ਨਵੰਬਰ ਵਿਚ ਐਨਡੀਏ ਪ੍ਰੀਖਿਆ ਦੇ ਸਕਣਗੀਆਂ ਔਰਤਾਂ

ਨਵੀਂ ਦਿੱਲੀ (ਸਮਾਜ ਵੀਕਲੀ) : ਮਹਿਲਾ ਉਮੀਦਵਾਰਾਂ ਨੂੰ ਐਨਡੀਏ ਦਾਖਲਾ ਪ੍ਰੀਖਿਆ ਦੇਣ ਦੀ ਇਜਾਜ਼ਤ ਅਗਲੇ ਵਰ੍ਹੇ ਤੋਂ ਦੇਣ ਬਾਰੇ ਕੇਂਦਰ ਸਰਕਾਰ ਵੱਲੋਂ ਪਾਈ ਅਪੀਲ ਨੂੰ ਸੁਪਰੀਮ ਕੋਰਟ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਿਖ਼ਰਲੀ ਅਦਾਲਤ ਨੇ ਕਿਹਾ ਕਿ ਇਹ ਨਹੀਂ ਚਾਹੁੰਦੀ ਕਿ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਰੱਖਿਆ ਜਾਵੇ। ਇਸ ਮਾਮਲੇ ਨੂੰ ਸਾਲ ਭਰ ਲਈ ਨਹੀਂ ਟਾਲਿਆ ਜਾ ਸਕਦਾ। ਇਸ ਦੇ ਨਾਲ ਹੀ ਨਵੰਬਰ ਵਿਚ ਔਰਤਾਂ ਦੇ ਐਨਡੀਏ ਪ੍ਰੀਖਿਆ ਦੇਣ ਦਾ ਰਾਹ ਪੱਧਰਾ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਇਸ ਬਾਰੇ ਨੋਟੀਫਿਕੇਸ਼ਨ ਅਗਲੇ ਸਾਲ ਮਈ ਤੱਕ ਜਾਰੀ ਕਰ ਦਿੱਤਾ ਜਾਵੇਗਾ। ਜਸਟਿਸ ਐੱਸ.ਕੇ. ਕੌਲ ਦੇ ਬੈਂਚ ਨੇ ਕਿਹਾ ਕਿ ਹੰਗਾਮੀ ਹਾਲਤਾਂ ਨਾਲ ਹਥਿਆਰਬੰਦ ਬਲਾਂ ਤੋਂ ਵਧੀਆ ਕੋਈ ਨਹੀਂ ਨਜਿੱਠ ਸਕਦਾ ਤੇ ਸੁਪਰੀਮ ਕੋਰਟ ਆਸ ਕਰਦਾ ਹੈ ਕਿ ਮਹਿਲਾਵਾਂ ਦਾ ਬਿਨਾਂ ਦੇਰੀ ਦਾਖਲਾ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਦੇ ਹਨ। ਅਦਾਲਤ ਨੇ ਕਿਹਾ ਕਿ ਬਣਦੀ ਕਾਰਵਾਈ ਰੱਖਿਆ ਵਿਭਾਗ ਯੂਪੀਐੱਸਸੀ ਨਾਲ ਮਿਲ ਕੇ ਅਮਲ ਵਿਚ ਲਿਆ ਸਕਦਾ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਔਰਤਾਂ ਦਾ ਐਨਡੀਏ ਵਿਚ ਦਾਖਲਾ ਯਕੀਨੀ ਬਣਾਉਣ ਲਈ ਇਕ ਅਧਿਐਨ ਗਰੁੱਪ ਦਾ ਗਠਨ ਕੀਤਾ ਗਿਆ ਹੈ।

ਸਰਕਾਰ ਨੇ ਕਿਹਾ ਸੀ ਕਿ ਰੱਖਿਆ ਸੇਵਾਵਾਂ ਵੱਲੋਂ ਬਣਾਈ ਗਈ ਮਾਹਿਰਾਂ ਦੀ ਕਮੇਟੀ ਵਿਆਪਕ ਅਧਿਐਨ ਕਰ ਕੇ ਐਨਡੀਏ ਦੀਆਂ ਮਹਿਲਾ ਕੈਡੇਟਾਂ ਲਈ ਪਾਠਕ੍ਰਮ ਤਿਆਰ ਕਰੇਗੀ। ਸੁਣਵਾਈ ਦੌਰਾਨ ਪਟੀਸ਼ਨਕਰਤਾ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਐਨਡੀਏ ਦੇ ਸਾਲ ਵਿਚ ਦੋ ਪੇਪਰ ਹੁੰਦੇ ਹਨ। ਇਕ ਲਈ ਨੋਟੀਫਿਕੇਸ਼ਨ ਜਨਵਰੀ ਵਿਚ ਨਿਕਲਦਾ ਹੈ ਤੇ ਪੇਪਰ ਅਪਰੈਲ ਵਿਚ ਹੁੰਦਾ ਹੈ। ਦੂਜੇ ਲਈ ਨੋਟੀਫਿਕੇਸ਼ਨ ਮਈ-ਜੂੁਨ ਵਿਚ ਨਿਕਲਦਾ ਹੈ ਤੇ ਪੇਪਰ ਸਤੰਬਰ ਵਿਚ ਹੁੰਦਾ ਹੈ। ਪੂਰੀ ਪ੍ਰਕਿਰਿਆ ਪੂਰਾ ਸਾਲ ਲੈਂਦੀ ਹੈ। ਜੇ ਮਈ 2022 ਵਿਚ ਸਰਕਾਰ ਨੋਟੀਫਿਕੇਸ਼ਨ ਜਾਰੀ ਕਰਨ ਬਾਰੇ ਕਹਿ ਰਹੀ ਹੈ ਤਾਂ ਦਾਖਲਾ 2023 ਵਿਚ ਹੋਵੇਗਾ।

ਬੈਂਚ ਨੇ ਕਿਹਾ ਕਿ ਢਾਂਚਾ ਕਾਇਮ ਕਰਨ ਲਈ ਸਰਕਾਰ ਨੂੰ ਕੁਝ ਸਮਾਂ ਲੱਗੇਗਾ ਪਰ ਔਰਤਾਂ ਲਈ ਪ੍ਰੀਖਿਆ ਟਾਲੀ ਨਹੀਂ ਜਾ ਸਕਦੀ। ਵਧੀਕ ਸੌਲੀਸਿਟਰ ਜਨਰਲ ਨੇ ਮੰਗ ਕੀਤੀ ਸੀ ਕਿ 14 ਨਵੰਬਰ ਨੂੰ ਹੋਣ ਵਾਲੀ ਐਨਡੀਏ ਪ੍ਰੀਖਿਆ ਬਾਰੇ ਫ਼ਿਲਹਾਲ ਕੋਈ ਹੁਕਮ ਨਾ ਦਿੱਤਾ ਜਾਵੇ। ਅਦਾਲਤ ਦੇ ਬੈਂਚ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਰਕ ਨੂੰ ਸਵੀਕਾਰ ਕਰਨਾ ਔਖਾ ਹੈ ਕਿਉਂਕਿ ਉਮੀਦਵਾਰ ਵੱਡੀ ਗਿਣਤੀ ਵਿਚ ਇਹ ਪ੍ਰੀਖਿਆ ਦੇਣੀ ਚਾਹੁੰਦੇ ਹਨ। ਅਦਾਲਤ ਨੇ ਕਿਹਾ ਕਿ ਫ਼ੌਜ ਦੀ ਸਿਖ਼ਲਾਈ ਵਿਚ ਬੇਹੱਦ ਮੁਸ਼ਕਲ ਸਥਿਤੀਆਂ ਨਾਲ ਨਜਿੱਠਣਾ ਵੀ ਸ਼ਾਮਲ ਹੁੰਦਾ ਹੈ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਵਿੰਦਰ ਸ਼ਰਮਾ ਦੁਆਰਾ ਬਣਾਏ ਨਕਸ਼ੇ ਬਣੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ
Next articleਹਰ ਧਰਮ ਤੇ ਵਰਣ ਨੂੰ ਬਰਾਬਰ ਦਾ ਮਾਣ-ਸਨਮਾਨ ਦਿੱਤਾ ਜਾਵੇਗਾ: ਚੰਨੀ