ਬੁੱਧ ਬਾਣ

ਦੱਸ ਵੇ ਜੋਗੀਆ, ਕੀ ਜੋਗ ਪੰਜਾਬੀ ਦਾ?
(ਸਮਾਜ ਵੀਕਲੀ) ਪੰਜਾਬੀਆਂ ਦਾ ਇਹ ਸੁਭਾਅ ਬਣ ਗਿਆ ਹੈ, ਜਦੋਂ ਵੀ ਕੋਈ ਬਿਪਤਾ ਪੈਂਦੀ ਹੈ ਤਾਂ ਇਹ ਜੋਗੀਆਂ, ਸਾਧਾਂ ਤੇ ਸੰਤਾਂ ਦੇ ਡੇਰੇ ਵੱਲ ਭੱਜਦੇ ਹਨ। ਇਹਨਾਂ ਨੂੰ ਆਪਣੇ ਆਪ ਨਾਲ਼ੋਂ ਇਹਨਾਂ ਜੋਗੀਆਂ ਉੱਤੇ ਵਿਸ਼ਵਾਸ ਹੁੰਦਾ ਹੈ। ਕਸਰ ਕੋਈ ਵੀ ਹੋਵੇ ਇਸ ਦਾ ਵਿਗਿਆਨਕ ਹਲ਼ ਲੱਭਣ ਦੀ ਵਜਾਏ ਪੰਜਾਬੀ ਸਾਧ ਕੋਲੋਂ ਇਲਾਜ ਕਰਵਾਉਂਦੇ ਹਨ। ਪੰਜਾਬ ਦੇ ਆਮ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਖਤਰੇ ਵਿੱਚ ਹੈ। ਉਹ ਤਾਂ ਆਪਣੀ ਜ਼ਿੰਦਗੀ ਜਿਉਂਦੀ ਰੱਖਣ ਲਈ ਅੱਤ ਦੀ ਗਰਮੀ ਤੇ ਸਰਦੀ ਵਿੱਚ ਕਿਰਤ ਕਰਦੇ ਹਨ। ਕਦੇ ਕਦੇ ਮੀਡੀਆ ਉੱਤੇ ਰੌਲਾ ਪੈਂਦਾ ਹੈ ਕਿ ਪੰਜਾਬੀ ਭਾਸ਼ਾ ਮਰ ਰਹੀ ਹੈ। ਜਦਕਿ ਇਹ ਸੱਚ ਹੈ ਕਿ ਕੋਈ ਵੀ ਭਾਸ਼ਾ ਤੇ ਬੋਲੀ ਉਦੋਂ ਤੱਕ ਨਹੀਂ ਮਰਦੀ ਜਦੋਂ ਤੱਕ ਉਸਨੂੰ ਬੋਲਣ, ਸੁਣਨ ਤੇ ਲਿਖਣ ਵਾਲੇ ਜਿਉਂਦੇ ਤੇ ਜਾਗਦੇ ਹਨ। ਲੇਖਕਾਂ , ਕਵੀਆਂ, ਵਿਦਵਾਨਾਂ ਤੇ ਪ੍ਰਚਾਰਕਾਂ ਨੇ ਪੰਜਾਬੀ ਭਾਸ਼ਾ ਨੂੰ ਬਚਾਇਆ ਹੋਇਆ ਹੈ। ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੀ ਖੋਜ ਦਾ ਕਾਰਜ ਬਾਵਾ ਬੁੱਧ ਸਿੰਘ ਤੋਂ ਸ਼ੁਰੂ ਹੋਇਆ ਸੀ, ਜਿਹੜਾ ਹੁਣ ਵੀ ਜਾਰੀ ਹੈ। ਪੰਜਾਬੀ ਸੂਬਾ ਬਣਨ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਪੰਜਾਬੀ ਭਾਸ਼ਾ ਤੇ ਬੋਲੀ ਨੂੰ ਉਤਸ਼ਾਹਿਤ ਕਰਨ ਤੇ ਖੋਜ ਕਾਰਜ ਕਰਨ ਲਈ ਕੀਤੀ ਗਈ ਸੀ। ਇਸ ਨੇ ਅਤੀਤ ਦੇ ਵਿੱਚ ਵਧੀਆ ਕਾਰਜ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਸਭ ਤੋਂ ਵੱਡਾ ਵਿਭਾਗ ਹੈ ਤੇ ਇਸ ਦਾ ਕਾਰਜ ਖੇਤਰ ਵੀ ਵੱਡਾ ਹੈ। ਇਸ ਨੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਬਚਾਉਣ ਤੇ ਉਸਦੇ ਲਈ ਖੋਜ ਕਾਰਜ ਕਰਵਾਉਣੇ ਸਨ। ਕਿਤਾਬਾਂ ਛਾਪਣ ਦਾ ਕਾਰਜ ਵੀ ਨਾਲ਼ ਨਾਲ਼ ਜਾਰੀ ਸੀ। ਕਿਉਂਕਿ ਇਸ ਵਿਭਾਗ ਨੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦਾ ਖੋਜ ਕਾਰਜ ਮੁਕੰਮਲ ਕਰ ਲਿਆ ਹੈ। ਜਦੋਂ ਕਾਰਜ ਪੂਰੇ ਹੋ ਜਾਣ ਤਾਂ ਪੰਜਾਬੀ ਜਸ਼ਨ ਮਨਾਉਂਦੇ ਹਨ। ਹੁਣ ਇਹਨਾਂ ਜਸ਼ਨਾਂ ਦੀ ਲੜੀ ਯੋਗਾ ਕੈਂਪ ਤੋਂ ਕੀਤੀ ਹੈ। ਯੋਗ, ਭੋਗ ਤੇ ਰੋਗ ਆਪਸੀ ਅਟੁੱਟ ਰਿਸ਼ਤਾ ਹੈ। ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਹੁਣ ਇਸ ਵਿਭਾਗ ਵਲੋਂ ਖੋਜਾਰਥੀਆਂ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਚੰਗੀ ਸਿਹਤ ਲਈ ਯੋਗਾ ਕੈਂਪ ਦਾ ਪ੍ਰਬੰਧ ਕੀਤਾ ਹੈ ਤਾਂ ਕਿ ਜਿਹੜੇ ਯੂਨੀਵਰਸਿਟੀ ਦੇ ਵਿਦਿਆਰਥੀਆਂ, ਖੋਜਾਰਥੀਆਂ, ਵਿਗਿਆਨੀਆਂ, ਵਿਦਵਾਨਾਂ, ਕਰਮਚਾਰੀਆਂ ਤੇ ਹੋਰ ਸੇਵਾਦਾਰਾਂ ਦੇ ਸਿਰ ਪੰਜਾਬੀ ਭਾਸ਼ਾ ਪ੍ਰਤੀ ਜੇ ਕੋਈ ਬੋਝ ਐ, ਉਸ ਤੋਂ ਮੁਕਤੀ ਦੁਆਈ ਜਾਵੇ।  ਇਸ ਲਈ ਯੋਗਾ ਕੈਂਪ ਦਾ ਮੁਕਤੀ ਦਿਵਾਉਣ ਲਈ ਪ੍ਰਬੰਧ ਕੀਤਾ ਗਿਆ ਹੈ। ਇਹ ਇਸ ਲਈ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਦੇ ਵਿੱਚ ਖੋਜ ਕਾਰਜ ਤਾਂ ਸਭ ਮੁਕੰਮਲ ਹੋ ਗਏ ਹਨ। ਪੰਜਾਬ, ਪੰਜਾਬੀ ਪੰਜਾਬੀਅਤ ਦਾ ਖੇਤਰ ਛੱਡਿਆ ਨਹੀਂ, ਜਿਸ ਦੀ ਖੋਜ ਨਾ ਕੀਤੀ ਗਈ ਹੋਵੇ। ਖੋਜ ਉਤੇ ਵੀ ਖੋਜ ਹੋ ਚੁੱਕੀ ਹੈ। ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਦੇ ਸ਼ਬਦ ਜੋੜ ਵੀ ਦਰੁਸਤ ਕਰ ਲਵੇ ਹਨ। ਥਾਂ ਥਾਂ ਤੇ ਪੰਜਾਬੀ ਭਾਸ਼ਾ ਦਾ ਬੋਲਬਾਲਾ ਹੋ ਗਿਆ ਹੈ। ਹੁਣ ਯੂਨੀਵਰਸਿਟੀ ਵਾਲਿਆਂ ਦਾ ਮਾਨਸਿਕ ਤਨਾਅ ਨੂੰ ਦੂਰ ਕਰਨ ਤੇ ਵਾਈਸ ਚਾਂਸਲਰ ਨੂੰ ਖੁਸ਼ ਕਰਨ ਲਈ ਇਸ ਯੋਗਾ ਕੈਂਪ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਯੋਗਾ ਕੈਂਪ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਵਿੱਚ ਬੁਲੰਦੀਆਂ ਛੂਹਣ ਵਾਲੇ ਉਹਨਾਂ ਵਿਦਵਾਨਾਂ ਤੇ ਵਿਦਿਆਰਥੀਆਂ ਲਈ ਹੈ, ਜਿਹਨਾਂ ਦੇ ਤਨ ਤੇ ਮਨ ਵਿੱਚ ਪੰਜਾਬੀ ਭਾਸ਼ਾ ਦਾ ਕੋਈ ਅੰਸ਼ ਬਾਕੀ ਐ। ਜਿਹਨਾਂ ਦੇ ਤਨ ਤੇ ਮਨ ਵਿਚੋਂ ਪੰਜਾਬੀ ਭਾਸ਼ਾ ਮਰ ਗਈ ਹੈ, ਉਹ ਇਸ ਕੈਂਪ ਤੋਂ ਦੂਰ ਰਹਿਣ।  ਨਾਲ ਹੀ ਪੰਜਾਬੀ ਭਾਸ਼ਾ ਤੇ ਮਾਂ ਬੋਲੀ ਦੇ ਨਾਮ ਉੱਤੇ ਰੋਟੀਆਂ ਸੇਕਣ ਵਾਲਿਆਂ ਨੂੰ  ਵੀ ਇਸ ਤੋਂ ਦੂਰੀ ਬਣਾਈ ਰੱਖਣ ਦੀ ਲੋੜ ਹੈ। ਕਿਉਂਕਿ ਇਹ ਮਾਮਲਾ ਯੂਨੀਵਰਸਿਟੀ ਦਾ ਆਪਣਾ ਐ। ਕਿਉਂਕਿ ਪੰਜਾਬੀ ਦੀਆਂ ਸੰਸਥਾਵਾਂ ਤਾਂ ਸੋਗ ਦੀ ਘੜੀ ਵਿੱਚ ਰੋ ਰੋ ਕੇ ਹੰਝੂਆਂ ਨਾਲ ਗਰਮੀ ਨੂੰ ਘਟਾ ਰਹੀਆਂ ਹਨ। ਇਸ ਸਮੇਂ ਪੰਜਾਬੀ ਭਾਸ਼ਾ ਤਾਂ ਹੁਣ ਘਰ ਘਰ ‘ਤੇ ਰਾਜ ਕਰ ਰਹੀ ਹੈ। ਸੋ ਤੁਸੀਂ ਪੰਜਾਬੀ ਭਾਸ਼ਾ ਦੇ ਓਹੜ ਪੋਹ ਲਈ ਇਸ ਯੋਗਾ ਕੈਂਪ ਵਿੱਚ ਜ਼ਰੂਰ ਪੁੱਜੋ। ਕਿਉਂਕਿ ਇਸ ਕੈਂਪ ਕੌਮੀ ਜੋਗੀ ਆਪਣੇ ਜੋਗ ਰਾਹੀਂ ਯੋਗ ਸਿਖਾਉਣਗੇ ਤੇ ਰੋਗ ਤੇ ਭੋਗ ਤੋਂ ਕਿਵੇਂ ਬਚੀਏ ਉਸਦੇ ਗੁਰ ਦੱਸਣਗੇ।
ਤੁਹਾਡੀ ਉਡੀਕ ਵਿੱਚ 
ਬੁੱਧ ਸਿੰਘ ਨੀਲੋਂ
9464370823
Previous articleਅਸੀਸ ਦਾ ਅਸਰ
Next articleਪਾਣੀ ਦੀ ਸੰਭਾਲ