ਬੁੱਧ ਬਾਣ

ਯਾਰ ਹੈ ਤਾਂ ਕੋਈ ਖਰਾਬੀ, ਜਿਹੜਾ ਸਮਝਦੇ ਨਹੀਂ ?

ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ) ਖੂਨ ਦਾ ਰਿਸ਼ਤਾ ਪਰਵਾਰ ਨਾਲ ਹੁੰਦਾ ਹੈ। ਅਖੂਨ ਦੇ ਰਿਸ਼ਤੇ ਦੋਸਤ, ਮਿੱਤਰ ਤੇ ਜਾਣੂੰ ਹੁੰਦੇ ਹਨ। ਪਹਿਲਾਂ ਵਿਆਹ ਵੇਲੇ ਚਾਰ ਗੋਤਾਂ ਦਾ ਖਿਆਲ ਰੱਖਿਆ ਜਾਂਦਾ ਸੀ। ਹੌਲੀ ਹੌਲੀ ਹੁਣ ਕੋਈ ਗੋਤ ਤੇ ਜ਼ਾਤ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ। ਖੂਨ ਦੇ ਰਿਸ਼ਤਿਆਂ ਵਿੱਚ ਵਿਆਹ ਕਰਨ ਨਾਲ ਸਰੀਰਕ ਤੇ ਮਾਨਸਿਕ ਵਿਕਾਸ ਦੀ ਘਾਟ ਰਹਿੰਦੀ ਸੀ। ਸਾਇੰਸ ਨੇ ਇਹ ਸਿੱਧ ਕਰ ਲਿਆ ਸੀ। ਪਰ ਅਸੀਂ ਸਾਇੰਸ ਦੀ ਪੜ੍ਹਾਈ ਤਾਂ ਕੀ ਕਰਨੀ, ਕੋਈ ਧਰਮ ਦੀ ਪੋਥੀ ਨਹੀਂ ਪੜ੍ਹਦੇ। ਸਾਇੰਸ ਤੇ ਧਰਮ ਮਨੁੱਖ ਦੇ ਅੰਦਰ ਤੇ ਬਾਹਰ ਦੇ ਸੰਸਾਰ ਨਾਲ ਜੋੜਦੇ ਹਨ। ਅਸੀਂ ਕਿਸੇ ਨਾਲ ਜੁੜ ਰਹਿਣ ਦੇ ਆਦੀ ਨਹੀਂ। ਅਸੀਂ ਘਰੋਂ ਬਾਹਰ ਵੱਲ ਦੌੜ ਰਹੇ ਹਾਂ। ਕੋਈ ਹੋਰ ਸਾਡੇ ਅੰਦਰ ਵੜ ਰਿਹਾ ਹੈ। ਇਹ ਕਿਹੋ ਜਿਹੀ ਹਾਲਤ ਬਣ ਗਈ ਹੈ। ਇਤਿਹਾਸ ਗਵਾਹ ਹੈ ਕਿ ਅਸੀਂ ਹੁਣ ਵਰਗੇ ਪਹਿਲਾਂ ਨਹੀਂ ਸੀ। ਘਰ ਤੇ ਗੁਰਦੁਆਰੇ ਕੱਚੇ ਸਨ ਤੇ ਲੋਕ ਧਰਮ ਤੇ ਅਸੂਲਾਂ ਦੇ ਪੱਕੇ ਸਨ। ਹੁਣ ਘਰ ਤੇ ਗੁਰਦੁਆਰੇ ਪੱਕੇ ਬਣਾ ਗਏ ਤੇ ਲੋਕ ਅਸੂਲਾਂ ਦੇ ਕੱਚੇ ਹੋ ਗਏ। ਇਹੋ ਸਾਡੀ ਜ਼ਿੰਦਗੀ ਦੀ ਪ੍ਰਾਪਤੀ ਹੈ। ਸਾਡਾ ਜ਼ੋਰ ਬਾਹਰੀ ਦਿੱਖ ਸਜਾਉਣ ਦੇ ਉਪਰ ਲੱਗਿਆ ਹੋਇਆ ਹੈ। ਗੁਰੂ ਘਰਾਂ ਦੇ ਚੌਧਰੀਆਂ ਨੇ ਸਾਨੂੰ ਪੁੱਠੇ ਪਾਸੇ ਤੋਰਿਆ ਹੋਇਆ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਇਥੇ ਕੀ ਰਾਜਨੀਤੀ ਤੇ ਬਦਨੀਤੀ ਹੁੰਦੀ ਹੈ ਪਰ ਅਸੀਂ ਚੁੱਪ ਚਾਪ ਤਮਾਸ਼ਾ ਦੇਖਣ ਵਾਲਿਆਂ ਦੀ ਭੀੜ ਵਧਾਉਣ ਲੱਗੇ ਹੋਏ ਹਾਂ। ਭੀੜ, ਸੰਗਤ ਤੇ ਹੜ੍ਹ ਦਾ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ। ਇਹ ਕਿਧਰ ਵਹਿਣ ਲੱਗੀ ਜਾਵੇ, ਪਰ ਅਸੀਂ ਭੀੜ ਦੇਖ ਕੇ ਖੁਸ਼ ਹੋ ਕੇ ਰਹਿ ਜਾਂਦੇ ਹਾਂ। ਪਤਾ ਉਦੋਂ ਲੱਗਦਾ ਹੈ ਜਦੋਂ ਮੂਹਰੇ ਤੁਰਿਆ ਬੰਦਾ ਇਕੱਲਾ ਰਹਿ ਜਾਂਦਾ ਹੈ। ਇਕੱਲਿਆਂ ਦਾ ਕਾਫ਼ਲਾ ਨਹੀਂ ਹੁੰਦਾ, ਸੋਚ ਤੇ ਸਮਝ ਦਾ ਹੀ ਕਾਫ਼ਲਾ ਬਣਦਾ ਹੈ। ਅਸੀਂ ਕਾਫ਼ਲੇ ਬਣਾ ਕੇ ਡੇਰਿਆਂ ਤੇ ਧਾਰਮਿਕ ਸਥਾਨਾਂ ਵੱਲ ਦੌੜ ਪਏ ਹਾਂ। ਅਸੀਂ ਅੰਦਰੋਂ ਕਮਜ਼ੋਰ ਤੇ ਮਾਨਸਿਕ ਬੀਮਾਰ ਹੋ ਗਏ ਹਾਂ। ਮਾਨਸਿਕ ਬੀਮਾਰ ਦਾ ਇਲਾਜ ਚਿੰਤਨ ਤੇ ਚੇਤਨਾ ਜਗਾਉਣ ਨਾਲ ਹੁੰਦਾ ਹੈ। ਅਸੀਂ ਚਿੰਤਾ ਬਹੁਤ ਕਰਦੇ ਹਾਂ ਪਰ ਚਿੰਤਨ ਨਹੀਂ ਕਰਦੇ। ਇਸੇ ਕਰਕੇ ਅਸੀਂ ਖ਼ੁਦ ਸਿਵਿਆਂ ਵੱਲ ਦੌੜ ਪਏ ਹਾਂ। ਸਾਡੇ ਹਿੱਸੇ ਦੇ ਹਾਸੇ, ਚੋਹਲ ਮੋਹਲ ਕੋਈ ਚੁਰਾਈ ਜਾ ਰਿਹਾ ਹੈ ਤੇ ਅਸੀਂ ਆਪਣੇ ਹੱਥੀਂ ਸਭ ਤੋਰ ਰਹੇ ਹਾਂ। ਇਹ ਵੀ ਇੱਕ ਸੱਚ ਹੈ!
ਪੰਜਾਹ ਸਾਲ ਪਹਿਲਾਂ ਪੰਜਾਬ ਦੇ ਵਿੱਚ ਚੌਵੀ ਲੱਖ ਪਰਵਾਰ ਸਨ, ਤੇਰਾਂ ਲੱਖ ਕੋਲ ਜ਼ਮੀਨ ਸੀ, ਉਹ ਆਪਣੀ ਧਰਤੀ, ਪਾਣੀ ਤੇ ਖੇਤਾਂ ਦੇ ਮਾਲਕ ਸਨ। ਹੁਣ ਚੌਂਹਠ ਲੱਖ ਪਰਵਾਰ ਹੈ, ਜ਼ਮੀਨ ਜਾਇਦਾਦ ਦਸ ਲੱਖ ਕੋਲ ਹੈ। ਤਿੰਨ ਲੱਖ ਲੋਕ ਮਜ਼ਦੂਰ ਬਣ ਗਏ ਹਨ। ਅਗਲੇ ਦਸ ਸਾਲ ਵਿੱਚ ਇਹ ਗਿਣਤੀ ਵਧਣੀ ਹੈ। ਜਿਹੜੇ ਲੱਖਾਂ ਨੌਜਵਾਨ ਤੇ ਪਰਿਵਾਰ ਵਿਦੇਸ਼ਾਂ ਨੂੰ ਦੌੜ ਰਹੇ ਹਨ, ਉਹ ਵੀ ਮਜ਼ਦੂਰ ਬਣ ਗਏ ਹਨ। ਇਹ ਆਧੁਨਿਕ ਯੁੱਗ ਦਾ ਵਿਕਾਸ ਹੋਇਆ ਹੈ। ਲੋਕਾਂ ਨੂੰ ਰੋਜ਼ੀ ਰੋਟੀ ਕਮਾਉਣ ਦੇ ਲਾਲ਼ੇ ਪੈ ਗਏ ਹਨ। ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਨੇ ਆਪਣੇ ਹੱਕਾਂ ਦੀ ਰਾਖੀ ਲਈ ਕੀ ਕਰਨਾ ਹੈ, ਕੁੱਝ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਪੋ ਆਪਣੀ ਡੱਫਲੀ ਵਜਾਈ ਜਾ ਰਹੀ ਹੈ। ਬਹੁਗਿਣਤੀ ਤਾਂ ਤਮਾਸ਼ਾ ਦੇਖਣ ਵਾਲਿਆਂ ਦੀ ਭੀੜ ਬਣ ਕੇ ਰਹਿ ਗਈ ਹੈ। ਕੱਲ੍ਹ ਲੁਧਿਆਣੇ ਦੇ ਵਿੱਚ ਸੜਕ ਉੱਤੇ ਇੱਕ ਨੌਜਵਾਨ ਨੂੰ ਇੱਕ ਨੀਗਰੋ ਨੇ ਸ਼ਰੇਆਮ ਬਾਜ਼ਾਰ ਵਿੱਚ ਗਾਜ਼ਰ ਮੂਲੀਆਂ ਵਾਂਗ ਵੱਢ ਦਿੱਤਾ ਸੀ ਤੇ ਲੋਕ ਵੀਡੀਓ ਬਣਾਉਣ ਲਈ ਮਸਰੂਫ਼ ਸਨ। ਕੋਈ ਉਸ ਦੀ ਮੱਦਦ ਲਈ ਨਹੀਂ ਆਇਆ। ਕੀ ਹੋ ਗਿਆ ਹੈ ਸਾਡੀ ਮਾਨਸਿਕਤਾ ਨੂੰ ? ਸਾਡੇ ਪੁਰਖੇ ਐਨੇ ਸੰਵੇਦਨਹੀਣ ਤਾਂ ਨਹੀਂ ਸੀ। ਜਿੰਨੇ ਅਸੀਂ ਹੋ ਗਏ ਹਾਂ, ਦੇ ਇਹੋ ਜਿਹੇ ਹਾਲਾਤ ਰਹੇ, ਇੱਕ ਦਿਨ ਸਾਡੀ ਵਾਰੀ ਵੀ ਆਉਣੀ ਹੈ। ਇਸ ਗੱਲ ਦਾ ਖ਼ਿਆਲ ਜ਼ਰੂਰ ਰੱਖਣਾ ਚਾਹੀਦਾ ਹੈ। ਅਸੀਂ ਕਿਸ ਦਿਸ਼ਾ ਵੱਲ ਦੌੜ ਪਏ ਹਾਂ। ਸੜਕਾਂ ਉੱਤੇ ਸ਼ਰੇਆਮ ਏਡਜ਼ ਦੇ ਬੰਬ ਤੇ ਲੁਟੇਰੇ ਦਨਦਨਾਉਂਦੇ ਫਿਰਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਦਫਤਰਾਂ ਵਿੱਚ ਸੁੱਤਾ ਪਿਆ ਹੈ, ਅਸੀਂ ਘਰਾਂ ਵਿੱਚ ਸੁੱਤੇ ਪਏ ਹਾਂ । ਫ਼ਰਕ ਕੀ ਰਹਿ ਗਿਆ ਹੈ ?
ਸਾਡੀ ਆਪਾਂ ਕੀ ਲੈਣਾ ਐ ਦੀ ਮਾਨਸਿਕਤਾ ਕਿਉਂ ਬਣ ਗਈ ਹੈ ?
ਕੁੱਝ ਤਾਂ ਗੜਬੜ ਹੋ ਗਈ ਹੈ, ਸਾਡੇ ਖੂਨ ਦੇ ਵਿੱਚ ਖਰਾਬੀ ਹੋ ਗਈ ਹੈ ?
ਆਪਾਂ ਵੀ ਕੀ ਲੈਣਾ ਐ ਤੁਹਾਨੂੰ ਸੁੱਤਿਆਂ ਨੂੰ ਜਗਾ ਕੇ, ਕਰੋ ਮੌਜਾਂ। ਲਵੋ ਚਿੱਟੇ ਤੇ ਗੋਲੀਆਂ ਦੇ ਨਜ਼ਾਰੇ।
ਸਾਨੂੰ ਸ਼ਬਦ ਤੇ ਗਿਆਨ ਨਾਲ ਜੁੜਨ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ।
ਅਸੀਂ ਸਵਰਗ ਜਾਣ ਲਈ ਤਾਂ ਸਭ ਕੁੱਝ ਕਰ ਰਹੇ ਹਾਂ ਪਰ ਮੌਜੂਦਾ ਸਮੇਂ ਵਿੱਚ ਕਿਵੇਂ ਜਿਉਂਦੇ ਵਸਦੇ ਰਹਿਣਾ ਹੈ, ਇਸ ਦਾ ਫ਼ਿਕਰ ਨਹੀਂ ਹੈ। ਸਾਨੂੰ ਚਿੱਟੀ ਸਿਉਂਕ ਤੇ ਚਿੱਟੇ ਨੇ ਤਬਾਹ ਕਰ ਦਿੱਤਾ ਹੈ। ਇਹਨਾਂ ਡੇਰਿਆਂ ਤੋਂ ਮੁਕਤੀ ਪ੍ਰਾਪਤ ਕਰਨ ਲਈ ਅਸੀਂ ਮਾਨਸਿਕ ਤੌਰ ਬੀਮਾਰ ਹੋ ਗਏ ਹਾਂ। ਗਿਆਨ ਹਾਸਲ ਕਰਨ ਲਈ ਸਾਨੂੰ ਗਿਆਨ ਤੇ ਵਿਗਿਆਨ ਨਾਲ ਜੁੜਨਾ ਪਵੇਗਾ ਤੇ ਚੇਤਨਾ ਨੂੰ ਜਗਾਉਂਦੀਆਂ ਕਿਤਾਬਾਂ ਦੇ ਲੜ ਲੱਗਣਾ ਪਵੇਗਾ। ਗੁਰਬਾਣੀ ਨਾਲ ਜੁੜਨਾ ਪਵੇਗਾ ਇਹ ਸਮੇਂ ਦੀ ਲੋੜ ਹੈ। ਤੁਹਾਨੂੰ ਕੋਈ ਸਮਝ ਆਈ ਹੈ ਕਿ ਖ਼ਰਾਬੀ ਕਿਥੇ ਹੈ ? ਜੇ ਆਈ ਤਾਂ ਮੈਨੂੰ ਜ਼ਰੂਰ ਦੱਸ ਦਿਓ, ਆਪਾਂ ਵੀ ਕੋਈ ਹੀਲਾ ਵਸੀਲਾ ਵਰਤ ਕੇ ਕਿਸੇ ਦੇਸ਼ ਵਿੱਚ ਜਾਣ ਲਈ ਡੌਂਕੀ ਲਗਾਈਏ, ਜਾਂ ਫਿਰ ਇਥੇ ਹੀ ਛਿੱਤਰ ਪਰੇਡ ਕਰਵਾਈਏ ?
—–
ਬੁੱਧ ਸਿੰਘ ਨੀਲੋਂ
ਚਾਂਸਲਰ
ਪੋਲ ਖੋਲ੍ਹ ਕੌਮਾਂਤਰੀ ਯੂਨੀਵਰਸਿਟੀ
ਨੀਲੋਂ ਨਹਿਰ ਕਿਨਾਰੇ 
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਵਿਤਾਵਾਂ
Next articleਕੈਬਨਿਟ ਮੰਤਰੀ ਸ੍ਰ. ਬਲਕਾਰ ਸਿੰਘ ਵੱਲੋਂ ਕਪੂਰਥਲਾ ਵਿੱਚ ਆਏ ਡਾਇਰੀਆ ਦੇ ਕੇਸਾਂ ਨੂੰ ਲੈ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਵਿਸ਼ੇਸ ਦੌਰਾ