(ਸਮਾਜ ਵੀਕਲੀ) ਕਤਲ ਕਿਸੇ ਦਾ ਵੀ ਹੋਵੇ,ਕਤਲ ਮਨੁੱਖਤਾ ਦਾ ਹੈ…ਇਹ ਕਹਿਣ ਨੂੰ ਚੰਗਾ ਲੱਗਦਾ ਪਰ ਅੱਜ ਤੱਕ ਏਦਾਂ ਹੋਇਆ ਨਹੀਂ..ਕਿਉਂ!..ਸੱਤਾ ਤੇ ਧਰਮ ਦੇ ਮੁੱਢ ਕਦੀਮ ਤੋਂ ਚਲਦੇ ਆ ਰਹੇ ਗੱਠਜੋੜ ਨੇ ਏਦਾਂ ਹੋਣ ਨਹੀਂ ਦਿੱਤਾ…47 ਦੀਆਂ ਗੱਲਾਂ ਅਸੀਂ ਬਹੁਤ ਕਰਦੇ ਹਾਂ ਤੇ ਇਹ ਕਹਿੰਦੇ ਥੱਕਦੇ ਨਹੀਂ ਕਿ ਗੋਰਾ ਲੀਕ ਪਾ ਗਿਆ,ਨਹੀਂ ਤਾਂ ਹਿੰਦੂ ਸਿੱਖ ਮੁਸਲਮਾਨ ਦਾ ਨਹੁੰ ਮਾਸ ਦਾ ਰਿਸ਼ਤਾ ਸੀ…ਇਹ ਬਕਵਾਸ ਟਿੱਪਣੀ ਹੈ..ਅਧੂਰਾ ਸੱਚ ਹੈ ਇਹ!
ਧੂੰਆਂ ਓਥੇ ਹੀ ਨਿਕਲਦਾ ਜਿੱਥੇ ਅੱਗ ਲੱਗੀ ਹੁੰਦੀ ਆ..ਧਰਮ ਦੇ ਰਹਿਬਰਾਂ ਨੇ ਕਦੇ ਉਸ ਸਬਕ ਦੇ ਲੜ ਤਾਂ ਲੱਗਣ ਹੀ ਨਹੀਂ ਦਿੱਤਾ ਕਿ ਆਪਸ ਚ ਵੈਰ ਨਹੀਂ ਰੱਖਣਾ…ਬਲਕਿ ਹਰ ਧਰਮ ਦੇ ਸਿਆਸਤ ਦੇ ਬਿਸਤਰ ‘ਤੇ ਸੁੱਤੇ ਆਗੂਆਂ ਨੇ ਸਾਨੂੰ ਏਹੀ ਸਮਝਾਇਆ ਕਿ ਸਾਡੇ ਧਰਮ ਤੋਂ ਉਪਰ ਕੋਈ ਨਹੀਂ!..ਇਹ ਕੇਡੀ ਸ਼ਰਮਨਾਕ ਗੱਲ ਆ…ਇਹ ਬਿਹਤਰ ਤੇ ਬਿਹਤਰੀਨ ਹੋਣ ਦਾ ਬੇਹੂਦਾ ਅਹਿਸਾਸ ਪਹਿਲਗਾਮ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਵਰਤਿਆ ਜਾਂਦਾ ਹੈ ਤੇ ਵਰਤਿਆ ਜਾਂਦਾ ਰਹੂਗਾ!
ਇਹ ਅੱਗ ਸਾਡੇ ਅੰਦਰ ਬੀਜ ਦਿੱਤੀ ਗਈ ਹੈ, ਇਹ ਖੁਦ ਨੂੰ ਵੀ ਸਾੜ ਰਹੀ ਐ ਤੇ ਬਾਕੀਆਂ ਨੂੰ ਵੀ…ਅਪਵਾਦ ਹੈਨ ਪਰ ਥੋੜੇ..ਚੰਗੇ ਭਲੇ ਸਿਆਣੇ ਲੋਕ ਹੱਸ ਹੱਸ ਮਿਲਦੇ ਵਰਤਦੇ ਜਦੋਂ ਧਰਮ ਦੇ ਨਾਮ ‘ਤੇ ਕੁਝ ਸੁਣਦੇ ਨੇ ਤਾਂ ਝੱਟ ਹੀ ਕੁਝ ਹੋਰ ਹੋ ਜਾਂਦੇ ਨੇ..ਕੁਝ ਖਿਸਕ ਜਾਂਦੈ ਉਹਨਾਂ ਦੇ ਅੰਦਰੋਂ…ਨਹੀਂ ਤਾਂ ਬੰਦਾ ਮਾਰਨਾ ਕਿਤੇ ਕੋਈ ਖੇਡ ਆ?..ਪਰ ਖੇਡ ਬਣਾ ਦਿੱਤੀ ਗਈ ਆ!..ਅੱਜ ਨਿਰਾਸ਼ ਹਾਂ,ਪਾਕਿਸਤਾਨ ਦੇ ਜਰਨੈਲ ਦੀ ਬਕਵਾਸ ਵੀ ਸੁਣ ਰਿਹਾਂ ਤੇ ਹਿੰਦੁਸਤਾਨੀ ਧਰਮੀਆਂ ਦੀ ਕਸ਼ਮੀਰੀਆਂ ਬਾਰੇ ਬਕਵਾਸ ਵੀ…ਨਿਰਾਸ਼ ਹਾਂ..ਅੱਜ ਲੱਖ ਜ਼ੋਰ ਲਾਇਆਂ ਵੀ ਆਸ ਦਾ ਦੀਵਾ ਬੁਝ ਰਿਹਾ ਹੈ…ਕਿਵੇਂ ਬਾਲ਼ਾਂਗੇ!..ਇੱਕੋ ਰਾਹ ਹੈ..ਮੁਸਲਿਮ ਸਮਾਜ ਮੁਸਲਿਮ ਕੱਟੜਪੰਥੀਆਂ ਖਿਲਾਫ ਪਹਿਲਾਂ ਸ਼ੁਰੂਆਤ ਕਰੇ,ਹਿੰਦੂ ਸਮਾਜ ਹਿੰਦੂ ਕੱਟੜਪੰਥੀਆਂ ਨੂੰ ਸਪੱਸ਼ਟ ਆਖੇ ਕਿ ਅਸੀਂ ਤੁਹਾਡੇ ਨਾਲ ਨਹੀਂ,ਸਿੱਖ ਸਮਾਜ ਡਟ ਕੇ ਸਿੱਖ ਕੱਟੜਪੰਥੀਆਂ ਦਾ ਵਿਰੋਧ ਕਰੇ,ਈਸਾਈ ਭਾਈਚਾਰਾ ਈਸਾਈ ਕੱਟੜਪੰਥੀਆਂ ਨੂੰ ਪਾਸੇ ਕਰੇ…
ਆਪੋ ਆਪਣੀ ਪੀਹੜੀ ਥੱਲੇ ਸੋਟਾ ਮਾਰ ਲਵਾਂਗੇ ਤਾਂ ਧਰਮ ਦੀ ਚਾਸ਼ਨੀ ਚ ਲਿੱਬੜੀ ਦਹਿਸ਼ਤ ਗਰਦੀ ਦਾ ਸੱਪ ਮਾਰ ਸਕਦੇ ਹਾਂ..ਫਿਲਹਾਲ ਇਹ ਸੌਖਾ ਨਹੀਂ ਲਗਦਾ..ਨਿਰਾਸ਼ ਹਾਂ..ਘੋਰ ਨਿਰਾਸ਼!
ਲਾਸ਼ਾਂ ਵਿਚਾਲ਼ੇ
ਡਾਕਟਰ ਸਾਹਿਬ ਸਿੱਖ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


