ਮਾੜੀ ਹੋਈ ਅਮਲੀ ਨਾਲ, ਚੁੰਘੀ ਬੱਕਰੀ ਬਣਾ ਤਾ ਡਾਕਾ 

(ਸਮਾਜ ਵੀਕਲੀ)

ਸਿੱਧੂ ਸਾਹਿਬ ਆਏ ਸੀ ਅੱਜ।
ਜ਼ਿਆਦਾ ਕਾਹਲੀ ਵਿਚ ਸੀ। ਮਿੰਨਤ ਤਰਲੇ ਕਰ ਕੇ ਆਪਣੇ ਟਿਕਾਣੇ ਤੇ ਆਉਣ ਨੂੰ ਮਨਾ ਲਿਆ।
ਆ ਵੀ ਗਏ।ਕੁਰਸੀ ਦੀ ਥਾਂ ਮੰਜੇ ‘ਤੇ ਬੈਠਣ ਲਈ ਮਜਬੂਰ ਕੀਤਾ। ਜਦੋਂ ਮੰਨ ਗਏ ਤਾਂ ਉਹਨਾਂ ਨੂੰ ਕਿਹਾ,” ਥੋੜ੍ਹਾ ਮੰਜੇ ਤੇ ਢੂੰਹੀ ਵੀ ਸਿੱਧੀ ਕਰ ਲਵੋ।” ਨਾਂਹ ਨਾਂਹ ਕਹਿੰਦਿਆਂ, ਉਹ ਅਰਾਮ ਕਰਨ ਲਈ ਵੀ ਮੰਨ ਗਏ। ਮੈਂ ਕਿਹਾ,” ਤੁਹਾਡੀ ਢੂੰਹੀ ਤੇ ਲੱਤਾਂ ਵੀ ਦਬਾ ਦਿੰਦਾ ਹਾਂ।” ਉਹ ਮੇਰੇ ਵੱਲ ਹੈਰਾਨੀ ਨਾਲ ਦੇਖ ਰਹੇ ਸਨ ਪਰ ‌ਉਹਨਾਂ ਦੀ ਢੂੰਹੀ ‘ਚ ਜ਼ਿਆਦਾ ਪੀੜ ਲੱਗ ਰਹੀ ਸੀ। ਜਦੋਂ ਦਬਾਉਂਦਿਆਂ ਦਬਾਉਂਦਿਆਂ ਚੰਨੀ ਸਾਹਿਬ, ਜਾਖੜ ਸਾਹਿਬ ਤੇ ਰੰਧਾਵਾ ਸਾਹਿਬ ਦੀਆਂ ਕਮੀਆਂ ਗਿਣਾਈਆਂ, ਉਹ ਹੁਣ ਅਰਾਮ ਮਹਿਸੂਸ ਕਰ ਰਹੇ ਸਨ। ਥੋੜ੍ਹੀ ਦੇਰ ਬਾਅਦ ਉਹਨਾਂ ਦੀਆਂ ਲੱਤਾਂ ਵੀ ਦੱਬੀਆਂ। ਉਹ ਮੇਰੇ ਵੱਲ ਇਸ ਤਰ੍ਹਾਂ ਦੇਖ ਰਹੇ ਸਨ ਜਿਵੇਂ ਮੈਨੂੰ ਇਸ ਸੇਵਾ ਬਦਲੇ ਕੋਈ ਲਾਲਚ ਹੁੰਦਾ ਹੈ। ਉਹਨਾਂ ਕਿਹਾ,” ਮੈਂ ਤੈਨੂੰ ਆਪਣੀ ਸਰਕਾਰ ਵਿਚ ਮੰਤਰੀ ਪਦ ਦੇਵਾਂਗਾ। ਮੈਂ ਕਿਹਾ,” ਜੀ ਲੱਗਦਾ ਹੈ ਇਸ ਵਾਰ ਤੁਹਾਡੀ ਸਰਕਾਰ ਬਣ ਜਾਵੇਗੀ, ਜੇ ਬਣ ਵੀ ਗਈ ਤਾਂ ਚੰਨੀ ਸਾਹਿਬ ਤੇ ਦੂਜੇ ਸਾਹਿਬ ?”
ਤੂੰ ਇਹ ਨਾ ਸੋਚ ਇਸ ਵਾਰ ਨਹੀਂ ਤਾਂ ਅਗਲੀ ਵਾਰ ਸਹੀ। ਮੈਂ ਕਿਹਾ,” ਵੈਸੇ ਤੁਸੀਂ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾ ਕੇ ਕੰਡੇ ਨਹੀਂ ਬੀਜ ਲਏ ਆਪਣੇ ਰਾਹ ‘ਚ।”
ਓਏ ਯਾਰ! ਮੈਂ ਕਦੋਂ ਬਣਾਇਐ ਓਸ ਨੂੰ।
ਇਹ ਤਾਂ ਤੁਹਾਡੇ ਆਲ਼ੇ ਦਾ ਦਿਮਾਗ਼ ਸੀ। ਜਿਹੜਾ ਮੈਨੂੰ ਠਿੱਬੀ ਲਾ ਗਿਆ।
ਮੈਂ ਕਿਹਾ ਮੇਰਾ ਤਜਰਬਾ ਇਹ ਕਹਿੰਦਾ ਹੈ ,”ਇਮਾਨਦਾਰ ਬੰਦੇ ਬੜਬੋਲੇ ਹੁੰਦੇ ਨੇ ਮਨ ਦੇ ਸਾਫ਼। ਪਰ ਬੋਲਬਾਣੀ ਲੈ ਕੇ ਬਹਿ ਜਾਂਦੀ ਐ ਕਈ ਵਾਰ।
ਯਾਰ ਮੈਂ ਅਵਾ ਤਵਾ ਬੋਲ ਤਾਂ ਜਾਨਾਂ ਪਰ ਮੈਂ ਦਿਲ ਦਾ ਮਾੜਾ ਨਹੀਂ। ਉਹ ਤਾਂ ਮੈਨੂੰ ਵੀ ਪਤੈ ਪਰ ਲੋਕ ਮਖੌਲ ਉਡਾਉਂਦੇ ਨੇ। ਚੰਗਾ ਚੱਲ,
ਗੱਲਾਂ ਬਹੁਤ ਹੋ ਗਈਆਂ ਯਾਰ। ਹੁਣ ਚਾਹ ਦੀ ਘੁੱਟ ਪਿਆ। ਪ੍ਰੈੱਸ ਕਾਨਫਰੰਸ ਰੱਖੀ ਐ, ਨੈਸ਼ਨਲ ਟੀ ਵੀ ਨਾਲ। ਕਈਆਂ ਦੀ ਧਰਨ ਟਿਕਾਣੇ ਕਰਨੀ ਐਂ।
ਜਦੋਂ ਅੱਖ਼ ਖੁੱਲ੍ਹੀ ਤਾਂ ਮੈਂ ਰਜਾਈ ਵਿਚ ਸੀ ਘਰ ਆਲੀ ਚਾਹ ਦਾ ਗਿਲਾਸ ਲੈ ਕੇ ਸਿਰਹਾਣੇ ਖੜ੍ਹੀ ਆਵਾਜ਼ਾਂ ਮਾਰ ਰਹੀ ਸੀ। ਉੱਠ ਜੋ ਹੁਣ ਮੰਤਰੀ ਸਾਹਿਬ !
ਦਿਨ ਕਿੱਡਾ ਚੜ੍ਹ ਗਿਆ।
ਕਿਤੇ ਸੁਪਨੇ ‘ਚ ਤਾਂ ਨਹੀਂ ਸੀ।
ਮੈਂ ਕਿਹਾ,” ਠਹਿਰ ਜਾ ਭਾਗਵਾਨੇ !
ਰਾਤ ਦਾ ਸੁਪਨਾ ਤਾਂ ਯਾਦ ਕਰ ਲਵਾਂ।”
ਉਹ ਚਾਹ ਦਾ ਗਿਲਾਸ ਸਿਰਹਾਣੇ ਰੱਖ ਕੇ “ਹੂੰ” ਕਹਿ ਕੇ ਚਲੀ ਗਈ।
ਜਸਪਾਲ ਜੱਸੀ

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੁੱਲ
Next articleਮੇਰੀ ਸਹੇਲੀ