ਬੁੱਧ ਬਾਣ

ਆਓ! ਜਦੋਂ ਪੰਜੇ ਉਂਗਲਾਂ ਬਰਾਬਰ ਹੋਣ!

ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਅਖਾਣਾਂ, ਮੁਹਾਵਰਿਆਂ ਤੇ ਸਿਆਣਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਇਹਨਾਂ ਦੇ ਵਿੱਚ ਸਮੇਂ ਦੇ ਨਾਲ ਤਬਦੀਲੀਆਂ ਆਉਂਦੀਆਂ ਰਹੀਆਂ ਹਨ। ਪਰਵਰਤਨ ਸਮੇਂ ਦੇ ਵਿਕਾਸ ਦਾ ਸੱਚ ਹੈ। ਕੋਈ ਵੀ ਸੱਚ ਅੰਤਿਮ ਨਹੀਂ ਹੁੰਦਾ। ਕਿਸੇ ਲਈ ਉਹ ਝੂਠ ਹੋ ਸਕਦਾ ਹੈ ਕਿਸੇ ਲਈ ਉਹ ਸੱਚ। ਕਸਾਈ ਦਾ ਕਰਮ ਜਾਨਵਰ ਮਾਰਨਾ ਹੈ। ਪਰ ਧਰਮ ਦੇ ਪੁਜਾਰੀ ਦੇ ਲਈ ਉਹ ਗੁਨਾਹ ਹੈ, ਘੋਰ ਅਪਰਾਧ ਹੈ। ਪਰ ਜਦੋਂ ਪੁਜਾਰੀ ਕਮਾਈ ਲਈ ਕਸਾਈਆਂ ਵਾਲਾ ਚੋਲਾ ਪਾ ਲਵੇ ਤਾਂ ਅਰਥਾਂ ਦੇ ਅਨੱਰਥ ਹੋ ਜਾਂਦੇ ਹਨ। ਗਿਆ ਕੋਈ ਵਾਪਸ ਨਹੀਂ ਆਇਆ, ਆਇਆ ਕੋਈ ਮੁੜਿਆ ਨਹੀਂ।
ਜਦੋਂ ਬੰਦਾ ਜੰਗਲੀ ਤੋਂ ਪੇੰਡੂ ਤੋਂ ਸ਼ਹਿਰੀ ਬਣਿਆ ਤਾਂ ਬੜੀ ਤਣਾ-ਤਣੀ ਹੋਈ ਸੀ।ਸਿਆਣੇ ਆਖਦੇ ਹਨ ਕਿ ਪੰਜੇ ਉਗਲਾਂ ਬਰਾਬਰ ਨਹੀਂ ਹੁੰਦੀਆਂ, ਜਦੋਂ ਘਸੁੰਨ ਜਾਂ ਮੁੱਕਾ ਤੇ ਮੁੱਠੀ ਬਣਦਾ ਹੈ ਤੇ ਦੂਸਰੇ ਦੀ ਢੂਹੀ ‘ਤੇ ਵਰਦਾ ਹੈ, ਫੇਰ ਨੀ ਆਖਦੇ ਕਿ ਉੰਗਲਾਂ ਬਰਾਬਰ ਨਹੀਂ, ਉਦੋਂ ਸਭ ਚੁੱਪ ਹੋ ਜਾਂਦੇ ਹਨ, ਹੁਣ ਵੀ ਸਿਵਿਆਂ ਵਰਗੀ ਚੁੱਪ ਹੈ, ਬਿਗੜੀ ਲਗੌੜ ਹੜਦੁੰਗ ਮਚਾ ਰਹੀ ਹੈ, ਅਸੀਂ ਤਮਾਸ਼ਬੀਨ ਹਾਂ।
ਜਿਵੇਂ ਪਰਬਤ ਦੀ ਚੋਟੀ ਤੋਂ ਜਦੋਂ ਬਰਫ਼ ਦੀ ਬੂੰਦ ਬਣਦੀ ਹੈ ਤਾਂ ਉਹ ਹੀ ਬੂੰਦ ਧਰਤੀ ਤੱਕ ਪੁੱਜਦੀ ਬਹੁਤ ਕੁੱਝ ਆਪਣੇ ਨਾਲ ਤੁਰਦੀ ਹੈ। ਜਿਸ ਦੇ ਵਿੱਚ ਮਿੱਟੀ,ਪੱਥਰ, ਰੁੱਖ ਮਨੁੱਖ, ਪਸ਼ੂ-ਪੰਛੀ ਤੇ ਹੋ ਘੋਗੇ ਛਿੱਪੀਆਂ ਤੇ ਹੋਰ ਬਹੁਤ ਕੁੱਝ ਹੁੰਦਾ ਹੈ। ਦਰਿਆ ਤੱਕ ਪੁਜਦੀ ਬੂੰਦ ਕੱਸੀਆਂ, ਨਾਲੇ, ਨਦੀ ਤੇ ਦਰਿਆ ਬਣ ਵਗ ਤੁਰਦੀ ਹੈ, ਸਮੁੰਦਰ ਤੱਕ ਪੁੱਜਦੀਆਂ ਆਪਣਾ ਰੰਗ, ਰੂਪ ਤੇ ਸੁਭਾਅ ਹੀ ਨਹੀਂ ਬਦਲਦੀ ਸਗੋਂ ਨਾਮ ਵੀ ਬਦਲਦੀ ਹੈ। ਬਰਫ਼ ਤੋਂ ਬੂੰਦ, ਬੂੰਦ ਤੋਂ ਕੂਲ, ਕੂਲ ਤੋਂ ਕੱਸੀ..ਕੱਸੀ ਤੋਂ ਨਾਲੇ, ਨਾਲੇ ਤੋਂ ਨਹਿਰ, ਨਹਿਰ ਤੋਂ ਨਦੀ,ਨਦੀ ਤੋਂ ਦਰਿਆ ਤੇ ਦਰਿਆ ਸਮੁੰਦਰ ਸਮੁੰਦਰ ਤੋਂ ਭਾਫ, ਭਾਫ ਤੋਂ ਬੱਦਲ.ਤੇ ਬੱਦਲਾਂ ਤੋਂ ਮੀਂਹ, ਬਰਫ ਤੇ ਬੂੰਦ ਬਣ ਜਾਂਦੀ ਹੈ। ਸਤੀਸ਼ ਗੁਲਾਟੀ ਦਾ ਇੱਕ ਸ਼ਿਅਰ ਚੇਤੇ ਆਉਦਾ ਹੈ-
” ਉਹ ਪਾਰਦਰਸ਼ੀ ਨੀਲੀ.ਸੰਦਲੀ ਜਾਂ ਸੁਨਹਿਰੀ ਹੈ,
ਨਦੀ ਦੀ ਤੋਰ ਦੱਸ ਦੇਦੀ ਹੈ ਕਿ ਉਹ ਕਿੰਨੀ ਕੁ ਗਹਿਰੀ ਹੈ।”
ਹੁਣ ਗੱਲ ਤੇ ਭੁੱਖ ਦੀ ਹੈ, ਦੁੱਖ ਦੀ ਗੱਲ ਨਹੀਂ। ਦੁੱਖੀ ਬੰਦਾ ਭੁੱਖ ਦੀ ਗੱਲ ਨਹੀਂ ਕਰਦਾ। ਰੱਜਿਆ ਤੇ ਆਫਰਿਆ ਬੰਦਾ ਭੁੱਖ ਦਾ ਜਾਪ ਤੇ ਕੀਰਤਨ ਵੀ ਕਰਦਾ ਹੈ ਪਰ ਉਸਦੀ ਕਦੇ ਵੀ ਭੁੱਖ ਨਹੀਂ ਮਿੱਟਦੀ, ਉਹ ਜਰੂਰ ਮਿੱਟੀ ਹੋ ਜਾਂਦਾ ਹੈ। ਹੁਣ ਦੇਸ਼ ਵਿੱਚ ਭੁੱਖ ਦਾ ਜਸ਼ਨ ਮਨਾਇਆ ਜਾ ਰਿਹਾ, ਲਾਸ਼ਾਂ ਦੀ ਆਹੂਤੀ ਪਾ ਕੇ ਮਨੁੱਖਤਾ ਦਾ ਕੀਰਤਨ ਸੋਹਿਲਾ ਪੜ੍ਹਿਆ ਜਾ ਰਿਹਾ ਹੈ। ਰੂਹ ਦੇ ਭੁੱਖੇ ਰੂਹਾਂ ਦੇ ਰੱਜਿਆਂ ਦਾ ਵਪਾਰ ਕਰਦੇ ਹਨ। ਵਪਾਰੀ ਕਦੇ ਕਿਸੇ ਦਾ ਮਿੱਤ ਨਹੀਂ ਹੁੰਦਾ। ਉਸਦੀਆਂ ਅੱਖਾਂ ਮੁਨਾਫ਼ੇ ‘ਤੇ ਹੁੰਦੀਆਂ ਹਨ। ਉਸ ਦੇ ਊਚ ਨੀਚ, ਜਾਤ ਪਾਤ, ਧਰਮ ਤੇ ਗੋਤ,ਖਿੱਤਾ ਤੇ ਇਲਾਕਾ ਕੋਈ ਅਰਥ ਨਹੀਂ ਰੱਖਦਾ। ਉਹ ਤੇ ਵਪਾਰ ਨੂੰ ਰੂੜ੍ਹੀਆਂ ਦੇ ਵਾਂਗੂੰ ਸਦਾ ਵਧਾਉਣ ਦੇ ਵਿੱਚ ਹਰ ਤਰ੍ਹਾਂ ਦਾ ਸਮਝੌਤਾ ਕਰਦਾ ਹੈ ਪਰ ਕਦੇ ਘਾਟਾ ਨੀ ਪਾਉਂਦਾ ਤੇ ਨਾ ਹੀ ਮੁਫਤ ਵੰਡ ਦਾ ਹੈ। ਜਦੋਂ ਵਪਾਰੀ ਵਸਤੂਆਂ ਤੇ ਮਨੁੱਖਤਾ ਨੂੰ ਬਰਾਬਰ ਸਮਝਣ ਲੱਗੇ ਤਾਂ ਸਮਝੋ, ਭੁੱਖ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਵਪਾਰੀ ਜਸ਼ਨ ਮਨਾਉਂਦੇ ਵੀ ਕਦੇ ਘਾਟਾ ਨਹੀਂ ਖਾਂਦਾ। ਪਤਾ ਨਹੀਂ ਇਹ ਕਿਉਂ ਕਹੀ ਜਾਂਦੇ ਹਨ ਕਿ ” ਕਿ ਢਿੱਡ ਰੇਤੇ ਬੱਜਰੀ ਤੇ ਮਿੱਟੀ ਨਾਲ ਨਹੀਂ ਸਗੋਂ ਰੂਹ ਨਾ ਭਰਦਾ ਹੈ। ” ਕਈਆਂ ਦਾ ਢਿੱਡ ਵੀ ਭਰ ਜਾਂਦਾ ਹੈ ਪਰ ਰੂਹ ਨਹੀਂ ਭਰਦੀ। ਜਿਸ ਦੀ ਰੂਹ ਭਰ ਜਾਵੇ ਉਹ ਜਿਉਂਦੇ ਜੀਅ ਅਮਰ ਹੋ ਜਾਂਦਾ ਹੈ। ਜਿਸ ਦੀ ਰੂਹ ਨਾ ਭਰੇ ਉਹ ਭਟਕਣ ਦੇ ਚੱਕਰਵਿਊ ਦੇ ਵਿੱਚ ਫਸ ਜਾਂਦਾ ਹੈ। ਫਸਿਆ ਬੰਦਾ ਜਾਂ ਗੱਡੀ ਜ਼ੋਰ ਨਾਲ ਨਹੀਂ, ਜੁਗਤ ਦੇ ਨਾਲ ਨਿਕਲਦੀ ਹੈ। ਹੁਣ ਜੁਗਤੀ ਬੰਦੇ ਭਾਲਿਆਂ ਨੀ ਲੱਭਦੇ, ਸਭ ਚੁੱਪ ਦੀ ਗੁਫਾ ਵਿੱਚ ਪਦਮ ਆਸਣ ਲਾਈ ਬੈਠੇ ਹਨ ! ਸਭ ਖਿਲਰੇ ਹੋਏ ਹਨ, ਆਪੋ ਆਪਣੀ ਹਾਉਮੈਂ ਨੂੰ ਲੈ ਕੇ ਬੈਠੇ ਹਨ, ਮੇਰੀ ਯੂਨੀਅਨ ਵੱਡੀ ਹੈ, ਮੈਂ ਸਰਕਾਰ ਦੀਆਂ ਗੋਡਣੀਆਂ ਲਵਾ ਸਕਦਾ, ਇਹ ਕਦੋਂ ਇੱਕ ਮੰਚ ਤੇ ਇੱਕਜੁੱਟ ਹੋਣਗੇ ? ਆਪਣੇ ਆਪ ਨੂੰ ਕਦੋਂ ਤਰਾਸ਼ਣਗੇ? ਅਸੀਂ ਕਦੋਂ ਮਨੁੱਖ ਬਣ ਕੇ ਮਨੁੱਖਤਾ ਦੇ ਭਲੇ ਲਈ ਝੰਡਾ ਬੁਲੰਦ ਕਰਾਂਗੇ। ਜਦੋਂ ਦੁਸ਼ਮਣ ਇੱਕ ਹੋਵੇ ਤਾਂ ਉਦੋਂ ਆਪੋ ਆਪਣੇ ਝੰਡੇ ਲਾਏ ਕੇ ਡੰਡੇ ਬਣਾ ਲੈਣੇ ਚਾਹੀਦੇ ਹਨ। ਇਤਿਹਾਸ ਗਵਾਹ ਹੈ ਜਦੋਂ ਤੱਕ ਇੱਕ ਝੰਡੇ ਥੱਲੇ ਇਕੱਠੀਆਂ ਨਹੀਂ ਹੋਈਆਂ ਉਹ ਆਪਸ ਵਿੱਚ ਲੜਦੀਆਂ ਮਰਦੀਆਂ ਰਹੀਆਂ ਜਦੋਂ ਉਹ ਇੱਕ ਖ਼ਾਲਸਾ ਪੰਥ ਦੇ ਨਿਸ਼ਾਨ ਸਾਹਿਬ ਹੇਠ ਇਕੱਠੀਆਂ ਹੋਈਆਂ ਤਾਂ ਰਾਜ ਸਥਾਪਤ ਕਰ ਲਿਆ। ਹੁਣ ਗੱਲਾਂ ਰਾਜ ਭਾਗ ਦੀਆਂ ਕਰਦੇ ਹਾਂ, ਚੋਲਾਂ ਦੀ ਬੁਰਕੀ ਮਗਰ ਕੁੱਤੇ ਬਣ ਜਾਂਦੇ ਹਾਂ। ਮੁਫ਼ਤ ਦਾ ਰਾਸ਼ਨ ਕਾਰਡ ਬਣਾ ਕੇ ਜਾਅਲੀ ਭਾਸ਼ਨ ਸੁਣਦੇ ਹਾਂ।
ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ ਪਰ ਜਦੋਂ ਇਹ ਮੁੱਠੀ ਬਣਦੀਆਂ ਹਨ ਤਾਂ ਦੁਸ਼ਮਣ ਦੇ ਮੌਰਾਂ ਉਪਰ, ਮੁੱਕੇ ਬਣ ਵਰ ਦੀਆਂ ਹਨ ਤਾਂ ਬਾਜ਼ੀ ਬਦਲ ਜਾਂਦੀ ਹੈ। ਅਸੀਂ ਇਹ ਕਦੇ ਸੋਚਿਆ ਨਹੀਂ ਕਿ ਪੰਜਾਂ ਵਿੱਚ ਪਰਮੇਸ਼ਰ ਹੁੰਦਾ ਹੈ। ਪੰਚ ਪ੍ਰਧਾਨੀ ਸ਼ਾਡੀ ਵਿਰਾਸਤ ਹੈ ਪਰ ਅਸੀਂ ਉਂਗਲਾਂ ਬਣ ਕੇ ਟੁੱਟ ਗਏ ਹਾਂ। ਟੁੱਟ ਦੇ ਰਹਾਂਗੇ। ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆਉਣਾ ਪਵੇਗਾ। ਉਸਦੀ ਅਗਵਾਈ ਹੇਠ ਤੁਰਨਾ ਪਵੇਗਾ। ਸਭ ਨੂੰ ਜੁੜਨਾ ਪਵੇਗਾ, ਹੁਣ ਬਿਨਾਂ ਜੁੜਿਆ ਮੁਕਤੀ ਨਹੀਂ। ਮੁਕਤ ਹੋਣ ਲਈ ਮੁੜਨਾ ਪਵੇਗਾ ਤੇ ਘਰਾਂ ਨੂੰ ਅਲਵਿਦਾ ਕਹਿਣਾ ਪਵੇਗਾ। ਉਂਗਲਾਂ ਨੂੰ ਮੁੱਠੀਆਂ ਬਨਣਾ ਪਵੇਗਾ। ਉਹ ਪਲ਼ ਕਦੋਂ ਆਵੇਗਾ ਜਦੋਂ ਅਸੀਂ ਆਪੋ ਆਪਣੀ ਹਾਉਮੈ ਨੂੰ ਕਬਰਾਂ ਵਿੱਚ ਦੱਬ ਕੇ ਖਾਲੀ ਹੋ ਕੇ ਤੁਰਾਂਗੇ ਤੇ ਜਿੱਤ ਦਾ ਪਰਚਮ ਲੈਣ ਮੁੜਾਂਗੇ।
ਆਓ ਮੁੱਠੀਆਂ ਬਣੀਏ ਤੇ ਦੁਸ਼ਮਣ ਦੇ ਸਾਹਮਣੇ ਡਟੀਏ।*

ਬੁੱਧ ਸਿੰਘ ਨੀਲੋਂ
ਚਾਂਸਲਰ
ਪੋਲ ਖੋਲ੍ਹ ਅੰਤਰ-ਯੂਨੀਵਰਸਿਟੀ
ਸਰਹੰਦ ਨਹਿਰ
ਨੀਲੋਂ ਕਲਾਂ ਲੁਧਿਆਣਾ 
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleT 20 ਵਿਸ਼ਵ ਕੱਪ ਜੇਤੂ ਭਾਰਤ
Next articleਲਖਨਊ-ਆਗਰਾ ਐਕਸਪ੍ਰੈਸਵੇਅ ‘ਤੇ ਦਰਦਨਾਕ ਹਾਦਸਾ: ਸਲੀਪਰ ਬੱਸ ਟੈਂਕਰ ਨਾਲ ਟਕਰਾਈ, 18 ਲੋਕਾਂ ਦੀ ਮੌਤ