ਮੁੱਖ ਮੰਤਰੀ ਤੋਂ ਬਾਅਦ ਮਹਿਲਾ ਵਿਧਾਇਕਾਂ ਨੇ ਚੁੱਕੀ ਸਹੁੰ

 

  • ਰਾਣਾ ਗੁਰਜੀਤ, ਰਾਣਾ ਇੰਦਰਪ੍ਰਤਾਪ ਸਿੰਘ, ਅਸ਼ਵਨੀ ਸ਼ਰਮਾ ਤੇ ਗੁਨੀਵ ਮਜੀਠੀਆ ਰਹੇ ਗ਼ੈਰ-ਹਾਜ਼ਰ
  • ਤਿੰਨ ਮੈਂਬਰਾਂ ਨੇ ਹਿੰਦੀ ’ਚ ਚੁੱਕੀ ਸਹੁੰ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਦੇ ਪ੍ਰੋਟੈੱਮ ਸਪੀਕਰ ਇੰਦਰਬੀਰ ਸਿੰਘ ਨਿੱਝਰ ਨੇ ਅੱਜ 16ਵੀਂ ਵਿਧਾਨ ਸਭਾ ਦੇ ਪਲੇਠੇ ਸੈਸ਼ਨ ਦੇ ਪਹਿਲੇ ਦਿਨ ਸਦਨ ਦੇ ਮੈਂਬਰਾਂ ਨੂੰ ਵਿਧਾਇਕ ਵਜੋਂ ਹਲਫ ਦਿਵਾਇਆ। ਸਭ ਤੋਂ ਪਹਿਲਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕੀ। ਇਸ ਮਗਰੋਂ ਸਾਰੀਆਂ ਪਾਰਟੀਆਂ ਦੀਆਂ ਮਹਿਲਾ ਵਿਧਾਇਕਾਂ ਨੂੰ ਹਲਫ ਦਿਵਾਇਆ ਗਿਆ। ‘ਆਪ’ ਨਾਲ ਸਬੰਧਤ ਦੋ ਦਰਜਨ ਦੇ ਕਰੀਬ ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਕਸ਼ੇ ਕਦਮਾਂ ਦੇ ਚਲਦਿਆਂ ਹਲਫ ਲੈਣ ਤੋਂ ਬਾਅਦ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਾਇਆ। ਤਿੰਨ ਕੁ ਮੈਂਬਰਾਂ ਨੇ ਹਿੰਦੀ ਅਤੇ ਬਾਕੀ ਮੈਂਬਰਾਂ ਨੇ ਪੰਜਾਬੀ ਭਾਸ਼ਾ ਵਿੱਚ ਸਹੁੰ ਚੁੱਕੀ। ਕਾਂਗਰਸ ਦੇ ਰਾਣਾ ਗੁਰਜੀਤ ਸਿੰਘ, ਰਾਣਾ ਇੰਦਰਪ੍ਰਤਾਪ ਸਿੰਘ (ਆਜ਼ਾਦ), ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗੁਨੀਵ ਮਜੀਠੀਆ ਨੇ ਅੱਜ ਹਲਫ ਨਹੀਂ ਲਿਆ।

ਇਹ ਵਿਧਾਇਕ ਸਦਨ ਦੀ ਕਾਰਵਾਈ ਦੌਰਾਨ ਗੈਰ ਹਾਜ਼ਰ ਸਨ। ਪ੍ਰੋਟੈੱਮ ਸਪੀਕਰ ਵੱਲੋਂ ਰਹਿੰਦੇ ਵਿਧਾਇਕਾਂ ਨੂੰ ਸੋਮਵਾਰ ਹਲਫ ਦਿਵਾਇਆ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਤਿੰਨ ਰੋਜ਼ਾ ਸੈਸ਼ਨ ਦੇ ਪਹਿਲੇ ਦਿਨ ਅੱਜ ਸਦਨ ਦਾ ਅੰਦਰ ਅਤੇ ਬਾਹਰ ਦਾ ਮਾਹੌਲ ਪਹਿਲਾਂ ਨਾਲੋਂ ਕੁਝ ਵੱਖਰਾ ਸੀ। ਸੂਬੇ ਦੀ 16ਵੀਂ ਵਿਧਾਨ ਸਭਾ ਦੇ ਨਵੇਂ ਵਿਧਾਇਕਾਂ ਨੇ ਲੰਮੇ ਸਮੇਂ ਤੋਂ ਸਦਨ ਦੇ ਮੈਂਬਰ ਚਲੇ ਆ ਰਹੇ ਸਿਆਸਤਦਾਨਾਂ ਦੀ ਥਾਂ ਲੈ ਲਈ ਹੈ। ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਵਿਧਾਇਕ ਸਦਨ ਦੇ ਬਾਹਰ ਮੁਲਾਜ਼ਮਾਂ, ਆਮ ਲੋਕਾਂ ਅਤੇ ਮੀਡੀਆ ਲਈ ਖਿੱਚ ਦੇ ਕੇਂਦਰ ਬਣੇ ਹੋਏ ਸਨ। ਸੂਬੇ ਦੀ ਵਿਧਾਨ ਸਭਾ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਵੱਡੀ ਗਿਣਤੀ ਵਿਧਾਇਕ ਪਹਿਲੀ ਵਾਰੀ ਹੀ ਸਦਨ ਦੇ ਮੈਂਬਰ ਨਹੀਂ ਬਣੇ ਸਗੋਂ ਉਹ ਵੱਖ-ਵੱਖ ਖਿੱਤਿਆਂ ਨਾਲ ਸਬੰਧਤ ਅਤੇ ਕਿੱਤਾ ਮਾਹਿਰ ਵੀ ਹਨ। ਸਦਨ ਵਿੱਚ ਪਹੁੰਚੇ ਮੁੱਖ ਮੰਤਰੀ ਸਮੇਤ ‘ਆਪ’ ਦੇ ਜ਼ਿਆਦਾਤਰ ਵਿਧਾਇਕਾਂ ਨੇ ਬਸੰਤੀ ਰੰਗ ਦੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ ਤੇ ਮਹਿਲਾ ਵਿਧਾਇਕਾਂ ਨੇ ਬਸੰਤੀ ਰੰਗ ਦੀਆਂ ਚੁੰਨੀਆਂ ਲਈਆਂ ਹੋਈਆਂ ਸਨ। ‘ਆਪ’ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਵੀ ਦਰਸ਼ਕ ਗੈਲਰੀਆਂ ਵਿੱਚ ਬੈਠੇ ਹੋਏ ਸਨ।

‘ਆਪ’ ਦੇ ਪਹਿਲੀ ਵਾਰੀ ਸੱਤਾ ਵਿੱਚ ਆਉਣ ਕਾਰਨ ਵਿਧਾਇਕਾਂ ਦੇ ਹਮਾਇਤੀ ਵੀ ਵੱਡੀ ਗਿਣਤੀ ਵਿਧਾਨ ਸਭਾ ਵਿੱਚ ਪਹੁੰਚੇ। ਵਿਧਾਇਕਾਂ ਦੇ ਹਮਾਇਤੀ ਵਿਧਾਨ ਸਭਾ ਦੇ ਅਮਲੇ ਨਾਲ ਕਈ ਥਾਈਂ ਉਲਝਦੇ ਵੀ ਦਿਖਾਈ ਦੇ ਰਹੇ ਸਨ। ਵਿਧਾਨ ਸਭਾ ਦੇ ਪਲੇਠੇ ਸੈਸ਼ਨ ਦਾ ਪਹਿਲਾ ਦਿਨ ਸੀ। ਇਸ ਲਈ ਸੁਰੱਖਿਆ ਅਮਲੇ ਤੇ ਵਿਧਾਨ ਸਭਾ ਦੇ ਸਟਾਫ ਨੂੰ ਵਿਧਾਇਕਾਂ ਦੀ ਪਛਾਣ ਕਰਨ ਵਿੱਚ ਵੀ ਮੁਸ਼ਕਿਲ ਆਈ ਅਤੇ ਸੁਰੱਖਿਆ ਅਮਲੇ ਵੱਲੋਂ ਪੁੱਛ ਪੜਤਾਲ ਤੋਂ ਬਾਅਦ ਹੀ ਵਿਧਾਇਕਾਂ ਨੂੰ ਅੱਗੇ ਵਧਣ ਦਿੱਤਾ ਗਿਆ। ਸਦਨ ਵਿੱਚ ਜਦੋਂ ਹਲਫ਼ਦਾਰੀ ਰਸਮ ਚੱਲ ਰਹੀ ਸੀ ਤਾਂ ਕਈ ਵਿਧਾਇਕ ਤੇ ਦਰਸ਼ਕ ਗੈਲਰੀਆਂ ਵਿੱਚ ਬੈਠੇ ਵਿਧਾਇਕਾਂ ਦੇ ਪਰਿਵਾਰਾਂ ਦੇ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਵਿਧਾਨ ਸਭਾ ਦੇ ਅਮਲੇ ਨੇ ਰੋਕਿਆ ਅਤੇ ਸਦਨ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਰਜਿਤ ਹੋਣ ਬਾਰੇ ਦੱਸਿਆ। ਆਮ ਆਦਮੀ ਪਾਰਟੀ ਦੇ ਤਕਰੀਬਨ ਸਾਰੇ ਹੀ ਵਿਧਾਇਕਾਂ ਨੇ ਸਹੁੰ ਚੁੱਕ ਲਈ ਹੈ। ਪ੍ਰੋਟੈੱਮ ਸਪੀਕਰ ਨੇ ਹਲਫਦਾਰੀ ਰਸਮ ਪੂਰੀ ਹੋਣ ਤੋਂ ਬਾਅਦ ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ। ਵਿਧਾਨ ਸਭਾ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਕ ਸੋਮਵਾਰ ਨੂੰ ਸਦਨ ਵਿੱਚ ਰਾਜਪਾਲ ਵੱਲੋਂ ਭਾਸ਼ਨ ਪੜ੍ਹਿਆ ਜਾਵੇਗਾ ਜੋ ‘ਆਪ’ ਸਰਕਾਰ ਦਾ ਪਲੇਠਾ ਭਾਸ਼ਣ ਹੋਵੇਗਾ। ਇਸੇ ਦਿਨ ਸਪੀਕਰ ਦੀ ਚੋਣ ਕੀਤੀ ਜਾਵੇਗੀ ਤੇ ਵਿਛੜੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਮਰ ਕੱਸੀ
Next articleਨਾਭਾ ਤੋਂ ਸਾਈਕਲ ’ਤੇ ਵਿਧਾਨ ਸਭਾ ਪੁੱਜੇ ‘ਆਪ’ ਵਿਧਾਇਕ ਦੇਵ ਮਾਨ