## ਦਾਨਾਂ ‘ਚੋ ਦਾਨ , ਖੂਨ ਦਾਨ, ਮਹਾਂਕਲਿਆਣ ##
(ਸਮਾਜ ਵੀਕਲੀ) ਸੇਵਾ ਅਤੇ ‘ਸਰਬੱਤ ਦੇ ਭਲੇ’ ਲਈ ਅਗਰ ਕਿਸੇ ਵੀ ਤਰ੍ਹਾਂ ਦੀ ਵਸਤੂ ਨੂੰ ਦੂਸਰੇ ਇੰਨਸਾਨ ਦੀ ਮਦਦ ਲਈ ਦਿੱਤਾ ਜਾਂਦਾ ਹੋਵੇ ਤਾਂ ਓਸ ਨੂੰ ਦਾਨ ਕਿਹਾ ਜਾਂਦਾ ਹੈ। ਜਿਸ ਨੂੰ ਅਧਿਆਤਮਿਕ ਅਤੇ ਧਾਰਮਿਕ ਦ੍ਰਿਸ਼ਟੀਕੋਣ ਵਜੋਂ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸਭ ਤੋਂ ਵੱਡਾ ਦਾਨ ਅਤੇ ਮਹਾ ਦਾਨ ਖੂਨਦਾਨ ਨੂੰ ਮੰਨਿਆ ਗਿਆ ਹੈ। ਜੋਕਿ ਇਕ ਮਹੱਤਵਪੂਰਨ ਅਤੇ ਜੀਵਨ ਬਚਾਉਣ ਵਾਲਾ ਦਾਨ ਹੈ। ਇਹਦੇ ਰਾਹੀਂ ਅਸੀਂ ਆਪਣਾ ਕੁਝ ਖੂਨ ਦਾਨ ਕਰਦੇ ਹਾਂ, ਜੋ ਲੋੜਵੰਦ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਸਹਾਇਕ ਹੁੰਦਾ ਹੈ।
ਖੂਨ ਦਾਨ ਦੀ ਲੋੜ ਹਮੇਸ਼ਾਂ ਹੀ ਰਹਿੰਦੀ ਹੈ ਕਿਉਂਕਿ ਖੂਨ ਨੂੰ ਲੰਬੇ ਸਮੇਂ ਲਈ ਸਟੋਰ ਨਹੀਂ ਕੀਤਾ ਜਾ ਸਕਦਾ। ਖੂਨ ਦੀ ਇੱਕ ਬੂੰਦ ਵੀ ਕਿਸੇ ਦੀ ਜਾਨ ਬਚਾ ਸਕਦੀ ਹੈ। ਦੇਸ਼ ਅਤੇ ਦੁਨੀਆ ਦੇ ਹਜ਼ਾਰਾਂ ਲੋਕ ਖੂਨ ਦੀ ਕਮੀ ਕਾਰਨ ਆਪਣੀਆਂ ਜਾਨਾਂ ਗੁਆ ਦਿੰਦੇ ਹਨ। ਜੇਕਰ ਕਿਸੇ ਲੋੜਵੰਦ ਨੂੰ ਸਮੇਂ ਸਿਰ ਖੂਨ ਮਿਲ ਜਾਵੇ ਤਾਂ ਉਸ ਦੀ ਜਾਨ ਬਚ ਸਕਦੀ ਹੈ। ਹਰ ਰੋਜ਼ ਹਜ਼ਾਰਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਆਪਣਾ ਸਾਰਾ ਖੂਨ ਗੁਆ ਦਿੰਦੇ ਹਨ ਜੇਕਰ ਅਜਿਹੇ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਅਤੇ ਸਰੀਰ ਵਿੱਚ ਖੂਨ ਦੀ ਕਮੀ ਦੀ ਭਰਪਾਈ ਨਾ ਕੀਤੀ ਜਾਵੇ ਤਾਂ ਉਨ੍ਹਾਂ ਦੀ ਮੌਤ ਵੀ ਹੋ ਸਕਦੀ ਹੈ।
ਹਰ ਸਾਲ ਜੂਨ ਮਹੀਨੇ ਦੀ 14 ਤਾਰੀਕ ਨੂੰ ਵਿਸ਼ਵ ਖੂਨਦਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇੱਸ ਦਿਨ ਨੂੰ ਕਾਰਲ ਲੈਂਡਸਟਾਈਨਰ ਦੇ ਜਨਮ ਦਿਨ ਦੀ ਯਾਦ ਵਿਚ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। 14 ਜੂਨ 1868 ਨੂੰ ਜਨਮੇ ਕਾਰਲ ਲੈਂਡਸਟਾਈਨਰ ਨੇ ਖੂਨ ਦੇ ਵੱਖ-ਵੱਖ ਗਰੂਪਾਂ (A, B, AB, O) ਦੀ ਖੋਜ ਕੀਤੀ, ਜਿਸ ਨਾਲ ਖੂਨ ਦਾਨ ਕਰਨਾ ਸੰਭਵ ਹੋ ਸਕਿਆ। ਸਿਹਤ ਵਿਗਿਆਨ ਵਿੱਚ ਉਨ੍ਹਾਂ ਦੇ ਅਥਾਹ ਯੋਗਦਾਨ ਲਈ ਉਹਨਾਂ ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।
ਵਿਸ਼ਵ ਖੂਨਦਾਨ ਦਿਵਸ ਤੋਂ ਇਲਾਵਾ ਖਾਸ ਦਿਨ ਤਿਉਹਾਰ ਮੌਕੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਖੂਨ ਦਾਨ ਕੈਂਪ ਲਗਾਏ ਜਾਂਦੇ ਹਨ। ਧਾਰਮਿਕ ਸਥਾਨਾਂ ਅਤੇ ਸਮਾਜਿਕ ਸੰਸਥਾਵਾਂ ਦੁਆਰਾ ਅਕਸਰ ਇਹ ਕੈਂਪ ਲਗਾਏ ਜਾਂਦੇ ਹਨ, ਜਿੱਥੇ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਕੇ ਖੂਨ ਦਾਨ ਕਰਦੇ ਹਨ। ਇਸ ਵਿਚ ਜ਼ਿਆਦਾਤਰ ਯੁਵਕ, ਵਿਦਿਆਰਥੀ, ਤੇ ਸਮਾਜਿਕ ਵਿਅਕਤੀ ਹੁੰਦੇ ਹਨ ਜੋ ਮਾਨਵਤਾ ਦੀ ਸੇਵਾ ਲਈ ਅੱਗੇ ਆਉਂਦੇ ਹਨ।
ਖੂਨ ਦਾਨ ਕਰਨ ਦੀ ਪ੍ਰਕਿਰਿਆ ਬਹੁਤ ਸੌਖੀ ਹੂੰਦੀ ਹੈ। ਇਸ ਵਿੱਚ ਕੁਝ ਮਿੰਟਾਂ ਦਾ ਹੀ ਸਮਾਂ ਲੱਗਦਾ ਹੈ। ਸਭ ਤੋਂ ਪਹਿਲਾਂ ਖੂਨ ਦਾਨ ਕਰਨ ਵਾਲੇ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ। ਇਸ ਦੌਰਾਨ ਉਸ ਦਾ ਹੇਮੋਗਲੋਬਿਨ ਲੈਵਲ, ਬਲਡ ਪ੍ਰੈਸ਼ਰ ਆਦਿ ਚੈੱਕ ਕੀਤੇ ਜਾਂਦੇ ਹਨ। ਸਭ ਕੁੱਛ ਸਹੀ ਹੋਣ ਉੱਪਰੰਤ ਉਸ ਤੋਂ 350 ਤੋਂ 450 ਮਿ.ਲੀ. ਖੂਨ ਲਿਆ ਜਾਂਦਾ ਹੈ। ਇਹ ਪ੍ਰਕਿਰਿਆ ਲਗਭਗ 10 ਤੋਂ 15 ਮਿੰਟ ਦੀ ਹੁੰਦੀ ਹੈ। ਖੂਨ ਦਾਨ ਤੋਂ ਬਾਅਦ ਕੁਝ ਸਮਾਂ ਅਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਖੂਨ ਦਾਨ ਕਰਨ ਨਾਲ ਸਿਰਫ਼ ਮਰੀਜ਼ਾਂ ਨੂੰ ਹੀ ਲਾਭ ਨਹੀਂ ਹੁੰਦਾ, ਸਗੋਂ ਖੂਨ ਦਾਨ ਕਰਨ ਵਾਲੇ ਨੂੰ ਵੀ ਕਈ ਤਰ੍ਹਾਂ ਦੇ ਸਿਹਤ ਨਾਲ ਸੰਬਧਤ ਫਾਇਦੇ ਹੁੰਦੇ ਹਨ। ਸਰੀਰ ਵਿੱਚ ਨਵਾਂ ਖੂਨ ਬਣਨ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ ਜੋ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਇਸ ਨਾਲ ਦਿਲ ਦੀ ਬਿਮਾਰੀਆਂ ਦੇ ਖਤਰੇ ਵਿੱਚ ਵੀ ਕਮੀ ਆਉਂਦੀ ਹੈ। ਮਨੁੱਖੀ ਜੀਵਨ ਬਚਾਉਣ ਦਾ ਸਹਿਸੂਭਾਗੀ ਬਣਨ ਨਾਲ ਮਨੁੱਖੀ ਤਸੱਲੀ ਅਤੇ ਸੰਤੁਸ਼ਟੀ ਵੀ ਖੂਨ ਦਾਨ ਕਰਨ ਵਾਲੇ ਨੂੰ ਮਿਲਦੀ ਹੈ।
ਦੁਨੀਆ ਭਰ ਵਿੱਚ ਜਾਨਾਂ ਬਚਾਉਣ ਲਈ ਖੂਨਦਾਨ ਕਰਨਾ ਬਹੁਤ ਜ਼ਰੂਰੀ ਹੈ। ਕਈ ਵਾਰ ਅਜਿਹੀਆਂ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਕਿ ਤੁਰੰਤ ਖੂਨ ਦੀ ਲੋੜ ਪੈਂਦੀ ਹੈ, ਅਜਿਹੇ ਹਾਲਾਤਾਂ ਵਿੱਚ ਖੂਨਦਾਨ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਖੂਨ ਦਾ ਦਾਨ ਮਨੁੱਖਤਾ ਦੀ ਸੇਵਾ ਕਰਨ ਦਾ ਸਭ ਤੋਂ ਉੱਚਾ ਤਰੀਕਾ ਹੈ। ਇਸ ਨਾਲ ਨਿਰੰਤਰ ਜੀਵਨ ਬਚਾਏ ਜਾਂਦੇ ਹਨ ਅਤੇ ਸਮਾਜਿਕ ਸੁਧਾਰ ਵੱਲ ਵੀ ਇੱਕ ਕਦਮ ਵੱਧਦਾ ਹੈ। ਜਿਥੇ ਸਾਨੂੰ ਵੀ ਇਸ ਪਵਿੱਤਰ ਕਾਰਜ ਵਿੱਚ ਅਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਉੱਥੇ ਹੀ ਮਨੁੱਖਤਾ ਦੀ ਸੇਵਾ ਲਈ ਸਭ ਤੋਂ ਮਹੱਤਵਪੂਰਨ ਇਸ ਦਾਨ ਬਾਰੇ ਹੋਰਾਂ ਨੂੰ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ। ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣ ਅਤੇ ਖੂਨ ਦਾਨ ਵਿੱਚ ਹਿੱਸਾ ਲੈਣ ਦੀ ਸਲਾਹ ਦੇਣੀ ਚਾਹੀਦੀ ਹੈ, ਤਾਂ ਜੋ ਹਰ ਮਰੀਜ਼ ਨੂੰ ਸਮੇਂ ਸਿਰ ਖੂਨ ਉਪਲਬਧ ਹੋ ਸਕੇ। ਇਹ ਸਿਰਫ਼ ਇੱਕ ਦਾਨ ਹੀ ਨਹੀਂ, ਸਗੋਂ ਜੀਵਨ ਦੀ ਲੜੀ ਨੂੰ ਜਾਰੀ ਰੱਖਣ ਦਾ ਇੱਕ ਸਾਧਨ ਵੀ ਹੈ।

ਬਲਦੇਵ ਸਿੰਘ ਬੇਦੀ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly