‘ਸੰਗਰਾਂਦ’ ਸ਼ਬਦ ਕਿਵੇਂ ਬਣਿਆ?

ਜਸਵੀਰ ਸਿੰਘ ਪਾਬਲਾ

(ਸਮਾਜ ਵੀਕਲੀ)

‘ਸੰਗਰਾਂਦ’ ਸ਼ਬਦ ਸੰਸਕ੍ਰਿਤ ਦੇ ‘ਸੰਕ੍ਰਾਂਤਿ’ (संक्रांति) ਸ਼ਬਦ ਤੋਂ ਬਣਿਆ ਹੋਇਆ ਹੈ। ਇਸ ਪ੍ਰਕਾਰ ਇਹ ਵੀ ਕਿਹਾ ਜਾ ਸਕਦਾ ਹੈ ਕਿ ‘ਸੰਗਰਾਂਦ’ ਸੰਸਕ੍ਰਿਤ ਦੇ ‘ਸੰਕ੍ਰਾਂਤਿ’ ਸ਼ਬਦ ਦਾ ਤਦਭਵ ਰੂਪ ਹੈ। ਹਰ ਦੇਸੀ ਮਹੀਨੇ ਦੀ ਪਹਿਲੀ ਤਰੀਕ ਅਰਥਾਤ ਜਿਸ ਦਿਨ ਨਵੇਂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ, ਨੂੰ ਸੰਕ੍ਰਾਂਤਿ ਜਾਂ ਸੰਗਰਾਂਦ ਆਖਿਆ ਜਾਂਦਾ ਹੈ।

ਉਪਰੋਕਤ ਅਨੁਸਾਰ ਸਪਸ਼ਟ ਹੈ ਕਿ ਸੰਕ੍ਰਾਂਤਿ (ਸੰਗਰਾਂਦ) ਸ਼ਬਦ ਦਾ ਪਿਛੋਕੜ ਸੰਸਕ੍ਰਿਤ ਭਾਸ਼ਾ ਨਾਲ਼ ਜੁੜਿਆ ਹੋਇਆ ਹੈ। ਸੰਕ੍ਰਾਂਤਿ ਜਾਂ ਸੰਗਰਾਂਦ ਸ਼ਬਦ ਦੇ ਕੋਸ਼ਗਤ ਅਰਥ ਹਨ- ਸੂਰਜ ਦੇ ਇੱਕ ਰਾਸ ਨੂੰ ਛੱਡ ਕੇ ਦੂਜੀ ਰਾਸ ਵਿੱਚ ਦਾਖ਼ਲ ਹੋਣ ਦੀ ਘੜੀ ਜਾਂ ਦਿਨ।
‘ਸੰਕ੍ਰਾਂਤਿ’ ਸ਼ਬਦ ਦੋ ਸ਼ਬਦਾਂ: ਸੰ+ਕ੍ਰਾਂਤਿ ਦੇ ਮੇਲ਼ ਨਾਲ਼ ਬਣਿਆ ਹੋਇਆ ਹੈ। ਇੱਕ ਸੰਖੇਪ ਝਾਤ ਰਾਹੀਂ ਦੇਖਦੇ ਹਾਂ ਕਿ ‘ਸੰਕ੍ਰਾਂਤਿ’ ਸ਼ਬਦ ਵਿਚਲੇ ਸੰ ਅਤੇ ਕ੍ਰਾਂਤਿ ਸ਼ਬਦਾਂ ਦੇ ਕੀ ਅਰਥ ਹਨ ਅਤੇ ਇਹਨਾਂ ਦੀ ਸ਼ਬਦ-ਵਿਉਤਪਤੀ ਕਿਵੇਂ ਸੰਭਵ ਹੋਈ ਹੈ?

ਸੰਕ੍ਰਾਂਤਿ ਸ਼ਬਦ ਵਿਚਲਾ ਪਹਿਲਾ ਸ਼ਬਦ ਸੰ (सं ) ਇੱਕ ਅਗੇਤਰ ਦੇ ਤੌਰ ‘ਤੇ ਵਰਤਿਆ ਜਾਣ ਵਾਲ਼ਾ ਸ਼ਬਦ ਹੈ, ਸੰਸਕ੍ਰਿਤ-ਕੋਸ਼ਾਂ ਅਨੁਸਾਰ ਇਸ ਦੇ ਅਰਥ ਹਨ- ਇੱਕ ਬਿੰਦੂ (ਥਾਂ) ਤੋਂ ਦੂਜੇ ਬਿੰਦੂ (ਥਾਂ) ਤੱਕ ਦਾ ਮਾਰਗ/ਸਫ਼ਰ। ਸੰ/सं ਅਗੇਤਰ ਦੇ ਇਹਨਾਂ ਅਰਥਾਂ ਅਨੁਸਾਰ ਸੰਕ੍ਰਾਂਤਿ ਜਾਂ ਸੰਗਰਾਂਦ ਸ਼ਬਦ ਵਿੱਚ ਇਸ ਅਗੇਤਰ ਦੇ ਅਰਥ ਹੋਏ- ਸੂਰਜ ਜਾਂ ਕਿਸੇ ਗ੍ਰਹਿਪੁੰਜ ਦੀ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਦਾਖ਼ਲ ਹੋਣ ਦੀ ਪ੍ਰਕਿਰਿਆ। ਕੁਝ ਸੰਸਕ੍ਰਿਤ-ਕੋਸ਼ਾਂ ਅਨੁਸਾਰ ਇਸ ਸ਼ਬਦ ਨੂੰ ਸੰਙ (ਨਾਲ਼/ਸਮੇਤ) ਜਾਂ ਸਮ (ਬਰਾਬਰ) ਅਗੇਤਰਾਂ ਤੋਂ ਬਣਿਆ ਹੋਇਆ ਵੀ ਦਿਖਾਇਆ ਗਿਆ ਹੈ। ਸ਼ਾਇਦ ਇਹੋ ਹੀ ਕਾਰਨ ਹੈ ਕਿ ਸੰਕ੍ਰਾਂਤਿ ਅਤੇ ਅਜਿਹੇ ਹੀ ਕੁਝ ਹੋਰ ਸ਼ਬਦਾਂ ਵਿੱਚ ਇਹਨਾਂ ਤਿੰਨਾਂ ਹੀ ਅਗੇਤਰਾਂ ਦੇ ਰਲ਼ੇ-ਮਿਲ਼ੇ ਅਰਥ ਦਿਖਾਈ ਦਿੰਦੇ ਹਨ।

ਇਹਨਾਂ ਹੀ ਅਗੇਤਰਾਂ ਨਾਲ਼ ਪੰਜਾਬੀ/ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਬਣੇ ਹੋਏ ਹਨ, ਜਿਨ੍ਹਾਂ ਵਿੱਚ ਸੰ/ਸੰਙ ਜਾਂ ਸਮ (ਬਰਾਬਰ) ਅਗੇਤਰਾਂ ਦੇ ਅਰਥ ਉਪਰੋਕਤ ਅਨੁਸਾਰ ਹੀ ਹਨ, ਜਿਵੇਂ: ਸੰਗਤ= ਸੰ+ਗਤ= ਵੱਖ-ਵੱਖ ਦਿਸ਼ਾਵਾਂ/ਪਾਸਿਆਂ ਤੋਂ ਚੱਲ ਕੇ ਆਏ ਇੱਕੋ-ਜਿਹੇ (ਬਰਾਬਰੀ ਦੇ ਸੁਭਾਅ ਵਾਲ਼ੇ) ਲੋਕਾਂ ਦਾ ਇੱਕ ਥਾਂ ‘ਤੇ ਆ ਕੇ ਇਕੱਤ੍ਰਿਤ ਹੋਣਾ: ਸੰਗਮ= ਵੱਖ-ਵੱਖ ਦਿਸ਼ਾਵਾਂ ਤੋਂ ਆਏ ਦੋ ਦਰਿਆਵਾਂ ਦਾ ਇੱਕ ਥਾਂ ‘ਤੇ ਆ ਕੇ ਮਿਲ਼ ਜਾਣਾ: ਸੰਗਠਨ= ਸੰ+ਗਠਨ= ਵੱਖ-ਵੱਖ ਦਿਸ਼ਾਵਾਂ ਤੋਂ ਆਏ/ਇੱਕੋ-ਜਿਹੇ ਸੁਭਾਅ ਜਾਂ ਗੁਣਾਂ ਵਾਲ਼ੇ ਲੋਕਾਂ ਦਾ ਇੱਕ ਥਾਂ ‘ਤੇ ਇਕੱਠੇ ਜਾਂ ਸੰਗਠਿਤ ਹੋ ਜਾਣਾ। ਇਸੇ ਤਰ੍ਹਾਂ: ਸੰਯੁਕਤ, ਸੰਜਮ (संयम), ਸੰਚਿਤ (संचित), ਸੰਚਾਲਿਤ, ਸੰਯੋਜਨ, ਸੰਸਕਾਰ ਆਦਿ। ਸੰਬੰਧ (ਸਮ+ਬੰਧ=ਬਰਾਬਰ ਦਾ ਬੰਧਨ), ਸੰਸਕ੍ਰਿਤ (ਸਮ+ਸ+ਕ੍ਰਿਤ= ਹਰ ਪੱਖੋਂ ਚੰਗੀ ਤਰ੍ਹਾਂ ਪੱਧਰੀ/ਬਰਾਬਰ ਕੀਤੀ ਹੋਈ ਮਾਂਜੀ-ਸੁਆਰੀ ਬੋਲੀ) ਆਦਿ ਬਹੁਤ ਸਾਰੇ ਸ਼ਬਦ ਸਮ (ਬਰਾਬਰ) ਅਗੇਤਰ ਨਾਲ਼ ਵੀ ਬਣੇ ਹੋਏ ਹਨ।

ਹੁਣ ਦੇਖਦੇ ਹਾਂ ਕਿ ਇਸ ਦੇ ਦੂਜੇ ਭਾਗ ਕ੍ਰਾਂਤਿ ਸ਼ਬਦ ਦੇ ਇੱਥੇ ਕੀ ਅਰਥ ਹਨ ਅਤੇ ਇਸ ਸ਼ਬਦ ਦੀ ਵਿਉਤਪਤੀ ਕਿਵੇਂ ਹੋਈ ਹੈ? ਕ੍ਰਾਂਤਿ ਸ਼ਬਦ ਦੇ ਕੋਸ਼ਗਤ ਅਰਥ ਹਨ- ਤਬਦੀਲੀ ਜਾਂ ਬਦਲਾਅ। ਇਹ ਸ਼ਬਦ ਵੀ ਅੱਗੋਂ ਵੱਖ-ਵੱਖ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਦੇ ਮੇਲ਼ ਨਾਲ਼ ਬਣਿਆ ਹੋਇਆ ਹੈ ਪਰ ਮੂਲ ਰੂਪ ਵਿੱਚ ਇਹ ਸੰਸਕ੍ਰਿਤ ਦੇ ਕ੍ਰ (कृ) ਧਾਤੂ ਤੋਂ ਬਣਿਆ ਹੋਇਆ ਸ਼ਬਦ ਹੈ ਜਿਸ ਦੇ ਅਰਥ ਹਨ- ਕਿਸੇ ਕੰਮ ਜਾਂ ਕਿਰਿਆ ਦਾ ਹੋਣਾ। ਦਰਅਸਲ ਕਰਮ, ਕ੍ਰਮ, ਕਿਰਿਆ, ਕ੍ਰਿਤੱਗ, ਕਿਰਤ, ਕੰਮ (ਕਰਮ), ਕਾਰਕ, ਕਰਤਾ, ਕਰਤਾਰ ਆਦਿ ਸ਼ਬਦ ਵੀ ਇਸੇ ਕ੍ਰ ਧਾਤੂ ਤੋਂ ਹੀ ਬਣੇ ਹੋਏ ਹਨ। ਕਈ ਵਾਰ ਇਸ ਧਾਤੂ ਨਾਲ਼ ਬਣੇ ਹੋਏ ਕੁਝ ਸ਼ਬਦਾਂ ਦੀ ਸ਼ਬਦ-ਰਚਨਾ ਜਾਂ ਸ਼ਬਦਕਾਰੀ ਦੀ ਪ੍ਰਕਿਰਿਆ ਨੂੰ ਸਮਝਣਾ ਥੋੜ੍ਹਾ ਮੁਸ਼ਕਲ ਹੋ ਜਾਂਦਾ ਹੈ।

ਇਸ ਦਾ ਕਾਰਨ ਇਹ ਹੈ ਕਿ ਅਜਿਹੇ ਕੁਝ ਸ਼ਬਦਾਂ ਵਿੱਚ ਕ੍ਰ ਧਾਤੂ ਦੀਆਂ ਧੁਨੀਆਂ ਵਿੱਚੋਂ ਜਾਂ ਤਾਂ ਰ ਦੀ ਧੁਨੀ ਕਈ ਵਾਰ ਅਲੋਪ ਹੋ ਜਾਂਦੀ ਹੈ ਤੇ ਜਾਂ ਫਿਰ ਕ ਅਤੇ ਰ ਧੁਨੀਆਂ ਵਿਚਾਲ਼ੇ ਕੰਨੇ ਆਦਿ ਦੀ ਮਾਤਰਾ ਲੱਗ ਜਾਂਦੀ ਹੈ ਜੋਕਿ ਇਸ ਦੇ ਮੂਲ ਅਰਥਾਂ ਦਾ ਅਰਥ-ਵਿਸਤਾਰ ਕਰਨ ਲਈ ਲਾਈ ਗਈ ਹੁੰਦੀ ਹੈ, ਜਿਵੇਂ: ਕੰਮ/ਕਰਮ (कर्म), ਕਾਰਜ (कार्य) ਆਦਿ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਪੰਜਾਬੀ ਦੇ ਕੰਮ ਅਤੇ ਹਿੰਦੀ ਦੇ ਕਾਮ ਸ਼ਬਦ ਵਿੱਚੋਂ ਰ ਧੁਨੀ ਅਲੋਪ ਹੋ ਗਈ ਹੈ ਅਤੇ ‘ਕਾਰਜ’ ਅਤੇ ਕਾਰਕ ਆਦਿ ਸ਼ਬਦਾਂ ਵਿਚਲੀਆਂ ਕ ਅਤੇ ਰ ਧੁਨੀਆਂ ਵਿਚਾਲ਼ੇ ਕੰਨੇ ਦੀ ਮਾਤਰਾ ਬਿਰਾਜਮਾਨ ਹੋ ਗਈ ਹੈ। ਧਿਆਨ ਦੇਣ ਵਾਲ਼ੀ ਗੱਲ ਇਹ ਹੈ ਕਿ ਅਜਿਹਾ ਹੋਣ ਦੇ ਬਾਵਜੂਦ ‘ਕ੍ਰ’ ਧਾਤੂ ਦੇ ਮੂਲ ਅਰਥ (ਕਿਸੇ ਕਾਰਜ ਦਾ ਕੀਤੇ ਜਾਣਾ) ਉਵੇਂ ਹੀ ਬਰਕਾਰਾਰ ਰਹਿੰਦੇ ਹਨ ਅਤੇ ਇਹਨਾਂ ਅੱਖਰਾਂ ਦੇ ਵਿਚਕਾਰ ਆਏ ਕੰਨੇ (ਆ) ਦੇ ਅਰਥਾਂ ਕਾਰਨ ‘ਕ੍ਰ’ ਧਾਤੂ ਦੇ ਅਰਥਾਂ ਦਾ ਅਰਥ-ਵਿਸਤਾਰ ਹੋ ਜਾਂਦਾ ਹੈ ਜਿਸ ਕਾਰਨ ਕਾਰਜ ਅਤੇ ਕਾਰਕ ਆਦਿ ਸ਼ਬਦਾਂ ਨੇ ਨਵੇਂ ਅਰਥ ਧਾਰਨ ਕਰ ਲਏ ਹਨ।

‘ਕ੍ਰਾਂਤਿ’ (ਕ੍ਰ+ਆਂ+ਤਿ/ਇਤੀ) ਸ਼ਬਦ ਵਿੱਚ ਕ੍ਰ ਧਾਤੂ ਤੋਂ ਇਲਾਵਾ ਜਿਹੜੀਆਂ ਕੁਝ ਹੋਰ ਧੁਨੀਆਂ ਸ਼ਾਮਲ ਹਨ, ਉਹ ਹਨ- ਆਂ+ਤਿ/ਇਤੀ। ਇਤੀ ਸ਼ਬਦ ਦੇ ਇੱਥੇ ਅਰਥ ਹਨ- ਅੰਤ ਜਾਂ ਅੰਤਿਮ ਪੜਾਅ। ‘ਆਂ’ (ਕੰਨਾ+ਬਿੰਦੀ) ਧੁਨੀਆਂ ਦਾ ਅਰਥ ਹੈ- ਕਿਰਿਆ ਦੇ ਕੰਮ ਨੂੰ ਅੱਗੇ ਲੈ ਕੇ ਜਾਣਾ ਅਤੇ ਇਤੀ (ਅੰਤ) ਸ਼ਬਦ ਦਾ ਅਰਥ ਹੈ- ਪਹਿਲਾਂ ਤੋਂ ਚੱਲੇ ਆ ਰਹੇ ਕਾਰਜ ਦਾ ਆਪਣੇ ਅੰਜਾਮ ਤੱਕ ਪਹੁੰਚਣਾ। ਇਤਿ ਸ਼ਬਦ ਨਾਲ਼ ਲੱਗੀ ਸਿਹਾਰੀ ਦੇ ਅਰਥ ਹਨ- ਜਿੱਥੇ ਪਹੁੰਚ ਕੇ ਕਿਰਿਆ ਦਾ ਕਾਰਜ ਖ਼ਤਮ ਹੋ ਜਾਵੇ ਤੇ ਕਿਰਿਆ ਦੇ ਕਾਰਜ ਦੀ ਸਾਰੀ ਪ੍ਰਾਪਤੀ ਅੰਤਿਮ ਉਦੇਸ਼ ਦੀ ਪ੍ਰਾਪਤੀ ਵਜੋਂ ਸਥਾਪਿਤ ਹੋ ਜਾਵੇ। ਕ੍ਰਾਂਤੀ ਦੀ ਉਪਰੋਕਤ ਪਰਿਭਾਸ਼ਾ ਅਨੁਸਾਰ ਇੱਕ ਸਫਲ ਕ੍ਰਾਂਤਿ/ਕ੍ਰਾਂਤੀ (ਬਦਲਾਅ) ਵੀ ਉਹੋ ਹੀ ਕਹੀ ਜਾ ਸਕਦੀ ਹੈ ਜਿਸ ਦੇ ਅੰਤ ਵਿੱਚ ਕਿਰਿਆ ਦੇ ਕਾਰਜ ਰਾਹੀਂ ਮਿਥੇ ਗਏ ਨਿਸ਼ਾਨੇ ਦੀ ਪ੍ਰਾਪਤੀ ਹੋ ਜਾਵੇ ਤੇ ਅੰਤ ਵਿੱਚ ਆਏ ਉਸ ਬਦਲਾਅ/ਕ੍ਰਾਂਤੀ ਦੀ ਸਥਿਰਤਾ ਯਕੀਨੀ ਹੋ ਜਾਵੇ।

ਇਸ ਪ੍ਰਕਾਰ ਸੰ ਅਤੇ ਕ੍ਰਾਂਤਿ ਸ਼ਬਦਾਂ ਦੀਆਂ ਉਪਰੋਕਤ ਪਰਿਭਾਸ਼ਾਵਾਂ ਅਨੁਸਾਰ ਅਸੀਂ ਦੇਖਦੇ ਹਾਂ ਕਿ ਸੰਕ੍ਰਾਂਤਿ (संक्रांति)/ਸ਼ਬਦ ਵਿੱਚ ਸ਼ਾਮਲ ਧੁਨੀਆਂ ਇਸ ਦੇ ਅਰਥਾਂ: ਬਦਲਾਅ ਜਾਂ ਤਬਦੀਲੀ ਦੇ ਅਰਥਾਂ ਨੂੰ ਕਿਵੇਂ ਸਾਕਾਰ ਕਰ ਰਹੀਆਂ ਹਨ। ਸੰਕ੍ਰਾਂਤਿ ਸ਼ਬਦ ਦੇ ਦੋਂਹਾਂ ਭਾਗਾਂ (ਸੰ+ਕ੍ਰਾਂਤਿ) ਦੇ ਉਪਰੋਕਤ ਅਰਥਾਂ ਅਨੁਸਾਰ ਸੰ ਜਾਂ ਸਮ (सं/सम) ਅਗੇਤਰ ਦੇ ਅਰਥ ਹਨ- ਕਿਸੇ ਗ੍ਰਹਿਪੁੰਜ ਦਾ ਇੱਕ ਥਾਂ ਤੋਂ (ਕਿਸੇ ਇੱਕ ਰਾਸ਼ੀ ਤੋਂ) ਉਸ ਵਰਗੀ/ਉਸ ਦੇ ਬਰਾਬਰ ਦੀ ਕਿਸੇ ਹੋਰ ਥਾਂ (ਰਾਸ਼ੀ ਆਦਿ) ਲਈ ਚੱਲ ਪੈਣਾ ਅਤੇ ਕ੍ਰਾਂਤਿ/ਕ੍ਰਾਂਤੀ ਸ਼ਬਦ ਦੇ ਅਰਥ ਹਨ: ਤਬਦੀਲੀ ਅਰਥਾਤ ਕਿਰਿਆ ਦੇ ਕਾਰਜ ਨੂੰ ਅੰਜਾਮ ਦਿੰਦਿਆਂ ਹੋਇਆਂ ਕਿਸੇ ਗ੍ਰਹਿਪੁੰਜ ਦੁਆਰਾ ਉਸ ਵਰਗੇ ਕਿਸੇ ਅਗਲੇ ਟਿਕਾਣੇ/ਥਾਂ ਜਾਂ ਪੜਾਅ (ਰਾਸ਼ੀ) ਤੱਕ ਪਹੁੰਚ ਜਾਣਾ ਅਤੇ ਆਉਣ ਵਾਲ਼ੇ ਕੁਝ ਸਮੇਂ ਲਈ ਆਪਣੇ-ਆਪ ਨੂੰ ਉਸੇ ਰਾਸ਼ੀ ਤੱਕ ਸੀਮਿਤ ਕਰ ਲੈਣਾ ।

ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸਾਡੇ ਪੂਰਵਜਾਂ ਨੇ ਕਿਵੇਂ ਅਰਥਗਤ ਧੁਨੀਆਂ ਤੋਂ ਬਣਨ ਵਾਲ਼ੇ ਸ਼ਬਦਾਂ ਵਿੱਚ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਨੂੰ ਬੀੜਿਆ ਹੈ ਤੇ ਸ਼ਬਦਾਂ ਨੂੰ ਵੱਖੋ-ਵੱਖਰੇ ਅਰਥ ਪ੍ਰਦਾਨ ਕੀਤੇ ਹੋਏ ਹਨ। ਸੋ, ਜੇਕਰ ਅਸੀਂ ਸ਼ਬਦ-ਵਿਉਤਪਤੀ ਦੇ ਸਾਰੇ ਰਾਜ਼ ਸਮਝਣਾ ਚਾਹੁੰਦੇ ਹਾਂ ਤਾਂ ਧੁਨੀਆਂ ਦੇ ਅਜਿਹੇ ਅਰਥ ਹੀ ਸਾਡੇ ਲਈ ਸਹਾਈ ਸਿੱਧ ਹੋ ਸਕਦੇ ਹਨ। ਲੋੜ ਹੈ ਕਿ ਅਸੀਂ ਸਦੀਆਂ ਪੁਰਾਣੀ ਵੇਲ਼ਾ ਵਿਹਾ ਚੁੱਕੀ ਅਤੇ ਸ਼ਬਦ-ਵਿਉਤਪਤੀ ਸੰਬੰਧੀ ਤੀਰ-ਤੁੱਕੇ ਅਤੇ ਅਟਕਲ਼ਪੱਚੂ ਲਾਉਣ ਵਾਲ਼ੀ ਤਥਾਕਥਿਤ ਵਿਚਾਰਧਾਰਾ ਤੋਂ ਖਹਿੜਾ ਛੁਡਾਈਏ ਅਤੇ ਧੁਨੀਆਂ ਦੇ ਲੜ ਲੱਗ ਕੇ ਸ਼ਬਦ-ਵਿਉਤਪਤੀ ਦੀ ਅਸਲ ਪ੍ਰਕਿਰਿਆ ਨੂੰ ਸਮਝਣ ਦੀ ਕੋਸ਼ਸ਼ ਕਰੀਏ। ਧੁਨੀਆਂ ਅਤੇ ਉਹਨਾਂ ਦੇ ਅਰਥਾਂ ਤੋਂ ਬਿਨਾਂ ਤਾਂ ਸ਼ਬਦ-ਵਿਉਤਪਤੀ ਬਾਰੇ ਕਿਆਸ ਵੀ ਨਹੀਂ ਕੀਤਾ ਜਾ ਸਕਦਾ।

ਜਸਵੀਰ ਸਿੰਘ ਪਾਬਲਾ
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 9888403052

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਪੰਜਾਬੀ ਲੋਕ ਗੀਤਾਂ ਦੀ ਮਾਲਿਕਾਂ ਨਰਿੰਦਰ ਬੀਬਾ”
Next articleਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਦੋ ਗੀਤ ਰਿਲੀਜ਼