ਰਿੰਪੀ:-ਮੇਰੀ ਸੱਚੀ ਦਿਲਚਪਸ ਪ੍ਰੇਮ ਕਹਾਣੀ।

ਜੇ.ਐੱਸ.ਮਹਿਰਾ,
  (ਸਮਾਜ ਵੀਕਲੀ)-ਸੰਨ 1999 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਨਕਲ ਨੂੰ ਠੱਲ੍ਹ ਪਾਉਣ ਲਈ ਬੋਰਡ ਦੀਆਂ ਪ੍ਰੀਖਿਆਵਾਂ ਲਈ ਪੰਜ ਤਰ੍ਹਾਂ ਦੇ ਪ੍ਰਸ਼ਨ ਪੱਤਰਾਂ ਦਾ ਪ੍ਰਬੰਧ ਕੀਤਾ ਸੀ।ਉਦੋਂ ਮੈਂ ਦਸਵੀਂ ਜਮਾਤ ਵਿੱਚ ਹੁੰਦਾ ਸੀ।ਕੁੱਲ 79 ਵਿਦਿਆਰਥੀਆਂ ਵਿੱਚੋਂ ਕੇਵਲ ਅਸੀਂ ਤਿੰਨ ਹੀ ਪਾਸ ਹੋਏ ਸਾਂ।ਬਾਕੀ ਦੀਆਂ ਕੰਪਾਰਮੈਂਟਾਂ ਤੇ ਫੇਲ ਸਨ।ਸਰਕਾਰੀ ਹਾਈ ਸਕੂਲ ਮੁੰਧੋ-ਸੰਗਤੀਆਂ ਤੋ ਦਸਵੀਂ ਦੀ ਪ੍ਰੀਖਿਆ ਪਾਸ ਕਰ ਲੈਣ ਤੋਂ ਬਾਅਦ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਸਿਆਲਵਾ ਵਿਖੇ ਦਾਖਲਾ ਲੈ ਲਿਆ ਸੀ।ਸਰੂਪ ਸਿੰਘ (ਸਰੂਪ ਸਿਆਲਵੀ ਇਸ ਸਮੇਂ ਦੇ ਪ੍ਰਸਿੱਧ ਕਹਾਣੀਕਾਰ) ਜੀ ਸਾਡੇ ਜਮਾਤ ਇੰਚਾਰਜ ਤੇ ਪੰਜਾਬੀ ਦੇ ਲੈਕਚਰਾਰ ਸਨ।ਅੱਜ ਸਕੂਲ ਵਿੱਚ ਮੇਰਾ ਪਹਿਲਾ ਦਿਨ ਸੀ।ਅਸੀਂ ਸਾਰੇ ਵਿਦਿਆਰਥੀ ਗਰਾਊਂਡ ਵਿੱਚ ਟਾਟਾਂ ਉੱਤੇ ਬੈਠੇ ਹੋਏ ਸਨ।ਪਹਿਲਾਂ ਪੀਰੀਅਡ ਪੰਜਾਬੀ ਦਾ ਹੀ ਹੁੰਦਾ ਸੀ ਤੇ ਇੰਚਾਰਜ ਸਾਹਿਬ ਸਾਹਮਣੇ ਗਰਾਉਂਡ ਵਿੱਚ ਜਮਾਤ ਵੱਲ ਆਉਂਦੇ ਹੋਏ ਦਿਖਾਈ ਦੇ ਰਹੇ ਸਨ। ਉਦੋਂ ਹਰ ਜਮਾਤ ਵਿੱਚ ਕੁੜੀਆਂ ਅਤੇ ਮੁੰਡਿਆਂ ਦੇ ਅਲੱਗ-ਅਲੱਗ ਮਨੀਟਰ ਹੁੰਦੇ ਸਨ।ਕੁੜੀਆਂ ਦੀ ਮਨੀਟਰ ਰਿੰਪੀ(ਕਾਲਪਨਿਕ ਨਾਮ) ਤੇ ਮੁੰਡਿਆਂ ਦਾ ਮਨੀਟਰ ਮੈਂ ਸੀ।ਕੁੜੀਆਂ ਦੀ ਮਨੀਟਰ ਰਿੰਪੀ ਮੈਨੂੰ ਕਹਿੰਦੀ, “ਓਏ!ਮਨੀਟਰ ਚੱਲ ਕੁਰਸੀ ਲੈ ਕੇ ਆ”।ਮੈਂ ਅਜੇ ਸਕੂਲ ਵਿੱਚ ਨਵਾਂ ਸੀ ਮੈਨੂੰ ਪਤਾ ਨਹੀਂ ਸੀ ਕਿ ਕੁਰਸੀਆਂ ਕਿਸ ਕਮਰੇ ਵਿੱਚ ਹੁੰਦੀਆਂ ਨੇ।ਉਹ ਮੈਨੂੰ ਨੀਵਾਂ ਦਿਖਾਉਣ ਲਈ ਮੇਰੇ ਤੇ ਰੋਹਬ ਪਾ ਰਹੀ ਸੀ।ਜਮਾਤ ਦਾ ਕੋਈ ਵੀ ਵਿਦਿਆਰਥੀ ਮੈਨੂੰ ਕੁਰਸੀ ਵਾਲੇ ਕਮਰੇ ਤੱਕ ਨਹੀਂ ਲਿਜਾਣਾ ਚਾਹੁੰਦਾ।ਉਹ ਹੱਸ ਰਹੇ ਸੀ ਕਿ ਹੁਣ ਇਸ ਦੀ ਜਮਾਤ ਇੰਚਾਰਜ ਤੋਂ ਪਿਟਾਈ ਹੋਵੇਗੀ ਕਿ ਇਹ ਅਜੇ ਤੱਕ ਕੁਰਸੀ ਨਹੀਂ ਲੈ ਕੇ ਆਇਆ।ਇੰਨੇ ਨੂੰ ਜਮਾਤ ਵਿੱਚੋਂ ਇੱਕ ਲੜਕੀ ਉੱਠ ਖੜੀ ਹੁੰਦੀ ਹੈ ਤੇ ਮੈਨੂੰ ਕਹਿੰਦੀ ਹੈ, “ਆਓ! ਮੇਰੇ ਨਾਲ ਆਓ ਆਪਾਂ ਕੁਰਸੀ ਲੈ ਕੇ ਆਈਏ”।ਮੈਂ ਉਸ ਦੇ ਪਿੱਛੇ ਦੌੜਿਆ-ਦੌੜਿਆ ਜਾਂਦਾ ਹਾਂ ਤੇ ਅਸੀਂ ਇੱਕ ਕਮਰੇ ਵਿੱਚੋਂ ਕੁਰਸੀ ਨੂੰ ਇੱਕ-ਇੱਕ ਪਾਸੇ ਤੋਂ ਫੜ ਕੇ ਦੋਵੇਂ ਜਣੇ ਚੁੱਕ ਕੇ ਲਿਆਉਂਦੇ ਹਾਂ।ਮੈਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਇਸ ਕੁੜੀ ਦਾ ਨਾਮ ਵੀ ਰਿੰਪੀ ਹੈ।ਮਨੀਟਰ ਰਿੰਪੀ ਉੱਚੇ ਲੰਬੇ ਕੱਦ-ਕਾਠ ਦੀ ਸੀ ਅਤੇ ਇਹ ਰਿੰਪੀ ਮਧਰੇ ਜਿਹੇ ਕੱਦ ਦੀ ਸੀ। ਇਸ ਲਈ ਸਕੂਲ ਦੇ ਅਧਿਆਪਕ ਅਤੇ ਬੱਚੇ ਇਹਨਾਂ ਨੂੰ ਬੁਲਾਉਂਦੇ ਹੋਏ ਬੜ੍ਹੀ ਰਿੰਪੀ ਤੇ ਛੋਟੀ ਰਿੰਪੀ ਕਹਿ ਕੇ ਪੁਕਾਰਦੇ ਸਨ।ਬੜ੍ਹੀ ਰਿੰਪੀ,ਛੋਟੀ ਰਿੰਪੀ ਤੇ ਮੈਂ ਅਸੀਂ ਤਿੰਨੋ ਹੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ।ਸਾਡਾ ਤਿੰਨਾਂ ਦਾ ਹੀ ਮੁਕਾਬਲਾ ਚੱਲਦਾ ਰਹਿੰਦਾ ਸੀ।ਛੋਟੀ ਰਿੰਪੀ ਪਹਿਲੇ ਦਿਨ ਤੋਂ ਹੀ ਮੇਰੇ ਤੋਂ ਬਹੁਤ ਜਿਆਦਾ ਪ੍ਰਭਾਵਿਤ ਹੋ ਗਈ ਸੀ।
      ਉਹ ਜਮਾਤ ਵਿੱਚ ਬੈਠੀ ਤੇ ਆਉਂਦੀ ਜਾਂਦੀ ਮੈਨੂੰ ਤੱਕਦੀ ਰਹਿੰਦੀ।ਜਦੋਂ ਮੈਂ ਉਸ ਵੱਲ ਦੇਖਦਾ ਤਾਂ ਮੈਨੂੰ ਸ਼ਰਮ ਆ ਜਾਂਦੀ ਤੇ ਮੈਂ ਸ਼ਰਮਾਉਂਦਾ ਹੋਇਆ ਨੀਵੀਂ ਪਾ ਲੈਂਦਾ।ਉਹ ਆਪਣੀ ਸਹੇਲੀਆਂ ਨਾਲ ਗੱਲਾਂ ਕਰਦੇ ਹੋਏ ਗੱਲਾਂ ਹੀ ਗੱਲਾਂ ਵਿੱਚ ਮੈਨੂੰ ਸੁਣਾਉਂਦੀ, “ਕਿ ਮੈਂ ਪਹਿਲਾ ਲੜਕਾ ਦੇਖਿਆ ਹੈ,ਜੋ ਕੁੜੀਆਂ ਤੋਂ ਸ਼ਰਮਾਉਂਦਾ ਹੈ”।ਉਹ ਗਾਉਂਦੀ ਵੀ ਬਹੁਤ ਸੋਹਣਾ ਸੀ।ਮਧਰੇ ਜਿਹੇ ਗੁੰਦਮੇ ਸਰੀਰ ਦੀ, ਰੰਗ ਰੂਪ ਦੀ ਗੋਰੀ,ਗੱਲਾਂ ਵਿੱਚ ਟੋਏ ਪੈਂਦੇ।ਜਦੋਂ ਕੋਈ ਪੀਰੀਅਡ ਵੇਹਲਾ ਹੁੰਦਾ ਤਾਂ ਉਹ ਮੇਰੇ ਵੱਲ ਦੇਖਦੀ ਹੋਈ ਇਸ਼ਾਰੇ ਕਰ ਕਰ ਹਿੰਦੀ ਗੀਤ ਗਾਉਂਦੀ ਰਹਿੰਦੀ,”ਮਿਲਤੀ ਹੈ ਜਿੰਦਗੀ ਮੇਂ ਮੁਹੱਬਤ ਕਭੀ-ਕਭੀ……”।ਇੱਕ ਦਿਨ ਉਹ ਮੇਰੇ ਪਿੱਛੇ ਹੀ ਪੈ ਗਈ ਕਿ ਮੈਨੂੰ ਕੋਈ ਗੀਤ ਸੁਣਾ।ਉਦੋਂ ਹਰਭਜਨ ਮਾਨ ਦਾ ਪੰਜਾਬੀ ਗੀਤ “ਗੱਲਾਂ ਗੋਰੀਆਂ ਤੇ ਵਿੱਚ ਟੋਏ, ਅਸੀਂ ਮਰ ਗਏ,ਨੀ ਓਏ-ਹੋਏ” ਬਹੁਤ ਹੀ ਮਸ਼ਹੂਰ ਸੀ। ਹਰ ਜੁਬਾਨ ਤੇ ਇਹੀ ਗਾਣਾ ਚੜ੍ਹਿਆ ਹੋਇਆ ਸੀ।ਮੈਂ ਸਹਿਜੇ ਹੀ ਉਸਨੂੰ ਇਹ ਗੀਤ ਸੁਣਾ ਦਿੱਤਾ,ਜੋ ਕਿ ਉਸਦੀ ਖੂਬਸੂਰਤੀ ਤੇ ਪੂਰਾ ਢੁੱਕਦਾ ਸੀ।ਬਸ ਉਸ ਦਿਨ ਤੋਂ ਬਾਅਦ ਉਹ ਮੇਰੀ ਮੁਹੱਬਤ ਦੇ ਰੰਗ ਵਿੱਚ ਰੰਗੀ ਗਈ।ਪਰ ਮੈਂ ਉਸ ਨੂੰ ਇੱਕ ਚੰਗਾ ਦੋਸਤ ਸਮਝਦਾ ਸੀ।ਮੈਂ ਉਸ ਦੀ ਮੁਹੱਬਤ ਨੂੰ ਸਮਝਦਾ ਸੀ,ਪਰ ਮੇਰੇ ਨਿਸ਼ਾਨੇ ਅਜ੍ਹੇ ਬਹੁਤ ਉੱਚੇ ਸਨ,ਜਿਨਾਂ ਨੂੰ ਮੈਂ ਪ੍ਰਾਪਤ ਕਰਨਾ ਸੀ।ਇਸ ਲਈ ਮੈਂ ਪਿਆਰ-ਮੁਹੱਬਤ ਦੇ ਚੱਕਰ ਵਿੱਚ ਪੈਣਾ ਨਹੀਂ ਚਾਹੁੰਦਾ ਸੀ।ਮੈਂ ਉਸ ਦੀਆਂ ਪਿਆਰ ਭਰੀਆਂ ਗੱਲਾਂ ਦਾ ਹਮੇਸ਼ਾ ਕੜ੍ਹਵਾ ਜਵਾਬ ਦਿੰਦਾ ਤੇ ਉਸਦਾ ਦਿਲ ਤੋੜ ਦਿੰਦਾ। ਪਰ ਉਹ ਮੈਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਰਹਿੰਦੀ। ਸਕੂਲ ਵਿੱਚ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਤਾਂ ਉਹ ਇੱਕੋ ਗੀਤ ਸਟੇਜ ਤੇ ਖੜ੍ਹ ਕੇ ਮੇਰੇ ਵੱਲ ਇਸ਼ਾਰੇ ਕਰ-ਕਰ ਕੇ ਗਾਉਂਦੀ,”ਅੰਬਰਸਰੇ ਦੀਆਂ ਬੜੀਆਂ ਵੇ ਮੈਂ ਖਾਂਦੀ ਨਾ,ਤੂੰ ਕਰੇ ਵੇ ਅੜੀਆਂ ਵੇ ਮੈਂ ਸਹਿੰਦੀ ਨਾ…..”।ਜਦੋਂ ਸਕੂਲ ਵਿੱਚ ਖੇਡਾਂ ਹੁੰਦੀਆਂ ਤਾਂ ਮੈਂ ਦੌੜ ਤੇ ਲੰਬੀ ਛਲਾਂਗ ਵਿੱਚ ਹਮੇਸ਼ਾ ਅੱਵਲ ਰਹਿੰਦਾ।ਉਹ ਮੇਰੀ ਜਿੱਤ ਵਿੱਚ ਆਪਣੀ ਜਿੱਤ ਮਹਿਸੂਸ ਕਰਦੀ ਤੇ ਖੁਸ਼ੀ ਪ੍ਰਗਟਾਉਂਦੀ ਹੋਈ ਉੱਚੀ-ਉੱਚੀ ਖਿੜ੍ਹ-ਖਿੜਾਂਉਂਦੀ ਹੋਈ ਤਾੜੀਆਂ ਮਾਰਦੀ।
       ਮੇਰਾ ਖਾਸ ਦੋਸਤ ਤੇ ਮੇਰਾ ਜਮਾਤੀ ਨਿੰਦਾ ਅਕਸਰ ਰਿੰਪੀ ਨੂੰ ਪਟਾਉਣ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ।ਉਹ ਰੋਜ਼ਾਨਾ ਵਰਦੀ ਪ੍ਰੈਸ ਕਰਕੇ ਪਾਉਂਦਾ।ਕ੍ਰੀਮ,ਪਾਊਡਰ ਤੇ ਪਰਿਫਿਊਮ ਲਗਾ ਕੇ ਆਉਂਦਾ।ਨਵੇਂ-ਨਵੇਂ ਬਾਲਾਂ ਦੇ ਕੱਟ ਕਰਵਾਉਂਦਾ ਤੇ ਰੈਂਜਰ ਸਾਈਕਲ ਤੇ ਸਕੂਲ ਆਉਂਦਾ।ਮਾਂ ਦੇ ਪਿਆਰ ਤੋਂ ਵਾਂਝਾ ਤੇ ਮਤਰੇਈ ਮਾਂ ਦਾ ਸਤਾਇਆ ਹੋਇਆ ਮੁਹੱਬਤ ਭਾਲਦਾ।ਉਹ ਰੋਜ਼ਾਨਾ ਮੈਨੂੰ ਕਹਿੰਦਾ, ਯਾਰ ਆਪਣੀ ਦੋਸਤ ਰਿੰਪੀ ਨਾਲ ਮੇਰੀ ਗੱਲ ਕਰਵਾ ਦੇ।ਰਿੰਪੀ ਮੈਨੂੰ ਚਾਹੁੰਦੀ ਤੇ ਨਿੰਦਾ ਰਿੰਪੀ ਨੂੰ। ਕਦੇ-ਕਦੇ ਮੈਂ ਸੋਚਦਾ ਕਿ ਰਿੰਪੀ ਤੇ ਨਿੰਦੇ ਦਾ ਮਿਲਾਪ ਹੋ ਜਾਵੇ।ਦੋਵੇਂ ਉੱਚੇ ਅਮੀਰ ਘਰਾਂ ਦੇ।ਅਗਰ ਅਜਿਹਾ ਹੋ ਜਾਵੇ ਤਾਂ ਰਿੰਪੀ ਨੂੰ ਉੱਚੇ ਅਮੀਰ ਘਰ ਦਾ ਲੜਕਾ ਤੇ ਨਿੰਦੇ ਨੂੰ ਮੁਹੱਬਤ ਮਿਲ ਜਾਵੇਗੀ।ਮੈਂ ਸੋਚਦਾ ਕਿ ਮੈਂ ਦੇਸੀ ਜਿਹਾ ਗਰੀਬ ਘਰ ਦਾ ਲੜਕਾ ਰਿੰਪੀ ਨੂੰ ਕੀ ਸੁੱਖ ਦੇ ਸਕੇਗਾ।ਉਦੋਂ ਮੈਨੂੰ ਇੰਨੀ ਸਮਝ ਨਹੀਂ ਸੀ ਕਿ ਔਰਤ ਜਿਸ ਨੂੰ ਪਿਆਰ ਕਰਦੀ ਹੈ ਉਸ ਨਾਲ ਗਰੀਬੀ ਤਾਂ ਕੀ ਸੱਤ-ਸਮੁੰਦਰ ਵੀ ਪਾਰ ਕਰ ਸਕਦੀ ਹੈ।ਇਕ ਦਿਨ ਨਿੰਦੇ ਨੇ ਰਿੰਪੀ ਨੂੰ ਜਮਾਤ ਵਿੱਚ ਇਕੱਲੀ ਪਾ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਲਈ ਉਸਦੀ ਬਾਂਹ ਫੜ ਲਈ। ਰਿੰਪੀ ਨੇ ਗੁੱਸੇ ਵਿਚ ਆ ਉਸ ਦੇ ਮੂੰਹ ਤੇ ਚਪੇੜ ਮਾਰ ਦਿੱਤੀ। ਉਸ ਦਿਨ ਤੋਂ ਹੀ ਨਿੰਦਾ ਬੀੜੀ,ਜਰਦਾ,ਸਿਗਰਟ ਤੇ ਪਾਨ ਖਾਣ ਲੱਗ ਪਿਆ। ਮੈਂ ਉਸਨੂੰ ਬਹੁਤ ਸਮਝਾਉਂਦਾ ਪਰ ਉਹ ਨਾ ਸਮਝਦਾ।
        ਕਦੇ ਗਰਮੀ ਤੇ ਕਦੇ ਸਰਦੀ ਦੀਆਂ ਛੁੱਟੀਆਂ।ਕਦੇ ਐਤਵਾਰ ਤੇ ਕਦੇ ਸਰਕਾਰੀ ਤੇ ਛੁੱਟੀਆਂ।ਸਕੂਲ ਵਿੱਚ ਦੋ ਸਾਲ ਪਤਾ ਹੀ ਨਹੀਂ ਲੱਗੇ ਕਿ ਕਦੋਂ ਲੰਘ ਗਏ।ਫਰਵਰੀ 2001 ਬੁੱਧਵਾਰ ਦਾ ਦਿਨ,ਅੱਜ ਸਾਡੀ ਵਿਦਾਇਗੀ ਪਾਰਟੀ ਸੀ।ਸਕੂਲ ਵਿੱਚ ਸਾਡਾ ਆਖਰੀ ਦਿਨ ਸੀ।ਰਿੰਪੀ ਮੇਰੇ ਕੋਲ ਆਈ ਤੇ ਕਹਿਣ ਲੱਗੀ,”ਜਸਵੀਰ ਅੱਜ ਆਖਰੀ ਦਿਨ ਹੈ ਕੁਝ ਕਹਿਣਾ ਨਹੀਂ ਚਹੇਂਗਾ ਮੈਨੂੰ…”?।ਪਰ ਮੈਂ ਪੱਥਰ ਬਣ ਖੜ੍ਹਾ ਦੇਖਦਾ ਰਿਹਾ ਤੇ ਉਹ ਮੇਰੇ ਮੂਹਰੇ ਹੁੱਬਾਂ ਮਾਰ-ਮਾਰ ਰੋਂਦੀ ਹੋਈ ਚਲੇ ਗਈ।ਉਹਦੀ ਮੁਹੱਬਤ ਭਰੇ ਹੰਝੂਆਂ ਨੇ ਮੇਰਾ ਦਿਲ ਪਿੰਘਲਾ ਕੇ ਰੱਖ ਦਿੱਤਾ।ਮੈਂ ਸੋਚਿਆ ਕਿ ਜਦੋਂ ਉਹ ਪ੍ਰੀਖਿਆ ਵੇਲੇ ਮਿਲੂ ਤਾਂ ਮੈਂ ਉਸ ਨੂੰ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਦੇਵਾਂਗਾ।ਪਰ ਮੈਂ ਕਿਤਾਬੀ ਕੀੜੇ ਦਾ ਕੀੜਾ ਹੀ ਰਿਹਾ। ਅੱਜ ਆਖਰੀ ਪ੍ਰੀਖਿਆ ਖਤਮ ਹੋਣ ਤੋਂ ਬਾਅਦ ਗਰਾਊਂਡ ਵਿੱਚ ਸਾਰੇ ਵਿਦਿਆਰਥੀ ਖੜ੍ਹੇ ਇੱਕ-ਦੂਜੇ ਨੂੰ ਆਖਰੀ ਵਾਰ ਮਿਲ ਰਹੇ ਸੀ,ਕਿ ਰਿੰਪੀ ਮੇਰੇ ਪਾਸ ਆਈ ਤੇ ਕਹਿਣ ਲੱਗੀ,”ਅੱਛਾ ਹੁਣ ਇਹ ਤਾਂ ਦੱਸ ਦੇ ਕਿ ਤੇਰੀਆ ਪ੍ਰੀਖਿਆਵਾਂ ਕਿਵੇਂ ਹੋਈਆਂ”?।ਮੈਂ ਜਵਾਬ ਦਿੰਦੇ ਹੋਏ ਕਿਹਾ,”ਬਹੁਤ ਵਧੀਆ”।ਉਸ ਨੇ ਅੱਗੋਂ ਜਵਾਬ ਦਿੰਦਿਆਂ ਕਿਹਾ,”ਮੇਰੀ ਇੱਕ ਗੱਲ ਯਾਦ ਰੱਖੀ ਕਿ ਬਾਰਵੀਂ ਜਮਾਤ ਵਿੱਚੋਂ ਅੱਵਲ ਤੂੰ ਆਵੇਂ ਜਾ ਮੈਂ,ਪਰ ਜਿੰਦਗੀ ਜਿਉਣ ਲਈ ਕੇਵਲ ਡਿਗਰੀਆਂ ਹੀ ਕਾਫੀ ਨਹੀਂ ਹੁੰਦੀਆਂ”।ਇੰਨਾ ਕਹਿੰਦੇ ਹੋਏ ਉਹ ਚਲੇ ਗਈ।ਉਸ ਦੇ ਕਹਿਣ ਦਾ ਤਰੀਕਾ ਇਨਾ ਅਜੀਬ ਸੀ ਕਿ ਮੈਂ ਆਪਣੀ ਮੁਹੱਬਤ ਦਾ ਇਜ਼ਹਾਰ ਵੀ ਨਾ ਕਰ ਸਕਿਆ।ਮੈਂ ਉਦੋਂ ਤੱਕ ਉਸ ਨੂੰ ਖੜ੍ਹਾ ਦੇਖਦਾ ਰਿਹਾ,ਜਦੋਂ ਤੱਕ ਉਹ ਗਲੀ ਦਾ ਆਖਰੀ ਮੋੜ੍ਹ ਮੁੜ ਮੈਨੂੰ ਦਿਸਣੋ ਨਾ ਹਟ ਗਈ।
       ਦੋ ਮਹੀਨਿਆਂ ਬਾਅਦ ਜਦੋਂ ਨਤੀਜਾ ਆਇਆ ਤਾਂ ਛੋਟੀ ਰਿੰਪੀ ਅੱਵਲ ਸੀ।ਬੜ੍ਹੀ ਰਿੰਪੀ ਦੋਇਮ ਤੇ ਮੈਂ ਸੋਇਮ ਸੀ।ਉਹ ਪ੍ਰੀਖਿਆ ਤੇ ਪ੍ਰੇਮ -ਪ੍ਰੀਖਿਆ ਦੀਆਂ ਦੋਵੇਂ ਬਾਜੀਆਂ ਜਿੱਤ ਗਈ ਸੀ,ਤੇ ਮੈਂ ਹਮੇਸ਼ਾ ਲਈ ਹਾਰ ਗਿਆ ਸੀ।ਮੈਨੂੰ ਆਪਣੇ ਕੀਤੇ ਕਰਾਏ ਤੇ ਬੜੀ ਘ੍ਰਿਣਾ ਹੋ ਰਹੀ ਸੀ।ਮੈਂ ਰਿੰਪੀ ਨੂੰ ਮਿਲ ਉਸ ਤੋਂ ਮਾਫੀ ਮੰਗ ਆਪਣੀ ਮੁਹੱਬਤ ਦਾ ਇਜਹਾਰ ਕਰਨਾ ਚਾਹੁੰਦਾ ਸੀ।ਪਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਮੈਨੂੰ ਕਦੇ ਮਿਲੀ ਹੀ ਨਹੀਂ।ਪਤਾ ਨਹੀਂ ਕਿਹੜੀ ਦੁਨੀਆਂ ਵਿੱਚ ਗਵਾਚ ਗਈ ਤੇ ਮੈਂ ਉਸ ਨੂੰ ਤਲਾਸ਼ਦਾ ਰਿਹਾ।
       ਉਹ ਮੈਨੂੰ ਆਸ਼ਿਕ ਤੇ ਸ਼ਾਇਰ ਬਣਾ ਗਈ ਸੀ।ਉਦੋਂ ਮੈਂ ਜਿੰਦਗੀ ਵਿੱਚ ਪਹਿਲੀ ਵਾਰ ਇਹ ਸ਼ੇਅਰ ਲਿਖਿਆ:-
“ਤਲਾਸ਼ ਕਰ ਰਹਾ ਹੂੰ ਉਸ ਮੰਜਿਲ ਕੀ,
ਜਿਸਕਾ ਕੋਈ ਠਿਕਾਨਾ ਨਹੀਂ,
ਜੀਅ ਰਹਾ ਹੂੰ ਬਸ ਇਸੀ ਲੀਏ,
ਔਰ ਜੀਨੇ ਕਾ ਕੋਈ ਬਹਾਨਾ ਨਹੀਂ,”।
2008 ਵਿੱਚ ਮੋਹਾਲੀ ਵਿਖੇ ਇੱਕ ਸਕੂਲ ਦੇ ਸੈਮੀਨਾਰ ਵਿੱਚ ਮੈਨੂੰ ਰਿੰਪੀ ਦੀ ਹਮਸ਼ਕਲ ਉਸਦੀ ਵੱਡੀ ਭੈਣ ਰਜਨੀ ਮਿਲੀ ਜੋ ਕਿ ਇੰਨ-ਬਿੰਨ ਰਿੰਪੀ ਵਰਗੀ ਹੀ ਸੀ।ਮੈਨੂੰ ਲੱਗਿਆ ਕਿ ਰਿੰਪੀ ਹੈ ਤੇ ਮੈਂ ਰਿੰਪੀ ਕਹਿ ਉਸ ਨੂੰ ਪੁਕਾਰਿਆ।ਮੇਰੀ ਆਵਾਜ਼ ਸੁਣ ਉਹ ਰੁੱਕ ਗਈ ਤੇ ਮੈਨੂੰ ਪੁੱਛਣ ਲੱਗੀ ਕਿ ਤੁਸੀਂ ਕੌਣ?ਮੈਂ ਕਿਹਾ ਰਿੰਪੀ ਤੂੰ ਪਹਿਚਾਣਿਆ ਨਹੀਂ, ਮੈਂ ਜਸਵੀਰ ਤੇਰਾ ਕਲਾਸਮੇਟ। ਉਸਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਰਿੰਪੀ ਨਹੀਂ ਉਸ ਦੀ ਵੱਡੀ ਭੈਣ ਰਜਨੀ ਹਾਂ। ਉਸ ਦੀ ਤਾਂ ਮੈਰਿਜ ਹੋ ਗਈ ਹੈ।ਮੈਂ ਉਸ ਨੂੰ ਕਿਹਾ ਰਿੰਪੀ ਬਸ ਕਰ ਹੁਣ ਬਹੁਤ ਹੋ ਗਿਆ।ਹੁਣ ਮੈਨੂੰ ਮਾਫ ਕਰ ਦੇ,ਹੁਣ ਇਹੋ ਜਿਹਾ ਮਜ਼ਾਕ ਨਾ ਕਰ। ਉਸ ਦੀ ਭੈਣ ਨੇ ਮੇਰੀਆਂ ਭਾਵਨਾਵਾਂ ਨੂੰ ਸਮਝਿਆ ਤੇ ਆਪਣੇ ਪਰਸ ਵਿੱਚੋਂ ਮੋਬਾਇਲ ਕੱਢ ਮੈਨੂੰ ਆਪਣੀ ਤੇ ਰਿੰਪੀ ਦੀ ਫੋਟੋ ਦਿਖਾਈ।ਤਦ ਜਾ ਕੇ ਮੈਨੂੰ ਭਰੋਸਾ ਹੋਇਆ।
       ਮੈਂ ਉਦੋਂ ਤੋਂ ਉਸਦੀ ਤਲਾਸ਼ ਬੰਦ ਕਰ ਦਿੱਤੀ, ਉਸ ਨੂੰ ਦਿਲ ਤੇ ਦਿਮਾਗ ਵਿੱਚੋਂ ਕੱਢ ਦਿੱਤਾ।ਪਰ ਅੱਜ ਵੀ ਕਈ ਵਾਰ ਉਹ ਮਨ ਦੀ ਦੱਬੀ ਹੋਈ ਇੱਛਾ ਸੁਪਨੇ ਦਾ ਰੂਪ ਧਾਰਨ ਕਰ ਸਕੂਲ ਵਿੱਚ ਮੇਰੀ ਤੇ ਰਿੰਪੀ ਦੀ ਅੰਤਿਮ ਉਹ ਮੁਲਾਕਾਤ ਯਾਦ ਕਰਵਾ ਇਜ਼ਹਾਰ ਕਰਨ ਲਈ ਮੈਨੂੰ ਜਗ੍ਹਾ ਦਿੰਦੀ ਹੈ।
ਜੇ.ਐੱਸ.ਮਹਿਰਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਲ ਬਦਲ ਲਏ 
Next articleਕਾਸ਼ ! ਕੋਈ ਰਵਿੰਦਰ ਰਵੀ, ਅਵਤਾਰ ਪਾਸ਼ ‘ਤੇ ਵੀ ਫ਼ਿਲਮ ਬਣਾ ਸਕਦਾ !