(ਸਮਾਜ ਵੀਕਲੀ)
ਪਿਆਰੇ ਬੱਚਿਓ ! ਰੇਲਗੱਡੀ ਆਵਾਜਾਈ ਦਾ ਸਭ ਤੋਂ ਵੱਡਾ ਸਾਧਨ ਹੈ। ਰੇਲ ਨੇ ਦੁਨੀਆ ਦੇ ਲੋਕਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ। ਅੰਗਰੇਜ਼ੀ ਸ਼ਾਸਨ – ਕਾਲ ਦੇ ਸਮੇਂ ਭਾਰਤੀ ਰੇਲਵੇ ਨੇ ਪਹਿਲੀ ਰੇਲਗੱਡੀ ਮਹਾਂਰਾਸ਼ਟਰ ਦੀ ਰਾਜਧਾਨੀ ਮੁੰਬਈ ( ਬੰਬਈ ) ਦੇ ਬੋਰੀਬੰਦਰ ਸਟੇਸ਼ਨ ਜਿਸ ਨੂੰ ਕਿ ਹੁਣ ਛਤਰਪਤੀ ਸ਼ਿਵਾਜੀ ਟਰਮੀਨਲ ਦੇ ਨਾਂ ਵਜੋਂ ਜਾਣਿਆ ਜਾਂਦਾ ਹੈ , ਤੋਂ ਠਾਣੇ ਦੇ ਵਿਚਕਾਰ 21 ਮੀਲ ਤੱਕ ਗਰੇਟ ਇੰਡੀਅਨ ਪੈਲਿਨਸ਼ਲਾ ਟਰੇਨ 16 ਅਪ੍ਰੈਲ 1853 ਇਸਵੀ ਨੂੰ ਚਲਾਈ ਗਈ ਸੀ। ਇਸ ਰੇਲ ਗੱਡੀ ਦੇ ਕੁੱਲ 14 ਡੱਬੇ ਸਨ। ਇਸ ਰੇਲਗੱਡੀ ਨੂੰ 21 ਤੋਪਾਂ ਦੀ ਸਲਾਮੀ ਦੇ ਕੇ 400 ਯਾਤਰੂਆਂ ਨਾਲ ਦੁਪਹਿਰ 3:30 ਵਜੇ ਰਵਾਨਾ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਇਸ ਦਿਨ ਸਰਵਜਨਕ ਤੌਰ ‘ਤੇ ਛੁੱਟੀ ਸੀ। ਸੋ ਇਸ ਟਰੇਨ ਨੂੰ ਦੇਖਣ ਲਈ ਬਹੁਤ ਭੀੜ ਇਕੱਠੀ ਹੋ ਗਈ ਸੀ। ਬੱਚਿਓ ! ਭਾਰਤੀ ਰੇਲਵੇ ਦੀ ਕਹਾਣੀ ਬਹੁਤ ਲੰਬੀ ਤੇ ਰੋਚਕ ਹੈ। ਅੱਜ ਅਸੀਂ ਤੁਹਾਨੂੰ ਕਾਲਕਾ – ਸ਼ਿਮਲਾ ਰੇਲਵੇ ਬਾਰੇ ਜਾਣਕਾਰੀ ਦੇਵਾਂਗੇ। ਪਿਆਰੇ ਬੱਚਿਓ ! ਕਾਲਕਾ – ਸ਼ਿਮਲਾ ਰੇਲਵੇ ਦੀ ਸ਼ੁਰੂਆਤ 09 ਨਵੰਬਰ 1903 ਇਸਵੀ ਨੂੰ ਹੋਈ ਸੀ। ਭਾਵ ਉਦੋਂ ਤੋਂ ਹੁਣ ਤੱਕ ਇਸ ‘ਤੇ ਆਵਾਜਾਈ ਹੁੰਦੀ ਆ ਰਹੀ ਹੈ। ਇਹ ਦੋ ਫੁੱਟ , ਛੇ ਇੰਚ ਦੀ ਨੈਰੋਗੇਜ਼ ਲੇਨ ਹੈ। ਇਹ ਰੇਲ ਲਾਈਨ ਕਾਲਕਾ (ਹਰਿਆਣਾ) ਤੋਂ ਸ਼ਿਮਲਾ ( ਹਿਮਾਚਲ ਪ੍ਰਦੇਸ਼ ) ਤੱਕ ਵਲ – ਵਲੇਵੇਂ ਖਾਂਦੀ ਹੋਈ ਜਾਂਦੀ ਹੈ। ਇਸ ਸਫਰ ‘ਤੇ ਚੱਲਣ ਵਾਲੀ ਇੱਕ ਰੇਲ ਗੱਡੀ ਨੂੰ ਮੋਟਾ ਸ਼ੀਸ਼ਾ/ਕੱਚ ਲਗਾ ਕੇ ਕਿਨਾਰਿਆਂ ਅਤੇ ਛੱਤ ਤੋਂ ਹੁਣ ਪਾਰਦਰਸ਼ੀ ਬਣਾ ਦਿੱਤਾ ਹੈ ਤਾਂ ਜੋ ਯਾਤਰੀ ਬਾਹਰ ਦੇ ਕੁਦਰਤੀ ਸੁਹੱਪਣ ਦਾ ਭਰਪੂਰ ਅਨੰਦ ਮਾਣ ਸਕਣ। ਜਦੋਂ ਅਸੀਂ ਕਾਲਕਾ ਤੋਂ ਸ਼ਿਮਲਾ ਨੂੰ ਇਸ ਟੁਆਏ – ਟਰੇਨ ਰਾਹੀਂ ਜਾਂਦੇ ਹਾਂ ਤਾਂ ਅਸੀਂ ਲਗਭਗ 20 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਸਫਰ ਕਰ ਰਹੇ ਹੁੰਦੇ ਹਾਂ। ਇਹ ਸਫਰ ਬਹੁਤ ਸ਼ਾਂਤੀ , ਸਕੂਨ , ਰੌਚਕਤਾ , ਖੂਬਸੂਰਤ ਦ੍ਰਿਸ਼ਾਂ ਅਤੇ ਮਨੋਰੰਜਨ ਨਾਲ ਭਰਿਆ ਹੋਇਆ ਹੁੰਦਾ ਹੈ। ਇਸ ਦੌਰਾਨ ਅਸੀਂ ਸ਼ਿਵਾਲਿਕ ਦੀਆਂ ਪਹਾੜੀਆਂ , ਹਰਿਆਵਲ , ਉੱਚੇ – ਲੰਮੇ ਦਰੱਖਤਾਂ , ਇਕਾਂਤ ਵਾਤਾਵਰਨ ਅਤੇ ਕੁਦਰਤ ਦੇ ਬਹੁਤ ਨਜ਼ਦੀਕ ਹੁੰਦੇ ਹਾਂ। ਚੀੜ ਤੇ ਦੇਵਦਾਰ ਦੇ ਦਰੱਖ਼ਤ ਆਪਣਾ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਹੁੰਦੇ ਹਨ। ਬੱਚਿਓ ! ਇਹ ਸਫਰ ਬਾਕੀ ਰੇਲਵੇ ਯਾਤਰਾਵਾਂ ਨਾਲੋਂ ਬਿਲਕੁੱਲ ਅਲੱਗ ਹੈ। ਕਾਲਕਾ – ਸ਼ਿਮਲਾ ਰੇਲ ਮਾਰਗ ਵਿੱਚ 103 ਸੁਰੰਗਾਂ ਅਤੇ 869 ਪੁਲ ਬਣੇ ਹੋਏ ਹਨ। ਬੱਚਿਓ ! ਇਸ ਟਰੈਕ ਦੇ ਇਤਿਹਾਸਿਕ ਮਹੱਤਵ ਨੂੰ ਦੇਖਦੇ ਹੋਏ ਯੂਨੈਸਕੋ ਨੇ ਇਸ ਨੂੰ 24 ਜੁਲਾਈ 2008 ਨੂੰ ਵਿਸ਼ਵ ਧਰੋਹਰ ਘੋਸ਼ਿਤ ਕਰ ਦਿੱਤਾ ਸੀ। ਇਸ ਰੇਲਵੇ ਟਰੈਕ ਨੂੰ ਨੇਪਰੇ ਚਾੜਨ ਵਿੱਚ ਕਈ ਰੁਕਾਵਟਾਂ ਵੀ ਸਾਹਮਣੇ ਆਈਆਂ। ਇਹ ਵੀ ਕਿਹਾ ਜਾਂਦਾ ਹੈ ਕਿ ਪਹਿਲਾਂ ਇਸ ਰੇਲਵੇ ਪਰਿਯੋਜਨਾ ਨੂੰ ਕਲਪਾ ਤੱਕ ਬਣਾਉਣ ਦੀ ਯੋਜਨਾ ਸੀ। ਪਿਆਰੇ ਬੱਚਿਓ ! ਇਸ ਰੂਟ ‘ਤੇ ਲਗਭਗ ਚਾਰ ਰੇਲ ਗੱਡੀਆਂ ਦਾ ਸੰਚਾਲਨ ਕੀਤਾ ਜਾਂਦਾ ਹੈ। ਹੁਣ ਇੱਥੇ ਹਿਮਦਰਸ਼ਨ ਡੀਲਕਸ ਟਰੇਨ , ਜਿਸ ਵਿੱਚ 97 ਯਾਤਰੀਆਂ ਦੇ ਬੈਠਣ ਦਾ ਪ੍ਰਬੰਧ ਹੈ , ਨੂੰ ਵੀ ਸ਼ੁਰੂ ਕੀਤਾ ਗਿਆ ਹੈ। ਇਸ ਟ੍ਰੇਨ ਨੂੰ ਵਿਸਟਾਡੋਮ ਵੀ ਕਿਹਾ ਜਾਂਦਾ ਹੈ। ਇਸ ਰੇਲ ਗੱਡੀ ਦੇ ਵਿੱਚ ਕੱਚ ਦੇ ਵੱਡੇ ਸ਼ੀਸ਼ੇ ਲੱਗੇ ਹੋਏ ਹਨ ਤਾਂ ਜੋ ਯਾਤਰੂ ਬਾਹਰ ਦੇ ਮਨੋਰਮ ਦ੍ਰਿਸ਼ਾਂ ਦਾ ਅਨੰਦ ਬਖੂਬੀ ਲੈ ਸਕਣ। ਇਸ ਤੋਂ ਇਲਾਵਾ ਰੇਲਵੇ ਵੱਲੋਂ ਇਸੇ ਟਰੈਕ ‘ਤੇ ਹਿਮਾਲਿਆ ਕੂਈਨ ਤੇ ਸ਼ਿਵਾਲਿਕ ਡੀਲਕਸ ਰੇਲ ਗੱਡੀਆਂ ਚਲਾਉਣ ਦੀ ਵੀ ਯੋਜਨਾ ਹੈ। ਬੱਚਿਓ ! ਕਾਲਕਾ – ਸ਼ਿਮਲਾ ਰੇਲਵੇ ਲਾਈਨ ਦੀ ਸੰਰਚਨਾ/ ਬਣਤਰ ਆਪਣੇ – ਆਪ ਵਿੱਚ ਅਨੇਕ ਵਿਸ਼ੇਸ਼ਤਾਵਾਂ ਨਾਲ ਭਰੀ ਹੋਈ ਹੈ। ਇਸ ਰੇਲਵੇ ਲਾਈਨ ਦਾ ਸੋਨਵਾਰਾ – ਧਰਮਪੁਰ ਪੁਲ ਨੰਬਰ 226 ਪੰਜ ਮੰਜ਼ਿਲਾਂ ਵਾਲਾ ਰੇਲਵੇ ਪੁਲ ਹੈ। ਇਸ ਰੇਲਵੇ ਲਾਈਨ ਦਾ ਇਹ ਪੁਲ਼ ਵਿਸ਼ਵ ਵਿਰਾਸਤ ਵਿੱਚ ਸ਼ਾਮਿਲ ਹੈ। ਇਸ ਪੁਲ ਨੂੰ 1898 ਵਿੱਚ ਬਣਾਇਆ ਗਿਆ ਸੀ। ਇਸੇ ਤਰ੍ਹਾਂ ਇਸ ਰੇਲਵੇ ਦਾ ਆਰਕ ਗੈਲਰੀ ਪੁਲ ਨੰਬਰ 541 ਵੀ ਵਿਰਾਸਤੀ ਪੁਲ ਹੈ। ਇਹ ਪੁਲ ਚਾਰ ਮੰਜ਼ਿਲਾ ਹੈ ਅਤੇ ਇਸਦਾ ਆਰਕ ਗੈਲਰੀ ਨੁਮਾ ਹੈ। ਇਸਨੂੰ ਵੀ 1898 ਵਿੱਚ ਬਣਾਇਆ ਗਿਆ ਸੀ। ਇਹ ਪੁਲ਼ ਭਾਰਤੀ ਰੇਲ ਦਾ ਸਭ ਤੋਂ ਉੱਚਾ ਆਰਕ ਗੈਲਰੀ ਪੁਲ ਹੈ। ਇਹ ਆਪਣੇ – ਆਪ ਵਿੱਚ ਇੱਕ ਅਨੋਖਾ ਰੇਲ ਪੁਲ ਹੈ। ਇਸੇ ਰੇਲਵੇ ਲਾਈਨ ਦਾ ਪੁਲ਼ ਨੰਬਰ 493 ਵੀ ਵਿਸ਼ਵ ਵਿਰਾਸਤ ਵਿੱਚ ਸ਼ਾਮਿਲ ਹੈ। ਪਿਆਰੇ ਬੱਚਿਓ ! ਸਾਨੂੰ ਕਾਲਕਾ – ਰੇਲਵੇ ਸ਼ਿਮਲਾ ਰੇਲਵੇ ਤੋਂ ਇਹ ਸੰਦੇਸ਼ ਵੀ ਮਿਲਦਾ ਹੈ ਕਿ ਜੀਵਨ ਵਿੱਚ ਸਾਨੂੰ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਅਤੇ ਜੀਵਨ ਦੇ ਰਸਤੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਕਦੇ ਘਬਰਾਉਣਾ ਨਹੀਂ ਚਾਹੀਦਾ। ਪਿਆਰੇ ਬੱਚਿਓ ! ਜਿਵੇਂ ਭਾਰਤੀ ਰੇਲਵੇ ਦਾ ਇਤਿਹਾਸ ਬਹੁਤ ਰੌਚਕ ਅਤੇ ਗਿਆਨ ਭਰਪੂਰ ਹੈ। ਇਸੇ ਤਰ੍ਹਾਂ ਭਾਰਤੀ ਰੇਲਵੇ ਨੇ ਆਪਣੇ ਨਾਂ ਕਈ ਰਿਕਾਰਡ ਵੀ ਬਣਾਏ ਹਨ , ਜਿਵੇਂ : ਨਵੀਂ ਦਿੱਲੀ ਦੇ ਮੁੱਖ ਸਟੇਸ਼ਨ ਦਾ ਨਾਂ ਦੁਨੀਆ ਦੇ ਸਭ ਤੋਂ ਵੱਡੇ ਰੂਟ ਰਿਲੇਸ਼ਨ ਇੰਟਰਲਾਕਿੰਗ ਸਿਸਟਮ ਦੇ ਲਈ ‘ ਗਿਨੀਜ਼ ਬੁੱਕ ਆੱਫ਼ ਵਰਲਡ ਰਿਕਾਰਡਜ਼ ‘ ਵਿੱਚ ਦਰਜ ਹੈ ਅਤੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਸਟੇਸ਼ਨ ਜਿਸ ਦੀ ਲੰਬਾਈ 1366.33 ਮੀਟਰ ਹੈ ; ਇਸ ਦਾ ਰਿਕਾਰਡ ਵੀ ਭਾਰਤੀ ਰੇਲਵੇ ਦੇ ਨਾਂ ਹੀ ਹੈ। ਬੱਚਿਓ ! ” ਭੋਲੂ ” ਭਾਰਤੀ ਰੇਲਵੇ ਦਾ ਸ਼ੁਭੰਕਰ( ਮੈਸਕਟ ) ਹੈ। ਇਹ ਪ੍ਰਤੀਕ ਚਿੰਨ੍ਹ ਹਾਥੀ ਹੀ ਹੈ , ਜੋ ਕਿ ਟਰੇਨ – ਗਾਰਡ ਦੀ ਤਰ੍ਹਾਂ ਹੱਥ ਵਿੱਚ ਲਾਲਟੈਨ ਲੈ ਕੇ ਹਰਾ ਸਿਗਨਲ ਦਿਖਾ ਰਿਹਾ ਹੈ। ਭਾਰਤੀ ਰੇਲਵੇ ਦੇ 150 ਸਾਲ ਪੂਰੇ ਹੋਣ ‘ਤੇ ਬੰਗਲੌਰ ਵਿਖੇ ਪਹਿਲੀ ਵਾਰ ” ਭੋਲੂ ” ਨੂੰ ਪੇਸ਼ ਕੀਤਾ ਗਿਆ ਸੀ। ਫੇਰ ਇੱਕ ਸਾਲ ਦੇ ਬਾਅਦ ਹੀ ਭਾਰਤੀ ਰੇਲਵੇ ਨੇ ਇਸ ਨੂੰ ਸਥਾਈ ਤੌਰ ‘ਤੇ ਪ੍ਰਤੀਕ ਚਿੰਨ੍ਹ ਬਣਾ ਲਿਆ। ਬੱਚਿਓ ! ਭਾਰਤੀ ਰੇਲਵੇ ਬਾਰੇ ਕਈ ਰੌਚਕ ਕਿੱਸੇ ਵੀ ਹਨ। ਭਾਰਤ ਵਿੱਚ ਨਵਾਂਪੁਰ ਅਜਿਹਾ ਰੇਲਵੇ ਸਟੇਸ਼ਨ ਹੈ , ਜਿਸਦਾ ਇੱਕ ਹਿੱਸਾ ਗੁਜਰਾਤ ਪ੍ਰਾਂਤ ਵਿੱਚ ਅਤੇ ਦੂਸਰਾ ਹਿੱਸਾ ਮਹਾਰਾਸ਼ਟਰ ਪ੍ਰਾਂਤ ਵਿੱਚ ਹੈ। ਪਿਆਰੇ ਬੱਚਿਓ ! ਤੁਹਾਨੂੰ ਜੀਵਨ ਵਿੱਚ ਜਦੋਂ ਵੀ ਮੌਕਾ ਮਿਲੇ ਤਾਂ ਕਾਲਕਾ – ਸ਼ਿਮਲਾ ਟੁਆਏ – ਟਰੇਨ ਦਾ ਸਫਰ ਜਰੂਰ ਕਰਿਓ ਅਤੇ ਹਿਮਾਚਲ – ਪ੍ਰਦੇਸ਼ ਦੇ ਕੁਦਰਤੀ ਵਾਤਾਵਰਨ , ਹਰੇ – ਭਰੇ ਪਹਾੜਾਂ , ਉੱਚੇ – ਲੰਮੇ ਦਰੱਖਤਾਂ ਅਤੇ ਪ੍ਰਾਕਿਤਿਕ ਵਰਤਾਰਿਆਂ ਨੂੰ ਇਸ ਸਫਰ ਦੇ ਦੌਰਾਨ ਜਰੂਰ ਮਾਣਿਓ।
ਤੁਹਾਡਾ ਆਪਣਾ…
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ (ਪ੍ਰਸਿੱਧ ਲੇਖਕ )
ਲੇਖਕ ਦਾ ਨਾਂ ਸਾਹਿਤ ਵਿੱਚ ਕੀਤੇ ਕਾਰਜਾਂ ਲਈ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly