ਬੁੱਧ ਬਾਣ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਦੀ ਸੀਟ ਖਾਲੀ ਐ !

ਬੁੱਧ ਸਿੰਘ ਨੀਲੋਂ

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ) ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਜਿਹੜਾ ਅਖਬਾਰਾਂ ਦੇ ਵਿੱਚ ਪੰਜਾਬ ਸਰਕਾਰ ਨੇ ਇਸ਼ਤਿਹਾਰ ਦਿੱਤਾ ਹੈ। ਉਸਨੂੰ ਪੜ੍ਹ ਕੇ ਸਿਰ ਚਕਰਾਉਣ ਲੱਗਦਾ ਹੈ। ਇਸ ਵਿੱਚ ਮੁੱਢ ਵਿੱਚ ਭਾਰਤ ਸਰਕਾਰ ਲਿਖਿਆ ਹੈ ਤੇ ਅਖੀਰ ਵਿੱਚ ਪੰਜਾਬ ਸਰਕਾਰ। ਇਸ ਇਸ਼ਤਿਹਾਰ ਨੂੰ ਜਿਸ ਵੀ ਮਾਹਿਰ ਨੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ, ਉਸਦੇ ਗਿਆਨ ਤੇ ਅਧਿਐਨ ਦੇ ਪੱਧਰ ਦਾ ਪਤਾ ਲੱਗਦਾ ਹੈ। ਇਸ਼ਤਿਹਾਰ ਦੇ ਵਿੱਚ ਦੋ ਵਾਰ ਚਾਂਸਲਰ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਜਦਕਿ ਚਾਂਸਲਰ ਸੂਬੇ ਦਾ ਰਾਜਪਾਲ ਹੁੰਦਾ ਹੈ। ਪ੍ਰੰਤੂ ਯੂਨੀਵਰਸਿਟੀ ਦੇ ਵਿੱਚ ਉਪ ਕੁਲਪਤੀ ਹੁੰਦਾ ਹੈ। ਪਿਛਲੇ ਸਮਿਆਂ ਵਿੱਚ ਕੁੱਝ ਕੇਂਦਰੀ ਯੂਨੀਵਰਸਿਟੀਆਂ ਬਣਾਈਆਂ ਗਈਆਂ ਹਨ, ਉਹਨਾਂ ਦੇ ਵਿੱਚ ਕੁਲਪਤੀ ( ਚਾਂਸਲਰ ) ਨਿਯੁਕਤ ਕੀਤੇ ਗਏ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਇੱਕ ਆਈ ਏ ਐਸ ਅਧਿਕਾਰੀ ਨੂੰ ਵਾਧੂ ਕਾਰਜ ਭਾਰ ਦਿੱਤਾ ਗਿਆ ਹੈ। ਹੁਣ ਪੰਜਾਬ ਸਰਕਾਰ ਨੇ ਇਸ ਯੂਨੀਵਰਸਿਟੀ ਦੇ ਵਿੱਚ ਉਪ ਕੁਲਪਤੀ ਦੀ ਨਿਯੁਕਤੀ ਲਈ ਇਸ਼ਤਿਹਾਰ ਦਿੱਤਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਭਾਰਤ ਦੀ ਇਕਲੌਤੀ ਯੂਨੀਵਰਸਿਟੀ ਹੈ ਜਿਹੜੀ ਪੰਜਾਬੀ ਭਾਸ਼ਾ ਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਬਣਾਈ ਗਈ ਸੀ। ਇਸ ਨੇ ਪੰਜਾਬੀ ਭਾਸ਼ਾ ਤੇ ਮਾਂ ਬੋਲੀ ਪੰਜਾਬੀ ਲਈ ਕੀ ਕੀਤਾ ਹੈ। ਉਹ ਵੀ ਕਦੇ ਚਰਚਾ ਕਰਦੇ ਹਾਂ।
ਇਸ ਯੂਨੀਵਰਸਿਟੀ ਦੇ ਹੁਣ ਤੱਕ ਜਿੰਨੇ ਵੀ ਉਪ ਕੁਲਪਤੀ ਲਗਾਏ ਗਏ ਹਨ, ਉਹਨਾਂ ਦੇ ਵਿੱਚ ਤਿੰਨ ਕੁ ਅਜਿਹੇ ਉਪ ਕੁਲਪਤੀ ਸਨ, ਜਿਹਨਾਂ ਦਾ ਪਿਛੋਕੜ ਸਿਖਿਆ ਤੇ ਸਾਹਿਤ ਦੇ ਨਾਲ ਰਿਹਾ ਹੈ। ਬਹੁਤੀ ਵਾਰ ਉਪ ਕੁਲਪਤੀ ਸਿਆਸੀ ਜੋੜ ਤੋੜ ਨਾ ਲਗਾਏ ਗਏ ਹਨ। ਇਹਨਾਂ ਉਪਰੋਕਤ ਕੁਲਪਤੀਆਂ ਬਾਰੇ ਕਦੇ ਫੇਰ ਚਰਚਾ ਕਰਦੇ ਹਾਂ। ਹੁਣ ਆਪਾਂ ਇਸ ਇਸ਼ਤਿਹਾਰ ਦੇ ਵਿੱਚ ਵਰਤੇ ਗਏ ਅੰਗਰੇਜ਼ੀ ਸ਼ਬਦਾਂ ਦੀ ਗੱਲ ਕਰਦੇ ਹਾਂ। ਇਸ ਇਸ਼ਤਿਹਾਰ ਦੇ ਵਿੱਚ ਅੰਗਰੇਜ਼ੀ ਦੇ ਸ਼ਬਦ ਤੇ ਗ਼ਲਤ ਲਿਖੇ ਗਏ ਹਨ। ਉਹਨਾਂ ਦੇ ਵਿਚੋਂ ਨਮੂਨੇ ਵਜੋਂ ਪੇਸ਼ ਹਨ। ਤੁਸੀਂ ਇਸ ਇਸ਼ਤਿਹਾਰ ਦੇ ਵਿੱਚੋਂ ਹੋਰ ਵੀ ਗਲਤੀਆਂ ਕੱਢ ਸਕਦੇ ਹੋ।
ਭਾਰਤ ਸਰਕਾਰ – ਪੰਜਾਬ ਸਰਕਾਰ
ਉੱਚ ਸਿੱਖਿਆ ਵਿਭਾਗ – ਉਚੇਰੀ ਸਿੱਖਿਆ ਵਿਭਾਗ
ਸਟੇਟ ਪਬਲਿਕ – ਰਾਜ ਪੱਧਰੀ
ਉੱਚ ਸਿੱਖਿਆ – ਉਚੇਰੀ ਸਿੱਖਿਆ
ਪ੍ਰੀਮੀਅਰ – ਪ੍ਰਮੁੱਖ
ਚਾਂਸਲਰ – ਕੁਲਪਤੀ
ਵਾਈਸ ਚਾਂਸਲਰ -ਉਪ ਕੁਲਪਤੀ
ਅਕੈਡਮੀਸ਼ੀਅਨ – ਵਿਦਵਾਨ
ਇੱਕ ਯੂਨੀਵਰਸਿਟੀ – ਕਿਸੇ ਯੂਨੀਵਰਸਿਟੀ
ਪ੍ਰਦਰਸ਼ਨਦੇ – ਕਾਰਜ ਕਰਨ
ਨਾਮੀਨੇਟ – ਸਿਫਾਰਸ਼
ਨਾਮਜ਼ਦਗੀਕਰਤਵਾਂ – ਨਾਮਜ਼ਦਗੀ ਕਰਤਾਵਾਂ
ਸੈਕਟਰੀ ਉੱਚੀ ਸਿੱਖਿਆ – ਸਕੱਤਰ ਉਚੇਰੀ ਸਿੱਖਿਆ
ਇਹ ਉਪਰੋਕਤ ਸ਼ਬਦ ਹਨ, ਜਿਹੜੇ ਇਸ਼ਤਿਹਾਰ ਦੇ ਵਿੱਚ ਹਨ। ਇਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬਹੁ ਗਿਣਤੀ ਵਿਦਿਆਰਥੀ ਤੇ ਖੋਜਾਰਥੀ ਦਲਿਤ ਭਾਈਚਾਰੇ ਦੇ ਨਾਲ ਸਬੰਧਤ ਪੜ੍ਹ ਦੇ ਹਨ ਪ੍ਰੰਤੂ ਇਸ ਯੂਨੀਵਰਸਿਟੀ ਨੂੰ ਹੁਣ ਤੱਕ ਕੋਈ ਵੀ ਦਲਿਤ ਭਾਈਚਾਰੇ ਦਾ ਉਪ ਕੁਲਪਤੀ ਨਹੀਂ ਮਿਲਿਆ। ਇਸੇ ਕਰਕੇ ਇਹ ਯੂਨੀਵਰਸਿਟੀ ਮੀਡੀਏ ਦੇ ਵਿੱਚ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ।
ਪੰਜਾਬੀ ਦੇ ਬਹੁਤ ਸਾਰੇ ਵਿਦਵਾਨ, ਕਵੀ, ਲੇਖਕ , ਸਿੱਖਿਆ ਸ਼ਾਸਤਰੀ ਤੇ ਜੁਗਾੜੀਏ ਤਾਂ ਕੁੱਝ ਮਹੀਨਿਆਂ ਤੋਂ ਅੱਡੀਆਂ ਨੂੰ ਥੁੱਕ ਲਾਈਂ ਫਿਰਦੇ ਰਹੇ ਪਰ ਭਗਵੰਤ ਮਾਨ ਨੇ ਉਹਨਾਂ ਦੀਆਂ ਆਸਾਂ ਉਤੇ ਪਾਣੀ ਡੋਲ ਦਿੱਤਾ। ਜਦੋਂ ਉਸਨੇ ਨੇ ਆਰਟ ਕੌਂਸਲ ਚੰਡੀਗੜ੍ਹ ਦਾ ਚੇਅਰਮੈਨ ਸਵਰਨਜੀਤ ਸਵੀ ਤੇ ਭਾਸ਼ਾ ਵਿਭਾਗ ਪੰਜਾਬ ਦਾ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਲਗਾ ਦਿੱਤਾ ਸੀ। ਇਹਨਾਂ ਨਿਯੁਕਤੀਆਂ ਨੂੰ ਲੈਣ ਕੁੱਝ ਉਮੀਦਵਾਰਾਂ ਦੀ ਰਾਤਾਂ ਦੀ ਨੀਂਦ ਉਡ ਗਈ। ਜਿਸ ਕਰਕੇ ਕੁੱਝ ਦਾ ਬੀਪੀ ਤੇ ਸ਼ੂਗਰ ਘਟਨਾ ਵਧਣਾ ਲੱਗਿਆ। ਉਹਨਾਂ ਦੀਆਂ ਕੀਤੀਆਂ ਗਈਆਂ ਮਿਹਨਤਾਂ ਦਾ ਭਗਵੰਤ ਮਾਨ ਨੇ ਰੱਤੀ ਭਰ ਵੀ ਮੁੱਲ ਨਹੀਂ ਪਾਇਆ, ਜਿਹਨਾਂ ਦੇ ਸ਼ੇਅਰ ਅਕਸਰ ਬੋਲਿਆ ਕਰਦਾ ਸੀ। ਉਸ ਵੇਲੇ ਪਟਿਆਲਾ, ਚੰਡੀਗੜ੍ਹ, ਲੁਧਿਆਣਾ ਤੇ ਅੰਮ੍ਰਿਤਸਰ ਸਾਹਿਬ ਦੇ ਕੁੱਝ ਕਵੀਆਂ, ਆਲੋਚਕਾਂ, ਯੂਟਿਊਬਰਾਂ ਤੇ ਵਿਦਵਾਨਾਂ ਦੇ ਤਾਂ ਨਵੇਂ ਸੂਟ ਸਿਵਾਏ ਹੈਂਗਰ ਉਤੇ ਟੰਗੇ ਰਹਿ ਗਏ। ਹੁਣ ਪੰਜਾਬ ਸਰਕਾਰ ਨੇ ਖ਼ਸਮ ਵਿਹੂਣੀ ਹੋਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੱਥ ਪੀਲੇ ਕਰਨ ਦਾ ਐਲਾਨ ਕੀਤਾ ਐ। ਹਾਲਤ ਹੁਣ ਸੀਤਾ ਦੇ ਸਵੰਭਰ ਵਰਗੀ ਬਣ ਗਈ ਹੈ। ਪਟਿਆਲਾ ਤੇ ਚੰਡੀਗੜ੍ਹ ਦੇ ਬਰਾੜ, ਟਿਵਣੇ, ਢਿੱਲੋਂ, ਗਿੱਲ, ਸਿੱਧੂ, ਵਰਮੇ, ਸ਼ਰਮੇ ਆਦਿ ਤੇ ਮੇਰੇ ਵਰਗਿਆਂ ਲਈ ਇਹ ਸੁਨਹਿਰੀ ਮੌਕਾ ਮਿਲਿਆ ਐ। ਉਹ ਦਿਨੋਂ ਦਿਨ ਆਰਥਿਕ ਤੌਰ ਕਮਜ਼ੋਰ ਹੋ ਰਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣ। ਨਹੀਂ ਫੇਰ ਇਹ ਨਾ ਕਿਹੋ ਜਿਵੇਂ ਭਗਵੰਤ ਮਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਯੂਪੀ ਤੋਂ ਲਿਆ ਕੇ ਲਗਾਈ ਹੈ, ਉਸੇ ਤਰ੍ਹਾਂ ਕੋਈ ਤਾਮਿਲਨਾਡੂ ਤੋਂ ਲਿਆ ਕੇ ਵਾਈਸ ਚਾਂਸਲਰ ਲਗਾ ਦਿੱਤਾ, ਫੇਰ ਚੀਕਾਂ ਮਾਰੋਗੇ। ਹੁਣ ਮੌਕਾ ਐ, ਫੇਰ ਨਾ ਕਿਹੋ ਦੱਸਿਆ ਨਹੀਂ। ਇਸ ਇਸ਼ਤਿਹਾਰ ਅਨੁਸਾਰ ਝੋਲੇ ਵਿੱਚ ਸਰਟੀਫਿਕੇਟ ਤੇ ਬੋਰੀ ਕਿਤਾਬਾਂ ਦੀ ਲੈ ਕੇ ਪੁਜੋ, ਦਰਬਾਰ ਵਿੱਚ। ਵਗਦੀ ਗੰਗਾ ਵਿੱਚ ਹੱਥ ਧੋਣ ਲਈ ਅਰਦਾਸ ਕਰੋ। ਹੁਣ ਪੰਜਾਬ ਸਰਕਾਰ ਨੇ ਇਸ਼ਤਿਹਾਰ ਦੇ ਕੇ ਆਪਣੇ ਆਪ ਨੂੰ ਸੱਚਾ ਹੋਣ ਦਾ ਮੌਕਾ ਸੰਭਾਲਿਆ ਹੈ। ਹੁਣ ਗੇਂਦ ਪੰਜਾਬ ਦੇ ਹੱਥ ਹੈ। ਦੇਖੋ ਕਿਸ ਦਾ ਛਿੱਟਾ ਲੱਗਦਾ ਹੈ ਤੇ ਕਿਸ ਦਾ ਛਿੱਕੂ ਬੰਨ੍ਹਿਆ ਜਾਂਦਾ ਹੈ?
—-
ਬੁੱਧ ਸਿੰਘ ਨੀਲੋਂ
ਸਹੀ/-
ਉਪ ਕੁਲਪਤੀ
ਪੋਲ ਖੋਲ੍ਹ ਅੰਤਰ ਰਾਸ਼ਟਰੀ ਯੂਨੀਵਰਸਿਟੀ
ਸਰਹੰਦ ਨਹਿਰ, ਨੀਲੋਂ ਕਲਾਂ (ਲੁਧਿਆਣਾ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਭਿਆਚਾਰਕ ਖੇਤਰ ਵਿੱਚ ਗੂੰਜਦੀ ਆਵਾਜ਼ ਇੱਕ ਸੜਕ ਹਾਦਸੇ ਨੇ ਕੀਤੀ ਖਾਮੋਸ਼, ਲੋਕ ਗਾਇਕ ਦਲਬੀਰ ਸ਼ੌਂਕੀ ਦੀ ਮੌਤ ਨਾਲ ਗਾਇਕੀ ਖੇਤਰ ਵਿੱਚ ਸੋਗ ਦੀ ਲਹਿਰ
Next articleਕਵਿਤਾ