ਫ਼ਿਕਰਾਂ ਮਾਰੀ ਮਾਂ

ਸਤਨਾਮ ਸ਼ਦੀਦ ਸਮਾਲਸਰ
 (ਸਮਾਜ ਵੀਕਲੀ)-ਜਦੋਂ ਕਦੇ ਦੂਰ ਨੇੜੇ ਗਿਆ ਕੁਵੇਲਾ ਹੋ ਜਾਣਾ ਤਾਂ ਮਾਂ ਨੇ ਡੂਘੇ ਨ੍ਹੇਰੇ ਤਕ ਬੂਹੇ ਅੱਗੇ ਖੜ੍ਹੀ ਉਡੀਕਦੀ ਰਹਿਣਾ ਜਦੋਂ ਉਹਦੀ ਨਿਗ੍ਹਾ ਪੈਣਾ ਤਾਂ ਉਹਦੇ ਸਾਹ ‘ਚ ਸਾਹ ਆਉਣੇ ਜਿਵੇਂ ਪੁੱਤ ਨੂੰ ਵੇਖਦਿਆਂ ਉਹਦਾ ਸਵਾ ਸੇਰ ਖੂਨ ਵਧ ਗਿਆ ਹੋਵੇ, ਬੂਹਿਉਂ ਵੜਦਿਆਂ ਹੀ ਉਹਨੇ ਕਹਿਣਾ ਪੁੱਤ ਐਨਾ ਨ੍ਹੇਰਾ ਹੋ ਗਿਆ ਮੈਨੂੰ ਤਾਂ ਘਰ ਹੀ ਖਾਣ ਨੂੰ ਆਉਂਦਾ ਸੀ …………। ਮੈਨੂੰ ਬੇਬੇ ਦੀਆਂ ਇਨ੍ਹਾਂ ਗੱਲਾਂ ਤੇ ਕਈ ਵਾਰ ਖਿਝ ਚੜ੍ਹ ਜਾਣੀ ਤੇ ਮੈਂ ਉਹਨੂੰ ਝਿੜਕਦਿਆਂ ਕਹਿ ਦੇਣਾ, ਹੁਣ ਮੈਂ ਕੋਈ ਦੁੱਧ ਚੁਘਦਾ ਜਵਾਕ ਥੋੜੋਂ ਆ ਵੀ ਰੁਲ ਜਾਉਂ ਤੂੰ ਐਵੇਂ ਫਿਕਰ ਕਰਦੀ ਰਹਿੰਦੀ ਐ , ਗਏ ਬੰਦੇ ਨੇ ਨ੍ਹੇਰਾ ਸਵੇਰਾ ਹੋ ਹੀ ਜਾਂਦਾ ਆ।”
ਉਹਨੇ ਮੇਰੀਆਂ ਝਿੜਕਾਂ ਨੂੰ ਉਹਨੇ ਹੱਸ ਕੇ ਟਾਲ ਦੇਣਾ ਤੇ ਬਾਹਰ ਚੁੱਲ੍ਹੇ ਤੇ ਦਾਲ ਰੋਟੀ ਤੱਤੀ ਕਰਨ ਲੱਗ ਜਾਣਾ, ”ਜਵਾਕ ਭਾਵੇਂ ਬੁੱਢੇ ਹੋ ਜਾਣ ਪਰ ਮਾਂ-ਪਿਉ ਲਈ ਤਾਂ ਸਦਾ ਨਿਆਣੇ ਹੀ ਰਹਿੰਦੇ ਆ………. ਨਾਲੇ ਫਿਕਰ ਮਾਂਵਾਂ ਤੋਂ ਬਿਨ੍ਹਾਂ ਹੋਰ ਕੌਣ ਕਰਦਾ ਪੁੱਤ , ਧੀਆਂ ਪੁੱਤਾਂ ਦੀ ਅੱਗ ਹੀ ਵੱਖਰੀ ਹੁੰਦੀ ਆ। ਜਦੋਂ ਤੂੰ ਪਿਉ ਬਣੇਗਾ ਨਾ ਤੈਨੂੰ ਉਦੋਂ ਪਤਾ ਲਗਣਾ ਵੀ ਮਾਂ ਸੱਚ ਕਹਿੰਦੀ ਹੁੰਦੀ ਸੀ।
ਨਿੱਕੇ ਹੁੰਦਿਆਂ ਜੇ ਵੱਗਾਂ ‘ਚ ਖੇਡਦਿਆਂ ਜਾਂ ਐਤਵਾਰ ਗੁਆਂਢੀਆਂ ਦੇ ਟੀ.ਵੀ ਵੇਖਦਿਆਂ ਆਥਣ ਹੋ ਜਾਣਾ ਤਾਂ ਉਹਨੇ ਡੰਡਾ ਚੱਕੀ ਆਉਣਾ, ਘਰੇ ਚੱਲ ਤੋੜਦੀ ਆਂ ਤੇਰੀਆਂ ਲੱਤਾ, ਭੁੰਨੜਿਆਂ ਤੜਕੇ ਦਾ ਘਰੋਂ ਨਿਕਲਿਆਂ, ਆਵਦੀਆਂ ਮਾਵਾਂ ਦਾ ਨੀ ਫ਼ਿਕਰ , ਘਰੇ ਰੱਸੇ ਤੁੜਾਈ ਜਾਂਦੀਆਂ, ਆ ਲੈਣ ਦੇ ਤੇਰੇ ਪਤੰਦਰ ਨੂੰ ਦੱਸਦੀ ਆਂ ਵੀ ਕੋਈ ਲੋੜ ਨੀ ਇਹਨੂੰ ਪੜ੍ਹਾਉਣ ਪੜੂਣ ਦੀ ਬੱਕਰੀਆਂ ਰੱਖ ਦੇ ਆਪੇ ਗਿੱਟੇ ਛਲਾਉਂਦਾ ਫਿਰੀ ਜਾਇਆ ਕਰੂ,  ਜੇ ਕਿਤੇ ਉਹਨੇ ਇੱਕ ਦੋ ਚਪੇੜਾਂ ਮਾਰ ਵੀ ਦੇਣੀਆਂ ਤਾਂ ਮਗਰੋਂ ਆਪ ਵੀ ਰੋ ਪੈਣਾ , ਰੋਂਦੀ ਨੇ ਆਵਦੇ ਢਿੱਡ ਨਾਲ ਲਾ ਕੇ ਕਹਿਣਾ , ਆਹ ਟੱਟ ਜਾਣ ਮੇਰੇ ਹੱਥ ਜਿਹੜੇ ਹੱਥਾਂ ਨਾਲ ਮੈਂ ਆਵਦੇ ਪੁੱਤ ਨੂੰ ਮਾਰਿਆ ਏ …ਫੇਰ ਬੁੱਕਲ ਵਿੱਚ ਲੈ ਕਿੰਨ੍ਹਾਂ ਚਿਰ ਮੱਥਾ ਚੁੰਮੀ ਜਾਣਾ……..।
ਜਦੋਂ ਵਿਆਹ ਹੋ ਗਿਆ ਜਵਾਕਾਂ ਜੱਲਿਆਂ  ਵਾਲੇ ਹੋ ਗਏ ਤੇ ਮਾਂ ਵੀ ਬੁੱਢੀ ਹੋ ਗਈ ਤਾਂ ਅਹਿਸਾਸ ਹੋਇਆ ਮਾਂ ਸੱਚ ਕਹਿੰਦੀ ਏ ਧੀਆਂ ਪੁੱਤਾਂ ਦੀ ਅੱਗ ਹੀ ਵੱਖਰੀ ਹੁੰਦੀ ਆ, ਆਵਦਾ ਕੁਛ ਦੁਖਦਾ ਹੋਵੇ ਤਾਂ ਬਿਨ੍ਹਾਂ ਦਵਾਈ ਬੂਟੀ ਲਿਆਂ ਵੀ ਸਾਰ ਲਈ ਦਾ ਪਰ ਜਵਾਕਾਂ ਦੇ ਕੰਡਾਂ ਵੱਜਿਆ ਨੀ ਜਰ ਹੁੰਦਾ ਜੇ ਜਿਵੇਂ ਮਾਂ ਸਾਡੇ ਨਿੱਕੇ ਹੁੰਦਿਆਂ ਤਾਪ ਚੜ੍ਹੇ ਜਾਂ ਸਿਰ ਦੁਖਦੇ ਤੋਂ ਹਰੇ ਪੱਤੇ ਵਾਲੀ ਗੋਲੀ ਲੈ ਲੈੈਂਦੀ ਸੀ ਜਿਹੜੀ ਦੁਕਾਨਾਂ ਤੋਂ ਆਮ ਹੀ ਮਿਲ ਜਾਂਦੀ ਸੀ।
ਕਹਿੰਦੇ ਹੁੰਦੇ ਆ ਵੀ ਪੂਰਨ ਦੇ ਵਿਯੋਗ ‘ਚ ਰੋ-ਰੋ ਕੇ ਅੰਨ੍ਹੀ ਹੋਈ ਮਾਂ ਨੂੰ ਜਦੋਂ ਕਿੰਨ੍ਹੇ ਸਾਲਾਂ ਬਾਦ ਪੂਰਨ ਨਾਥ ਬਣ ਕੇ ਉਹਦੇ ਕੋਲ ਆਇਆ ਸੀ ਤਾਂ ਉਹਦੀ ਛਾਤੀ ‘ਚ ਦੁੱਧ ਉਤਰ ਆਇਆ ਸੁੱਕਿਆ ਬਾਗ ਹਰਾ ਹੋ ਗਿਆ ਮਾਂ ਨੂੰ ਪਤਾ ਲੱਗ ਗਿਆ ਮੇਰਾ ਪੂਰਨ ਨੇੜੇ ਤੇੜੇ ਹੀ ਆ। ……… ਉਵੇਂ ਭਾਵੇਂ ਮਾਂ ਅੱਖਾਂ ਤੋਂ ਆਹਰੀ ਹੋ ਗਈ ਪਰ ਜਦੋਂ ਰਾਤ ਨੂੰ ਹਨ੍ਹੇਰੇ ਹੋਏ ਘਰ ਆਉਣਾ ਤਾਂ ਘਰਦੇ ਸਾਰੇ ਜੀਆਂ ਨੇ ਘੂਕ ਸੁੱਤੇ ਪਏ ਹੋਣਾ ਪਰ ਮਾਂ ਨੇ ਬਿਨ੍ਹਾਂ ਬੂਹਾ ਖੜ੍ਹਕੇ ਪੈੜ ਚਾਲ ਸੁਣ ਕੇ ਕਹਿਣਾ……ਆ ਗਿਆ ਪੁੱਤ ਤੇ ਮੇਰੇ ਕੋਲ ਉਹਦੇ ਇਹ ਮੋੋਹ ਭਰੇ ਸ਼ਬਦਾਂ ਦਾ ਉਤਰ ਦੇਣ ਵਾਸਤੇ ਵੀ ਕੋਈ ਸ਼ਬਦ ਨਾ ਹੋਣਾ…….ਮੈਂ ਏਨਾਂ ਹੀ ਕਹਿ ਸਕਣਾ ”ਆਹੋ ਬੇਬੇ, ਤੂੰ ਸੁੱਤੀ ਨੀ ਹਾਲੇ ……….।” ਪੁੱਤ ਜਦੋਂ ਘਰਦਾ ਇਕ ਜੀ ਵੀ ਨਾ ਹੋਵੇ ਮਾਂਵਾਂ ਨੂੰ ਭਲਾਂ ਨੀਂਦ ਆ ਸਕਦੀ ਐ।ਮੈਂ ਸੋਚਦਾ ਕਿ ਇਹ ਗੱਲ੍ਹਾਂ ਐਵੇਂ ਨੀ ਬਣੀਆਂ ਜਦੋਂ ਘਰ ਦੀਆਂ ਕੰਧਾਂ ਵੀ ਸੋਂ ਜਾਂਦੀਆਂ ਮਾਵਾਂ ਉਦੋਂ ਸੌਂਦੀਆਂ………।
ਫੇਰ ਇੱਕ ਦਿਨ ਉਹ ਬਿਲਕੁੱਲ ਸ਼ਾਤ ਚੁੱਪ-ਚਾਪ ਪਈ ਸੀ ਜਿਵੇਂ ਚਿਰਾਂ ਦੇ ਫ਼ਿਕਰ ਮੁਕਾ ਲੰਮੇ ਅਰਸੇ ਬਾਦ ਉਹਨੂੰ ਗੂੜੀ ਨੀਂਦ ਆਈ ਹੋਵੇ ਅੱਜ ਉਹਨੇ ਫਿਕਰਾਂ ਦੀ ਪੰਡ ਵਗਾ ਮਾਰੀ ਹੋਵੇ ਤੇ ਮੇਰੀ ਆਤਮਾ ਕੁਰਲਾ ਕੇ ਕਹਿ ਰਹੀ ਹੋਵੇ ਹੁਣ ਤੇਰੇ ਬਿਨ੍ਹਾਂ ਫ਼ਿਕਰ ਕੌਣ ਕਰੂ ਮਾਂ………।
ਉਹਦੇ ਜਾਣ ਤੋਂ ਬਾਦ ਵੀ ਨ੍ਹੇਰਾ ਸਵੇਰਾ ਹੋ ਜਾਂਦਾ ਹੈ ਨਾ ਤਾਂ ਹੁਣ ਕੋਈ ਬੂਹੇ ਅੱਗੇ ਖੜ੍ਹਾ ਉਡੀਕਦਾ ਹੈ ਤੇ ਨਾ ਕੋਈ ਕਹਿੰਦਾ ਏ ਐਨਾਂ ਨ੍ਹੇਰਾ ਹੋ ਗਿਆ ਮੈਨੂੰ ਤਾਂ ਤੇਰੇ ਬਿਨ੍ਹਾਂ ਘਰ ਖਾਣ ਨੂੰ ਆਉਂਦਾ ਸੀ , ਸ਼ਾਇਦ ਘਰਾਂ ਦੇ ਫ਼ਿਕਰ ਮਾਂਵਾਂ ਦੇ ਨਾਲ ਹੀ ਮੁੱਕ ਜਾਂਦੇ ਆ………।

ਸਤਨਾਮ ਸ਼ਦੀਦ
9914298580

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ‘ਚ ਦਸਵੀਂ ਕਲਾਸ ‘ਚ ਅਵੱਲ ਆਉਣ ਵਾਲੇ ਵਿਦਿਆਰਥੀ ਸਨਮਾਨਿਤ
Next articleਸ਼ੁਭ ਸਵੇਰ ਦੋਸਤੋ,