ਬੁੱਧ ਬਾਣ

ਜਦੋਂ ਭੁੱਖ ਵਿਕਦੀ ਹੈ!
(ਸਮਾਜ ਵੀਕਲੀ) ਲੋਕਤੰਤਰ ਦੇ ਵਿੱਚ ਜਦੋਂ ਬੰਦੇ ਦੀ ਭੁੱਖ ਵਿਕਦੀ ਹੈ ਤਾਂ ਜਮਹੂਰੀਅਤ ਅਧਿਕਾਰ  ਉਸਦੇ ਸੂਲਾਂ ਬਣ ਕੇ ਅੱਖਾਂ ਵਿੱਚ ਚੁੱਭਦੇ ਹਨ। ਚੰਗਾ ਭਲਾ ਬੰਦਾ ਅੱਖਾਂ ਤੋਂ ਅੰਨ੍ਹਾ ਤੇ ਕੰਨਾਂ ਤੋਂ ਬੋਲਾਂ ਹੋ ਜਾਂਦਾ ਹੈ। ਉਸ ਨੂੰ ਆਪਣਾ ਢਿੱਡ ਤੇ ਭਵਿੱਖ ਹੀ ਨਜ਼ਰ ਆਉਂਦਾ ਹੈ। ਆਮ ਬੰਦਾ ਦਾ ਹਮੇਸ਼ਾ ਢਿੱਡ ਵਿਕਦਾ ਹੈ। ਉਹ ਆਪਣੀ ਜ਼ਮੀਰ ਨੂੰ ਨੀਵੀਆਂ ਅੱਖਾਂ ਕਰਕੇ ਬਚਾਉਣ ਦੀ ਅਸਫ਼ਲ ਕੋਸ਼ਿਸ਼ ਕਰਦਾ ਹੈ। ਉਹ ਕਦੇ ਵੀ ਨਹੀਂ ਚਾਹੁੰਦਾ ਕਿਸੇ ਦੇ ਅੱਗੇ ਉਹ ਠੂਠਾ ਫੜ ਕੇ ਭੀਖ ਮੰਗੇ। ਉਸਨੂੰ ਪਤਾ ਨਹੀਂ ਕਿ ਉਸਦੇ ਹਿੱਸੇ ਦੀ ਰੋਟੀ ਕੌਣ ਖਾ ਜਾਂਦਾ ਹੈ। ਉਹ ਤਾਂ ਇਨਕਲਾਬੀ ਨਾਅਰਿਆਂ ਦੇ ਨਾਲ ਹੀ ਨੱਕੋ ਨੱਕ ਭਰ ਜਾਂਦਾ ਹੈ। ਉਹ ਟੁੱਕ ਦੀ ਭਾਲ ਵਿੱਚ ਤਨ ਤੇ ਮਨ ਦਾਅ ਤੇ ਲਾ ਬਹਿੰਦਾ ਹੈ। ਉਸਨੂੰ ਖੁਦ ਵੀ ਪਤਾ ਨਹੀਂ ਹੁੰਦਾ ਕਿ ਇਹ ਇੱਜ਼ਤ ਤੇ ਬੇਜ਼ਤੀ ਕੀ ਹੁੰਦੀ ਹੈ? ਉਸਦੀਆਂ ਅੱਖਾਂ ਦੇ ਸਾਹਮਣੇ ਸਿਰਫ਼ ਢਿੱਡ ਭਰਨ ਵਾਸਤੇ ਸਭ ਤੋਂ ਵੱਡਾ ਮਸਲਾ ਹੁੰਦਾ ਹੈ। ਆਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ਤੋਂ ਬਾਅਦ ਵੀ ਉਸ ਦੇ ਢਿੱਡ ਦਾ ਇਲਾਜ ਨਹੀਂ ਹੋਇਆ। ਜ਼ਿੰਦਗੀ ਦੀਆਂ ਬਾਕੀ ਸੁੱਖ ਸਹੂਲਤਾਂ ਉਸਦੇ ਹਿੱਸੇ ਕੀ ਆਉਣੀਆਂ ਹਨ। ਉਹ ਪੰਜ ਸਾਲ ਬਾਅਦ ਇੱਕ ਦਿਨ ਦਾ ਬਾਦਸ਼ਾਹ ਹੁੰਦਾ ਹੈ, ਪਰ ਉਹ ਹਰ ਸਾਹ ਵਿਕਦਾ ਹੈ। ਉਸਦੀ ਜ਼ਮੀਰ ਕਦੋਂ ਦੀ ਨੰਗ ਭੁੱਖ ਨੇ ਮਾਰ ਦਿੱਤੀ ਹੈ। ਉਹ ਤਾਂ ਆਪਣੀ ਹੀ ਲਾਸ਼ ਮੋਢੇ ਤੇ ਚੱਕ ਕੇ ਫਿਰ ਰਿਹਾ ਹੈ। ਉਹ ਆਪਣੀ ਇਹ ਗਲੀ ਸੜੀ ਲਾਸ਼ ਨੂੰ ਨਿੱਤ ਸ਼ਮਸ਼ਾਨ ਘਾਟ ਵੱਲ ਲੈ ਕੇ ਜਾਂਦਾ ਹੈ ਪਰ ਉਸ ਨੂੰ ਅੱਗ ਲਾਉਣ ਵਾਲਾ ਕੋਈ ਨਹੀਂ ਮਿਲਦਾ। ਉਸ ਨੂੰ ਤਾਂ ਫਿਕਰ ਹੈ ਕੁੱਲੀ, ਗੁੱਲੀ ਤੇ ਜੁੱਲੀ ਦਾ ਪਰ ਸਮੇਂ ਦੇ ਹਾਕਮਾਂ ਨੇ ਉਸ ਨੂੰ ਧਰਮ ਜਾਤ ਅਤੇ ਨੀਵੇਂ ਹੋਣ ਦੀ ਸਿੱਖਿਆ ਦਿੱਤੀ ਹੈ। ਉਹ ਧਰਮ ਦੇ ਨਾਂ ਉੱਤੇ  ਆਪ ਨਹੀਂ ਲੜਦਾ ਸਗੋਂ ਉਸ ਨੂੰ ਲੜਾਇਆ ਜਾਂਦਾ ਹੈ। ਉਹ ਧਰਮ ਲਈ ਨਹੀਂ ਸਗੋਂ ਢਿੱਡ ਦੀ ਲੜਦਾ ਹੈ, ਧਰਮ ਤਾਂ ਹੁਣ ਉਸ ਦੇ ਲਈ ਲੜਨ ਤੇ ਮਰਨ ਦਾ ਇੱਕ ਸਾਧਨ ਬਣ ਗਿਆ ਹੈ। ਉਹ ਹਮੇਸ਼ਾ ਸ਼ਾਂਤ ਰਹਿੰਦਾ ਹੈ ਪਰ ਸਮੇਂ ਦਾ ਹਾਕਮ ਉਸਦੇ ਅੰਦਰ ਅਜਿਹੀ ਤੀਲੀ ਬਾਲਦਾ ਹੈ ਕਿ ਉਹ ਖੁਦ ਹੀ ਭਾਂਬੜ ਬਣ ਜਾਂਦਾ ਹੈ। ਉਸ ਨੂੰ ਯਾਦ ਨਹੀਂ ਰਹਿੰਦਾ ਕਿ ਉਹ ਦੁਸ਼ਮਣ ਨੂੰ ਮਾਰਦਾ ਜਾਂ ਆਪਣਿਆਂ ਨੂੰ। ਉਹ ਤਾਂ ਸਦੀਆਂ ਤੋਂ ਆਪਣਿਆਂ ਦਾ ਹੀ ਬੇਗਾਨਿਆਂ ਦੇ ਵਾਸਤੇ ਕਤਲ ਕਰੀ ਜਾ ਰਿਹਾ ਹੈ। ਬੰਦਾ ਨਹੀਂ ਵਿਕਦਾ ਬੰਦੇ ਦੀਆਂ ਲੋੜਾਂ, ਥੋੜਾ ਤੇ ਇਛਾਵਾਂ ਵਿਕਦੀਆਂ ਹਨ ਪਰ ਆ ਜਿਹੜੇ ਰੋਜ਼ ਕਰੋੜਾਂ ਦੇ ਵਿਕਦੇ ਹਨ, ਇਹਨਾਂ ਨੂੰ ਕੋਈ ਨਹੀਂ ਛੱਜ ਵਿੱਚ ਪਾ ਕੇ ਛੱਟਦਾ। ਆਮ ਬੰਦਾ ਜੇ ਕਿਧਰੇ ਕਿਸੇ ਨਾਲ ਖੜ ਵੀ ਜਾਵੇ ਤਾਂ ਉਸ ਦੇ ਉੱਪਰ ਦੋਸ਼ਾਂ ਦੀ ਵਾਛੜ ਪੈ ਜਾਂਦੀ ਹੈ। ਲੋਕਤੰਤਰ ਦੇ ਜਸ਼ਨ ਵਿੱਚ ਜਦੋਂ ਆਮ ਬੰਦਾ ਪੇਟ ਦੀ ਖਾਤਰ 20 ਰੁਪਿਆ ਵਿੱਚ ਵਿਕਦਾ ਹੈ ਤਾਂ ਉਹ ਮੀਡੀਏ ਦੀਆਂ ਖਬਰਾਂ ਬਣ ਜਾਂਦਾ ਹੈ ਪਰ ਜਦੋਂ ਕਰੋੜਾਂ ਰੁਪਇਆਂ ਵਾਲਾ ਕੋਈ ਧਨਾਡ ਵਿਕਦਾ ਹੈ ਤਾਂ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਮੀਡੀਆ ਵੀ ਆਮ ਬੰਦੇ ਤੇ ਮਗਰ ਕੈਮਰੇ ਬੰਦੂਕਾਂ ਵਾਂਗ ਚੁੱਕੀ ਫਿਰਦਾ ਹੈ। ਮੀਡੀਆ ਕੈਮਰਾ ਨਹੀਂ ਚਲਾਉਂਦਾ ਸਗੋਂ ਆਮ ਬੰਦੇ ਉਤੇ ਗੋਲੀਆਂ ਚਲਾਉਂਦਾ ਹੈ। ਮੀਡੀਆ ਜਾਣਦਾ ਹੋਇਆ ਵੀ ਉਹਨਾਂ ਵੱਲ ਨਹੀਂ ਜਾਂਦਾ, ਜਿਨ੍ਹਾਂ ਨੇ ਸ਼ਰਮ, ਧਰਮ ਤੇ ਆਪਣੀ ਜ਼ਮੀਰ ਵੇਚ ਦਿੱਤੀ ਹੈ। ਹੁਣ ਤਾਂ ਧਨਾਡ ਨੇ ਸਭ ਕੁੱਝ ਵੇਚ ਦਿੱਤਾ ਹੈ ।ਬਸ ਇੱਕ ਖਾਲੀ ਖੋਲ ਹੈ ਜਿਸ ਨੂੰ ਅਸੀਂ ਕਦੇ ਭਾਰਤ ਮਾਤਾ ਕਹਿੰਦੇ ਹਾਂ ਤੇ ਕਦੇ ਹਿੰਦੁਸਤਾਨ। ਆਮ ਬੰਦਾ ਕਦੇ ਨਹੀਂ ਵਿਕਦਾ ਪਰ ਧਨਾਡ ਤਾਂ ਹਰ ਵੇਲੇ ਵਿਕਦੇ ਹਨ ਪਰ ਉਹ ਖਬਰਾਂ ਨਹੀਂ ਬਣਦੇ ਕਿਉਂਕਿ ਉਹ ਖਬਰਾਂ ਬਣਾਉਣ ਵਾਲਿਆਂ ਨੂੰ ਖੁਦ ਖਰੀਦ ਲੈਂਦੇ ਨੇ। ਲੋਕਤੰਤਰ ਦੇ ਵਿੱਚ ਆਮ ਬੰਦਾ ਭੁੱਖ ਦੇ ਦੁੱਖ ਨਾਲ ਮਰਦਾ ਹੈ ਤੇ ਖਾਸ ਬੰਦਾ ਲੋਕਤੰਤਰ ਵਿੱਚ ਅੰਬਰਾਂ ਚ ਉੜਦਾ ਹੈ। ਆਮ ਬੰਦਾ ਕਦੋਂ ਸਮਝੇਗਾ ਤੇ ਕਦੋਂ ਜਾਣੇਗਾ, ਆਪਣੇ ਹਿੱਸੇ ਦੀ ਲੜਨ ਵਾਲੀ ਲੜਾਈ ਨੂੰ। ਇਹਨਾਂ ਸਮਿਆਂ ਵਿੱਚ ਆਮ ਬੰਦੇ ਦਾ ਲੜਨਾ ਹੁਣ ਬੜਾ ਜਰੂਰੀ ਹੋ ਗਿਆ ਹੈ ਕਿਉਂਕਿ ਹੁਣ ਤਾਂ ਉਸਦੀ ਲਾਸ਼ ਵੀ ਉਸ ਦੇ ਵੱਸ ਨਹੀਂ ਰਹੀ। ਉਹ ਆਪਣੀ ਲਾਸ਼ ਰੋਜ਼ ਸਵੇਰੇ ਮੋਢਿਆਂ ਤੇ ਰੱਖ ਕੇ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਜਾਂਦਾ ਹੈ ਤੇ ਖਾਲੀ ਹੱਥ ਆਪਣੀ ਹੀ ਲਾਸ਼ ਲੈ ਕੇ ਪਰਤ ਆਉਂਦਾ ਹੈ। ਉਸ ਨੂੰ ਕਦੋਂ ਸਮਝ ਆਵੇਗੀ, ਉਸ ਦੀ ਇਹ ਲਾਸ਼ ਮੋਢਿਆਂ ਉੱਤੇ ਕੌਣ ਰੱਖ ਗਿਆ ਹੈ? ਉਹ ਦੁਸ਼ਮਣ ਨੂੰ ਨਹੀਂ ਸਗੋਂ ਆਪਣੇ ਅਤੇ ਆਪਣੇ ਆਪ ਨੂੰ ਮਾਰਦਾ ਹੈ। ਜਦੋਂ ਭੁੱਖ ਵਿਕਦੀ ਹੈ ਤਾਂ ਮੀਡੀਆ ਰੌਲਾ ਪਾਉਂਦਾ ਹੈ ਪਰ ਜਦੋਂ ਕੋਈ ਸਿਆਸੀ ਆਗੂ ਵਿਕਦਾ ਹੈ ਤਾਂ ਮੀਡੀਆ ਜਸ਼ਨ ਮਨਾਉਂਦਾ ਹੈ।  ਕੀ ਇਹ ਆਜ਼ਾਦੀ ਹੈ? ਜਦੋਂ ਲੋਕਤੰਤਰ ਦੇ ਚਾਰੇ ਥੰਮ੍ਹ ਭੁਰ ਜਾਣ, ਤਾਂ ਲੋਕਤੰਤਰ ਦਾ ਡਿੱਗਦਾ ਨਹੀਂ। ਇਹ ਲੋਕਤੰਤਰ ਦੀ ਆਜ਼ਾਦੀ ਦਾ ਉਹ ਜਸ਼ਨ ਹੈ। ਜਿੱਥੇ ਜਮਹੂਰੀਅਤ ਅਧਿਕਾਰ ਹਰ ਸਾਹ ਦਮ ਤੋੜਦੇ ਹਨ । ਇਹ ਉਦੋਂ ਤੱਕ ਦਮ ਤੋੜ ਦੇ ਰਹਿਣਗੇ, ਜਦੋਂ ਤੱਕ ਆਮ ਬੰਦਾ ਨਹੀਂ ਜਾਗਦਾ, ਜਦੋਂ ਉਸਦੀ ਭੁੱਖ ਦੂਰ ਹੋਵੇਗੀ ਤੇ ਫਿਰ ਉਹ ਆਪਣੇ ਹੱਕਾਂ ਪ੍ਰਤੀ ਸੋਚੇਗਾ। ਆਮ ਬੰਦੇ ਨੂੰ ਤਾਂ ਉਸ ਦੇ ਫਰਜ਼ਾਂ ਦਾ ਪਾਠ ਹੀ ਪੜ੍ਹਾਇਆ ਜਾਂਦਾ ਹੈ ਪਰ ਉਸ ਨੂੰ ਆਪਣੇ ਹੱਕਾਂ ਦੀ ਜੰਗ ਲੜਨ ਦੀ ਕੋਈ ਗੁੜ੍ਹਤੀ ਨਹੀਂ ਦਿੰਦਾ ਹੈ। ਆਮ ਬੰਦਾ ਜਦੋਂ ਭੁੱਖ ਦੀ ਜੰਗ ਤੋਂ ਵਿਹਲਾ ਹੋਇਆ ਤਾਂ ਜਰੂਰ ਇਨਕਲਾਬ ਆਵੇਗਾ। ਆਮ ਬੰਦਾ ਜਮਹੂਰੀਅਤ ਅਧਿਕਾਰਾਂ ਦੀ ਜੰਗ ਕਿਵੇਂ ਲੜੇਗਾ ਅਜੇ ਤਾਂ ਉਸਦੇ ਢਿੱਡ ਦੀ ਜੰਗ ਹੀ ਨਹੀਂ ਮੁੱਕੀ। ਉਹ ਤਾਂ ਕੁੱਲੀ, ਗੁੱਲੀ ਤੇ ਜੁੱਲੀ ਦੇ ਲਈ ਦਹਾਕਿਆਂ ਸਦੀਆਂ ਅਤੇ ਜੁਗਾਂ ਤੋਂ ਲੜ ਰਿਹਾ ਹੈ ਪਰ ਉਸਦੇ ਹਿੱਸੇ ਦੀ ਇਹ ਜ਼ਿੰਦਗੀ ਉਹ ਬਾਜ਼ ਖੋ ਕੇ ਲੈ ਗਏ ਹਨ। ਜਿਹੜੇ ਇਸ ਨੂੰ ਕੁੱਲੀ, ਗੁੱਲੀ ਤੇ ਜੁਲੀ ਦੇਣ ਦਾ ਭਰੋਸਾ ਦਿੰਦੇ ਹਨ। ਆਮ ਬੰਦਾ ਇਹਨਾਂ ਉਡਦੇ ਬਾਜ਼ਾਂ ਦੇ ਮਗਰ ਕਦੋਂ ਉਡੇਗਾ? ਇਹ ਸਵਾਲ ਅੱਜ ਹਰ ਉਸ ਭੁੱਖੇ ਢਿੱਡ ਦੇ ਸਾਹਮਣੇ ਹੈ, ਜਿਹੜਾ ਨਿੱਤ ਵਿਕਦਾ ਹੈ।
ਆਮ ਬੰਦੇ ਨੂੰ ਤਾਂ ਧਰਮ ਦਾ ਨਸ਼ਾ ਦੇ ਕੇ ਡਰਾਇਆ ਤੇ ਲੜਾਇਆ ਜਾਂਦਾ ਹੈ ਤੇ ਉਹ ਆਪਣੀ ਮੁਕਤੀ ਪਾਉਣ ਲਈ ਧਰਮ ਦੇ ਨਸ਼ੇ ਵਿੱਚ ਭੜਕਦਾ ਤੇ ਮਰਦਾ ਹੈ। ਧਰਮ ਦਾ ਨਸ਼ਾ ਉਸ ਨੂੰ ਮੁਕਤੀ ਨਹੀਂ ਸਗੋਂ ਇਸ ਦੁਨੀਆਂ ਤੋਂ ਸਦਾ ਲਈ ਮੁਕਤ ਕਰ ਦਿੰਦਾ ਹੈ। ਆਮ ਬੰਦੇ ਦੀ ਕੀਮਤ ਸਿਰਫ ਰੋਟੀ ਹੈ। ਇਸ ਰੋਟੀ ਦੀ ਭਾਲ ਵਿੱਚ ਉਹ ਸਦੀਆਂ ਤੋਂ ਸਫਰ ਉਤੇ ਹੈ। ਉਸ ਦਾ ਇਹ ਸਫਰ ਕਦੋਂ ਖਤਮ ਹੋਵੇਗਾ, ਉਹ ਨਹੀਂ ਜਾਣਦਾ। ਜਿਹੜੇ ਜਾਣਦੇ ਹਨ ਉਹ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਹਨ। ਉਹ ਵੇਖਦੇ ਵੀ ਹਨ ਪਰ ਬੋਲਦੇ ਨਹੀਂ ਲਿਖਦੇ ਨਹੀਂ, ਉਹ ਸੋਚਦੇ ਤਾਂ ਹਨ ਪਰ ਆਪਣੇ ਵਰਗਿਆਂ ਨਾਲ ਸਿਰਫ  ਸ਼ਬਦਾਂ ਦੀ ਜੁਗਾਲੀ ਕਰਦੇ ਹਨ। ਉਹ ਸ਼ਬਦਾਂ ਦੀਆਂ ਉਲਟੀਆਂ ਕਰਦੇ ਹਨ। ਉਹਨਾਂ ਨੇ ਆਪਣੇ ਆਲ਼ੇ ਦੁਆਲ਼ੇ ਹੱਡੀਆਂ ਦਾ ਢੇਰ ਲਗਾ ਲਿਆ ਹੈ। ਉਹ ਇਸ ਨੂੰ ਪ੍ਰਾਪਤੀ ਸਮਝਦੇ ਹਨ। ਉਹਨਾਂ ਦੀਆਂ ਹੱਡੀਆਂ ਦੇ ਉੱਪਰ ਨਾ ਮਾਸ ਹੈ, ਨਾ ਲਹੂ। ਇਸੇ ਕਰਕੇ ਹੱਡੀਆਂ ਵਿੱਚੋਂ ਵੀ ਬੋ ਆਉਂਦੀ ਹੈ। ਆਮ ਬੰਦਾ ਕਦੇ ਨਹੀਂ ਵਿਕਦਾ ਪਰ ਉਸਨੂੰ ਸਦਾ ਢਿੱਡ ਵੇਚਦਾ ਹੈ। ਆਮ ਬੰਦੇ ਕੋਲ ਤਾਂ ਇੱਕੋ ਇੱਕ ਉਸ ਦੀ ਜ਼ਮੀਰ ਹੁੰਦੀ ਹੈ, ਉਹ ਮਨ ਤੇ ਤਨ ਦਾ ਫਕੀਰ ਹੁੰਦਾ ਹੈ। ਫੱਕਰ ਬੰਦੇ ਦਾ ਕੋਈ ਦੁਸ਼ਮਣ ਨਹੀਂ ਹੁੰਦਾ ਕਿਉਂਕਿ ਉਸ ਦੀ ਪਹੁੰਚ ਸਿਰਫ ਢਿੱਡ ਤੱਕ ਹੁੰਦੀ ਹੈ। ਇਹ ਢਿੱਡ ਦੀ ਜੰਗ ਕਦੋਂ ਖਤਮ ਹੋਵੇਗੀ ਤੇ ਕਦੋਂ ਢਿੱਡ ਵਿਕਣੇ ਬੰਦ ਹੋਣਗੇ? ਤੁਸੀਂ ਜਾਣਦੇ ਓ, ਕੌਣ ਭੁੱਖ ਨੂੰ ਵੇਚਦਾ ਹੈ?
ਬੁੱਧ ਸਿੰਘ ਨੀਲੋਂ 
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਭੁੱਲ ਗਏ ਸਵਾਦ ਮੈਂਨੂੰ
Next articleਗੀਤ ( ਕੀ ਖੱਟਿਆ )