HOME ਟੂਣਾਂ

ਟੂਣਾਂ

1
ਗੁਰਦੀਪ ਸਿੰਘ ਮੁਕੱਦਮ

   (ਸਮਾਜ ਵੀਕਲੀ)   ਗੱਲ 1975-76 ਦੀ ਹੈ। ਉਨ੍ਹਾਂ ਦਿਨਾਂ ਚ ਤਕਰੀਬਨ ਹਰ ਘਰ ਮੱਝਾਂ ਹੋਇਆ ਕਰਦੀਆਂ ਸਨ। ਪਸ਼ੂਆ ਦੇ ਵਾੜੇ ਬਾਹਰਲੇ ਪਾਸੇ ਹੋਇਆ ਕਰਦੇ ਸਨ। ਬਹੁਤੇ ਵਾੜੇ ਖੁੱਲੇ ਹੀ ਹੋਇਆ ਕਰਦੇ ਸਨ,ਮਤਲਬ ਕੋਈ ਚਾਰਦਿਵਾਰੀ ਨਹੀਂ ਹੋਇਆ ਕਰਦੀ ਸੀ। ਰਾਤ ਵੇਲੇ ਘਰ ਦਾ ਕੋਈ ਬਜ਼ੁਰਗ ਵਾੜੇ ਸੌਂ ਜਾਇਆ ਕਰਦਾ ਸੀ ਤੇ ਕਈ ਥਾਵੀਂ ਕੋਈ ਵੀ ਨਹੀਂ ਹੁੰਦਾ ਸੀ।(ਅੱਜ ਉਹਨਾਂ ਵਾੜੇ ਵਾਲੀਆਂ ਥਾਵਾਂ ਤੇ ਕੋਠੀਆਂ ਬਣ ਚੁੱਕੀਆਂ ਹਨ।) ਸੱਭ ਨੂੰ ਪਤਾ ਸੀ ਕਿ ਮੱਝਾਂ ਲੰਮਾ ਸਮਾਂ ਦੁੱਧ ਨਹੀਂ ਦਿਆ ਕਰਦੀਆਂ। ਚਾਰ-ਪੰਜ ਮਹੀਨੇ ਦੁੱਧ ਦੇਣ ਤੋਂ ਬਾਅਦ ਮੱਝਾਂ ਭੰਨ ਤੜੱਕੇ ਕਰਨ ਲੱਗ ਜਾਂਦੀਆਂ ਸਨ ਤੇ ਫਿਰ ਲੰਗੇ ਡੰਗ ਦੁੱਧ ਦੇਣ ਲਗਦੀਆਂ ਸਨ। ਜਦੋਂ ਵੀ ਕਿਸੇ ਦੀ ਮੱਝ ਨੇ ਦੁੱਧ ਦੇਣ ਲਈ ਭੰਨ ਤੜੱਕੇ ਸੁਰੂ ਕਰਨੇ, ਘਰੋਂ ਮੱਝ ਚੋਣ ਆਈ ਔਰਤ ਦਾ ਪਹਿਲਾ ਵਾਕ ਇਹ ਹੀ ਹੋਇਆ ਕਰਦਾ ਸੀ, ” ਬਹਿ ਗਿਆ ਕਿਸੇ ਜਲਜਾਣੇ ਬੇੜਾ,ਟੀਰੀ ਅੱਖ ਆਲੇ ਦਾ। ” ਖਾਲੀ ਬਾਲਟੀ ਹੱਥ ਚ ਫੜੀ, ਘਰ ਵਾਪਸ ਮੁੜਦੀ ਉਸ ਔਰਤ ਨੂੰ ਰਸਤੇ ਚ ਜੋ ਵੀ ਔਰਤ ਮਿਲਦੀ ਸੀ, ਉਸ ਨੂੰ ਖਾਲੀ ਬਾਲਟੀ ਦਿਖਾ ਕੇ ਉਹ ਕਾਲੀ ਨਜ਼ਰ ਵਾਲੇ ਦਾ ਸਿਆਪਾ ਕਰਿਆ ਕਰਦੀ ਸੀ।
ਉਨ੍ਹਾਂ ਦਿਨਾਂ ਚ  ਸਾਡੇ ਘਰ ਦੇ ਦੁਆਲੇ, ਰਿਹਾਇਸ਼ੀ ਘਰ ਘੱਟ ਤੇ ਵਾੜੇ ਜਿਆਦਾ ਸਨ। ਇੱਕ ਦਿਨ ਹਨੇਰਾ ਜਿਹਾ ਹੋਏ ਮੇਰਾ ਇੱਕ ਦੋਸਤ ਸੰਤੋਖ ਸਿੰਘ ਮੇਰੇ ਕਮਰੇ ਚ ਆ ਕੇ ਕਹਿਣ ਲੱਗਾ ਕਿ ਇੱਕ ਪਿਆਜ਼ ਤੇ ਅੱੱਧੀ ਮੁੱਠ ਚੌਲ ਲੈ ਕੇ ਆ। (ਮੇਰਾ ਪੜਨ ਵਾਲਾ ਕਮਰਾ ਘਰ ਦੇ ਪਿੱਛੇ ਸੀ, ਜਿਸ ਦੀ ਪਿੱਠ ਰਿਹਾਇਸ਼ੀ ਕਮਰਿਆਂ ਨਾਲ ਲਗਦੀ ਸੀ ਤੇ ਦਰਵਾਜ਼ਾ ਵਾੜੇ ਵਲ ਖੁੱਲਦਾ ਸੀ।) ਉਸ ਦੇ ਹੱਥ ਚ ਮੁੱਠ ਕੁ ਸੰਧੂਰ ਲੱਗੀ ਮਸਰਾਂ-ਮੁੰਗੀ ਦੀ ਦਾਲ ਸੀ। ਅਸੀਂ ਜਾਂਦੇ ਜਾਂਦੇ ਇਹ ਸੱਭ ਇਕ ਵਾੜੇ ਦੇ ਦਰਵਾਜ਼ੇ ਮੁਹਰੇ ਸੁੱਟ ਕੇ ਅੱਗੇ ਨਿਕਲ ਗਏ।
ਸਵੇਰ ਹੁੰਦੇ ਹੀ ਉੱਥੇ ਮੇਲਾ ਲੱਗ ਗਿਆ।ਮੈਂ ਵੀ ਘਰੋਂ ਬਾਹਰ ਆਇਆ ਤੇ ਸੱਭ ਕੁਝ ਜਾਣਦੇ ਹੋਏ ਵੀ ਉਧਰ ਤੋਂ ਆਉਦੇ ਆਪਣੇ ਗੁਆਂਢੀ ਨੂੰ ਪੁਛਿਆ ਕਿ ਕੀ ਹੋਇਆ? ਤਾਂ ਇੱਕ ਮੋਟੀ ਜਹੀ ਗਾਲ ਕੱਢ ਕੇ ਕਹਿੰਦਾ ਕਿ ਕੋਈ ਟੂਣਾਂ ਕਰ ਗਿਆ। ਪੈਰ ਜਹੇ ਮਲਦਾ ਮੈਂ ਵੀ ਉਨ੍ਹਾਂ ਚ ਜਾ ਖੜਾ ਹੋਇਆ। ਇੱਕ ਗੁਆਂਢੀ ਔਰਤ ਕਹੇ ਕਿ ਅੱਧੀ ਕੁ ਰਾਤੀਂ ਮੈਨੂੰ ਬਿੜਕ ਜਹੀ ਆਈ,ਮੈਂ ਹੀ ਧਿਆਨ ਨਾਂ ਦਿੱਤਾ।ਮੈਨੂੰ ਕੀ ਪਤਾ ਕਿ ਕੋਈ ਜਲਜਾਣਾਂ ਆਹ ਕਾਰਾ ਕਰਨ ਲੱਗਾ ਹੋਇਆ। ਨਹੀਂ ਤਾਂ ਮੈਂ ਧੌਣੋਂ ਨਾਂ ਫੜ ਲੈਂਦੀ ਕੰਜਰ ਨੂੰ। ਇੱਕ ਬਜੁਰਗ ਜੋ ਕਿਸੇ ਸਮੇਂ ਚੇਲਗਿਰੀ ਕਰਦਾ ਰਿਹਾ ਸੀ, ਉਹ ਕਹੇ ਸਾਰਾ ਕੁਝ ਕੱਠਾ ਕਰ ਕੇ ਨਹਿਰ ਚ ਸੁਟੋ, ਇੱਥੇ ਦੁੱਧ ਦਾ ਛਿੱਟਾ ਦੇ ਕੇ, ਤ੍ਕਾਲਾਂ ਨੂੰ ਕਾਲਾ ਕੁੱਤਾ ਲੱਭ ਕੇ ਰੋਟੀ ਪਾ ਦਿਉ। ਭਾਈਚਾਰੇ ਵਿਚੋਂ ਸਾਡਾ ਇੱਕ ਚਾਚਾ ਅਵਤਾਰ ਸਿੰਘ (ਜੋ ਆਪਣੇ ਆਪ ਨੂੰ ਤਰਕਵਾਦੀ ਦੱਸਿਆ ਕਰਦਾ ਸੀ।) ਕਹੇ ਜੁਤੀਆਂ ਮਾਰੋ ਟੂਣੇ ਤੇ, ਕੁਝ ਨਹੀਂ ਹੁੰਦਾ ਟੂਣਾਂ ਟਾਣਾਂ। ਐਵੇਂ ਪਖੰਡ ਆ ਸਾਰੇ।
ਵੀਹਾਂ ਕ ਦਿਨਾਂ ਬਾਅਦ ਮੈਂ ਤੇ ਮੇਰਾ ਦੋਸਤ ਕਾਲਜ ਤੋਂ ਆ ਰਹੇ ਸੀ ਤਾਂ ਅਸੀਂ ਨਹਿਰ ਚ ਹੱੜਿਆ ਆਉਂਦਾ ਨਾਰੀਅਲ ਕੱਢ ਲਿਆਏ। ਹਨੇਰਾ ਜਿਹਾ ਹੁੰਦੇ ਹੀ ਅਸੀਂ ਗਾਨਾਂ ਬੱਝਿਆ ਲਲੇਰ ਤੇ ਦੋ ਪੈਸੇ ਚਾਚੇ ਅਵਤਾਰ ਸਿੰਘ ਦੇ ਗੇਟ ਅੱਗੇ ਰੱਖ ਆਏ। ਕੁੱਝ ਦਿਨ ਪਹਿਲਾਂ ਜਿਹੜਾ ਚਾਚਾ ਕਹਿੰਦਾ ਸੀ ਕਿ ਟੂਣਾਂ ਟਾਣਾਂ ਕੁੱਝ ਨਹੀਂ ਹੁੰਦਾ ਲੱਗ ਪਿਆ ਕੀਰਨੇ ਪਾਉਣ। ਕਿ ਮੇਰਾ ਤਾਂ ਪਹਿਲਾਂ ਹੀ ਕੰਮ ਨਹੀਂ ਚਲਦਾ, ਆਹ ਕਿਸ ਨੇ…………? ਫਿਰ ਕਈ ਵਾਰ ਇੱਕ ਬਾਬਾ ਚਾਚੇ ਦੇ ਘਰ ਭੂਤ ਚੁੜੈਲਾਂ ਦਾ ਪਰਛਾਵਾਂ ਕੱਢਣ ਆਉਂਦਾ ਰਿਹਾ ਸੀ। ਕਈ ਸਾਲ ਬਾਅਦ ਜਦੋਂ ਚਾਚੇ ਨੂੰ ਟੂਣੇ ਦੀ ਸੱਚਾਈ ਦੱਸੀ ਤਾਂ ਸ਼ਰਮਿੰਦਾ ਜਿਹਾ ਹੋਇਆ ਚਾਚਾ ਹੱਸਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਸੀ।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133

Previous articleThe Death of the Gentleman’s Game: India vs Pakistan Cricket
Next articleਤਿਉਹਾਰ ਤੇ ਮੇਲੇ ਭਾਈਚਾਰ ਸਾਂਝ ਤੇ ਆਪਸੀ ਏਕਤਾ ਦੇ ਪ੍ਰਤੀਕ-ਜਤਿੰਦਰ ਸਿੰਘ ਕਾਲਾ ਪ੍ਰਧਾਨ ਯੂਥ ਵਿੰਗ ਜਲੰਧਰ (ਦਿਹਾਤੀ)