ਬੁੱਧ ਬਾਣ

ਦੂਰਦਰਸ਼ਨ ਪੰਜਾਬੀ ਤੋਂ ਪੰਜਾਬੀ ਗਾਇਬ !

ਬੁੱਧ ਸਿੰਘ ਨੀਲੋਂ 

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ) ਦੂਰਦਰਸ਼ਨ ਜਲੰਧਰ ਦੀ ਸਥਾਪਨਾ ਇਸ ਲਈ ਕੀਤੀ ਗਈ ਸੀ ਕਿ ਮਾਂ ਬੋਲੀ ਪੰਜਾਬੀ ਨੂੰ ਉਤਸ਼ਾਹਿਤ ਕਰੇਗਾ। ਇਥੋਂ ਬਹੁਤ ਸਾਰੇ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰਕ ਪ੍ਰੋਗਰਾਮ ਪੇਸ਼ ਹੁੰਦੇ ਰਹੇ ਹਨ। ਇਸ ਦੂਰਦਰਸ਼ਨ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਸਟਾਰ ਕਲਾਕਾਰ ਵੀ ਬਣਾਇਆ ਸੀ। ਜਦੋਂ ਦੂਰਦਰਸ਼ਨ ਬਣਿਆ ਸੀ ਤਾਂ ਉਸ ਵੇਲ਼ੇ ਮਨੋਰੰਜਨ ਦਾ ਇਹੋ ਦੂਜਾ ਸਾਧਨ ਸੀ, ਇਸ ਤੋਂ ਪਹਿਲਾਂ ਜਲੰਧਰ ਰੇਡੀਓ ਦੇ ਬਹੁਤ ਸਾਰੇ ਪ੍ਰੋਗਰਾਮ ਲੋਕਾਂ ਦੇ ਵਿੱਚ ਹਰਮਨ ਪਿਆਰੇ ਹੋਏ ਸਨ। ਇਸੇ ਤਰ੍ਹਾਂ ਦੂਰਦਰਸ਼ਨ ਜਲੰਧਰ ਦੇ ਹਫਤਾਵਾਰੀ ਪ੍ਰੋਗਰਾਮ ਲੋਕਾਂ ਦੀ ਉਡੀਕ ਦਾ ਹਿੱਸਾ ਬਣੇ ਸਨ। ਹੌਲੀ ਹੌਲੀ ਇਸ ਦੇ ਉਪਰ ਹਿੰਦੀ ਭਾਸ਼ਾ ਦਾ ਅਸਰ ਹੋਣ ਲੱਗਿਆ ਸੀ, ਉਦੋਂ ਕਿਸੇ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ। ਪਰ ਪਿਛਲੇ ਤਿੰਨ ਦਹਾਕਿਆਂ ਤੋਂ ਤਾਂ ਇਸ ਦੇ ਹਰ ਪ੍ਰੋਗਰਾਮ ਦੇ ਵਿੱਚ ਹਿੰਦੀ ਦੇ ਸ਼ਬਦ ਜਾਣਬੁੱਝ ਕੇ ਪਰੋਸੋ ਜਾਣ ਲੱਗੇ। ਗੀਤ ਸੰਗੀਤ, ਖਬਰਾਂ ਤੇ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਦੇ ਮੰਚ ਸੰਚਾਲਕ ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਦੀ ਖਿੱਚੜੀ ਬਣਾਉਣ ਲੱਗ ਪਏ ਸਨ। ਹੁਣ ਤਾਂ ਸਭ ਹੱਦਾਂ ਪਾਰ ਕਰ ਗਈਆਂ ਹਨ। ਬੁਲਾਰਿਆਂ ਦੇ ਸੰਵਾਦ ਵਿਚੋਂ ਪੰਜਾਬੀ ਭਾਸ਼ਾ ਦੇ ਸ਼ਬਦ ਲੱਭਣੇ ਪੈਂਦੇ ਹਨ। ਸਾਡੇ ਬਹੁਤ ਸਤਿਕਾਰਯੋਗ ਹਰਬੀਰ ਸਿੰਘ ਭੰਵਰ ਸਾਬਕਾ ਪੱਤਰਕਾਰ ਨੇ ਇਹ ਮਸਲਾ ਬਹੁਤ ਵਾਰ ਗੰਭੀਰਤਾ ਨਾਲ ਉਭਾਰਿਆ ਪਰ ਜਲੰਧਰ ਦੂਰਦਰਸ਼ਨ ਦੇ ਅਧਿਕਾਰੀਆਂ ਦੇ ਕੰਨਾਂ ਉੱਤੇ ਜੂੰ ਨਹੀਂ ਸਰਕੀ। ਉਹਨਾਂ ਨੇ ਬਹੁਤ ਸਾਰੇ ਹਿੰਦੀ ਦੇ ਸ਼ਬਦ ਦੱਸੇ ਜਿਹੜੇ ਖਬਰਾਂ ਤੇ ਕਿਸੇ ਪ੍ਰੋਗਰਾਮ ਦੌਰਾਨ ਬੋਲੇ ਜਾਂਦੇ ਹਨ। ਉਹਨਾਂ ਜਿਹੜੇ ਸ਼ਬਦਾਂ ਨੂੰ ਨੋਟ ਕੀਤਾ ਹੈ, ਉਹਨਾਂ ਦਾ ਇਥੇ ਜ਼ਿਕਰ ਕਰ ਰਹੇ ਹਾਂ। ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਦੇ ਨਾਂਅ ਉੱਤੇ ਬਹੁਤ ਸਾਰੀਆਂ ਜੱਥੇਬੰਦੀਆਂ ਹਨ, ਜਿਹੜੀਆਂ ਇਹ ਦਾਅਵਾ ਕਰਦੀਆਂ ਹਨ ਕਿ ਉਹ ਮਾਂ ਬੋਲੀ ਪੰਜਾਬੀ ਦੇ ਪੁੱਤ ਹਨ ਤੇ ਉਸ ਦੀ ਸੇਵਾ ਕਰਦੇ ਹਨ। ਹਕੀਕਤ ਵਿੱਚ ਉਹ ਪੰਜਾਬੀ ਮਾਂ ਬੋਲੀ ਦੇ ਨਾਮ ਹੇਠ ਆਪਣੀਆਂ ਰੋਟੀਆਂ ਸੇਕਦੇ ਹਨ। ਸੋ ਇਹਨਾਂ ਮਾਂ ਬੋਲੀ ਪੰਜਾਬੀ ਦੇ ਵਾਰਸਾਂ ਨੂੰ ਅਪੀਲ ਕਰਦਾ ਕਿ ਉਹ ਇਸ ਮਸਲੇ ਨੂੰ ਲੋਕ ਮਸਲਾ ਬਣਾਉਣ। ਤਾਂ ਕਿ ਪੰਜਾਬੀ ਮਾਂ ਬੋਲੀ ਦੀ ਹੋ ਰਹੀ ਦੁਰਗਤੀ ਨੂੰ ਰੋਕਿਆ ਜਾ ਸਕੇ। ਪ੍ਰਸਾਰ ਭਾਰਤੀ ਨੇ ਦੋ ਕੁ ਸਾਲ ਪਹਿਲਾਂ ਤੋਂ ਹਰ ਰਾਜ ਲਈ ਉਹਨਾਂ ਦੇ ਖਾਸ ਚੈਨਲ ਸਥਾਪਿਤ ਕੀਤੇ ਹਨ ਜਲੰਧਰ ਦੂਰਦਰਸ਼ਨ ਤੋਂ ਇਸ ਦਾ ਨਾਮ ਬਦਲ ਕੇ ਦੂਰਦਰਸ਼ਨ ਪੰਜਾਬੀ ਹੋ ਗਿਆ ਹੈ ਜਾਨੀ ਕਿ ਪੰਜਾਬੀ ਮਾਂ ਬੋਲੀ ਦਾ ਪਸਾਰ ਤੇ ਪ੍ਰਚਾਰ। ਪਰ ਪੰਜਾਬੀ ਮਾਂ ਬੋਲੀ ਤੇ ਇੱਕ ਇਹ ਹਮਲਾ ਹੈ ਕਿ ਹਰ ਰੋਜ਼ ਦੂਰਦਰਸ਼ਨ ਚੰਡੀਗੜ੍ਹ ਦਾ ਪ੍ਰਸਾਰਨ ਡੇਢ ਘੰਟੇ ਦਾ ਪ੍ਰਸਾਰਣ ਦੂਰਦਰਸ਼ਨ ਪੰਜਾਬੀ ਤੋਂ ਕੀਤਾ ਜਾ ਰਿਹਾ ਹੈ ਜੋ ਕਿ ਹਿੰਦੀ ਭਾਸ਼ਾ ਤੇ ਆਧਾਰਤ ਹੈ। ਪ੍ਰਸਾਰ ਭਾਰਤੀ ਦਾ ਸਾਡੇ ਨਾਲ ਬਹੁਤ ਵੱਡਾ ਧੱਕਾ ਅਤੇ ਅਨਿਆਏ ਹੈ। ਸਾਹਿਤ ਸਭਾਵਾਂ ਪੰਜਾਬ ਕਲਾ ਪ੍ਰੀਸ਼ਦ, ਭਾਸ਼ਾ ਵਿਭਾਗ ਪੰਜਾਬ ਇਹ ਮਾਂ ਬੋਲੀ ਪੰਜਾਬੀ ਦੇ ਨਾਹਰੇ ਤਾਂ ਮਾਰਦੇ ਹਨ ਕੀ ਉਹਨਾਂ ਨੂੰ ਦੂਰਦਰਸ਼ਨ ਪੰਜਾਬੀ ਦੇ ਪ੍ਰੋਗਰਾਮ ਵਿਖਾਈ ਨਹੀਂ ਦੇ ਰਹੇ। ਇੱਕੋ ਇੱਕ ਸਾਡੀ ਮਾਂ ਬੋਲੀ ਪੰਜਾਬੀ ਦਾ ਚੈਨਲ ਹੈ ਅੰਨੀ ਪੀਹ ਰਹੀ ਹੈ ਕੁੱਤਾ ਚੱਟ ਰਿਹਾ ਹੈ ਸਾਡੀਆ ਸਰਕਾਰਾਂ ਸੁੱਤੀਆਂ ਪਈਆਂ ਹਨ। ਕੌਣ ਹੈ ਸਾਡੀ ਮਾਂ ਬੋਲੀ ਪੰਜਾਬੀ ਦਾ ਪਹਿਰੇਦਾਰ ?
ਬੁੱਧ ਸਿੰਘ ਨੀਲੋਂ
————–
ਧੰਨਵਾਦ ਸਹਿਤ ਹਰਬੀਰ ਸਿੰਘ ਭੰਵਰ ਹੋਰਾਂ ਵਲੋਂ ਨੋਟ ਕੀਤੇ ਗਏ ਹਿੰਦੀ ਭਾਸ਼ਾ ਦੇ ਸ਼ਬਦ।
ਡੀ ਡੀ ਪੰਜਾਬੀ ਤੇ ਪੰਜਾਬੀ ਪੱਤਰਕਾਰੀ ਵਿਚ ਹਿੰਦੀ ਸ਼ਬਦਾਂ ਦੀ ਘੁਸਪੈਠ, ਗੁਹਾਰ (ਫਰਿਆਦ), ਚਪੇਟ (ਲਪੇਟ), ਅੰਨਸ਼ਨ (ਵਰਤ), ਪਕਸ਼ੀ (ਪੰਛੀ), ਲੁਭਾਉਣਾ (ਭਰਮਾਉਣਾ),ਪ੍ਰਲੋਭਣ (ਲਾਲਚ), ਵਰਿਧੀ (ਵਾਧਾ), ਗਾਜ਼ (ਗੁੱਸਾ, ਨਜ਼ਲਾ), ਅਵਗਤ (ਜਾਣੂ), ਕਗਾਰ (ਕੰਢੇ), ਦਿੱਗਜ਼ (ਦਿਓਕੱਦ,ਪ੍ਰਮੁੱਖ), ਸ਼ੇਤਰ (ਖੇਤਰ), ਛਮਾ (ਖਿਮਾ), ਚਰਨ (ਗੇੜ), ਆਹਵਾਨ (ਸੱਦਾ), ਸਮੁਦਾਏ (ਭਾਈਚਾਰਾ), ਅਨੂਮਤੀ (ਮਨਜ਼ੂਰੀ), ਲੁਪਤ (ਗਾਇਬ), ਸ਼ਮਤਾ (ਸਮੱਰਥਾ), ਛਾਤਰ (ਵਿਦਿਆਰਥੀ), ਛੱਵੀ (ਅਕਸ), ਸੰਪਨ (ਸਮਾਪਤ, ਖਤਮ), ਕਗਾਰ (ਕੰਢੇ), ਸ਼ਿਵਰ (ਕੈਂਪ), ਵਿਵਾਹ (ਵਿਆਹ, ਸ਼ਾਦੀ), ਅਧਿਅਕਸ਼ (ਪ੍ਰਧਾਨ), ਅਨੁਵਾਰੀਆ (ਜ਼ਰੂਰੀ, ਲਾਜ਼ਮੀ), ਦੁੱਖਦ (ਦੁੱਖਦਾਈ), ਸ਼ਿਖਸ਼ਾ (ਸਿੱਖਿਆ), ਸ਼ਵ (ਲਾਸ਼), ਵਿਪੱਕਸ਼ (ਵਿਰੋਧੀ), ਪ੍ਰਯਟਨ (ਸੈਰ ਸਪਾਟਾ), ਰਾਜਯ ਸਭਾ (ਰਾਜ ਸਭਾ), ਵਿੱਤੀਅ (ਵਿਤੀ, ਮਾਲੀ), ਲਾਂਛਨ (ਇਲਜ਼ਾਮ), ਬਿਮਾਨ (ਜਹਾਜ਼), ਸਤੱਰਕ (ਚੇਤੰਨ), ਘੱਟਕ ਦਲ (ਭਾਈਵਾਲ ਦਲ), ਨਿਸ਼ਕਾਸ਼ਿਤ (ਬਾਹਰ ਕੱਢਣਾ), ਜਨਾਦੇਸ਼ (ਫਤਵਾ, ਫ਼ੈਸਲਾ), ਆਮੰਤਰਨ (ਸੱਦਾ, ਬੁਲਾਵਾ)
ਉਪਰੋਕਤ ਸ਼ਬਦਾਂ ਦਾ ਹਵਾਲਾ ਦੇ ਕੇ ਮੈਂ ਡੀ.ਡੀ. ਪੰਜਾਬੀ ਨੂੰ ਪਿਛਲੇ 4/5 ਸਾਲਾਂ ਤੋਂ ਪੱਤਰ ਲਿਖ ਰਿਹਾ ਹਾਂ, ਕਈ ਪੰਜਾਬੀ ਲੇਖਕ ਸਭਾਵਾਂ ਤੋਂ ਪੱਤਰ ਲਿਖਵਾਏ ਹਨ, ਪਰ ਕੋਈ ਅਸਰ ਨਹੀਂ।
——
ਇਹ ਸਭ ਕੁੱਝ ਪੰਜਾਬ ਦੇ ਸੁਚੇਤ ਤੇ ਸਮਝਦਾਰ ਲੋਕਾਂ ਦੀ ਨਲਾਇਕੀ ਉਜਾਗਰ ਕਰਦਾ ਹੈ,ਕਿ ਇੱਕ ਦੂਜੇ ਦੇ ਖਿਲਾਫ ਤਾਂ ਹਰ ਵੇਲੇ ਸਿੰਗ ਫਸਾ ਕੇ ਲੜਦੇ ਹਨ ਪਰ ਬੁੱਕਲ ਵਿੱਚ ਬੈਠੇ ਸੱਪਾਂ ਨੂੰ ਦੁੱਧ ਪਿਆਉਣ ਦੇ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਪੰਜਾਬ ਦੇ ਵਿੱਚ ਚਾਲੀ ਕਾਮਰੇਡਾਂ ਦੇ ਗਰੁੱਪ ਹਨ, ਅਠਾਰਾਂ ਸ਼੍ਰੋਮਣੀ ਅਕਾਲੀ ਦਲ ਹਨ, ਛੱਤੀ ਕਿਸਾਨ ਜਥੇਬੰਦੀਆਂ ਇਸ ਤੋਂ ਇਲਾਵਾ ਸੈਂਕੜੇ ਹੋਰ ਜੱਥੇਬੰਦੀਆਂ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਵਿੱਚ ਸੰਸਥਾਵਾਂ ਹਨ। ਪੰਜਾਬੀ ਭਾਸ਼ਾ ਦੇ ਨਾਂ ਉੱਤੇ ਦੋ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਹਨ, ਹਜ਼ਾਰਾਂ ਸਾਹਿਤ ਸੰਸਥਾਵਾਂ ਬਣੀਆਂ ਹੋਈਆਂ ਹਨ। ਸਭ ਦੇ ਮੂੰਹ ਨੂੰ ਛਿੱਕਲੀਆਂ ਲੱਗੀਆਂ ਹੋਈਆਂ ਹਨ। ਦੁਸ਼ਮਣ ਘਰ ਪੁਜ ਗਿਆ ਐ, ਇਹ ਭਰਾ ਮਾਰੂ ਜੰਗ ਦੇ ਵਿੱਚ ਉਲ਼ਝੇ ਹੋਏ ਹਨ। ਇਹਨਾਂ ਨੇ ਕੀ ਲੈਣਾ ਐ ਦੂਰਦਰਸ਼ਨ ਜਲੰਧਰ ਕੀ ਗ਼ੁਲ ਖਿਲਾਰੀ ਜਾ ਰਿਹਾ ਐ, ਇਹਨਾਂ ਦਾ ਤੋਰੀ ਫੁਲਕਾ ਤੇ ਖਾਣ ਪੀਣ ਚੱਲਦਾ ਐ। ਪਰ ਕਦੌ ਤੱਕ ਇਸ ਤਰ੍ਹਾਂ ਪੰਜਾਬ ਦੇ ਲੋਕ ਮੂੰਹ ਵਿੱਚ ਘੁੰਘਣੀਆਂ ਪਾ ਕੇ ਬੈਠੇ ਰਹਿਣਗੇ । ਹਿੰਦੀ ਭਾਸ਼ਾ ਤੁਹਾਡੇ ਖੂਨ ਦੇ ਵਿੱਚ ਵਾੜ ਦਿੱਤੀ ਹੈ ਤੇ ਤੁਸੀਂ ਪਿੱਠ ਦਿਖਾ ਕੇ ਵਿਦੇਸ਼ਾਂ ਨੂੰ ਦੌੜ ਪਏ ਓ। ਸ਼ਾਬਸ਼ੇ ਸੂਰਮਿਆਂ ਦੇ ਬਹਾਦਰ ਜਵਾਨਾਂ ਦੇ। ਉਹ ਦਿਨ ਦੂਰ ਨਹੀਂ ਜਦੋਂ ਮੱਛੀਆਂ ਪੱਥਰ ਚੱਟ ਕੇ ਮੁੜਨਗੀਆਂ ਤੇ ਇਥੇ ਪਾਣੀ ਨਹੀਂ ਹੋਣਾ।

ਬੁੱਧ ਸਿੰਘ ਨੀਲੋਂ 
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 01/07/2024
Next articleਜ਼ਹਿਰ