(ਸਮਾਜ ਵੀਕਲੀ)
ਬਾਹਰੋਂ ਸੇਕ ਨੇ ਸਾੜ ਨੀ ਸਕਣਾ,
ਅੱਗਾਂ ਦੇ ਘੁੱਟ ਪੀਤੇ ਨੇ।
ਸੀਨਾ ਵਿੰਨਿਆ ਨਸ਼ਤਰਾਂ ਸਾਡਾ,
ਬੁੱਲ੍ਹ ਅਸਾਂ ਨੇ ਸੀਤੇ ਨੇ।
ਜ਼ਹਿਰਾਂ ਦਾ ਹੁਣ ਡਰ ਨਹੀ ਕੋਈ,
ਘੁੱਟ ਘੁੱਟ ਮਹੁਰੇ ਪੀਤੇ ਨੇ।
ਸੂਲਾਂ ਵਾਲੀ ਸੇਜ ਤੇ ਬੈਠਿਆਂ,
ਯੁੱਗ ਕਈ ਹੁਣ ਬੀਤੇ ਨੇ
ਸੂਲਾਂ ਵਿੰਨੇ ਪੈਰਾਂ ਦੇ ਨਾਲ,
ਪੈਂਡੇ ਕਈ ਤਹਿ ਕੀਤੇ ਨੇ।
ਮੋਹਲਿਆਂ ਦਾ ਹੁਣ ਡਰ ਨਹੀ ਕੋਈ,
ਜਖਮ ਰਹਿੰਦੇ ਅਣਸੀਤੇ ਨੇ।
ਕਿੰਨੇ ਡੂੰਘੇ ਫੱਟ ਹਿਜਰ ਦੇ,
ਮੁੱਕਗੇ ਸਾਰੇ ਈ ਫੀਤੇ ਨੇ।
ਖਾਹਿਸ਼ਾਂ ਖੌਰੂ ਪਾਇਆ ਡਾਢਾ,
ਚਾਅ ਬੈਠੇ ਚੁੱਪ -ਚੁਪੀਤੇ ਨੇ।
ਵੈਰੀਆਂ ਤੇ ਤਾਂ ਗਿਲਾ ਨਹੀਂ ਕੋਈ,
ਸੱਜਣਾਂ ਹੀ ਛਲ ਕੀਤੇ ਨੇ।
ਸਾਡੀ ਪਿਆਸ ਨੂੰ ਪਰਖ ਨਾ ਸੱਜਣਾ,
ਖੂਹ ਪੁੱਟ ਕੇ ਪਾਣੀ ਪੀਤੇ ਨੇ।
ਸਤਨਾਮ ਕੌਰ ਤੁਗਲਵਾਲਾ