(ਸਮਾਜ ਵੀਕਲੀ)-ਔਰਤ ਨੂੰ ਬੇਸ਼ੱਕ ਮਰਦ ਸਮਾਜ ਵੱਲੋਂ ਪੈਰ ਦੀ ਜੁੱਤੀ ਸਮਝਿਆ ਜਾਂਦਾ ਰਿਹਾ ਹੈ, ਪ੍ਰੰਤੂ ਅਸਲ ਵਿੱਚ ਔਰਤ ਪੂਜਾ ਦੀ ਮੂਰਤ ਹੈ, ਔਰਤ ਦੇ ਬਹੁਤ ਸਾਰੇ ਰੂਪ ਹਨ, ਜੇਕਰ ਔਰਤ ਨੂੰ ਸਮਾਜ ਚ ਮਾਂ ਦੇ ਰੂਪ ਚ ਵੇਖਿਆ ਜਾਵੇ ਤਾਂ ਵੱਡੇ ਵੱਡੇ ਮਹਾਪੁਰਸ਼ਾਂ, ਗੁਰੂਆਂ, ਪੀਰਾਂ, ਫਕੀਰਾਂ, ਯੋਧਿਆਂ ਅਤੇ ਸੂਰਮਿਆਂ ਨੂੰ ਸਮਾਜ ਚ ਜਨਮ ਦੇਣ ਵਾਲੀ ਵੀ ਔਰਤ ਹੀ ਹੈ, ਮਾਂ ਦੇ ਰੂਪ ਚ ਹਰ ਇੱਕ ਔਰਤ ਨੂੰ ਪੂਜਦਾ ਹੈ, ਕਿਉਕਿ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਔਰਤ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਗਿਆ ਹੈ, ਜੇਕਰ ਮਾਂ ਦੇ ਰੂਪ ਵਿੱਚ ਔਰਤ ਨੂੰ ਵੇਖਿਆ ਜਾਵੇ ਤਾਂ ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ, ਮਾਂ ਦੀ ਪੂਜਾ ਕਰਨ ਨੂੰ ਰੱਬ ਦੀ ਪੂਜਾ ਕਰਨਾ ਮੰਨਿਆ ਜਾਂਦਾ ਹੈ, ਸੰਸਾਰ ਵਿੱਚ ਮਾਂ ਨੂੰ ਜੱਗਜਨਣੀ ਵੀ ਕਿਹਾ ਜਾਂਦਾ ਹੈ, ਜੇਕਰ ਸੰਸਾਰ ਜਾਂ ਸਾਡਾ ਸਮਾਜ ਵੱਧ ਫੁਲ ਰਿਹਾ ਹੈ ਤਾਂ ਇਹ ਇੱਕ ਔਰਤ ਦੀ ਹੀ ਦੇਣ ਆ, ਸੰਸਾਰ ਨੂੰ ਜਨਮ ਦੇਣ ਵਾਲੀ ਔਰਤ ਹੀ ਹੈ।
ਔਰਤ ਦਾ ਦੂਜਾ ਰੂਪ ਭੈਣ ਦਾ ਰਿਸ਼ਤਾ ਹੈ, ਇਹ ਰਿਸ਼ਤਾ ਸਭ ਤੋਂ ਅਨਭੋਲ ਰਿਸ਼ਤਾ ਹੈ, ਜੇਕਰ ਸੰਸਾਰ ਵਿੱਚ ਆਪਣੇ ਭਰਾ ਦਾ ਸਭ ਤੋਂ ਵੱਧ ਫਿਕਰ ਕਰਨ ਵਾਲੀ ਕੋਈ ਮੂਰਤ ਹੈ ਤਾਂ ਉਹ ਸਿਰਫ ਭੈਣ ਹੀ ਹੈ, ਜੋ ਆਪਣੇ ਭਰਾ ਨੂੰ ਹਮੇਸ਼ਾ ਸੁੱਖੀ ਵੇਖਣਾ ਚਾਹੁੰਦੀ ਹੈ।
ਔਰਤ ਦਾ ਤੀਜਾ ਰੂਪ ਧੀ ਦਾ ਰਿਸ਼ਤਾ ਹੈ, ਮਾਪਿਆਂ ਦੇ ਦੁੱਖ ਸੁੱਖ ਦੀ ਸਾਥੀ ਧੀ ਵੀ ਇੱਕ ਔਰਤ ਹੀ ਹੁੰਦੀ ਹੈ, ਜਦੋਂ ਮਾਪਿਆਂ ਦੇ ਲਾਡਲੇ ਸਪੁੱਤਰ ਘਰੋਂ ਧੱਕੇ ਮਾਰ ਮਾਤਾ – ਪਿਤਾ ਨੂੰ ਘਰੋਂ ਬਾਹਰ ਕੱਢਦੇ ਹਨ ਤਾਂ ਉਸ ਸਮੇ ਮਾਪਿਆਂ ਦਾ ਸਹਾਰਾ ਧੀ ਹੀ ਬਣਦੀ ਹੈ, ਧੀ ਦੇ ਰੂਪ ਵਿੱਚ ਵੀ ਇਹੀ ਔਰਤ ਹੁੰਦੀ ਹੈ।
ਔਰਤ ਦਾ ਚੌਥਾ ਰੂਪ ਪਤਨੀ ਦੇ ਰੂਪ ਵਿੱਚ ਹੁੰਦਾ ਹੈ, ਪਤਨੀ ਦੇ ਰੂਪ ਵਿੱਚ ਔਰਤ ਆਪਣੇ ਪੇਕਿਆਂ ਦਾ ਘਰ ਛੱਡ ਕੇ ਆਪਣੇ ਸਹੁਰੇ ਪਰਿਵਾਰ ਦਾ ਘਰ ਸੰਭਾਲਦੀ ਹੈ ਅਤੇ ਆਪਣੇ ਪਤੀ ਦੀ ਮੱਦਦ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ, ਉਹ ਆਪਣੇ ਬੱਚਿਆਂ ਅਤੇ ਪਤੀ ਦਾ ਹਮੇਸ਼ਾ ਖਿਆਲ ਰੱਖਦੀ ਹੈ, ਰਸੋਈ ਦੇ ਕੰਮਕਾਰ ਦੇ ਨਾਲ ਨਾਲ ਆਪਣੇ ਸਕੂਲ ਲਈ ਬੱਚਿਆਂ ਨੂੰ ਟਾਈਮ ਨਾਲ ਤਿਆਰ ਬਰ ਤਿਆਰ ਕਰਕੇ ਭੇਜਦੀ ਹੈ, ਸਾਰਾ ਦਿਨ ਰਸੋਈ ਦੇ ਨਾਲ ਨਾਲ ਆਪਣੇ ਪੂਰੇ ਪਰਿਵਾਰ ਦਾ ਖਿਆਲ ਵੀ ਰੱਖਦੀ ਹੈ, ਪਤਨੀ ਦੇ ਰੂਪ ਵਿੱਚ ਵੀ ਔਰਤ ਆਪਣਾ ਹਰ ਫਰਜ ਅਦਾ ਕਰਦੀ ਹੈ। ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਔਰਤ ਤੇਰੇ ਰੂਪ ਅਨੇਕ ਹਨ, ਅੱਜ ਦੇ ਸਮੇਂ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਕਹਿਣ ਵਾਲਾ ਕੋਈ ਬੁਝਦਿਲ ਹੀ ਹੋ ਸਕਦਾ ਹੈ,ਉਹ ਤਾਂ ਮਰਦਾਂ ਦੇ ਬਰਾਬਰ ਦੀ ਹੱਕਦਾਰ ਹੈ, ਅੱਜ ਦੀ ਔਰਤ ਮਹਾਨ ਹੈ।
ਲੇਖਕ ਤੇਜੀ ਢਿੱਲੋਂ
ਬੁਢਲਾਡਾ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly