ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਵਿਸ਼ਵਾ ਸੈਰ ਸਪਾਟਾ ਦਿਵਸ ਮੌਕੇ ਅੱਜ ਵਣ ਚੇਤਨਾ ਪਾਰਕ, ਬਸੀ ਪੁਰਾਣੀ ਵਿਖੇ ਬਣੇ ਨੇਚਰ ਇੰਟਰਪ੍ਰੈਟੇਸ਼ਨ ਸੈਂਟਰ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਅਤੇ ਵਣ ਵਿਭਾਗ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਾਰਾ ਦੇ 50 ਵਿਦਿਆਰਥੀਆਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਈਕੋ ਟੂਰਿਜ਼ਮ ਅਤੇ ਟਿਕਾਊ ਵਿਕਾਸ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਵਣ ਮੰਡਲ ਅਫ਼ਸਰ ਹੁਸ਼ਿਆਰਪੁਰ ਨਲਿਨ ਯਾਦਵ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਈਕੂ ਟੂਰਿਜ਼ਮ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਸੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਅਤੇ ਸੈਰ ਸਪਾਟੇ ਨੂੰ ਇਕ ਦੂਜੇ ਨਾਲ ਜੋੜ ਕੇ ਈਕੂ ਟੂਰਿਜ਼ਮ ਨੂੰ ਬੜ੍ਹਾਵਾ ਦੇਣਾ ਅੱਜ ਦੇ ਸਮੇਂ ਦੀ ਲੋੜ ਹੈ। ਉਨ੍ਹਾ ਕਿਹਾ ਕਿ ਸਾਡਾ ਉਦੇਸ਼ ਲੋਕਾਂ ਨੂੰ ਕੁਦਰਤ ਨਾਲ ਜੋੜ ਕੇ ਟੂਰਿਜ਼ਮ ਨੂੰ ਇਸ ਤਰ੍ਹਾਂ ਬੜ੍ਹਾਵਾ ਦੇਣਾ ਹੈ, ਜਿਥੇ ਨੇਚਰ ਦੀ ਸੁਬੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸੈਰ ਸਪਾਟੇ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਡੀ.ਐਫ.ਓ ਨੇ ਦੱਸਿਆ ਕਿ ਹੁਸ਼ਿਆਰਪੁਰ ਸੂਬੇ ਦਾ ਇਕ ਤਿਹਾਈ ਵਣ ਖੇਤਰ ਹੈ, ਜੋ ਇਸ ਨੂੰ ਈਕੋ ਟੂਰਿਜ਼ਮ ਲਈ ਇਕ ਆਦਰਸ਼ ਜਗ੍ਹਾ ਬਣਾਉਂਦਾ ਹੇ। ਇਥੋਂ ਦੀ ਜੈਵ ਵਿਭਿੰਨਤਾ ਅਤੇ ਕੁਦਰਤੀ ਸੁੰਦਰਤਾ ਨੂੰ ਧਿਆਨ ਵਿਚ ਰੱਖਦੇ ਹੋਏ, ਇਸ ਖੇਤਰ ਵਿਚ ਈਕੋ ਟੂਰਿਜ਼ਮ ਦੇ ਬਹੁਤ ਸਾਰੇ ਮੌਕੇ ਉਪਲਬੱਧ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਉਪਰਾਲਿਆਂ ਨਾਲ ਨਾ ਕੇਵਲ ਸੈਰ ਸਪਾਟੇ ਨੂੰ ਬੜ੍ਹਾਵਾ ਮਿਲੇਗਾ, ਬਲਕਿ ਵਾਤਾਵਰਣ ਸੰਭਾਲ ਦੀ ਦਿਸ਼ਾ ਵਿਚ ਵੀ ਸਕਰਾਤਮਕ ਕਦਮ ਉਠਾਏ ਜਾ ਸਕਣਗੇ।
ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਨੇਚਰ ਇੰਟਰਪ੍ਰੈਟੇਸ਼ਨ ਸੈਂਟਰ ਵਿਚ ਬੱਚਿਆਂ ਨੂੰ ਪੌਦਿਆਂ, ਜਾਨਵਰਾਂ, ਪੰਛੀਆਂ ਤੋਂ ਇਲਾਵਾ ਵਾਤਾਵਰਣ ਸੰਭਾਲ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਈਕੋ ਟੂਰਿਜ਼ਮ ਨਾ ਕੇਵਲ ਆਰਥਿਕ ਨਜ਼ਰੀਏ ਤੋਂ ਮਹੱਤਵਪੂਰਨ ਹੈ, ਬਲਕਿ ਇਹ ਵਾਤਾਵਰਣ ਦੀ ਸੰਭਾਲ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੌਰਾਨ ਵਿਦਿਆਰਥੀਆਂ ਤੋਂ ਪੌਦੇ ਵੀ ਲਗਵਾਏ ਗਏ। ਇਸ ਮੌਕੇ ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਿਦਿਕੀ, ਜਸਵੀਰ ਸਿੰਘ ਤੋਂ ਇਲਾਵਾ ਸਰਕਾਰੀ ਸਕੂਲ, ਨਾਰਾ ਦੇ ਅਧਿਆਪਕ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly