ਦੁਨੀਆਂ ਦੀ ਪ੍ਰਸਿੱਧੀ ਪ੍ਰਾਪਤ ਖੇਡ ਫੁੱਟਬਾਲ ਜਾਂ ਫੁੱਟਬਾਲ ਖੇਡ ਵਿੱਚ ਨੇਤਰਹੀਣ ਵੀ ਕਿਸੇ ਤੋਂ ਘੱਟ ਨਹੀਂ

    ‌(ਸਮਾਜ ਵੀਕਲੀ) ਫੁੱਟਬਾਲ ਦੁਨੀਆਂ ਦੀ ਸਭ ਤੋਂ ਵੱਧ ਖੇਡੀ ਜਾਣ ਵਾਲੀ ਹਰਮਨ-ਪਿਆਰੀ ਖੇਡ ਹੈ।  ਫੁੱਟਬਾਲ ਖੇਡ ਖੇਡਣ ਨਾਲ ਲੱਤਾਂ, ਬਾਹਾਂ ਤੇ ਸਿਰ ਦੀ ਕਸਰਤ ਹੁੰਦੀ ਹੈ।  ਫੁੱਟਬਾਲ ਖੇਡ ਰਹੇ ਖਿਡਾਰੀਆਂ ਵਿੱਚ ਜਿਸ ਤਰ੍ਹਾਂ ਜੋਸ਼ ਹੁੰਦਾ ਹੈ ਉਸ ਤੋਂ ਜ਼ਿਆਦਾ ਜੋਸ਼ ਤੇ ਉਤਸਾਹ ਮੈਚ ਵੇਖ ਰਹੇ ਦਰਸ਼ਕਾਂ ਵਿੱਚ ਦੇਖਣ ਨੂੰ ਮਿਲਦਾ ਹੈ।  ਫੁੱਟਬਾਲ ਖੇਡ ਦਾ ਦਿਨ ਮਨਾਉਣ ਲਈ 7 ਮਈ 2014 ਨੂੰ ਸੰਯੁਕਤ ਰਾਸ਼ਟਰ ਮਹਾਂ ਸਭਾ ਦੀ ਨਿਊਯਾਰਕ ਵਿੱਚ ਹੋਈ ਬੈਠਕ ਲੀਬੀਆ ਦੇ ਰਾਜਦੂਤ ਤਾਹਿਰ ਅਲ ਸੋਨੀ ਨੇ 25 ਮਈ ਨੂੰ ਹਰ ਸਾਲ ਵਿਸ਼ਵ ਫੁੱਟਬਾਲ ਦਿਵਸ ਮਨਾਉਣ ਲਈ ਪ੍ਰਸਤਾਵ ਪੇਸ਼ ਕੀਤਾ ਸੀ ਇਸ ਪ੍ਰਸਤਾਵ ਦਾ 160 ਤੋਂ ਵੱਧ ਮੈਂਬਰਾਂ ਵੱਲੋਂ ਸਮਰਥਨ ਕੀਤਾ ਗਿਆ।  ਤਾਹਿਰ ਅਲ ਸੋਨੀ ਨੇ ਕਿਹਾ ਕਿ ਦੁਨੀਆਂ ਭਰ ਦੇ 200 ਤੋਂ ਜ਼ਿਆਦਾ ਦੇਸ਼ਾਂ ਦੇ ਸਕੂਲਾਂ, ਕਾਲਜਾਂ, ਗਲੀਆਂ, ਮੁਹੱਲਿਆਂ, ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਚ ਫੁੱਟਬਾਲ ਬੜੇ ਉਤਸ਼ਾਹ ਤੇ ਜੋਸ਼ ਨਾਲ ਖੇਡੀ ਜਾਂਦੀ ਹੈ।  1863 ‘ਚ ਇੰਗਲੈਂਡ ਵਿੱਚ ਫੁੱਟਬਾਲ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ।1904 ਚ ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ ( ਫੀਫਾ) ਦੀ ਸਥਾਪਨਾ ਕੀਤੀ ਗਈ, 25 ਮਈ ਨੂੰ ਵਿਸ਼ਵ ਫੁੱਟਬਾਲ ਦਿਵਸ ਮਨਾਉਣ ਦਾ ਫੈਸਲਾ ਇਸ ਲਈ ਕੀਤਾ ਸੀ ਕਿਉਂਕਿ ਪੈਰਿਸ ਓਲੰਪਿਕ ਖੇਡਾਂ ‘ਚ 1924 ਨੂੰ ਇਸੇ ਦਿਨ ਹੀ ਫੁੱਟਬਾਲ ਮੁਕਾਬਲੇ ਆਰੰਭ ਹੋਏ ਤੇ 13 ਦੇਸ਼ਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ। ਸੰਯੁਕਤ ਰਾਸ਼ਟਰ ਮਹਾਂ ਸਭਾ ਵੱਲੋਂ ਇਹਨਾਂ ਮੁਕਾਬਲਿਆਂ ਦੀ 100ਵੀਂ ਵਰ੍ਹੇਗੰਢ ਮਨਾਉਣ ਲਈ 25 ਮਈ ਦਾ ਦਿਨ ਚੁਣਿਆ ਸੀ । 1970 ਦੇ ਦਹਾਕੇ ਵਿੱਚ ਇੱਕ ਸਮਾਂ ਹੁੰਦਾ ਸੀ ਜਦੋਂ ਪੂਰੀ ਫੁੱਟਬਾਲ ਟੀਮ ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਮਾਹਿਲਪੁਰ ਦੀ ਹੁੰਦੀ ਸੀ।  ਆਮ ਸੁਜਾਖੇ ਖਿਡਾਰੀਆਂ ਦਾ ਖੇਡ ਗਰਾਊਂਡ ਵੀ ਬਹੁਤ ਵੱਡਾ ਹੁੰਦਾ ਹੈ ਤੇ ਉਸ ਵਿੱਚ ਖਿਡਾਰੀ ਵੀ 11-11 ਖੇਡਦੇ ਹਨ। ਮੈਚ ਦਾ ਸਮਾਂ ਵੀ 45 ਮਿੰਟ ਪਹਿਲਾ ਹਾਫ ਪੰਜ ਮਿੰਟ ਬਰੇਕ ਤੇ 45 ਮਿੰਟ ਦਾ ਦੂਜਾ ਹਾਫ ਹੁੰਦਾ ਹੈ। ਗੋਲ ਪੋਸਟ ਦਾ ਸਾਈਜ਼ ਵੀ ਵੱਡਾ ਹੁੰਦਾ ਹੈ। ਪਰ ਨੇਤਰਹੀਣ ਫੁੱਟਬਾਲ ਖਿਡਾਰੀਆਂ ਦੇ ਲਈ ਉਪਰੋਕਤ ਦੇ ਮੁਕਾਬਲੇ ਬਿਲਕੁਲ ਉਲਟ ਹੁੰਦਾ ਹੈ।
    ਫੁੱਟਬਾਲ ਖੇਡ ਵਿੱਚ ਨੇਤਰਹੀਣ ਖਿਡਾਰੀ ਵੀ ਕਿਸੇ ਤੋਂ ਘੱਟ ਨਹੀਂ ਹਨ ਉਹ ਵੀ ਆਮ ਵਿਅਕਤੀ ਵਾਂਗ ਖੇਡਦੇ ਹਨ ਲੁਧਿਆਣਾ ਦੇ ਸਨਅਤੀ ਸ਼ਹਿਰ ਵਿੱਚ ਪਹਿਲੀ ਵਾਰ ਫੁੱਟਬਾਲ ਖੇਡ ਮੁਕਾਬਲੇ ਪਿਛਲੇ ਦਿਨੀਂ ਕਰਵਾਏ ਗਏ । ਨੇਤਰਹੀਣਾਂ ਲਈ ਫੁੱਟਬਾਲ ਦੀ ਖੇਡ ਦੇ ਮੈਦਾਨ ਦਾ ਸਾਈਜ਼ 40×20 ਹੁੰਦਾ ਹੈ। ਗੋਲ ਪੋਸਟ ਦਾ ਸਾਈਜ਼ ਲੰਬਾਈ 3.66 ਮੀਟਰ, ਉਚਾਈ 1.22 ਮੀਟਰ ਹੁੰਦੀ ਹੈ। ਖੇਡ ਦਾ ਸਮਾਂ 15 ਮਿੰਟ ਪਹਿਲਾ ਹਾਫ, 10 ਮਿੰਟ ਬਰੇਕ  ਫਿਰ 15 ਮਿੰਟ ਦੂਜਾ ਹਾਫ ਹੁੰਦਾ ਹੈ।  ਨੇਤਰਹੀਣ ਖਿਡਾਰੀਆਂ ਦੇ ਫੁੱਟਬਾਲ ਦੀ ਕੀਮਤ ਲਗਭਗ 1500 ਰੁਪਏ ਦੇ ਕਰੀਬ ਹੈ। ਫੁੱਟਬਾਲ ਦੇ ਵਿੱਚ ਲੋਹੇ ਦੇ ਘੁੰਗਰੂ/ ਗੋਲੀਆਂ ਹੁੰਦੀਆਂ ਹਨ  ਜੋ ਛਣਕਦੀਆਂ ਹਨ,  ਇਹਨਾਂ ਦੀ ਆਵਾਜ਼ ਕਾਰਨ ਹੀ ਨੇਤਰਹੀਣ ਖਿਡਾਰੀ ਉਸ ਵੱਲ ਭੱਜਦੇ ਹਨ। ਖੇਡ ਵਿੱਚ ਪੰਜ ਖਿਡਾਰੀ ਗੋਲਕੀਪਰ ਸਮੇਤ ਹੁੰਦੇ ਹਨ।  ਗੋਲ ਕੀਪਰ ਆਮ ਵਿਅਕਤੀ ਹੁੰਦਾ ਹੈ,ਜੋ ਦੇਖ ਸਕਦਾ ਹੈ, ਬਾਕੀ ਚਾਰ ਖਿਡਾਰੀ ਨੇਤਰਹੀਣ ਹੁੰਦੇ ਹਨ। ਫੁੱਟਬਾਲ ਖੇਡ ਖੇਡਣ ਤੋਂ ਪਹਿਲਾਂ ਨੇਤਰਹੀਣ ਖਿਡਾਰੀਆਂ ਦੀਆਂ ਅੱਖਾਂ ਤੇ ਡਾਕਟਰਾਂ ਵੱਲੋਂ ਪੱਟੀ ਲਗਾ ਕੇ ਉੱਪਰ ਟੇਪ ਲਗਾਈ ਜਾਂਦੀ ਹੈ। ਅੱਖਾਂ ਤੇ ਪਾਉਣ ਵਾਲੀ ਐਨਕ ਨੂੰ ਬਲਾਈਂਡ ਫੋਲਡ ਕਹਿੰਦੇ ਹਨ।  ਜਦੋਂ ਕਿਸੇ ਵੀ ਟੀਮ ਵੱਲੋਂ ਗੋਲ ਕੀਤਾ ਜਾਂਦਾ ਹੈ ਤਾਂ ਗੋਲ ਉਪਰੰਤ ਅੱਖਾਂ ਦੀਆਂ ਪੱਟੀਆਂ ਚੈੱਕ ਕੀਤੀਆਂ ਜਾਂਦੀਆਂ ਹਨ। ਇਸ ਖੇਡ ਵਿੱਚ ਖਿਡਾਰੀ ਬੜੀ ਫੁਰਤੀ ਨਾਲ ਖੇਡਦੇ ਹਨ। ਇਸ ਖੇਡ ਨੂੰ ਵੇਖਣ ਦਾ ਵੱਖਰਾ ਹੀ ਅਲੌਕਿਕ ਨਜ਼ਾਰਾ ਹੈ। ਖੇਡ ਮੈਦਾਨ ਦੇ ਦੋਵੇਂ ਪਾਸੇ ਫਲੈਕਸ ਦੇ ਬੋਰਡ ਬਹੁਤ ਮਜ਼ਬੂਤੀ ਨਾਲ ਫਰੇਮ ਕਰਕੇ ਲਗਾਏ ਜਾਂਦੇ ਹਨ ਤਾਂ ਕਿ ਖਿਡਾਰੀ ਇਹਨਾਂ ਵਿੱਚ ਵੱਜਣ ਤੇ ਉਹਨਾਂ ਨੂੰ ਕੋਈ ਸੱਟ ਫੇਟ ਨਾਂ ਲੱਗ ਜਾਵੇ। ਇਹਨਾਂ  ਫਲੈਕਸ ਬੋਰਡਾਂ ਤੇ ਤਕਰੀਬਨ 4 ਤੋਂ 5 ਲੱਖ ਰੁਪਏ ਖਰਚ ਆਉਂਦਾ ਹੈ। ਇਸ ਖੇਡ ਵਿੱਚ ਖਿਡਾਰੀ ਆਮ ਵਿਅਕਤੀਆਂ ਵੱਲੋਂ ਖੇਡੀ ਜਾਣ ਵਾਲੀ ਖੇਡ ਨਾਲੋਂ ਜ਼ਿਆਦਾ ਖਿਡਾਰੀ ਫੱਟੜ ਹੁੰਦੇ ਹਨ। ਡਾਕਟਰਾਂ ਦੀ ਟੀਮ ਹਮੇਸ਼ਾਂ ਉਪਲਬਧ ਰਹਿੰਦੀ ਹੈ ਤਾਂ ਕਿ ਫ਼ੱਟੜ ਖਿਡਾਰੀ ਨੂੰ ਸਮੇਂ ਸਿਰ ਫਸਟ ਏਡ ਦਿੱਤੀ ਜਾ ਸਕੇ।
             ਇਸ ਖੇਡ ਵਿੱਚ ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਜਿਸ ਸ਼ਹਿਰ/ ਦੇਸ਼ ਦੀ ਟੀਮ ਖੇਡ ਰਹੀ ਹੈ ਉਸ ਟੀਮ ਦਾ ਮੈਂਬਰ ਸਾਈਟਡ ( ਦੇਖ ਸਕਣ ਵਾਲਾ) ਵਿਰੋਧੀ ਟੀਮ ਦੇ ਗੋਲ ਪੋਸਟ ਦੇ ਬਾਹਰ ਖੜ੍ਹ ਕੇ ਆਪਣੀ ਟੀਮ ਨੂੰ ਦਿਸ਼ਾ ਨਿਰਦੇਸ਼ ਦਿੰਦਾ ਹੈ ਕਿ ਬਾਲ ਨੂੰ ਖੱਬੇ ਪਾਸੇ ਜਾਂ ਸੱਜੇ ਪਾਸੇ ਜਾਂ ਸਾਹਮਣੇ ਤੋਂ ਮਾਰਿਆ ਜਾਵੇ । ਟੀਮ ਨੂੰ ਦਿਸ਼ਾ ਨਿਰਦੇਸ਼ ਦੇਣ ਵਾਲੇ ਵਿਅਕਤੀ ਨੂੰ ਗੋਲ ਗਾਈਡ ਕਿਹਾ ਜਾਂਦਾ ਹੈ। ਫੁੱਟਬਾਲ ਖੇਡ ਵਿੱਚ ਜਦੋਂ ਵੀ ਕਿਸੇ ਟੀਮ ਦੇ ਖਿਡਾਰੀ ਦਾ ਫਾਊਲ ਹੁੰਦਾ ਹੈ ਜਾਂ ਕਾਰਨਰ ਮਿਲਦੀ ਹੈ ਤਾਂ ਦੋ ਨੇਤਰਹੀਣ ਖਿਡਾਰੀ ਅੱਗੇ ਪਿੱਛੇ ਖੜ੍ਹਦੇ ਹਨ । ਪਿਛਲਾ ਨੇਤਰਹੀਣ ਖਿਡਾਰੀ ਪੈਰ ਨਾਲ ਬਾਲ ਨੂੰ ਅੱਗੇ ਕਰਕੇ ਪਾਸ ਦਿੰਦਾ ਹੈ। ਗੋਲ ਹੋਣ ਉਪਰੰਤ ਵੀ ਸੈਂਟਰ ਵਿੱਚ ਬਾਲ ਨੂੰ ਰੱਖ ਕੇ ਦੋ ਨੇਤਰਹੀਣ ਖਿਡਾਰੀ ਅੱਗੇ ਪਿੱਛੇ ਖੜ੍ਹੇ ਹੁੰਦੇ ਹਨ। ਪਿਛਲਾ ਨੇਤਰਹੀਣ ਫੁੱਟਬਾਲ ਨੂੰ ਪੈਰ ਲਗਾ ਕੇ ਅਗਲੇ ਨੂੰ ਪਾਸ ਦਿੰਦਾ ਹੈ।
      ‌ ਨੇਤਰਹੀਣ ਖਿਡਾਰੀਆਂ ਦੀ ਫੁੱਟਬਾਲ ਖੇਡ ਨੂੰ ਅੱਖਾਂ ਤੋਂ ਦੇਖਣ ਵਾਲੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਦੇਖ ਕੇ ਨੇਤਰਹੀਣਾਂ ਦੀ ਹੌਂਸਲਾ ਅਫਜ਼ਾਈ ਕਰਨੀ ਚਾਹੀਦੀ ਹੈ।  ਨੇਤਰਹੀਣਾਂ ਦੀ ਇਸ ਖੇਡ ਨੂੰ ਐਨ.ਆਰ.ਆਈ ਵੀਰਾਂ ਨੂੰ ਤੇ ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਇਸ ਖੇਡ ਨੂੰ ਸਪਾਂਸਰ ਕਰਨਾ ਚਾਹੀਦਾ ਹੈ ਤਾਂ ਕਿ ਨੇਤਰਹੀਣਾਂ ਦੀ ਫੁੱਟਬਾਲ ਖੇਡ ਨੂੰ ਵਿਸ਼ਵ ਪੱਧਰ ਤੇ ਪਹੁੰਚਾਇਆ ਜਾ ਸਕੇ। ਵਧੇਰੇ ਜਾਣਕਾਰੀ ਲਈ ਨੇਤਰਹੀਣ ਫੁੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਚੀਮਾ ਨਾਲ 92160-55585 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
                ਕਰਨੈਲ ਸਿੰਘ ਐੱਮ.ਏ. 
                #1138/63-ਏ, ਗੁਰੂ ਤੇਗ਼ ਬਹਾਦਰ ਨਗਰ, 
                ਗਲੀ ਨੰਬਰ 1, ਚੰਡੀਗੜ੍ਹ ਰੋਡ, 
           ‌‌     ਜਮਾਲਪੁਰ, ਲੁਧਿਆਣਾ ।
                Email : [email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਜਰੇ ਦਾ ਤੋਤਾ
Next articleਜ਼ਿਲ੍ਹਾ ਪੱਧਰੀ ਕਲਾ ਉਤਸਵ 2024 ਯਾਦਗਾਰੀ ਹੋ ਨਿੱਬੜਿਆ, 6 ਵੰਨਗੀਆਂ ਵਿੱਚ 500 ਵਿਦਿਆਰਥੀਆਂ ਨੇ ਕੀਤੀ ਸ਼ਮੂਲੀਅਤ