ਪਗੜੀਆਂ ਦੀ ਸਹਾਇਤਾ ਨਾਲ ਪੰਜ ਸਿੱਖਾਂ ਨੇ ਦੋ ਵਿਅਕਤੀਆਂ ਦੀ ਜਾਨ ਬਚਾਈ

ਚੰਡੀਗੜ੍ਹ (ਸਮਾਜ ਵੀਕਲੀ):  ਕੈਨੇਡਾ ’ਚ ਪੰਜ ਸਿੱਖਾਂ ਨੇ ਪਗੜੀ ਦੀ ਸਹਾਇਤਾ ਨਾਲ ਦੋ ਵਿਅਕਤੀਆਂ ਨੂੰ ਰੁੜ੍ਹਨ ਤੋਂ ਬਚਾ ਲਿਆ। ਇਹ ਵਿਅਕਤੀ ਗੋਲਡਨ ਯੀਅਰਜ਼ ਝਰਨੇ ’ਚ ਨਹਾਉਂਦੇ ਸਮੇਂ ਤਿਲਕ ਕੇ ਚੱਟਾਨ ’ਤੇ ਡਿੱਗ ਪਏ ਸਨ ਅਤੇ ਜੇਕਰ ਉਨ੍ਹਾਂ ਦੀ ਜਾਨ ਨਾ ਬਚਾਈ ਜਾਂਦੀ ਤਾਂ ਉਨ੍ਹਾਂ ਤੇਜ਼ ਵਹਾਅ ਵਾਲੇ ਦਰਿਆ ’ਚ ਰੁੜ੍ਹ ਜਾਣਾ ਸੀ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਕੁਲਜਿੰਦਰ ਕਿੰਦਾ ਅਤੇ ਉਸ ਦੇ ਚਾਰ ਦੋਸਤ ਬ੍ਰਿਟਿਸ਼ ਕੋਲੰਬੀਆ ’ਚ ਗੋਲਡਨ ਯੀਅਰਜ਼ ਪ੍ਰੋਵਿੰਸ਼ੀਅਲ ਪਾਰਕ ’ਚ ਪੈਦਲ ਯਾਤਰਾ ’ਤੇ ਸਨ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਦੋ ਵਿਅਕਤੀ ਜਾਨ ਬਚਾਉਣ ਦੀ ਫਰਿਆਦ ਕਰ ਰਹੇ ਸਨ।

ਸਿੱਖਾਂ ਨੇ ਰਾਹਤ ਟੀਮ ਦੇ ਪਹੁੰਚਣ ਤੋਂ ਪਹਿਲਾਂ ਆਪਣੀ ਪਗੜੀਆਂ ਉਤਾਰ ਕੇ ਉਨ੍ਹਾਂ ਨੂੰ ਜੋੜ ਲਿਆ ਅਤੇ ਫਿਰ ਲੰਬੀ ਰੱਸੀ ਵਾਂਗ ਇਕ ਸਿਰਾ ਚੱਟਾਨ ’ਤੇ ਬੈਠੇ ਵਿਅਕਤੀਆਂ ਦੇ ਹੱਥ ’ਚ ਫੜਾ ਦਿੱਤਾ। ਕਿੰਦਾ ਨੇ ਇਸ ਦੀ ਵੀਡੀਓ ਵਟਸਐਪ ’ਤੇ ਭੇਜੀ ਜਿਸ ਮਗਰੋਂ ਵਿਅਕਤੀਆਂ ਨੂੰ ਬਚਾਉਣ ਦੀ ਫੁਟੇਜ ਵਾਇਰਲ ਹੋ ਰਹੀ ਹੈ। ਉਸ ਨੇ ‘ਐੱਨਬੀਸੀ ਨਿਊਜ਼’ ਨੂੰ ਦੱਸਿਆ ਕਿ ਦੋਵੇਂ ਜਣਿਆਂ ਨੇ ਪਹਿਲਾਂ ਉਨ੍ਹਾਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਸੱਦਣ ਲਈ ਕਿਹਾ ਸੀ ਪਰ ਫੋਨ ਸੇਵਾ ਨਾ ਹੋਣ ਕਰਕੇ ਉਹ ਅਜਿਹਾ ਨਹੀਂ ਕਰ ਸਕੇ। ‘ਅਸੀਂ ਸਹਾਇਤਾ ਕਰਨਾ ਚਾਹੁੰਦੇ ਸੀ ਪਰ ਕੋਈ ਜੁਗਤ ਨਹੀਂ ਲੱਗ ਰਹੀ ਸੀ। ਅਸੀਂ 10 ਮਿੰਟ ਤੱਕ ਸਹਾਇਤਾ ਲਈ ਇਧਰ-ਉਧਰ ਹੱਥ-ਪੈਰ ਮਾਰੇ। ਅਖੀਰ ਅਸੀਂ ਆਪਣੀਆਂ ਪਗੜੀਆਂ ਉਤਾਰ ਕੇ ਉਨ੍ਹਾਂ ਦੀ ਜਾਨ ਬਚਾਉਣ ਦੀ ਸੋਚੀ।’

ਫੇਸਬੁੱਕ ’ਤੇ ਇਕ ਵਿਅਕਤੀ ਨੇ ਸਿੱਖਾਂ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਡਾ ਕੰਮ ਕੀਤਾ ਹੈ। ਇਕ ਹੋਰ ਨੇ ਕਿਹਾ ਕਿ ਉਹ ਜ਼ਿੰਦਗੀ ਦੇ ਅਸਲ ਨਾਇਕ ਹਨ। ਇਕ ਵਿਅਕਤੀ ਨੇ ਟਵੀਟ ਕਰਕੇ ਕਿਹਾ ਕਿ ਜਿਹੜੇ ਲੋਕ ਸਿੱਖ ਮਰਿਆਦਾ ਦਾ ਹਿੱਸਾ ਪਗੜੀ ਨੂੰ ਹਟਾਉਣ ਦੀ ਵਕਾਲਤ ਕਰਦੇ ਸਨ, ਉਨ੍ਹਾਂ ਲਈ ਇਹ ਵੱਡਾ ਸਬਕ ਹੈ ਕਿ ਕਿਵੇਂ ਉਸੇ ਪਗੜੀ ਨਾਲ ਵਿਅਕਤੀਆਂ ਨੂੰ ਬਚਾਇਆ। ਕਿੰਦਾ ਅਤੇ ਉਸ ਦੇ ਦੋਸਤਾਂ ਨੇ ਜਦੋਂ ਲੋਕਾਂ ਨੂੰ ਬਚਾ ਲਿਆ ਤਾਂ ਬਚਾਅ ਕਾਰਜਾਂ ਬਾਰੇ ਮੈਨੇਜਰ ਰੌਬਰਟ ਲੇਇੰਗ ਮੌਕੇ ’ਤੇ ਪਹੁੰਚਿਆ ਅਤੇ ਉਸ ਨੇ ਪੰਜ ਦੋਸਤਾਂ ਦੀ ਸ਼ਲਾਘਾ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੀਐੱਸਐੱਫ ਦੇ ਯਾਦਗਾਰੀ ਸਮਾਗਮ ਵਿੱਚ ਅਜੈ ਮਿਸ਼ਰਾ ਮੁੱਖ ਮਹਿਮਾਨ
Next articleਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਨਹੀਂ ਰੋਕਿਆ ਜਾ ਸਕਦਾ: ਸੁਪਰੀਮ ਕੋਰਟ