ਅਸੀਂ ਕੀ ਖੱਟਿਆ ਸਰਹੱਦਾਂ ਬਣਾ ਕੇ ਤੇ ਸੈਨਾ ਖੜ੍ਹਾ ਕੇ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਦੋ ਵਿਕਸਤ ਦੇਸ਼ਾਂ ਦੀ ਸਰਹੱਦ ਹੈ ਅਮਰੀਕਾ ਤੇ ਕੈਨੇਡਾ ਤੇ ਯੂਰਪ ਦੇ ਅਨੇਕਾਂ ਦੇਸ਼ , ਸੋਚਣ ਅਤੇ ਸਮਝਣ ਵਾਲ਼ੀ ਗੱਲ ਇਹ ਹੈ ਕਿ ਇਹਨਾਂ ਨੂੰ ਕੰਡਿਆਲੀਆਂ ਤਾਰਾਂ ਲਾਉਂਣ , ਚੌਂਕੀਆਂ ਬਣਾਉਂਣ ਅਤੇ ਮਿਲਟਰੀ ਤੇ ਪੈਰਾ ਮਿਲਟਰੀ ਫੋਰਸਾਂ ਲਾਉਂਣ ਦੀ ਲੋੜ ਕਿਉਂ ਨਹੀਂ ਪੈਂਦੀ ਅਤੇ ਸਾਡੇ ਏਨਾਂ ਕੁੱਝ ਕਰਨ ਦੇ ਬਾਵਜੂਦ ਵੀ ਤਰਾਂ ਤਰਾਂ ਦੇ ਹਮਲੇ ਅਤੇ ਤਰਾਂ ਤਰਾਂ ਦੀ ਸਮਗਲਿੰਗ ਦਿਨ ਦਿਹਾੜੇ ਵੀ ਹੁੰਦੀ ਰਹਿੰਦੀ ਹੈ।ਸਾਡੇ ਗੁਆਂਢੀ ਮੁਲਕਾਂ ਖਾਸ ਤੌਰ ਤੇ ਪਾਕਿਸਤਾਨ ਤੇ ਚੀਨ ਨਾਲ ਕਿਹੜੀ ਦੁਸ਼ਮਣੀ ਹੈ।ਜਿੱਥੇ ਸਾਡੀ ਫੌਜ ਦਿਨ ਰਾਤ ਪਹਿਰਾ ਦਿੰਦੀ ਹੈ।ਚੀਨ ਨਾਲ ਇੱਕ ਜੰਗ ਲੜੀ ਤੇ ਪਾਕਿਸਤਾਨ ਨਾਲ ਤਾਂ ਆਏ ਦਿਨ ਸਿੰਗ ਫਸਾ ਕੇ ਰੱਖੇ ਹੀ ਜਾ ਰਹੇ ਹਨ। ਅਚਾਨਕ ਕੋਈ ਨਾ ਕੋਈ ਕਿਸੇ ਪਾਸਿਓਂ ਲੜਾਈ ਹੋਣ ਦਾ ਸਮਾਚਾਰ ਮਿਲਦਾ ਹੈ,ਇਹ ਲੜਾਈ ਕਦੋਂ ਖ਼ਤਮ ਹੋਈ ਕਾਰਨ ਕੀ ਸੀ ਕਦੇ ਕੁਝ ਵੀ ਪਤਾ ਨਹੀਂ ਲੱਗਦਾ।

ਪਰ ਦੋਨੋਂ ਪਾਸਿਆਂ ਦੇ ਫੌਜੀ ਕੁਰਬਾਨ ਹੋ ਜਾਂਦੇ ਨੇ ਖੱਟਿਆ ਕਦੇ ਕੁਝ ਵੀ ਨਹੀਂ,ਆਪਣੇ ਦੇਸ਼ ਦਾ ਸਭ ਤੋਂ ਬਡ਼ਾ ਬਜਟ ਸਾਡੀ ਹਵਾਈ ਸੈਨਾ ਥਲ ਸੈਨਾ ਤੇ ਸਮੁੰਦਰੀ ਸੈਨਾ ਦਾ ਹੈ।ਹਰ ਕੋਈ ਜਾਣਦਾ ਹੈ ਲੜਾਈ ਕਦੇ ਕੋਈ ਮਸਲਾ ਹੱਲ ਕਰਦੀ,ਆਹਮੋ ਸਾਹਮਣੇ ਬੈਠ ਕੇ ਹੀ ਛੇੜੀਆਂ ਲੜਾਈਆਂ ਜਾਂ ਆਮ ਮਸਲੇ ਹੱਲ ਕੀਤੇ ਜਾਂਦੇ ਰਹੇ ਹਨ ਤੇ ਹੋਣਗੇ। ਅਮਰੀਕਾ ਅਨੇਕਾਂ ਦੇਸ਼ਾਂ ਵਿੱਚ ਆਪਣੀਆਂ ਸੈਨਾਵਾਂ ਭੇਜ ਕੇ ਕੋਈ ਨਾ ਕੋਈ ਪੰਗੇ ਹਮੇਸ਼ਾ ਖੜ੍ਹੇ ਕਰਦਾ ਰਹਿੰਦਾ ਹੈ,ਪਰ ਗੁਆਂਢੀ ਮੁਲਕਾਂ ਨਾਲ ਇਸ ਦਾ ਕੋਈ ਰੌਲਾ ਨਹੀਂ।ਆਪਣੀ ਮੋਟੀ ਕਮਾਈ ਦਾ ਸਾਧਨ ਇਨ੍ਹਾਂ ਨੇ ਸੈਨਾ ਨੂੰ ਬਣਾ ਕੇ ਰੱਖਿਆ ਹੋਇਆ ਹੈ।

ਹੋਰ ਅਨੇਕਾਂ ਯੂਰਪ ਦੇ ਮੁਲਕ ਹਨ ਜਿਨ੍ਹਾਂ ਦੀਆਂ ਸਰਹੱਦਾਂ ਤੇ ਕੋਈ ਕੰਡਿਆਲੀ ਤਾਰ ਨਹੀਂ ਫੌਜਾਂ ਤਾਂ ਦੂਰ ਦੀ ਗੱਲ ਹੈ।ਆਪਣਾ ਮੁਲਕ ਦੇਖਿਆ ਜਾਵੇ ਆਰਥਿਕ ਤੌਰ ਤੇ ਹਰ ਪੱਖੋਂ ਦੁਨੀਆਂ ਵਿੱਚ ਮੋਹਰੀ ਹੈ ,ਸਾਡਾ ਮੁੱਖ ਕਿੱਤਾ ਖੇਤੀ ਧਾਤਾਂ ਕੋਇਲਾ ਲੋਹਾ ਸਾਡੇ ਦੇਸ਼ ਵਿੱਚ ਆਮ ਆਦਮੀ ਦੀਆਂ ਜ਼ਰੂਰਤਾਂ ਲਈ ਹਰ ਚੀਜ਼ ਮੌਜੂਦ ਹੈ ਪਰ ਸੰਭਾਲਣ ਦੇ ਸਹੀ ਢੰਗ ਕਿਸੇ ਪਾਸੇ ਵੀ ਨਹੀਂ।ਖੇਤੀ ਲਈ ਕੇਂਦਰ ਸਰਕਾਰ ਨੇ ਕੀ ਕੀਤਾ ਹੈ ਸਭ ਦੇ ਸਾਹਮਣੇ ਹੈ ਇਹ ਕੋਈ ਉੱਨਤੀ ਦਾ ਤਰੀਕਾ ਨਹੀਂ,ਆਪਣੇ ਪੈਰ ਵਿਚ ਆਪ ਕੁਹਾੜੀ ਮਾਰਨ ਦਾ ਉਪਰਾਲਾ ਹੈ।ਦੁਨੀਆਂ ਦੀ ਦੂਸਰੀ ਜੰਗ ਵਿਚ ਜਾਪਾਨ ਦਾ ਜੋ ਬੁਰਾ ਹਾਲ ਹੋਇਆ ਸੀ ਆਪਾਂ ਸਾਰੇ ਜਾਣਦੇ ਹਾਂ,ਪਰ ਉੱਥੋਂ ਦੀਆਂ ਸਰਕਾਰਾਂ ਤੇ ਲੋਕਾਂ ਦਾ ਕੰਮਕਾਰ ਦੇਖੋ ਉਸ ਦੇਸ਼ ਵਿੱਚ ਕੋਈ ਵੀ ਧਾਤ ਦੀ ਖਾਣ ਨਹੀਂ ਪਰ ਸਭ ਤੋਂ ਵੱਧ ਧਾਤੂ ਵਸਤਾਂ ਬਣਾ ਕੇ ਪੂਰੀ ਦੁਨੀਆਂ ਵਿੱਚ ਉਨ੍ਹਾਂ ਦੀ ਮੰਡੀ ਭਾਰੀ ਹੈ।

ਅਸੀਂ ਸੱਤ ਦਹਾਕਿਆਂ ਤੋਂ ਆਜ਼ਾਦੀ ਪ੍ਰਾਪਤ ਕਰਕੇ ਬੈਠੇ ਹਾਂ ਹੁਣ ਤਕ ਆਜ਼ਾਦੀ ਨਾ ਮਿਲੀ ਹੈ ਨਾ ਸਾਨੂੰ ਸਮਝ ਆਈ ਹੈ। ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੇ ਗੁਆਂਢੀ ਮੁਲਕਾਂ ਨਾਲ ਠੋਸ ਗੱਲਬਾਤ ਕਰਕੇ ਆਪਣੀਆਂ ਸੈਨਾਵਾਂ ਨੂੰ ਪਿੱਛੇ ਹਟਾ ਕੇ ਕਿਉਂ ਨਹੀਂ ਬੈਠਾ ਸਕਦੇ,ਕਿਉਂਕਿ ਗੁਆਂਢੀ ਮੁਲਕਾਂ ਦਾ ਖਰਚ ਵੀ ਸੈਨਾਵਾਂ ਤੇ ਹੀ ਹੁੰਦਾ ਹੈ।ਸਾਨੂੰ ਸਮਝੌਤਾਵਾਦੀ ਨੀਤੀ ਸ਼ਾਇਦ ਪਸੰਦ ਨਹੀਂ ਹਥਿਆਰ ਖ਼ਰੀਦਣੇ ਨਵੀਂਆਂ ਨਵੀਂਆਂ ਮਿਜ਼ਾਈਲਾਂ ਬਣਾਉਣੀਆਂ ਤੇ ਦਾਗਣੀਆਂ ਆਉਂਦੀਆਂ ਹਨ।ਅਰਬਾਂ ਕਰੋੜਾਂ ਰੁਪਿਆ ਖ਼ਰਚ ਕੀਤਾ ਜਾਂਦਾ ਹੈ ਸਾਮਾਨ ਤਿਆਰ ਕਰ ਲਿਆ ਜਾਂਦਾ ਹੈ,ਜਿੱਥੋਂ ਖਤਰਾ ਹੈ ਉਹ ਖ਼ਤਰਾ ਦੂਰ ਕਰੋ ਹਥਿਆਰਾਂ ਦਾ ਭੰਡਾਰ ਬਣਾਉਣ ਦੀ ਕੀ ਜ਼ਰੂਰਤ ਹੈ।

ਆਏ ਦਿਨ ਖ਼ਬਰ ਪੜ੍ਹਨ ਨੂੰ ਮਿਲਦੀ ਹੈ ਕਿ ਪਾਕਿਸਤਾਨ ਵੱਲੋਂ ਤਾਰ ਉਪਰ ਦੀ ਇੰਨੇ ਟਨ ਛੁੱਟੀ ਹੋਈ ਹੈਰੋਇਨ ਭਾਰਤੀ ਸੈਨਾ ਨੂੰ ਮਿਲੀ,ਜਿਸ ਦੀ ਕੀਮਤ ਕਰੋੜਾਂ ਤੇ ਅਰਬਾਂ ਵਿਚ ਹੁੰਦੀ ਹੈ ਇਹ ਕਿਸ ਲਈ ਸੁੱਟੀ ਗਈ ਕੋਈ ਤਾਂ ਇਧਰ ਲੈਣ ਦੇਣ ਵਾਲਾ ਹੋਵੇਗਾ ਇਸ ਬਾਰੇ ਕੀ ਸਾਡੀ ਸਰਕਾਰ ਕਦੇ ਖੋਜ ਕਰਦੀ ਹੈ।ਮੇਰੇ ਖਿਆਲ ਅਨੁਸਾਰ ਅਜਿਹਾ ਪਤਾ ਹੋਵੇ ਕਿ ਸਮਾਨ ਕੌਣ ਮੰਗਵਾਉਂਦਾ ਹੈ ਸਾਰਾ ਮਸਲਾ ਹੀ ਖ਼ਤਮ ਹੋ ਸਕਦਾ ਹੈ।ਚੀਨ ਤੇ ਪਾਕਿਸਤਾਨ ਵੱਲੋਂ ਅਚਾਨਕ ਅੱਜ ਫਾਇਰਿੰਗ ਕੀਤੀ ਗਈ ਤੇ ਸਾਡੇ ਫੌਜੀ ਨੌਜਵਾਨ ਸ਼ਹੀਦ ਹੋ ਗਏ, ਅਫ਼ਸੋਸ ਨਾਲ ਸ਼ਰਧਾਂਜਲੀਆਂ ਭੇਟ ਕਰ ਦਿੱਤੀਆਂ ਜਾਂਦੀਆਂ ਹਨ।ਪਰ ਅਜਿਹੀ ਫਾਇਰਿੰਗ ਕਿਉਂ ਹੋਈ ਕਿ ਇਸ ਬਾਰੇ ਸਰਕਾਰ ਗੁਆਂਢੀ ਮੁਲਕ ਨਾਲ ਗੱਲਬਾਤ ਨਹੀਂ ਕਰਦੀ ?

ਮਤਲਬ ਸਾਡੇ ਨੌਜਵਾਨ ਕੁਰਬਾਨੀਆਂ ਦੇ ਰਹੇ ਹਨ ਕਿ ਇਹ ਸਰਕਾਰ ਦੀ ਚੁੱਪੀ ਦਾ ਕੋਈ ਕਾਰਨ ਹੈ। ਆਪਣਾ ਦੇਸ਼ ਬਹੁਤ ਮਹਾਨ ਹੈ ਪਰ ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਹਨ ਮੁਲਕ ਦੀ ਤਰੱਕੀ ਲਈ ਕੀ ਕਰਨਾ ਹੈ ਇਸ ਬਾਰੇ ਲੱਗਦਾ ਹੈ ਕੋਈ ਵਿਚਾਰ ਚਰਚਾ ਕਦੇ ਨਹੀਂ ਹੁੰਦੀ।ਦੁਨੀਆਂ ਦੇ ਅਨੇਕਾਂ ਦੇਸ਼ ਜਿਨ੍ਹਾਂ ਦੀ ਖੇਤੀਬਾੜੀ ਬਹੁਤ ਕਮਜ਼ੋਰ ਹੈ ਤੇ ਹੋਰ ਵੀ ਸਾਧਨ ਬਹੁਤ ਘੱਟ ਹਨ ਪਰ ਉਹ ਵਿਕਸਤ ਦੇਸ਼ਾਂ ਦੀ ਸੂਚੀ ਵਿੱਚ ਆਉਂਦੇ ਹਨ।ਪਰ ਸਾਡਾ ਦੇਸ਼ ਮਹਾਨ ਸਿਰਫ਼ ਨਾਅਰਿਆਂ ਤਕ ਹੀ ਸੀਮਤ ਹੈ ਇਸ ਦੀ ਮਹਾਨਤਾ ਨੂੰ ਕੌਣ ਬਣਾਏਗਾ ਜਾਂ ਬਣਾ ਕੇ ਰੱਖੇਗਾ ਹੁਣ ਤਕ ਤਾਂ ਕਿਸੇ ਪਾਸਿਓਂ ਕੋਈ ਉਮੀਦ ਦੀ ਕਿਰਨ ਨਜ਼ਰ ਨਹੀਂ ਆ ਰਹੀ।ਸਾਡੀਆਂ ਮੁੱਖ ਜ਼ਰੂਰਤਾਂ ਸਿਹਤ ਸਿੱਖਿਆ ਤੇ ਨੌਕਰੀ ਹੈ ਜਿਸ ਬਾਰੇ ਸਰਕਾਰ ਦੀ ਕੋਈ ਠੋਸ ਨੀਤੀ ਨਹੀਂ ਕੰਮ ਚਲਾਊ ਕੰਮ ਹੀ ਚੱਲ ਰਿਹਾ ਹੈ।

ਸੈਨਾਵਾਂ ਰੱਖਿਆ ਲਈ ਜ਼ਰੂਰੀ ਹਨ, ਪਰ ਉਸ ਦੀ ਮਜ਼ਬੂਤੀ ਤੇ ਕਰੋੜਾਂ ਅਰਬਾਂ ਖਰਚ ਕਰਨਾ ਕੀ ਮਜਬੂਰੀ ਹੈ ਬੈਠ ਕੇ ਕਦੇ ਸਾਡੇ ਨੇਤਾ ਸੋਚਣਗੇ।ਦੇਸ਼ ਦੇ ਅੰਦਰੂਨੀ ਚੰਗੇ ਹਾਲਾਤ ਤੇ ਗੁਆਂਢੀ ਮੁਲਕਾਂ ਨਾਲ ਦੋਸਤੀ ਹੀ ਤਰੱਕੀ ਦਾ ਸਹੀ ਰਾਹ ਹੈ ਪਰ ਸਾਡੀ ਕੋਈ ਸਰਕਾਰ ਵੀ ਇਸ ਨੀਤੀ ਤੇ ਆਜ਼ਾਦੀ ਤੋਂ ਬਾਅਦ ਕਦੇ ਵੀ ਕੰਮ ਕਰਨਾ ਤਾਂ ਦੂਰ ਦੀ ਗੱਲ ਹੈ,ਕਦੇ ਸੋਚਿਆ ਵੀ ਨਹੀਂ ਲੱਗਦਾ।ਸਾਡੀ ਜਨਤਾ ਵੋਟ ਪਾ ਕੇ ਆਪਣਾ ਕੰਮ ਨਿਬੇੜ ਲੈਂਦੀ ਹੈ ਤੇ ਸਰਕਾਰਾਂ ਦੇ ਅੱਗੇ ਸਿਰ ਝੁਕਾ ਲਿਆ ਇਹ ਸਾਡੀ ਪੱਕੀ ਆਦਤ ਬਣ ਚੁੱਕੀ ਹੈ।ਜਿੱਥੋਂ ਤਕ ਮੇਰਾ ਖਿਆਲ ਹੈ ਕਿ ਮੁਗਲਾਂ ਤੋਂ ਬਾਅਦ ਆਪਾਂ ਅੰਗਰੇਜ਼ਾਂ ਦੇ ਗੁਲਾਮ ਬਣ ਕੇ ਰਹੇ ਤੇ ਗ਼ੁਲਾਮੀ ਆਪਣੇ ਖ਼ੂਨ ਵਿੱਚ ਘਰ ਕਰ ਚੁੱਕੀ ਹੈ।

ਹੁਣ ਸਰਕਾਰਾਂ ਜੋ ਕਿ ਸਾਡੀ ਸੇਵਾ ਲਈ ਹੁੰਦੀਆਂ ਹਨ ਸਾਨੂੰ ਹੁਣ ਤਕ ਪਤਾ ਨਹੀਂ ਲੱਗਿਆ ਬਸ ਸਰਕਾਰਾਂ ਦਾ ਹੁਕਮ ਸਿਰ ਮੱਥੇ।ਜਾਗੋ ਮੇਰੇ ਦੇਸ਼ਵਾਸੀਓ ਪੁੱਛੋ ਕਿ ਇਹ ਸੈਨਾਵਾਂ ਤੇ ਕਰੋੜਾਂ ਅਰਬਾਂ ਕਿਉਂ ਰੋੜ੍ਹਿਆ ਜਾ ਰਿਹਾ ਹੈ,ਕੀ ਕੋਈ ਖ਼ਾਸ ਖ਼ਤਰਾ ਹੈ ? ਆਪਣੀ ਗੁਲਾਮੀ ਵਾਲੀ ਆਦਤ ਆਪਾਂ ਨੂੰ ਗ਼ਰੀਬੀ ਵਾਲੇ ਰਾਹ ਤੇ ਅੱਗੇ ਅੱਗੇ ਲੈ ਕੇ ਜਾ ਰਹੀ ਹੈ,ਕਦੋਂ ਪੁੱਛਾਂਗੇ ਕਿ ਆਪਣੇ ਕਿਹੜੇ ਮੁਲਕ ਨਾਲ ਕਿਸ ਕਾਰਨ ਦੁਸ਼ਮਣੀ ਹੈ,ਕੀ ਇਸ ਦਾ ਕੋਈ ਹੱਲ ਨਹੀਂ ਹੋ ਸਕਦਾ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ ਸਾਹਿਤ ਦੇ ਘੜੱਮ ਚੌਧਰੀ
Next articleਯੂ ਪੀ ਵਿੱਚ ਕਿਸਾਨਾਂ ਨੂੰ ਕੁਚਲ ਕੇ ਮਾਰਨ ਤੇ ਦੋਸ਼ੀਆਂ ਵਿਰੁੱਧ ਕਤਲ ਕੇਸ ਦਰਜ ਕਰਨ ਦੀ ਮੰਗ