184 ਸਿਆਸੀ ਹਸਤੀਆਂ ਤੋਂ ਸੁਰੱਖਿਆ ਵਾਪਸ ਲਈ

 

  • 236 ਸੁਰੱਖਿਆ ਮੁਲਾਜ਼ਮ ਵਾਪਸ ਬੁਲਾਏ
  • ਸਰਕਾਰੀ ਖ਼ਜ਼ਾਨੇ ਨੂੰ ਸਾਲਾਨਾ 15 ਕਰੋੜ ਰੁਪਏ ਦਾ ਕਰਨਾ ਪੈਂਦਾ ਸੀ ਭੁਗਤਾਨ

ਚੰਡੀਗੜ੍ਹ (ਸਮਾਜ ਵੀਕਲੀ):  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਹੁਣ ਦੂਸਰੇ ਗੇੜ ਵਿਚ ਕਰੀਬ 184 ਸਿਆਸੀ ਤੇ ਧਾਰਮਿਕ ਹਸਤੀਆਂ ਤੋਂ 236 ਸੁਰੱਖਿਆ ਮੁਲਾਜ਼ਮ ਵਾਪਸ ਲੈ ਲਏ ਹਨ। ਪੰਜਾਬ ਪੁਲੀਸ ਨੇ ਕਰੀਬ 53 ਸਾਬਕਾ ਵਿਧਾਇਕਾਂ ਤੋਂ ਸੁਰੱਖਿਆ ਵਾਪਸ ਲਈ ਹੈ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ 20 ਸਾਬਕਾ ਵਿਧਾਇਕ ਅਤੇ ਕਾਂਗਰਸ ਦੇ 26 ਸਾਬਕਾ ਵਿਧਾਇਕ ਸ਼ਾਮਲ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ ਅਤੇ ਜਗਜੀਤ ਸਿੰਘ ਤਲਵੰਡੀ ਨਾਲੋਂ ਵੀ ਸੁਰੱਖਿਆ ਮੁਲਾਜ਼ਮ ਹਟਾ ਲਏ ਗਏ ਹਨ।

ਸਾਬਕਾ ਵਜ਼ੀਰਾਂ ’ਚ ਸੁਰਜੀਤ ਸਿੰਘ ਰੱਖੜਾ, ਜਨਮੇਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ, ਮਦਨ ਮੋਹਨ ਮਿੱਤਲ, ਗੁਲਜ਼ਾਰ ਸਿੰਘ ਰਣੀਕੇ, ਜਥੇਦਾਰ ਤੋਤਾ ਸਿੰਘ, ਸੋਹਨ ਸਿੰਘ ਠੰਡਲ ਆਦਿ ਸ਼ਾਮਲ ਹਨ ਜਿਨ੍ਹਾਂ ਦੀ ਸੁਰੱਖਿਆ ਵਾਪਸ ਲਈ ਗਈ ਹੈ। ਕਾਂਗਰਸ ਦੇ ਸਾਬਕਾ ਐੱਮਪੀ ਰਾਜੀਵ ਸ਼ੁਕਲਾ ਤੋਂ ਵੀ ਗੰਨਮੈਨ ਵਾਪਸ ਲਿਆ ਗਿਆ ਹੈ। ਸਾਬਕਾ ਐੱਮਪੀ ਸੰਤੋਸ਼ ਚੌਧਰੀ ਅਤੇ ਵਰਿੰਦਰ ਸਿੰਘ ਬਾਜਵਾ ਤੋਂ ਵੀ ਦੋ ਗੰਨਮੈਨ ਵਾਪਸ ਲਏ ਗਏ ਹਨ। ਸਾਬਕਾ ਮੁੱਖ ਮੰਤਰੀ ਨਾਲ ਤਾਇਨਾਤ ਸਲਾਹਕਾਰਾਂ ਨਾਲੋਂ ਵੀ ਗੰਨਮੈਨ ਹਟਾ ਲਏ ਗਏ ਹਨ ਜਿਨ੍ਹਾਂ ਵਿਚ ਜੀ ਐੱਸ ਸੋਢੀ, ਗੁਰਪ੍ਰੀਤ ਸਿੰਘ ਢੇਸੀ, ਮੇਜਰ ਭੁਪਿੰਦਰ ਸਿੰਘ ਢਿੱਲੋਂ ਦੇ ਨਾਮ ਸ਼ਾਮਲ ਹਨ। ਪਹਿਲੇ ਪੜਾਅ ਵਿਚ 122 ਸਿਆਸੀ ਹਸਤੀਆਂ ਤੋਂ ਸੁਰੱਖਿਆ ਮੁਲਾਜ਼ਮ ਵਾਪਸ ਲਏ ਗਏ ਸਨ ਜਿਨ੍ਹਾਂ ਵਿਚ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲੋਂ ਕਾਫੀ ਗਿਣਤੀ ਵਿਚ ਗੰਨਮੈਨ ਹਟਾਏ ਗਏ ਸਨ। ਹਾਲਾਂਕਿ ਮਨਪ੍ਰੀਤ ਬਾਦਲ ਪਬਲਿਕ ਵਿਚ ਬਿਨਾਂ ਸੁਰੱਖਿਆ ਤੋਂ ਵਿਚਰਦੇ ਸਨ। ਮੁੱਖ ਮੰਤਰੀ ਭਗਵੰਤ ਮਾਨ ਆਖਦੇ ਰਹੇ ਹਨ ਕਿ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੀ ਸੁਰੱਖਿਆ ਉਨ੍ਹਾਂ ਲਈ ਅਹਿਮ ਹੈ।

ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਲੜਕੇ ਉਦੇਵੀਰ ਸਿੰਘ ਰੰਧਾਵਾ ਤੋਂ ਅੱਧੀ ਦਰਜਨ ਗੰਨਮੈਨ ਵਾਪਸ ਲਏ ਗਏ ਹਨ। ਉਦੇਵੀਰ ਨਾਲ ਤਾਇਨਾਤ ਇੱਕ ਗੱਡੀ ਵੀ ਵਾਪਸ ਲਈ ਗਈ ਹੈ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨਾਲ ਤਾਇਨਾਤ 5 ਗੰਨਮੈਨ ਵਾਪਸ ਲਏ ਗਏ ਹਨ।

ਪੰਜਾਬ ਪੁਲੀਸ ਨੇ ਤਾਂ ਸਾਬਕਾ ਪੁਲੀਸ ਅਫਸਰਾਂ ਦੇ ਪਰਿਵਾਰਾਂ ਨੂੰ ਵੀ ਗੰਨਮੈਨ ਦਿੱਤੇ ਹੋਏ ਸਨ ਜੋ ਵਾਪਸ ਲੈ ਲਏ ਗਏ ਹਨ। ਰਿਟਾਇਰਡ ਏਡੀਜੀਪੀ ਗੁਰਦਰਸ਼ਨ ਸਿੰਘ ਦੇ ਪਰਿਵਾਰ, ਰਿਟਾਇਰਡ ਆਈਪੀਐੱਸ ਜੀ ਐੱਸ ਭੁੱਲਰ ਦੇ ਲੜਕੇ ਬਰਿੰਦਰ ਭੁੱਲਰ, ਆਈਪੀਐੱਸ ਨਰਿੰਦਰਪਾਲ ਦੀ ਪਤਨੀ ਨੈਨਸੀ, ਸਾਬਕਾ ਐੱਸਐੱਸਪੀ ਅਜੀਤ ਸਿੰਘ ਦੇ ਪਰਿਵਾਰ, ਪਾਵਰਕੌਮ ਦੇ ਸਾਬਕਾ ਚੇਅਰਮੈਨ ਵਾਈ ਐੱਸ ਰੱਤੜਾ ਦੇ ਪਰਿਵਾਰ ਨਾਲ ਤਾਇਨਾਤ ਗੰਨਮੈਨ ਵੀ ਵਾਪਸ ਬੁਲਾਏ ਗਏ ਹਨ।

ਇਸੇ ਤਰ੍ਹਾਂ ਹੀ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਮਾਤਾ ਕੁਲਵੰਤ ਕੌਰ, ਕਾਂਗਰਸੀ ਆਗੂ ਭੁਪਿੰਦਰ ਗੋਰਾ ਦੇ ਪਿਤਾ ਰਘਬੀਰ ਸਿੰਘ, ਕੁਲਜੀਤ ਨਾਗਰਾ ਦੀ ਪਤਨੀ ਮਨਦੀਪ ਕੌਰ, ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੇ ਭਰਾ ਗੋਪਾਲ ਸਿੰਘ, ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਕੈਰੋਂ ਦੀ ਪਤਨੀ ਪਰਨੀਤ ਕੌਰ, ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਖੁਸ਼ਬਾਜ ਜਟਾਣਾ, ਸਿੰਧਵਾਂ ਬੇਟ ਦੇ ਸਾਬਕਾ ਸਰਪੰਚ ਸੋਹਨ ਲਾਲ ਸ਼ੇਰਪੁਰੀ, ਪਿੰਡ ਗਿੱਲ ਦੇ ਸਰਪੰਚ ਹਰਪ੍ਰੀਤ ਸਿੰਘ ਗਿੱਲ ਦੀ ਸੁਰੱਖਿਆ ਵੀ ਵਾਪਸ ਲਈ ਗਈ ਹੈ। ਜਿਨ੍ਹਾਂ ਕੋਲ ਕੋਈ ਸੰਵਿਧਾਨਕ ਅਹੁਦਾ ਨਹੀਂ ਸੀ, ਉਨ੍ਹਾਂ ਨੂੰ ਵੀ ਪਿਛਲੀਆਂ ਸਰਕਾਰਾਂ ਨੇ ਸੁਰੱਖਿਆ ਦਿੱਤੀ ਹੋਈ ਸੀ। ਇਨ੍ਹਾਂ ਵਿਚ ਕਾਫੀ ਗਿਣਤੀ ਭਾਜਪਾ ਆਗੂਆਂ ਦੀ ਹੈ। ਆਗੂਆਂ ਨੂੰ ਦਿੱਤੀ ਜਾ ਰਹੀ ਸੁਰੱਖਿਆ ਖਜ਼ਾਨੇ ਨੂੰ ਸਾਲਾਨਾ ਕਰੀਬ 15 ਕਰੋੜ ਵਿਚ ਪੈਂਦੀ ਸੀ।

ਅਦਾਕਾਰਾਂ ਦੀ ਸੁਰੱਖਿਆ ਹਟਾਈ

ਪਿਛਲੀ ਸਰਕਾਰ ਨੇ ਕਈ ਅਦਾਕਾਰਾਂ ਨੂੰ ਵੀ ਸੁਰੱਖਿਆ ਦਿੱਤੀ ਹੋਈ ਸੀ। ਭਾਜਪਾ ਵਿਚ ਸ਼ਾਮਲ ਹੋਈ ਅਦਾਕਾਰਾ ਮਾਹੀ ਗਿੱਲ ਅਤੇ ਸਤਿੰਦਰ ਕੌਰ ਸੱਤੀ ਤੋਂ ਇਲਾਵਾ ਸਪੀਡ ਰਿਕਾਰਡ ਕੰਪਨੀ ਦੇ ਮਾਲਕਾਂ ਨੂੰ ਵੀ ਸੁਰੱਖਿਆ ਦਿੱਤੀ ਹੋਈ ਸੀ ਜੋ ਹੁਣ ਵਾਪਸ ਲੈ ਲਈ ਗਈ ਹੈ। ‘ਆਪ’ ਦਾ ਦਾਅਵਾ ਹੈ ਕਿ ਉਹ ਵੀਆਈਪੀ ਕਲਚਰ ਨੂੰ ਖਤਮ ਕਰਨਗੇ। ਦੂਜੇ ਪਾਸੇ ਚਰਚੇ ਉੱਠ ਰਹੇ ਹਨ ਕਿ ‘ਆਪ’ ਦੇ ਕਈ ਆਗੂਆਂ ਨਾਲ ਲੋੜ ਤੋਂ ਵਧ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ।

ਸਿਆਸੀ ‘ਕਾਕਿਆਂ’ ਤੋਂ ਗੰਨਮੈਨ ਵਾਪਸ ਲਏ

ਜਿਨ੍ਹਾਂ ਸਿਆਸੀ ਕਾਕਿਆਂ ਤੋਂ ਗੰਨਮੈਨ ਵਾਪਸ ਲਏ ਗਏ ਹਨ, ਉਨ੍ਹਾਂ ਵਿਚ ਮਨਪ੍ਰੀਤ ਸਿੰਘ ਬਾਦਲ ਦੇ ਪੁੱਤਰ ਅਰਜਨ ਬਾਦਲ, ਸਾਬਕਾ ਵਿਧਾਇਕ ਰਮਿੰਦਰ ਆਵਲਾ ਦੇ ਪੁੱਤਰ ਸੁਖਬੀਰ ਆਵਲਾ, ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਦੇ ਲੜਕੇ ਕਰਨ ਨਾਰੰਗ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਪੁੱਤਰ ਕੰਵਰਇੰਦਰ ਸਿੰਘ ਢਿੱਲੋਂ, ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਲੜਕੇ ਕਾਮਿਲ ਅਮਰ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਲੜਕੇ ਰਣਇੰਦਰ ਸਿੰਘ ਸ਼ਾਮਲ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਨਆਈਏ ਮੁਖੀ ਵੱਲੋਂ ਮੁਕਾਬਲੇ ਵਾਲੀ ਥਾਂ ਦਾ ਦੌਰਾ
Next articleਸੀਬੀਐੱਸਈ ਨੇ ‘ਸੋਧਿਆ’ 11ਵੀਂ ਤੇ 12ਵੀਂ ਜਮਾਤ ਦਾ ਸਿਲੇਬਸ