ਏਹੁ ਹਮਾਰਾ ਜੀਵਣਾ ਹੈ -575

ਬਰਜਿੰਦਰ ਕੌਰ ਬਿਸਰਾਓ

 (ਸਮਾਜ ਵੀਕਲੀ)- ਰੀਮਾ ਅਤੇ ਉਸ ਦੀ ਦਾਦੀ ਦੋਵੇਂ ਜਣੀਆਂ  ਚੰਡੀਗੜ੍ਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਈਆਂ ਹੋਈਆਂ ਸਨ। ਸਾਰਾ ਦਿਨ ਉੱਥੇ ਖ਼ਰੀਦੋ ਫਰੋਖ਼ਤ ਵਿੱਚ ਨਿਕਲ ਗਿਆ। ਸ਼ਾਮ ਨੂੰ ਪੰਜ ਵਜੇ ਉਹਨਾਂ ਨੇ ਚੰਡੀਗੜ੍ਹ ਤੋਂ ਲੁਧਿਆਣਾ ਲਈ ਬੱਸ ਫੜ ਲਈ। ਰਿਸ਼ਤੇਦਾਰਾਂ ਨੇ ਤਾਂ ਬਥੇਰਾ ਜ਼ੋਰ ਲਾਇਆ ਸੀ ਕਿ ਇੱਕ ਦਿਨ ਹੋਰ ਰਹਿ ਲੈਣ ਪਰ ਰੀਮਾ ਦੀ ਦਾਦੀ ਦੀ ਦਵਾਈ ਮੁੱਕ ਗਈ ਸੀ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਇੱਕ ਦਿਨ ਵਾਧੂ ਲਾ ਲਿਆ ਸੀ। ਸ਼ਹਿਰ ਵਿੱਚ ਹੀ ਤਾਂ ਜਾਣਾ ਸੀ, ਉੱਥੇ ਤਾਂ ਰਾਤ ਨੂੰ ਵੀ ਚਹਿਲ ਪਹਿਲ ਹੀ ਰਹਿੰਦੀ ਹੈ,ਡਰ ਕਾਹਦਾ…? ਛੇ ਕੁ ਵਜੇ ਉਹਨਾਂ ਦੀ ਬੱਸ ਖ਼ਰਾਬ ਹੋ ਗਈ ਤੇ ਡਰਾਈਵਰ ਨੇ ਮਸਾਂ ਪੁਰਜਾ ਠੀਕ ਕਰਕੇ ਬੱਸ ਨੂੰ ਹੌਲ਼ੀ ਹੌਲ਼ੀ ਚਲਾ ਕੇ ਰਾਤ ਨੂੰ ਦਸ ਵਜੇ ਲੁਧਿਆਣੇ ਅੱਪੜਦੀ ਕੀਤਾ। ਕਹਿਣ ਨੂੰ ਤਾਂ ਰੀਮਾ ਦਾ ਪਰਿਵਾਰ ਸ਼ਹਿਰ ਵਿੱਚ ਰਹਿੰਦਾ ਸੀ ਪਰ ਉਹਨਾਂ ਦੀ ਕੋਠੀ ਸ਼ਹਿਰੋਂ ਬਾਹਰਵਾਰ ਬਣੀਆਂ ਨਵੀਆਂ ਕਲੋਨੀਆਂ ਵਿੱਚ ਬਣੀ ਹੋਈ ਸੀ। ਉਹਨਾਂ ਦੀ ਕਲੋਨੀ ਵਿੱਚ ਚਾਹੇ ਕੋਈ ਡਰ ਵਾਲ਼ੀ ਗੱਲ ਨਹੀਂ ਸੀ ਪਰ ਵੱਡੀ ਸੜਕ ਤੋਂ ਕਲੋਨੀ ਤੱਕ ਦਾ ਤਿੰਨ ਚਾਰ ਕਿਲੋਮੀਟਰ ਦਾ ਰਸਤਾ ਜਮ੍ਹਾਂ ਈ ਸੁੰਨਸਾਨ ਤੇ ਉਜਾੜ ਸੀ। ਰੀਮਾ ਨੇ ਕੈਬ ਬੁੱਕ ਕਰਨੀ ਸ਼ੁਰੂ ਕੀਤੀ ਤਾਂ ਉਸ ਦੀ ਬੁਕਿੰਗ ਕੈਂਸਲ ਹੋ ਜਾਇਆ ਕਰੇ। ਇਸ ਤਰ੍ਹਾਂ ਕਰਦੀ ਨੂੰ ਪੂਰੇ ਗਿਆਰਾਂ ਵੱਜ ਗਏ ਪਰ ਉਸ ਦੀ ਕੈਬ ਬੁੱਕ ਨਾ ਹੋਈ। ਘਰੋਂ ਵੀ ਕੋਈ ਲੈਣ ਨਹੀਂ ਆ ਸਕਦਾ ਸੀ ਕਿਉਂਕਿ ਉਸ ਦਾ ਡੈਡੀ ਦਫ਼ਤਰ ਦੇ ਕੰਮ ਦਿੱਲੀ ਗਿਆ ਹੋਇਆ ਸੀ ਤੇ ਭਰਾ ਹਜੇ ਛੋਟਾ ਸੀ ਜਿਸ ਨੂੰ ਕਾਰ ਚਲਾਉਣੀ ਨਹੀਂ ਆਉਂਦੀ ਸੀ। ਰੀਮਾ ਨੇ ਫਿਰ ਕੈਬ ਬੁੱਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੈਬ ਤਾਂ ਬੁੱਕ ਹੋ ਗਈ ਪਰ ਹਜੇ ਉਸ ਨੂੰ ਪਹੁੰਚਣ ਨੂੰ ਵੀਹ ਮਿੰਟ ਲੱਗਣੇ ਸਨ। ਆਖਰ ਲੰਮੇ ਇੰਤਜ਼ਾਰ ਤੋਂ ਬਾਅਦ ਸਾਢੇ ਗਿਆਰਾਂ ਵਜੇ ਕੈਬ ਆ ਗਈ। ਦਾਦੀ ਪੋਤੀ ਸਹਿਮੀਆਂ ਹੋਈਆਂ ਕਾਰ ਵਿੱਚ ਬੈਠੀਆਂ ਤੇ ਕਾਰ ਤੁਰ ਪਈ।

              ਕੈਬ ਦਾ ਡਰਾਈਵਰ ਪੰਜਾਬੀ ਨਹੀਂ ਲੱਗਦਾ ਸੀ। ਉਹ ਵਾਰ ਵਾਰ ਮੂਹਰਲੇ ਉਪਰਲੇ ਸ਼ੀਸ਼ੇ ਵਿੱਚੋਂ ਦੀ ਰੀਮਾ ਤੇ ਉਸ ਦੀ ਦਾਦੀ ਵੱਲ ਵੇਖ ਰਿਹਾ ਸੀ। ਜਿਵੇਂ ਹੀ ਉਹ ਉਹਨਾਂ ਨੂੰ ਸ਼ੀਸ਼ੇ ਵਿੱਚੋਂ ਦੇਖ਼ ਕੇ ਹਟੇ ਤਾਂ ਦੋਵੇਂ ਦਾਦੀ ਪੋਤੀ ਆਪਸ ਵਿੱਚ ਘੁਸਰ ਮੁਸਰ ਕਰਕੇ ਕੋਈ ਗੱਲ ਕਰਨ। ਡਰਾਈਵਰ ਦਾ ਧਿਆਨ ਡਰਾਇਵਿੰਗ ਨਾਲੋਂ ਜ਼ਿਆਦਾ ਉਹਨਾਂ ਦੋਹਾਂ ਵਿੱਚ ਸੀ। ਦਾਦੀ ਪੋਤੀ ਦਾ ਧਿਆਨ ਸਿਰਫ਼ ਡਰਾਈਵਰ ਦੀਆਂ ਗਤੀਵਿਧੀਆਂ ਵਿੱਚ ਲੱਗਿਆ ਹੋਇਆ ਸੀ। ਜਦੋਂ ਉਜਾੜ ਵਾਲ਼ਾ ਰਸਤਾ ਆਇਆ ਤਾਂ ਰੀਮਾ ਤੇ ਉਸ ਦੀ ਦਾਦੀ ਵੀ ਸਤਰਕ ਹੋ ਕੇ ਬੈਠ ਗਈਆਂ ਤੇ ਡਰਾਈਵਰ ਵੀ ਪੂਰੀ ਤਰ੍ਹਾਂ ਲਗਾਤਾਰ ਉਹਨਾਂ ਵਿੱਚ ਧਿਆਨ ਗੱਡ ਕੇ ਡਰਾਈਵਿੰਗ ਕਰਨ ਲੱਗਿਆ। ਕਾਰ ਵਿੱਚ ਭੈਅ ਦਾ ਮਾਹੌਲ ਵਧ ਗਿਆ। ਡਰਾਈਵਰ ਅਤੇ ਦੋਵੇਂ ਸਵਾਰੀਆਂ ਪੂਰੀ ਤਰ੍ਹਾਂ ਚੌਕੰਨੇ ਸਨ।ਰਾਤ ਦੇ ਬਾਰਾਂ ਵੱਜੇ ਹੋਣ ਕਰਕੇ ਵੀ ਕਿਸੇ ਦੇ ਚਿਹਰੇ ਤੇ ਨੀਂਦ ਦਾ ਕੋਈ ਚਿੰਨ੍ਹ ਵਿਖਾਈ ਨਹੀਂ ਦਿੰਦਾ ਸੀ।ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਹਨਾਂ ਨਾਲ ਕੋਈ ਵਾਰਦਾਤ ਵਾਪਰਨ ਹੀ ਵਾਲੀ ਹੈ ਤੇ ਉਹ ਉਸ ਦਾ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਤਣੇ ਬੈਠੇ ਹਨ। ਜਿਵੇਂ ਹੀ ਕਲੋਨੀ ਦੀਆਂ ਬੱਤੀਆਂ ਦਿਖਣੀਆਂ ਸ਼ੁਰੂ ਹੋਈਆਂ ਤਾਂ ਰੀਮਾ ਤੇ ਉਸ ਦੀ ਦਾਦੀ ਥੋੜ੍ਹਾ ਜਿਹਾ ਸਰੀਰ ਢਿੱਲਾ ਕਰਕੇ ਅਰਾਮ ਅਵਸਥਾ ਵਿੱਚ ਹੋਈਆਂ। ਓਧਰ ਡਰਾਈਵਰ ਵੀ ਥੋੜ੍ਹੇ ਜਿਹੇ ਸਕੂਨ ਵਿੱਚ ਦਿਸਿਆ।
          ਜਿਵੇਂ ਹੀ ਕਲੋਨੀ ਦੇ ਵੱਡੇ ਗੇਟ ਤੋਂ ਕਾਰ ਉਹਨਾਂ ਦੀ ਕੋਠੀ ਮੂਹਰੇ ਰੁਕੀ ਤਾਂ ਰੀਮਾ ਤੇ ਉਸ ਦੀ ਦਾਦੀ ਦੇ ਚਿਹਰੇ ਦੀ ਰੌਣਕ ਐਨੀ ਵਧ ਗਈ ਜਿਵੇਂ ਉਹ ਕੋਈ ਜੰਗ ਜਿੱਤ ਕੇ ਆਈਆਂ ਹੋਣ। ਰੀਮਾ ਦੀ ਦਾਦੀ ਡਰਾਈਵਰ ਨੂੰ ਆਖਣ ਲੱਗੀ,”…. ਬੇਟਾ…… ਤੇਰਾ ਬਹੁਤ ਬਹੁਤ ਸ਼ੁਕਰੀਆ….. ਜੋ ਤੂੰ ਸਾਨੂੰ ਐਨੀ ਰਾਤ ਨੂੰ ਸਹੀ ਸਲਾਮਤ ਸਾਡੇ ਘਰ ਪਹੁੰਚਾਇਆ….. ਅੱਧੀ ਰਾਤ ਨੂੰ ਕੋਈ ਕੈਬ ਵੀ ਨਹੀਂ ਮਿਲ ਰਹੀ ਸੀ…… ਤੂੰ….. ਸਾਡੀ ਬੁਕਿੰਗ ਸਵੀਕਾਰ ਕਰ ਕੇ ਸਾਡੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ….. ਮੇਰੇ ਨਾਲ ਮੇਰੀ ਜਵਾਨ ਪੋਤੀ ਸੀ…… ਸਾਰੇ ਰਸਤੇ ਅਸੀਂ ਸਹਿਮੀਆਂ ਰਹੀਆਂ….. ਕਿਤੇ ਤੂੰ ਸਾਡੇ ਨਾਲ ਕੋਈ ਵਾਰਦਾਤ ਈ ਨਾ ਕਰ ਦੇਵੇਂ….. ਆਹ ਲੈ ਫੜ (ਬੰਦ ਮੁੱਠੀ ਵਿੱਚ ਦੋ ਪੰਜ ਸੌ ਦੇ ਨੋਟ ਦਿੰਦੀ ਹੋਈ ) ….. ਇੱਜ਼ਤ ਲੱਖੀਂ ਨਾ ਹਜ਼ਾਰੀਂ….. (ਰਾਜੂ ਡਰਾਈਵਰ ਮਨ੍ਹਾ ਕਰਦਾ ਹੈ ਪਰ ਉਹ ਉਸ ਨੂੰ ਜ਼ਬਰਦਸਤੀ ਹਜ਼ਾਰ ਰੁਪਏ ਦਿੰਦੀ ਹੈ) …. ਇਹ ਤੇਰਾ ਇਨਾਮ ਹੈ।”
       ਰਾਜੂ ਆਖਣ ਲੱਗਿਆ,”….. ਬੀਜੀ….. ਡਰ ਮੈਂ ਵੀ ਬਹੁਤ ਰਿਹਾ ਸੀ….. ਤੇ ਮੈਂ ਪਛਤਾ ਰਿਹਾ ਸੀ ਕਿ ਮੈਂ ਇਹ ਬੁਕਿੰਗ ਕਿਉਂ ਸਵੀਕਾਰ ਕੀਤੀ….. ਹਜੇ ਪਿਛਲੇ ਹਫਤੇ ਹੀ ਤਾਂ ਇਸ ਉਜਾੜ ਵਾਲ਼ੀ ਥਾਂ ਤੇ….. ਇੱਕ ਕੈਬ ਵਾਲੇ ਨੂੰ ਦੋ ਔਰਤਾਂ ਤੇ ਉਹਨਾਂ ਦੇ ਸਾਥੀਆਂ ਨੇ ਲੁੱਟਿਆ ਸੀ ਤੇ ਸੱਟਾਂ ਮਾਰੀਆਂ ਸਨ। ਮੇਰੇ ਮਨ ਵਿੱਚ ਉਹੀ ਘਟਨਾ ਘੁੰਮ ਰਹੀ ਸੀ…. ਮੈਨੂੰ ਵਾਰ ਵਾਰ ਆਪਣੇ ਇੱਕ ਸਾਲ ਦੇ ਬੱਚੇ ਅਤੇ ਜਵਾਨ ਪਤਨੀ ਦਾ ਖਿਆਲ ਆ ਰਿਹਾ ਸੀ…. ਮੈਂ ਸੋਚ ਰਿਹਾ ਸੀ ਕਿ ਜੇ ਕਿਤੇ ਮੇਰੇ ਨਾਲ…. ਕੋਈ ਅਣਹੋਣੀ ਵਾਪਰ ਗਈ ਤਾਂ ਉਨ੍ਹਾਂ ਦਾ ਕੀ ਬਣੇਗਾ….?”
ਰੀਮਾ ਆਖਣ ਲੱਗੀ,”ਇਸ ਦਾ ਮਤਲਬ…… ਦੋਵੇਂ ਪਾਸੇ ਡਰ ਹੀ ਘੁੰਮ ਰਿਹਾ ਸੀ…… ਤਾਂ ਹੀ ਤਾਂ….. ਕਾਰ ਅੰਦਰ ਦਾ ਮਾਹੌਲ ਪੂਰੀ ਤਰ੍ਹਾਂ ਭੈਅਭੀਤ ਸੀ…… ਜੇ ਤੁਰਨ ਤੋਂ ਪਹਿਲਾਂ ਹੀ ਗੱਲ ਬਾਤ ਕਰਕੇ ਡਰ ਖ਼ਤਮ ਕਰ ਲੈਂਦੇ ਤਾਂ ਸਫ਼ਰ ਕਿੰਨਾ ਸੁਖਾਲਾ ਹੁੰਦਾ….. ਸਾਡੇ ਅੰਦਰਲਾ ਭੈਅ ਹੀ ਤਾਂ ਭੈਅਭੀਤ ਵਾਤਾਵਰਨ ਸਿਰਜਦਾ ਹੈ…..!”
      “ਰਾਜੂ…. ਘਰ ਪਹੁੰਚ ਕੇ ਸਾਨੂੰ ਫੋਨ ਕਰ ਦੇਵੀਂ…. ।” ਰੀਮਾ ਦੀ ਦਾਦੀ ਕਹਿੰਦੀ ਹੈ।
“ਹਾਂ ਜੀ ਬੀਜੀ ਜ਼ਰੂਰ….!” ਕਹਿਕੇ ਰਾਜੂ ਗੱਡੀ ਸਟਾਰਟ ਕਰਕੇ ਚੱਲ ਪੈਂਦਾ ਹੈ। ਜਾਂਦੇ ਹੋਏ ਰਾਜੂ ਜਿਨ੍ਹਾਂ ਤਣਾਅ ਵਿੱਚ ਸੀ ,ਓਨਾਂ ਹੀ ਉਹ ਵਾਪਸੀ ਤੇ ਖੁਸ਼ੀ ਖੁਸ਼ੀ ਆ ਰਿਹਾ ਸੀ ਕਿਉਂਕਿ ਉਸ ਦੇ ਮਕਾਨ ਦਾ ਕਿਰਾਇਆ ਭਰਨ ਦੀ ਆਖਰੀ ਤਰੀਕ ਸੀ ਤੇ ਉਸ ਕੋਲ ਬੀਜੀ ਦਾ ਹਜ਼ਾਰ ਰੁਪਏ ਪਾ ਕੇ ਕਿਰਾਇਆ ਪੂਰਾ ਹੋ ਗਿਆ ਸੀ ਤੇ ਉਸ ਨੂੰ ਮਕਾਨ ਮਾਲਕ ਦੀਆਂ ਗੱਲਾਂ ਨਹੀਂ ਸੁਣਨੀਆਂ ਪੈਂਣੀਆਂ  ਸਨ। ਹੁਣ ਉਸ ਦੇ ਦਿਮਾਗ਼ ਵਿੱਚੋਂ ਮਕਾਨ ਮਾਲਕ ਦੀਆਂ ਗਾਲ੍ਹਾਂ ਵਾਲ਼ਾ ਭੈਅ ਦਾ ਮਾਹੌਲ ਵੀ ਪੂਰੀ ਤਰ੍ਹਾਂ ਨਿਕਲ਼ ਗਿਆ ਸੀ।
 ਜਿਸ ਤਰ੍ਹਾਂ ਬੀਜੀ ਨੇ ਰਾਜੂ ਨੂੰ ਇਨਾਮ ਦੇ ਕੇ ਨਿਵਾਜਿਆ ਸੀ, ਉਸੇ ਤਰ੍ਹਾਂ ਅੰਨ੍ਹੀ ਲੋੜ ਵੇਲੇ ਕੰਮ ਆਉਣ ਵਾਲੇ ਬੰਦੇ ਨੂੰ ਸਨਮਾਨਿਤ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ ਕਿਉਂਕਿ ਹਰ ਕੰਮ  ਆਲ਼ੇ ਬੰਦੇ ਦੀ ਕਦਰ ਕਰਨੀ ਚਾਹੀਦੀ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleऐतिहासिक स्थल अंबेडकर भवन में ‘बूटा मंडी – नर्व सेंटर ऑफ़ दलित चेतना’ पुस्तक का विमोचन किया गया
Next articleਅਵਤਾਰ ਪੁਰਬ ‘ਤੇ ਵਿਸ਼ੇਸ਼ / ਸ੍ਰੀ ਗੁਰੂ ਤੇਗ ਬਹਾਦੁਰ ਜੀ