ਸੇਵਾਦਾਰ ਹੋਰ ਜਗਿਆਸੂ ਨੂੰ ਅੱਗੇ ਕਰ ਦਿੰਦੇ ਹਨ ਤੇ ਪੰਜ ਹਜ਼ਾਰ ਖ਼ਰਚਣ ਵਾਲੇ ਦੀ ‘ਗੂੰਗੀ ਚੀਕ’ ਫਿਜ਼ਾਵਾਂ ਵਿਚ ਗੁਮ ਹੋ ਕੇ ਰਹਿ ਜਾਂਦੀ ਹੈ।
(4)
1947 ਤੋਂ ਪਹਿਲਾਂ, ਜਦੋਂ ਭਾਰਤ, ਬ੍ਰਿਟਿਸ਼ ਸਾਮਰਾਜੀਆਂ ਦੀ ਕਾਲੋਨੀ ਸੀ ਤਾਂ ਕੁਝ ਲੋਕਾਂ ਨੇ ਦੋ ਕੌਮਾਂ ਦਾ ਸਿਧਾਂਤ ਦੇ ਕੇ ਨਵਾਂ ਮੁਲਕ ਪਾਕਿਸਤਾਨ ਬਣਾਉਣ ਦਾ ਖ਼ਾਕਾ ਖਿੱਚਿਆ, ਇਸ ਦੇ ਪਿੱਛੇ ਦੋ-ਕੌਮੀ ‘ਸਿਧਾਂਤ’ ਸੀ। …ਤੇ ਅੰਗਰੇਜ਼ਾਂ ਨੂੰ ਕੌਮਾਂਤਰੀ ਹਾਲਾਤ ਦੇ ਮੱਦੇਨਜ਼ਰ ਜਾਣਾ ਪਿਆ ਤੇ ਉਨ੍ਹਾਂ ਨੇ ਦੇਖ ਲਿਆ ਕਿ ਕਿਸੇ ਵੀ ਦੇਸ ਨੂੰ ਬਸਤੀ ਬਣਾਉਣ ‘ਤੇ ਜਿੰਨਾ ਖ਼ਰਚਾ ਆਉਂਦਾ ਹੈ, ਉਹਦੇ ਨਾਲੋਂ ਚੰਗਾ ਰਾਹ ਇਹ ਹੈ ਕਿ ਆਪਣੇ ਦੇਸ (ਇੰਗਲੈਂਡ) ਵਿਚ ਰਹਿ ਕੇ ਵਪਾਰਕ ਤਾਕਤ (ਵਰਲਡ ਬੈਂਕ) ਰਾਹੀਂ ਇਨ੍ਹਾਂ ‘ਤੇ ਪਰਦੇ ਪਿੱਛਿਓਂ ਹਕੂਮਤ ਕੀਤੀ ਜਾ ਸਕਦੀ ਹੈ। ਅੰਗਰੇਜ਼ ਜਾਂਦੇ ਜਾਂਦੇ ਨਵਾਂ ਮੁਲਕ ਪਾਕਿਸਤਾਨ ਕਾਇਮਗਏ। ਦੱਖਣੀ ਏਸ਼ੀਆ ਵਿਚ ਪਾਕਿਸਤਾਨ ਬਣਦੇ ਸਾਰ ਓਧਰਲੇ ਹਾਕਿਮਾਂ ਨੇ ਖ਼ੁਦ ਨੂੰ ਇਕੱਲਾ ਵੇਖਿਆ ਤਾਂ ਉਹ ਸਾਊਦੀ ਅਰਬ ਹਕੂਮਤ ਦੇ ਨੇੜੇ ਹੁੰਦੇ ਗਏ, ਇਹ ਦਰਅਸਲ ਕੌਮਾਂਤਰੀ ਹਾਲਾਤ ਦੇ ਮੱਦੇਨਜ਼ਰ ਉਨ੍ਹਾਂ ਦੀ ਰਾਜਸੀ ਮਜਬੂਰੀ ਸੀ। ਜਰਨੈਲ ਯਾਹੀਆ ਖ਼ਾਂ ਤੋਂ ਲੈ ਕੇ ਜਨਰਲ ਜ਼ਿਆ ਉਲ ਹਕ ਤਕ ਤੇ ਹੁਣ ਮੁਹੰਮਦ ਨਵਾਜ਼ ਸ਼ਰੀਫ਼ ਤਕ ਸਾਰੇ ਸਾਊਦੀ ਸਲਤਨਤ ਦੇ ਨੇੜੂ ਹਨ। ਸਾਊਦੀ ਬਾਦਸ਼ਾਹਾਂ ਦਾ ਵਿਚਾਰਧਾਰਕ ਝੁਕਾਅ ‘ਵਹਾਬੀਅਤ’ ਵੱਲ ਹੈ ਤੇ ਇਸੇ ਤਰ੍ਹਾਂ ਪਾਕਿਸਤਾਨ ਦੇ ਹਾਕਿਮ, ਵਹਾਬਪ੍ਰਸਤ ਬਣਦੇ ਗਏ। ਵਹਾਬੀ, ਦਰਅਸਲ ਉਹ ਸਿਧਾਂਤਕਾਰ ਹਨ, ਜਿਹੜੇ ਇਸਲਾਮ ਨੂੰ ਇਸ ਦੇ ਬੁਨਿਆਦੀ ਸਰੂਪ, ਸਾਬਤ ਸੂਰਤ ਤੇ ਪੁਰਾਤਨ ਰੰਗ-ਰੂਪ ਵਿਚ ਬਰਕਰਾਰ ਰੱਖਣ ਦੇ ਹਾਮੀ ਹਨ। ਭਾਰਤ ਵਾਂਗ ਪਾਕਿਸਤਾਨ ਵਿਚ ਵਪਾਰੀ ਨੇ (ਵੀ) ਮਜ਼ਹਬੀ ਆਸ਼ਿਕ ਦਾ ਬੁਰਕਾ ਪਾਇਆ ਹੋਇਆ ਹੈ ਤੇ ਇਨ੍ਹਾਂ ਤਾਜਿਰਾਂ (ਵਪਾਰੀਆਂ) ਦੇ ਤਹਿਤ ਸਾਰੇ ਵਪਾਰੀ, ਵਪਾਰ ਕਰਦੇ ਹਨ। ਜਿਵੇਂ ਸਾਡੇ ਭਾਰਤ ਵਿਚ ਕਿਹਾ ਜਾਂਦਾ ਹੈ ਕਿ ‘ਸਵਰਨਿਮ ਯੁੱਗ’ ਬੀਤ ਚੁੱਕੇ ਹਨ ਜਾਂ ‘ਸੁਨਹਿਰੀ ਦੌਰ’ ਭਾਰਤ ਵੇਖ ਚੁੱਕਾ ਹੈ, ਉਸੇ ਤਰ੍ਹਾਂ ਪਾਕਿਸਤਾਨ ਵਿਚ ਵੀ, ਹਕੀਮ ਲੁਕਮਾਨ ਦੇ ਕਈ ‘ਵਾਰਿਸ’ ਹਨ ਤੇ ਉਥੇ ਅਤੀਤ (ਮਾਜ਼ੀ) ਦੀ ਪੂਜਾ (ਇਬਾਦਤ) ਕਰਨ ਵਾਲੇ ਘੱਟ ਨਹੀਂ ਹਨ। ਇਹ ਦਰਸਅਲ, ਦੱਖਣੀ ਏਸ਼ੀਅਨ ਡੀ.ਐੱਨ.ਏ. ਤੇ ਜੀਨਜ਼ ਹਨ ਕਿ ਹਰੇਕ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਕੌਮ ਦੇ ਆਪਣੇ ਨਾਇਕ ਹਨ। ਇਹ ਨਾਇਕ ਨਾ ਤਾਂ ਕਿਸੇ ਨੇ ਦੇਖੇ ਹੁੰਦੇ ਹਨ ਤੇ ਨਾ ਹੀ ਕਿਸੇ ਨੇ ਉਪਦੇਸ਼ ਦਿੰਦੇ ਸੁਣੇ ਹੁੰਦੇ ਹਨ ਪਰ ਵਪਾਰੀ ਲੋਕ, ਪੁਰਾਤਨ ਨਾਇਕਾਂ ਦੇ ਨਾਇਕਤਵ ਨੂੰ ਮੈਗਨੀਫਾਈ ਕਰਦੇ ਹਨ ਤੇ ਇਸ ਤਰ੍ਹਾਂ ਮੌਡਰਨ ਵਿਅਕਤੀ ਵੀ ਆਪਣੇ ਮਨ ਵਿਚ ਇਹ ਧਾਰਨਾ ਬਣਾ ਲੈਂਦਾ ਹੈ ਕਿ ‘ਬੀਤਿਆਂ ਸਮਾਂ ਇਤਿਹਾਸ ਦਾ ਸੁਨਹਿਰੀ ਦੌਰ’ ਸੀ। ਇਹ ਸਾਮਾਨਫਰੋਸ਼ ਬਾਬੇ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ ਕਿ ਜਿੰਨਾ ਵਿਗਿਆਨ ਅੱਜ ਵਿਕਸਤ ਹੈ, ਇਤਿਹਾਸ ਦੇ ਕਿਸੇ ਪੜਾਅ ਉੱਤੇ ਏਨਾ ਵਿਕਸਤ ਨਹੀਂ ਰਿਹਾ…ਪਰ ਜੇ ਉਹ ਇਹ ਪ੍ਰਚਾਰ ਕਰਨਗੇ ਤਾਂ ਉਹ ਕਦੇ ਵੀ ਕਰੋੜਾਂ-ਅਰਬਾਂ ਰੁਪਏ ਦੇ ਮਾਲਿਕ ਨਹੀਂ ਬਣ ਸਕਣਗੇ ਬਲਕਿ ਗ਼ਰੀਬ ਸੁਧਾਰਵਾਦੀ ਵਾਂਗ ਆਦਰਸ਼ ਜੀਵਨ ਜੀਉਣ ਲਈ ਪਾਬੰਦ ਹੋ ਜਾਣਗੇ ਜੋ ਕਿ ਸਾਡੇ ਲਗ਼ਜ਼ਰੀਪਸੰਦ ਸਾਧਾਂ ਨੂੰ ਕੱਤਈ ਤੌਰ ‘ਤੇ ਪਸੰਦ ਨਹੀਂ ਹੈ, ਨਹੀਂ ਹੈ, ਨਹੀਂ ਹੈ।
(5)
ਸੋ, ਜਦ ਤਕ ਮਨੁੱਖ ਇਤਿਹਾਸਕ ਵਿਕਾਸ-ਲੜੀ ਨੂੰ ਨਹੀਂ ਜਾਣਦਾ, ਉਦੋਂ ਤਕ ਸਾਧ ਬਾਬੇ, ਅਤੀਤ ਦੇ ਗ਼ਲੇ ਸੜੇ ਨਿਜ਼ਾਮਾਂ ਤੇ ਮਨੁੱਖ-ਦੋਖੀ ਰਾਜਪ੍ਰਬੰਧਾਂ ਬਾਰੇ ਗੱਪਾਂ ਲਿਖਾ ਕੇ ‘ਅਜੋਕੇ’ ਮਨੁੱਖ ਨੂੰ ਕਮਲਾ ਕਰੀ ਰੱਖਣਗੇ। ਇਹ ਪਰਮਸੱਚ ਜਿੰਨਾ ਮੇਰੇ ਲਈ ਜਾਣ ਲੈਣਾ ਜ਼ਰੂਰੀ ਹੈ, ਓਨਾਂ ਹੀ ਮੇਰੇ ਪਾਠਕਾਂ ਲਈ ਲਾਜ਼ਮੀ ਹੋ ਜਾਂਦਾ ਹੈ। ਵਰਨਾ, ਸਾਮਾਨ-ਵੇਚੂ ਬਾਬੇ ਤੇ ਇਨ੍ਹਾਂ ਦੀ ਇੰਡਸਟ੍ਰੀ ਇਸੇ ਤਰ੍ਹਾਂ ਲੋਕਾਈ ਦਾ ਸ਼ੋਸ਼ਣ ਕਰਦੀ ਰਹੇਗੀ। ਹਾਂ, ਚੇਤੰਨ ਹੋਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੈ!!!
#ਯਾਦਵਿੰਦਰ# ਅਨੁਭਵੀ ਪੱਤਰਕਾਰ ਤੇ ਲੋਕਾਂ ਦੇ ਲਿਖਾਰੀ ਹਨ। ਪੰਜਾਬੀ ਦੀਆਂ ਕਈ ਅਖਬਾਰਾਂ ਵਿਚ ਕਾਰਜਸ਼ੀਲ ਰਹੇ ਹਨ। ਅਮੀਰ ਸ਼ਬਦਾਵਲੀ ਅਤੇ ਸਰੋਕਾਰਾਂ ਦੀ ਸੋਝੀ ਹੋਣ ਸਦਕਾ ਨਵੇਂ ਸ਼ਬਦਾਂ ਦੇ ਘਾੜੂ ਵੀ ਹਨ। ਦੋਆਬੇ ਦੇ ਮਸ਼ਹੂਰ ਪਿੰਡ ਰਾਊਵਾਲੀ ਦੇ ਸਰੂਪ ਨਗਰ ਵਿਚ ਰਹਿੰਦੇ ਨੇ।+91 9465329617