ਬਰਨਾਲਾ (ਸਮਾਜ ਵੀਕਲੀ) ( ਚੰਡਿਹੋਕ): ਬੀਤੇ ਦਿਨੀਂ ਬਰਨਾਲਾ ਵਿਖੇ ਨਾਟਕਾਰ ਦਿਲਪ੍ਰੀਤ ਚੌਹਾਨ ਦੇ ਗ੍ਰਹਿ ਵਿਖੇ ਵਿਸ਼ਵ ਰੰਗ ਮੰਚ ਦਿਵਸ ਬੜੇ ਸਾਦੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕੇਕ ਕੱਟਕੇ ਕੀਤੀ ਗਈ। ਇਸ ਮੌਕੇ ਪਰਜੀਤ ਸੀਤਲ ਨੇ ਰੰਗ ਮੰਚ ਨਾਲ ਜੁੜੀਆਂ ਆਪਣੀਆਂ ਯਾਦਾਂ ਦਰਸ਼ਕਾਂ ਨਾਲ ਸਾਂਝੀਆਂ ਕਰਦਿਆਂ ਕਿਹਾ ਕਿ ਰੰਗ ਮੰਚ ਦੇ ਖੇਤਰ ਵਿੱਚ ਬਰਨਾਲਾ ਦੇ ਕਲਾਕਾਰਾਂ ਨੇ ਜਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ। ਆਪਣੀ ਮਿਹਨਤ ਦੇ ਬਲਬੂਤੇ ਤੇ ਇੱਥੋਂ ਦੇ ਅਦਾਕਾਰਾਂ ਨੇ ਫ਼ਿਲਮੀ ਜਗਤ ਵਿੱਚ ਵਿਸ਼ੇਸ਼ ਥਾਂ ਬਣਾ ਲਈ ਹੈ। ਸੁਰਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਨੂੰ ਮਾਣ ਹੈ ਇੱਥੋਂ ਦੀ ਰੰਗ ਮੰਚ ਨਾਲ ਸਬੰਧਿਤ ਉੱਤਰੀ ਭਾਰਤ ਦੀ ਵੱਡੀ ਸੰਸਥਾ ‘ਮਹਾਂਸ਼ਕਤੀ ਕਲਾ ਮੰਦਰ’ ਬਰਨਾਲਾ ਨੇ ਕਿੰਨੇ ਹੀ ਰੰਗ ਕਰਮੀਆਂ ਨੂੰ ਅੱਗ ਵਧਣ ਲਈ ਮੰਚ ਪ੍ਰਦਾਨ ਕੀਤਾ ਹੈ।
ਭੋਲਾ ਸਿੰਘ ਸੰਘੇੜਾ ਅਤੇ ਤਰਸੇਮ ਨੇ ਕਿਹਾ ਕਿ ਰੰਗ ਮੰਚ ਇੱਕ ਅਜਿਹੀ ਵਿਧਾ ਹੈ ਜਿਸ ਦੇ ਮਾਧਿਅਮ ਰਾਹੀਂ ਸਧਾਰਨ ਦਰਸ਼ਕ ਜਾਂ ਸਰੋਤੇ ਕੋਲ ਆਪਣੀ ਗੱਲ ਪਹੁੰਚਾਈ ਜਾ ਸਕਦੀ ਹੈ। ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਦਾ ਸਰਲੀਕਰਨ ਕੀਤਾ ਜਾ ਸਕਦਾ ਹੈ। ਇਸ ਮੌਕੇ ਸ਼ਿਵ ਸਿੰਗਲਾ ਸੁੱਖਪ੍ਰੀਤ ਚੌਹਾਨ ਮਨਜੀਤ ਸਿੰਘ ਸਾਗਰ ਬਿੰਦਰ ਠੀਕਰੀਵਾਲਾ ਆਦਿ ਨੇ ਵੀ ਰੰਗ ਮੰਚ ਬਾਰੇ ਵਿਚਾਰ ਚਰਚਾ ਕੀਤੀ। ਇਸ ਮੌਕੇ ਪ੍ਰਵਾਜ਼ ਥੀਏਟਰ ਵੱਲੋਂ ਦਿਲਪ੍ਰੀਤ ਚੌਹਾਨ ਦਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਨਾਟਕ ‘ਫਾਰਮ ਨੰਬਰ 65940’ ਵੀ ਖੇਡਿਆ ਗਿਆ ਜਿਸ ਵਿੱਚ ਦਿਲਪ੍ਰੀਤ ਚੌਹਾਨ ਪ੍ਰੋ. ਗੁਰਮੀਤ ਸਿੰਘ ਅਮਨਦੀਪ ਸਿੰਘ ਏਕਮਦੀਪ ਸਿੰਘ ਬਲਕਰਨ ਲੋਹਟ ਗੁਰਪ੍ਰੀਤ ਸ਼ਰਮਾ ਸਾਹਿਲ ਗਿੱਲ ਅਰੁਣ ਬਾਂਸਲ ਸੰਦੀਪ ਮਿਸਾਲ ਨੇ ਅਹਿਦ ਕੀਤਾ ਕਿ ਹਰ ਸਾਲ ਵਿਸ਼ਵ ਰੰਗ ਮੰਚ ਦਿਵਸ ਨੂੰ ਵੱਡੇ ਪੱਧਰ ’ਤੇ ਮਨਾਇਆ ਜਾਇਆ ਕਰੇਗਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly