(ਸਮਾਜ ਵੀਕਲੀ)
ਔਰਤ ਦਿਵਸ ਤੇ ਕਰਨਗੇ ਸਿਫ਼ਤ ਪੂਰੀ
ਰੱਜ ਰੱਜ ਕੇ ਜਿਨ੍ਹਾਂ ਦੁਰਕਾਰੀ ਔਰਤ
ਭਜਾ ਭਜਾ ਕੇ ਕੁੱਟੀ ਵਾਂਗ ਛੱਲੀਆਂ ਦੇ
ਰੁਜ਼ਗਾਰ ਮੰਗਦੀ ਬੇ-ਰੁਜ਼ਗਾਰੀ ਔਰਤ
ਲੋਕ ਦਿਖਾਵੇ ਲਈ ਗਾਉਣਗੇ ਉਹ ਸੋਹਲੇ
ਜਿਸ ਬਦਚਲਣੀ ਕਹਿ ਪ੍ਰਚਾਰੀ ਔਰਤ
ਨੋਟ ਬੰਦੀ ਦਾ ਸੁਣਾਅ ਫੁਰਮਾਨ ਸ਼ਾਹੀ
ਜਿਨ੍ਹਾਂ ਕਤਾਰਾਂ ਵਿੱਚ ਖਲ੍ਹਿਆਰੀ ਔਰਤ
ਪਤੀ ਪੁੱਤ ਸ਼ਹੀਦ ਕਰਵਾ ਬਾਡਰਾਂ ਤੇ
ਹੱਕ ਮੰਗਦੀ ਨਾ ਦਿਸੇ ਦੁਖਿਆਰੀ ਔਰਤ
ਨੇਤਾ ਸਾਧ ਤੇ ਹਵਸੀ਼ ਭੇੜੀਏ ਜੋ
ਬਖਸ਼ੀ ਕਿਸੇ ਨਾ ਮਜਬੂਰ ਵਿਚਾਰੀ ਔਰਤ
ਲੱਖ ਲਾਹਨਤਾਂ ਉਨ੍ਹਾਂ ਦੀ ਸੋਚ ਉੱਤੇ
ਜਿਸ ਤੋਂ ਹੋਵੇ ਖੱਜਲ਼ ਖੁਆਰੀ ਔਰਤ
ਦੀਨੇ ਪਿੰਡ ਦਾ ਫ਼ੌਜੀ ਉਹਨੂੰ ਕਰੇ ਸਿਜਦਾ
ਦਿਲੋਂ ਇੱਜ਼ਤ ਦੇ ਜਿਸ ਸਤਿਕਾਰੀ ਔਰਤ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ
95011-27033